(ਹੇ ਭਾਈ! ਮਾਇਆ ਦੀ ਖ਼ਾਤਰ) ਭਟਕਣਾ ਦੇ ਕਾਰਨ (ਮਾਇਆ ਦੇ) ਮੋਹ ਦੇ ਕਾਰਨ (ਜੀਵ ਨੂੰ) ਕੋਈ ਸੁਚੱਜੀ ਗੱਲ ਨਹੀਂ ਸੁੱਝਦੀ, ਇਸ ਦੇ ਪੈਰਾਂ ਵਿਚ ਮਾਇਆ ਦੇ ਮੋਹ ਦੇ ਢੰਗੇ ਪਏ ਹੋਏ ਹਨ (ਜਿਵੇਂ ਖੋਤੇ ਆਦਿਕ ਨੂੰ ਚੰਗਾ ਢੰਗਾ ਆਦਿਕ ਪਾਇਆ ਹੁੰਦਾ ਹੈ) ॥੨॥
ਜਦੋਂ (ਜਗਤ-ਰਚਨਾ ਤੋਂ ਪਹਿਲਾਂ) ਇਸ ਜੀਵ ਦੀ ਕੋਈ ਹਸਤੀ ਨਹੀਂ ਸੀ, ਤਦੋਂ ਇਹ ਜੀਵ ਕੀਹ ਕਮਾਣ ਜੋਗਾ ਸੀ (ਤੇ, ਹੁਣ ਇਹ ਮਾਣ ਕਰਦਾ ਹੈ ਕਿ ਮੈਂ ਧਨ ਦਾ ਮਾਲਕ ਹਾਂ ਮੈਂ ਧਰਤੀ ਦਾ ਮਾਲਕ ਹਾਂ)
(ਹੇ ਭਾਈ! ਗੁਰੂ ਤੋਂ ਬਿਨਾ ਹੋਰ ਕੌਣ ਦੱਸੇ? ਕਿ) ਜਦੋਂ ਕੇਵਲ ਇਕ ਨਿਰੰਜਨ ਆਕਾਰ-ਰਹਿਤ ਪ੍ਰਭੂ ਆਪ ਹੀ ਆਪ ਸੀ, ਤਦੋਂ ਪ੍ਰਭੂ ਆਪ ਹੀ ਸਭ ਕੁਝ ਕਰਨ ਵਾਲਾ ਸੀ ॥੩॥
ਉਹੀ ਆਪ ਆਪਣੇ ਕੀਤੇ ਕੰਮਾਂ ਨੂੰ ਜਾਣਦਾ ਹੈ ਤੇ ਉਹੀ ਆਪ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ (ਅਗਿਆਨੀ ਜੀਵ ਵਿਅਰਥ ਹੀ ਮਲਕੀਅਤਾਂ ਦਾ ਮਾਣ ਕਰਦਾ ਹੈ ਤੇ ਭਟਕਦਾ ਫਿਰਦਾ ਹੈ)।
ਨਾਨਕ ਆਖਦਾ ਹੈ- ਗੁਰੂ ਨੇ ਹੀ (ਇਹ ਤਨ ਧਨ ਧਰਤੀ ਆਦਿਕ ਦੀਆਂ ਮਲਕੀਅਤਾਂ ਦਾ) ਭੁਲੇਖਾ ਦੂਰ ਕੀਤਾ ਹੈ ਤੇ ਸਮਝਾਇਆ ਹੈ ਕਿ ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਰਚੀ ਹੈ ॥੪॥੫॥੧੬੩॥
(ਹੇ ਭਾਈ!) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਹੋਰ ਸਾਰੇ (ਮਿਥੇ ਹੋਏ ਧਾਰਮਿਕ) ਕੰਮ ਵਿਅਰਥ ਹਨ।
(ਦੇਵਤਿਆਂ ਨੂੰ ਪ੍ਰਸੰਨ ਕਰਨ ਵਾਲੇ) ਜਪ ਕਰਨੇ, ਤਪ ਸਾਧਣੇ, ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕਣ ਲਈ ਹਠ-ਜੋਗ ਦੇ ਸਾਧਨ ਕਰਨੇ-ਇਹ ਸਾਰੇ (ਪ੍ਰਭੂ ਦੀ ਦਰਗਾਹ ਤੋਂ) ਉਰੇ ਉਰੇ ਹੀ ਖੋਹ ਲਏ ਜਾਂਦੇ ਹਨ ॥੧॥ ਰਹਾਉ ॥
ਮਨੁੱਖ ਵਰਤਾਂ ਸੰਜਮਾਂ ਦੇ ਨੇਮ ਵਿਚ ਰੁੱਝਾ ਰਹਿੰਦਾ ਹੈ, ਪਰ ਉਹਨਾਂ ਉੱਦਮਾਂ ਦਾ ਮੁੱਲ ਉਸ ਨੂੰ ਇਕ ਕੌਡੀ ਭੀ ਨਹੀਂ ਮਿਲਦਾ।
ਹੇ ਭਾਈ! ਜੀਵ ਦੇ ਨਾਲ ਪਰਲੋਕ ਵਿਚ ਸਾਥ ਨਿਬਾਹੁਣ ਵਾਲਾ ਪਦਾਰਥ ਹੋਰ ਹੈ (ਬਰਤ ਨੇਮ ਸੰਜਮ ਆਦਿਕ ਵਿਚੋਂ ਕੋਈ ਭੀ) ਪਰਲੋਕ ਵਿਚ ਕੰਮ ਨਹੀਂ ਆਉਂਦਾ ॥੧॥
ਜੇਹੜਾ ਮਨੁੱਖ ਤੀਰਥ ਉਤੇ ਇਸ਼ਨਾਨ ਕਰਦਾ ਹੈ ਤੇ (ਤਿਆਗੀ ਬਣ ਕੇ) ਧਰਤੀ ਉਤੇ ਰਟਨ ਕਰਦਾ ਫਿਰਦਾ ਹੈ (ਉਹ ਭੀ) ਪ੍ਰਭੂ ਦੀ ਦਰਗਾਹ ਵਿਚ ਥਾਂ ਨਹੀਂ ਲੱਭ ਸਕਦਾ।
ਅਜੇਹਾ ਕੋਈ ਤਰੀਕਾ ਪ੍ਰਭੂ ਦੀ ਹਜ਼ੂਰੀ ਵਿਚ ਕੰਮ ਨਹੀਂ ਆਉਂਦਾ, ਉਹ (ਤਿਆਗੀ ਇਹਨਾਂ ਤਰੀਕਿਆਂ ਨਾਲ) ਸਿਰਫ਼ ਲੋਕਾਂ ਨੂੰ ਹੀ (ਆਪਣੇ ਧਰਮੀ ਹੋਣ ਦਾ) ਨਿਸ਼ਚਾ ਦਿਵਾਂਦਾ ਹੈ ॥੨॥
(ਹੇ ਭਾਈ! ਜੇ ਪੰਡਿਤ) ਚਾਰੇ ਵੇਦ ਜ਼ਬਾਨੀ ਉਚਾਰ ਸਕਦਾ ਹੈ (ਤਾਂ ਇਸ ਤਰ੍ਹਾਂ ਭੀ) ਪ੍ਰਭੂ ਦੀ ਹਜ਼ੂਰੀ ਵਿਚ ਟਿਕਾਣਾ ਨਹੀਂ ਮਿਲਦਾ।
ਜੇਹੜਾ ਮਨੁੱਖ ਪਰਮਾਤਮਾ ਦਾ ਪਵਿਤ੍ਰ ਨਾਮ (ਸਿਮਰਨਾ) ਨਹੀਂ ਸਮਝਦਾ ਉਹ (ਹੋਰ ਹੋਰ ਉੱਦਮਾਂ ਨਾਲ) ਨਿਰੀ ਖ਼ੁਆਰੀ ਹੀ ਖ਼ੁਆਰੀ ਸਹੇੜਦਾ ਹੈ ॥੩॥
(ਹੇ ਭਾਈ!) ਨਾਨਕ ਇਹ ਇਕ ਵਿਚਾਰ ਦੀ ਗੱਲ ਆਖਦਾ ਹੈ, ਜੇਹੜਾ ਮਨੁੱਖ ਇਸ ਨੂੰ ਵਰਤੋਂ ਵਿਚ ਲਿਆਉਂਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ,
(ਉਹ ਵਿਚਾਰ ਇਹ ਹੈ-ਹੇ ਭਾਈ!) ਗੁਰੂ ਦੀ ਸਰਨ ਪਵੋ, ਆਪਣੇ ਮਨ ਵਿਚੋਂ ਹੰਕਾਰ ਦੂਰ ਕਰੋ, ਤੇ, ਪਰਮਾਤਮਾ ਦਾ ਨਾਮ ਸਿਮਰੋ ॥੪॥੬॥੧੬੪॥
ਹੇ ਮਾਇਆ ਦੇ ਪਤੀ ਪ੍ਰਭੂ! ਹੇ ਹਰੀ! (ਮਿਹਰ ਕਰ, ਤਾ ਕਿ ਅਸੀ) ਤੇਰਾ ਨਾਮ ਮੂੰਹੋਂ ਉਚਾਰ ਸਕੀਏ।
ਹੇ ਸੁਆਮੀ ਪ੍ਰਭੂ! ਸਾਥੋਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ। ਜਿਸ ਤਰ੍ਹਾਂ ਤੂੰ ਸਾਨੂੰ ਰੱਖਦਾ ਹੈਂ, ਉਸੇ ਤਰ੍ਹਾਂ ਹੀ ਅਸੀਂ ਰਹਿੰਦੇ ਹਾਂ ॥੧॥ ਰਹਾਉ ॥
ਹੇ ਮੇਰੇ ਸਰਬ-ਵਿਆਪਕ ਖਸਮ-ਪ੍ਰਭੂ! ਇਹ ਜੀਵ ਕੀਹ ਕਰੇ? ਇਹ ਕੀਹ ਕਰਨ-ਜੋਗਾ ਹੈ? ਇਸ ਵਿਚਾਰੇ ਦੇ ਹੱਥ ਵਿਚ ਕੀਹ ਹੈ? (ਇਹ ਜੀਵ ਆਪਣੇ ਆਪ ਕੁਝ ਨਹੀਂ ਕਰਦਾ, ਕੁਝ ਨਹੀਂ ਕਰ ਸਕਦਾ, ਇਸ ਦੇ ਹੱਥ ਵਿਚ ਕੋਈ ਤਾਕਤ ਨਹੀਂ)।
ਜਿਸ ਪਾਸੇ ਤੂੰ ਇਸ ਨੂੰ ਲਾਂਦਾ ਹੈਂ, ਉਸੇ ਪਾਸੇ ਹੀ ਇਹ ਲੱਗਾ ਫਿਰਦਾ ਹੈ ॥੧॥
ਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪ੍ਰਭੂ! ਮਿਹਰ ਕਰ, ਮੈਨੂੰ ਸਿਰਫ਼ ਆਪਣੇ ਹੀ ਸਰੂਪ ਦੀ ਲਗਨ ਬਖ਼ਸ਼।
ਮੈਂ ਨਾਨਕ ਦੀ ਪਰਮਾਤਮਾ ਪਾਸ (ਇਹੀ) ਬੇਨਤੀ ਹੈ (-ਹੇ ਪ੍ਰਭੂ!) ਮੈਥੋਂ ਆਪਣਾ ਨਾਮ ਜਪਾ ॥੨॥੭॥੧੬੫॥
ਰਾਗ ਗਉੜੀ-ਮਾਝ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਗਰੀਬਾਂ ਉਤੇ ਤਰਸ ਕਰਨ ਵਾਲੇ ਪ੍ਰਭੂ ਪਾਤਿਸ਼ਾਹ ਜੀ!
ਤੂੰ ਕ੍ਰੋੜਾਂ ਬੰਦਿਆਂ ਨੂੰ ਆਪਣੇ ਸੇਵਕ ਬਣਾ ਕੇ ਆਪਣੀ ਸੇਵਾ-ਭਗਤੀ ਵਿਚ ਲਾਇਆ ਹੋਇਆ ਹੈ।
ਭਗਤਾਂ ਦਾ ਪਿਆਰਾ ਹੋਣਾ-ਇਹ ਤੇਰਾ ਮੁੱਢ-ਕਦੀਮਾਂ ਦਾ ਸੁਭਾ ਬਣਿਆ ਆ ਰਿਹਾ ਹੈ।
ਹੇ ਪ੍ਰਭੂ! ਤੂੰ ਸਭ ਥਾਵਾਂ ਵਿਚ ਮੌਜੂਦ ਹੈਂ ॥੧॥
(ਹੇ ਭਾਈ!) ਮੈਂ ਕਿਵੇਂ ਉਸ ਪ੍ਰਭੂ-ਪ੍ਰੀਤਮ ਦਾ ਦਰਸਨ ਕਰਾਂ? ਉਹ ਕੇਹੜੀ ਸ੍ਰੇਸ਼ਟ ਕਰਨੀ ਹੈ (ਜਿਸ ਨਾਲ ਮੈਂ ਉਸ ਨੂੰ ਵੇਖਾਂ)?
(ਜਿਥੋਂ ਭੀ ਪੁੱਛਾਂ ਇਹੀ ਉੱਤਰ ਮਿਲਦਾ ਹੈ ਕਿ) ਮੈਂ ਸੰਤ ਜਨਾਂ ਦੀ ਦਾਸੀ ਬਣਾਂ ਤੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਾਂ।
ਮੈਂ ਆਪਣੀ ਇਹ ਜਿੰਦ ਉਸ ਪ੍ਰਭੂ-ਪਾਤਿਸ਼ਾਹ ਤੋਂ ਸਦਕੇ ਕਰਾਂ, ਤੇ, ਉਸ ਤੋਂ ਕੁਰਬਾਨ ਹੋ ਹੋ ਜਾਵਾਂ।
ਲਿਫ਼ ਲਿਫ਼ ਕੇ ਮੈਂ ਸਦਾ ਉਸ ਦੀ ਪੈਰੀਂ ਲੱਗਦੀ ਰਹਾਂ ॥੨॥
(ਹੇ ਭਾਈ!) ਕੋਈ ਪੰਡਿਤ (ਬਣ ਕੇ) ਵੇਦ ਆਦਿਕ ਧਰਮ-ਪੁਸਤਕਾਂ ਖੋਜਦਾ ਰਹਿੰਦਾ ਹੈ,
ਕੋਈ (ਦੁਨੀਆ ਤੋਂ) ਵੈਰਾਗਵਾਨ ਹੋ ਕੇ (ਹਰੇਕ) ਤੀਰਥ ਉਤੇ ਇਸ਼ਨਾਨ ਕਰਦਾ ਫਿਰਦਾ ਹੈ,
ਕੋਈ ਗੀਤ ਗਾਂਦਾ ਹੈ ਨਾਦ ਵਜਾਂਦਾ ਹੈ ਕੀਰਤਨ ਕਰਦਾ ਹੈ,
ਪਰ ਮੈਂ ਪਰਮਾਤਮਾ ਦਾ ਉਹ ਨਾਮ ਜਪਦਾ ਰਹਿੰਦਾ ਹਾਂ ਜੋ (ਮੇਰੇ ਅੰਦਰ) ਨਿਰਭੈਤਾ ਪੈਦਾ ਕਰਦਾ ਹੈ ॥੩॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਉਤੇ ਮੇਰੇ ਸੁਆਮੀ ਪ੍ਰਭੂ ਜੀ ਦਇਆਵਾਨ ਹੁੰਦੇ ਹਨ,
ਉਹ ਮਨੁੱਖ ਗੁਰੂ ਦੀ ਚਰਨੀਂ ਲੱਗ ਕੇ (ਪਹਿਲਾਂ ਵਿਕਾਰਾਂ ਵਿਚ) ਡਿੱਗੇ ਹੋਏ (ਹੁੰਦੇ ਭੀ) ਸੁੱਚੇ ਆਚਰਨ ਵਾਲੇ ਬਣ ਜਾਂਦੇ ਹਨ।