ਹੇ ਮੇਰੇ ਮਨ! ਪਰਮਾਤਮਾ ਦੇ ਚਰਨ (ਮਾਨੋ) ਸੁੰਦਰ ਤਾਲਾਬ ਹੈ, ਉਸ ਵਿਚ ਤੂੰ (ਸਦਾ) ਟਿਕਿਆ ਰਹੁ।
ਹੇ ਮਨ! ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੇ ਤਾਲਾਬ ਵਿਚ ਇਸ਼ਨਾਨ ਕਰਿਆ ਕਰ, ਤੇਰੇ ਸਾਰੇ ਪਾਪਾਂ ਦਾ ਨਾਸ ਹੋ ਜਾਇਗਾ।
ਹੇ ਮਨ! ਸਦਾ (ਹਰਿ-ਸਰ ਵਿਚ) ਇਸ਼ਨਾਨ ਕਰਦਾ ਰਿਹਾ ਕਰ! ਇੰਜ ਮਿੱਤਰ ਪ੍ਰਭੂ ਸਾਰੇ ਦੁੱਖ ਨਾਸ ਕਰ ਦੇਂਦਾ ਹੈ ਤੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ।
ਇੰਜ ਮਨੁੱਖ ਨੂੰ ਜਨਮ-ਮਰਨ ਦਾ ਗੇੜ ਨਹੀਂ ਭੁਗਤਣਾ ਪੈਂਦਾ, ਮਿੱਤਰ-ਪ੍ਰਭੂ ਉਸ ਦੀਆਂ ਜਮ ਦੀਆਂ ਫਾਹੀਆਂ (ਆਤਮਕ ਮੌਤ ਲਿਆਉਣ ਵਾਲੀਆਂ ਫਾਹੀਆਂ) ਕੱਟ ਦੇਂਦਾ ਹੈ।
ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਨਾਮ-ਰੰਗ ਵਿਚ ਜੁੜਿਆਂ ਤੇਰੀ ਹਰੇਕ ਆਸ ਪੂਰੀ ਹੋਵੇਗੀ।
ਨਾਨਕ ਬੇਨਤੀ ਕਰਦਾ ਹੈ ਕਿ ਹੇ ਹਰੀ! ਕਿਰਪਾ ਕਰ! ਤੇਰੇ ਸੋਹਣੇ ਕੋਮਲ ਚਰਨਾਂ ਵਿਚ ਮੇਰਾ ਮਨ ਸਦਾ ਟਿਕਿਆ ਰਹੇ ॥੧॥
ਸਾਧ ਸੰਗਤ ਵਿਚ ਸਦਾ ਆਤਮਕ ਆਨੰਦ ਤੇ ਖ਼ੁਸ਼ੀਆਂ ਦੀ (ਮਾਨੋ) ਇਕ-ਰਸ ਰੌ ਚਲੀ ਰਹਿੰਦੀ ਹੈ।
ਸਾਧ ਸੰਗਤ ਵਿਚ ਸੰਤ ਜਨ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।
ਸੰਤ ਜਨ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ, ਉਹ ਖ਼ਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਸੁਰਤਿ ਪਰਮਾਤਮਾ ਦੇ ਪ੍ਰੇਮ-ਰਸ ਦੇ ਰੰਗ ਵਿਚ ਭਿੱਜੀ ਰਹਿੰਦੀ ਹੈ।
ਉਹ ਪਰਮਾਤਮਾ ਦੇ ਨਾਮ ਦੀ ਖੱਟੀ ਖੱਟਦੇ ਹਨ, (ਆਪਣੇ ਅੰਦਰੋਂ) ਆਪਾ-ਭਾਵ ਮਿਟਾ ਲੈਂਦੇ ਹਨ, ਚਿਰਾਂ ਤੋਂ ਵਿਛੁੜੇ ਹੋਏ (ਪਰਮਾਤਮਾ) ਨੂੰ ਮਿਲ ਪੈਂਦੇ ਹਨ।
ਅਪਹੁੰਚ ਤੇ ਬੇਅੰਤ ਪਰਮਾਤਮਾ ਉਹਨਾਂ ਉਤੇ ਦਇਆ ਕਰਦਾ ਹੈ, (ਉਹਨਾਂ ਦੀ) ਬਾਂਹ ਫੜ ਕੇ (ਉਹਨਾਂ ਨੂੰ) ਆਪਣੇ ਬਣਾ ਲੈਂਦਾ ਹੈ।
ਨਾਨਕ ਬੇਨਤੀ ਕਰਦਾ ਹੈ ਕਿ ਉਹ ਸੰਤ ਜਨ ਸਦਾ ਲਈ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤ ਸਾਲਾਹ ਦੀ ਬਾਣੀ ਉਹਨਾਂ ਦੇ ਅੰਦਰ ਮਿੱਠੀ ਮਿੱਠੀ ਰੌ ਚਲਾਈ ਰੱਖਦੀ ਹੈ ॥੨॥
ਹੇ ਭਾਗਾਂ ਵਾਲੇ! ਆਤਮਕ ਜੀਵਨ ਦੇਣ ਵਾਲੀ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਸਦਾ ਸੁਣਿਆ ਕਰ।
ਇਹ ਬਾਣੀ ਉਸ ਉਸ (ਵਡ-ਭਾਗੀ) ਦੇ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਦੀ ਬਖ਼ਸ਼ਸ਼ ਨਾਲ ਇਸ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ।
ਜਿਸ ਜਿਸ ਮਨੁੱਖ ਉੱਤੇ ਪ੍ਰਭੂ ਆਪ ਕਿਰਪਾ ਕਰਦਾ ਹੈ ਉਹ ਬੰਦੇ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਸਾਂਝ ਪਾਂਦੇ ਹਨ।
(ਸਿਫ਼ਤ-ਸਾਲਾਹ ਨਾਲ) ਮਨੁੱਖ ਅਟੱਲ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ ਤੇ ਮੁੜ ਕਦੇ ਆਤਮਕ ਮੌਤ ਨਹੀਂ ਸਹੇੜਦਾ ਤੇ ਇੰਜ ਸਾਰੇ ਦੁੱਖ ਕਲੇਸ਼ ਝਗੜੇ ਦੂਰ ਕਰ ਲੈਂਦਾ ਹੈ।
ਇੰਜ ਮਨੁੱਖ ਪਰਮਾਤਮਾ ਦੀ ਸਰਨ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਛੱਡ ਕੇ ਨਹੀਂ ਜਾਂਦਾ ਤੇ ਉਸ ਮਨੁੱਖ ਦੇ ਮਨ ਵਿਚ, ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਪਿਆਰੀ ਲੱਗਣ ਲੱਗ ਪੈਂਦੀ ਹੈ।
ਨਾਨਕ ਬੇਨਤੀ ਕਰਦਾ ਹੈ ਕਿ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਪਵਿਤ੍ਰ ਬਾਣੀ ਸਦਾ ਗਾਣੀ ਚਾਹੀਦੀ ਹੈ ॥੩॥
ਇੰਜ ਮਨ ਤੇ ਹਿਰਦਾ (ਪਰਮਾਤਮਾ ਦੀ ਯਾਦ ਵਿਚ) ਮਸਤ ਹੋ ਜਾਂਦਾ ਹੈ ਜਿਸ ਨੂੰ ਬਿਆਨ ਕਰਨਾ ਔਖਾ ਹੈ।
ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ ਉਸੇ ਵਿਚ ਜਾਂਦਾ ਹੈ।
ਤਾਣੇ ਪੇਟੇ ਵਾਂਗ ਪਰਮਾਤਮਾ ਦੀ ਜੋਤਿ ਵਿਚ ਇੰਜ ਮਿਲ ਜਾਂਦਾ ਹੈ ਜਿਵਾਂ ਪਾਣੀ ਵਿਚ ਪਾਣੀ ਮਿਲ ਜਾਂਦਾ ਹੈ।
(ਫਿਰ ਮਨੁੱਖ ਨੂੰ) ਇਕ ਪਰਮਾਤਮਾ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਮੌਜੂਦ ਦਿੱਸਦਾ ਹੈ ਤੇ (ਉਸ ਤੋਂ ਬਿਨਾ) ਕੋਈ ਹੋਰ ਨਹੀਂ ਦਿੱਸਦਾ।
(ਫਿਰ ਮਨੁੱਖ ਨੂੰ) ਪਰਮਾਤਮਾ ਜੰਗਲ ਵਿਚ, ਘਾਹ (ਦੇ ਹਰੇਕ ਤੀਲੇ) ਵਿਚ, ਸਾਰੇ ਸੰਸਾਰ ਵਿਚ ਵਿਆਪਕ ਜਾਪਦਾ ਹੈ ਤੇ ਐਸੇ (ਮਨੁੱਖ ਦੀ ਆਤਮਕ ਅਵਸਥਾ ਦਾ) ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ।
ਨਾਨਕ ਬੇਨਤੀ ਕਰਦਾ ਹੈ ਕਿ ਜਿਸ ਪਰਮਾਤਮਾ ਨੇ (ਉਸ ਮਨੁੱਖ ਦੀ ਆਤਮਕ ਅਵਸਥਾ ਦੀ) ਇਹ ਖੇਡ ਬਣਾ ਦਿੱਤੀ ਉਹ ਆਪ ਹੀ ਉਸ ਨੂੰ ਸਮਝਦਾ ਹੈ ॥੪॥੨॥੫॥
ਸੰਤ ਜਨ ਜਿੰਦ ਦੇ ਆਸਰੇ ਪਰਮਾਤਮਾ ਨੂੰ (ਸਦਾ) ਭਾਲਦੇ ਫਿਰਦੇ ਹਨ,
ਪਿਆਰੇ ਪ੍ਰਭੂ ਨੂੰ ਮਿਲਣ ਤੋਂ ਬਿਨਾ ਉਹਨਾਂ ਦਾ ਸਰੀਰ ਲਿੱਸਾ ਪੈ ਜਾਂਦਾ ਹੈ ਉਹਨਾਂ ਦਾ ਸਰੀਰਕ ਬਲ ਘਟ ਜਾਂਦਾ ਹੈ।
ਹੇ ਪਿਆਰੇ ਪ੍ਰਭੂ! ਮੇਹਰ ਕਰ ਕੇ ਮੈਨੂੰ ਮਿਲ, ਦਇਆ ਕਰ ਕੇ ਮੈਨੂੰ ਆਪਣੇ ਲੜ ਲਾ ਲੈ।
ਹੇ ਮੇਰੇ ਸੁਆਮੀ! ਮੈਨੂੰ ਆਪਣਾ ਨਾਮ ਦੇਹ, ਮੈਂ (ਤੇਰੇ ਨਾਮ ਨੂੰ ਸਦਾ) ਜਪਦਾ ਰਹਾਂ, ਤੇਰਾ ਦਰਸ਼ਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ।
ਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਸਦਾ ਅਟੱਲ ਰਹਿਣ ਵਾਲੇ! ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ!
ਨਾਨਕ ਬੇਨਤੀ ਕਰਦਾ ਹੈ ਕਿ ਹੇ ਜਿੰਦ ਤੋਂ ਪਿਆਰੇ, ਮੇਹਰ ਕਰ ਕੇ ਮੈਨੂੰ ਆ ਮਿਲ! ॥੧॥
ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰਨ ਵਾਸਤੇ ਅਨੇਕਾਂ ਜਪ ਕੀਤੇ, ਧੂਣੀਆਂ ਤਪਾਈਆਂ, ਵਰਤ ਰੱਖੇ;
ਪਰ ਮਾਲਕ-ਪ੍ਰਭੂ ਦੀ ਸਰਨ ਤੋਂ ਬਿਨਾ ਕਿਤੇ ਭੀ ਮਨ ਦੀ ਤਪਸ਼ ਨਹੀਂ ਬੁੱਝਦੀ।
ਹੇ ਪ੍ਰਭੂ! (ਜਪਾਂ ਤਪਾਂ ਦੇ ਆਸਰੇ ਛੱਡ ਕੇ) ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਮਾਇਆ ਦੇ ਮੋਹ ਦੀ ਬੇੜੀ ਕੱਟ ਦੇ, ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।
ਹੇ ਪ੍ਰਭੂ! ਮੇਰਾ ਹੋਰ ਕੋਈ ਆਸਰਾ ਨਹੀਂ, ਮੈਂ ਗੁਣ-ਹੀਨ ਹਾਂ, (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਮੈਂ ਕੋਈ ਢੰਗ ਨਹੀਂ ਜਾਣਦਾ। ਤੂੰ ਮੇਰੇ ਗੁਣ ਤੇ ਔਗੁਣ ਖ਼ਿਆਲ ਨਾ ਕਰ!
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ! ਹੇ ਸ੍ਰਿਸ਼ਟੀ ਦੇ ਰਾਖੇ! ਹੇ ਪ੍ਰੀਤਮ! ਹੇ ਸਾਰੀਆਂ ਤਾਕਤਾਂ ਦੇ ਮਾਲਕ! ਹੇ ਜਗਤ ਦੇ ਮੂਲ!
ਹੇ ਨਾਨਕ! ਜਿਵੇਂ ਪਪੀਹਾ (ਵਰਖਾ ਦੀ) ਬੂੰਦ ਮੰਗਦਾ ਹੈ ਤਿਵੇਂ ਹੀ ਪ੍ਰਭੂ ਦੇ ਚਰਨਾਂ ਦਾ ਧਿਆਨ ਧਰ ਕੇ ਤੇ ਨਾਮ-ਜਪ ਕੇ ਮੈਂ ਜੀਉਂਦਾ ਹਾਂ ॥੨॥