ਹੇ ਸਹੇਲੀਏ! ਗੁਰੂ ਦੀ ਸ਼ਾਂਤੀ ਦੇਣ ਵਾਲੀ ਮਤਿ ਲੈ ਕੇ ਮੈਨੂੰ ਭੀ ਮਿਲਿਆ ਕਰ, ਤੇ, ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਇਆ ਕਰ ॥੩॥
ਹੇ ਪ੍ਰਭੂ! (ਆਪਣੇ) ਦਾਸ ਨਾਨਕ ਦੀ (ਦਰਸ਼ਨ ਦੀ) ਆਸ ਪੂਰੀ ਕਰ। ਹੇ ਹਰੀ! ਤੇਰੇ ਦਰਸ਼ਨ ਨਾਲ ਮੇਰੇ ਹਿਰਦੇ ਨੂੰ ਠੰਢ ਪੈਂਦੀ ਹੈ ॥੪॥੬॥ਛਕਾ ੧ (ਛੇ ਸ਼ਬਦਾਂ ਦਾ ਸੰਗ੍ਰਹ)॥
ਰਾਗ ਗੋਂਡ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਪਰਮਾਤਮਾ ਹੀ ਹਰੇਕ ਚੀਜ਼ ਪੈਦਾ ਕਰਨ ਵਾਲਾ ਹੈ, (ਤੇ ਸਭ ਵਿਚ ਵਿਆਪਕ ਹੋ ਕੇ ਉਹੀ) ਹਰੇਕ ਚੀਜ਼ ਭੋਗਣ ਵਾਲਾ ਹੈ ॥੧॥ ਰਹਾਉ ॥
(ਹੇ ਭਾਈ! ਹਰੇਕ ਵਿਚ ਵਿਆਪਕ ਹੋ ਕੇ) ਪਰਮਾਤਮਾ ਹੀ ਸੁਣਨ ਵਾਲਾ ਹੈ ਪਰਮਾਤਮਾ ਹੀ ਵੇਖਣ ਵਾਲਾ ਹੈ।
ਜੋ ਕੁਝ ਦਿੱਸ ਰਿਹਾ ਹੈ ਇਹ ਭੀ ਪਰਮਾਤਮਾ (ਦਾ ਰੂਪ) ਹੈ, ਜੋ ਅਨਦਿੱਸਦਾ ਜਗਤ ਹੈ ਉਹ ਭੀ ਪਰਮਾਤਮਾ (ਦਾ ਹੀ ਰੂਪ) ਹੈ।
(ਸਾਰੇ ਜਗਤ ਦੀ) ਪੈਦਾਇਸ਼ (ਕਰਨ ਵਾਲਾ ਭੀ) ਪ੍ਰਭੂ ਹੀ ਹੈ, (ਸਭ ਦਾ) ਨਾਸ (ਕਰਨ ਵਾਲਾ ਭੀ) ਪ੍ਰਭੂ ਹੀ ਹੈ।
ਸਭਨਾਂ ਵਿਚ ਵਿਆਪਕ ਭੀ ਪ੍ਰਭੂ ਹੀ ਹੈ, (ਅਤੇ ਵਿਆਪਕ ਹੁੰਦਿਆਂ) ਨਿਰਲੇਪ ਭੀ ਪ੍ਰਭੂ ਹੀ ਹੈ ॥੧॥
(ਹਰੇਕ ਵਿਚ) ਪ੍ਰਭੂ ਹੀ ਬੋਲਣ ਵਾਲਾ ਹੈ, ਪ੍ਰਭੂ ਹੀ ਸਮਝਣ ਵਾਲਾ ਹੈ।
ਜਗਤ ਵਿਚ ਆਉਂਦਾ ਭੀ ਉਹੀ ਹੈ, ਇਥੋਂ ਜਾਂਦਾ ਭੀ ਉਹ ਪ੍ਰਭੂ ਹੀ ਹੈ।
ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਭੀ ਹੈ, ਤਿੰਨ ਗੁਣਾਂ ਸਮੇਤ ਭੀ ਹੈ।
ਹੇ ਨਾਨਕ! ਪਰਮਾਤਮਾ ਨੂੰ ਸਭਨਾਂ ਵਿਚ ਹੀ ਵੇਖਣ ਦੀ ਇਹ ਸੂਝ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ॥੨॥੧॥
ਹੇ ਮਨ! ਤੂੰ ਕਸੁੰਭੇ (ਵਾਂਗ ਨਾਸਵੰਤ ਮਾਇਆ ਦੇ ਮੋਹ) ਵਿਚ ਉਲਝਿਆ ਰਹਿੰਦਾ ਹੈਂ, ਜਿਵੇਂ (ਜੀਭ ਦੇ ਸੁਆਦ ਦੇ ਕਾਰਨ) ਮੱਛੀ ਅਤੇ (ਛੋਲਿਆਂ ਦੀ ਮੁੱਠ ਵਾਸਤੇ) ਬਾਂਦਰ।
(ਮੋਹ ਵਿਚ ਫਸ ਕੇ ਜਿਤਨੇ ਭੀ) ਕਦਮ ਤੂੰ ਧਰਦਾ ਹੈਂ, ਜੇਹੜਾ ਭੀ ਸਾਹ ਲੈਂਦਾ ਹੈਂ, (ਉਹ ਸਭ ਕੁਝ ਧਰਮਰਾਜ ਦੇ) ਲੇਖੇ ਵਿਚ (ਲਿਖਿਆ ਜਾ ਰਿਹਾ ਹੈ)। ਹੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ, ਤਦੋਂ ਹੀ (ਇਸ ਮੋਹ ਵਿਚੋਂ) ਬਚ ਸਕੇਂਗਾ ॥੧॥
ਹੇ ਮਨ! ਹੋਸ਼ ਕਰ, ਅਵੈੜਾ-ਪਨ ਛੱਡ ਦੇ।
ਆਪਣੇ ਰਹਿਣ ਵਾਸਤੇ ਤੈਨੂੰ (ਇਥੇ) ਪੱਕਾ ਟਿਕਾਣਾ ਨਹੀਂ ਮਿਲ ਸਕਦਾ। ਫਿਰ ਹੋਰਨਾਂ ਦੇ ਧਨ-ਪਦਾਰਥ ਵਲ ਕਿਉਂ ਜਾਂਦਾ ਹੈਂ? ॥੧॥ ਰਹਾਉ ॥
ਹੇ ਮਨ! ਜਿਵੇਂ ਹਾਥੀ ਨੂੰ ਕਾਮ-ਵਾਸਨਾ ਨੇ ਪ੍ਰੇਰ ਰੱਖਿਆ ਹੁੰਦਾ ਹੈ (ਤੇ ਉਹ ਪਰਾਈ ਕੈਦ ਵਿਚ ਫਸ ਜਾਂਦਾ ਹੈ, ਤਿਵੇਂ) ਤੂੰ ਪਰਵਾਰ ਦੇ ਮੋਹ ਵਿਚ ਫਸਿਆ ਪਿਆ ਹੈਂ।
(ਪਰ ਤੂੰ ਇਹ ਚੇਤੇ ਨਹੀਂ ਰੱਖਦਾ ਕਿ) ਜਿਵੇਂ ਅਨੇਕਾਂ ਪੰਛੀ (ਕਿਸੇ ਰੁੱਖ ਉਤੇ) ਇਕੱਠੇ ਹੋ ਕੇ (ਰਾਤ ਕੱਟਦੇ ਹਨ, ਦਿਨ ਚੜ੍ਹਨ ਤੇ) ਫਿਰ ਹਰੇਕ ਪੰਛੀ ਵਿਛੜ ਜਾਂਦਾ ਹੈ (ਤਿਵੇਂ ਪਰਵਾਰ ਦਾ ਹਰੇਕ ਜੀਵ ਵਿਛੜ ਜਾਣਾ ਹੈ)। ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਧਿਆਨ ਧਰਿਆ ਕਰ, ਬੱਸ! ਇਹੀ ਹੈ ਅਟੱਲ ਆਤਮਕ ਟਿਕਾਣਾ ॥੨॥
ਹੇ ਮਨ! ਜਿਵੇਂ ਮੱਛ ਜੀਭ ਦੇ ਸੁਆਦ ਦੇ ਕਾਰਨ ਨਾਸ ਹੋ ਜਾਂਦਾ ਹੈ, ਉਹ ਮੂਰਖ ਲੋਭ ਦੇ ਕਾਰਨ ਲੁੱਟਿਆ ਜਾਂਦਾ ਹੈ,
ਤੂੰ ਭੀ (ਕਾਮਾਦਿਕ) ਪੰਜ ਵੈਰੀਆਂ ਦੇ ਵੱਸ ਵਿਚ ਪਿਆ ਹੋਇਆ ਹੈਂ। ਹੇ ਮਨ! ਪ੍ਰਭੂ ਦੀ ਸਰਨ ਪਉ, ਤਦੋਂ ਹੀ (ਇਹਨਾਂ ਵੈਰੀਆਂ ਦੇ ਪੰਜੇ ਵਿਚੋਂ) ਨਿਕਲੇਂਗਾ ॥੩॥
ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! (ਅਸਾਂ ਜੀਵਾਂ ਉਤੇ) ਦਇਆਵਾਨ ਹੋ। ਇਹ ਸਾਰੇ ਜੀਅ ਜੰਤ ਤੇਰੇ ਹੀ (ਪੈਦਾ ਕੀਤੇ ਹੋਏ) ਹਨ।
(ਮੈਨੂੰ) ਨਾਨਕ ਨੂੰ, ਜੋ ਤੇਰੇ ਦਾਸਾਂ ਦਾ ਦਾਸ ਹੈ, ਮਿਲ। ਮੈਂ ਸਦਾ ਤੇਰਾ ਦਰਸ਼ਨ ਕਰਦਾ ਰਹਾਂ (ਮੇਹਰ ਕਰ, ਬੱਸ!) ਮੈਂ ਇਹੀ ਖ਼ੈਰ ਹਾਸਲ ਕਰਨਾ ਚਾਹੁੰਦਾ ਹਾਂ ॥੪॥੨॥
ਰਾਗ ਗੋਂਡ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੂਰਖ! ਜਿਸ ਪ੍ਰਭੂ ਨੇ (ਤੈਨੂੰ) ਪੈਦਾ ਕਰਕੇ ਤੈਨੂੰ ਜਿੰਦ ਦਿੱਤੀ ਤੈਨੂੰ ਪ੍ਰਾਣ ਦਿੱਤੇ,
ਜਿਸ ਪ੍ਰਭੂ ਨੇ ਮੇਹਰ ਕਰ ਕੇ ਸਰੀਰ ਵਿਚ (ਆਪਣੀ) ਜੋਤਿ ਰੱਖ ਦਿੱਤੀ ਹੈ,
ਵਰਤਣ ਵਾਸਤੇ ਤੈਨੂੰ ਹਰੇਕ ਚੀਜ਼ ਦਿੱਤੀ ਹੈ, ਅਤੇ ਅਨੇਕਾਂ ਕਿਸਮਾਂ ਦੇ ਭੋਜਨ ਤੈਨੂੰ ਖਵਾਂਦਾ ਹੈ,
ਹੇ ਮੂਰਖ! ਉਸ ਪ੍ਰਭੂ ਨੂੰ ਵਿਸਾਰ ਕੇ (ਤੇਰਾ ਮਨ) ਹੋਰ ਕਿੱਥੇ ਭਟਕਦਾ ਰਹਿੰਦਾ ਹੈ? ॥੧॥
ਹੇ ਭਾਈ! ਮੈਂ ਤਾਂ ਪਰਮਾਤਮਾ ਦੀ ਭਗਤੀ ਵਿਚ ਲੱਗਣਾ ਚਾਹੁੰਦਾ ਹਾਂ।
ਗੁਰੂ ਪਾਸੋਂ ਹੀ ਉਸ ਪ੍ਰਕਾਸ਼-ਰੂਪ ਮਾਇਆ-ਰਹਿਤ ਪ੍ਰਭੂ ਦੀ ਭਗਤੀ ਦੀ ਸੂਝ ਪੈ ਸਕਦੀ ਹੈ ॥੧॥ ਰਹਾਉ ॥
ਹੇ ਮੇਰੇ ਮਨ! ਜਿਸ ਨੇ (ਜਗਤ ਵਿਚ) ਅਨੇਕਾਂ ਕਿਸਮਾਂ ਦੇ ਰੰਗ (-ਰੂਪ) ਪੈਦਾ ਕੀਤੇ ਹੋਏ ਹਨ,
ਜੇਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਵਿਚ ਨਾਸ ਕਰ ਸਕਦਾ ਹੈ,
ਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ,
ਹੇ ਮੇਰੇ ਮਨ! ਸਦਾ ਉਸ ਪ੍ਰਭੂ ਦਾ ਧਿਆਨ ਧਰਿਆ ਕਰ ॥੨॥
ਹੇ ਮਨ! ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ।
ਮੈਂ ਉਸ ਦੇ ਕਿਤਨੇ ਕੁ ਗੁਣ ਗਿਣਾਂ? ਉਹ ਬੇਅੰਤ ਗੁਣਾਂ ਦਾ ਮਾਲਕ ਹੈ।