ਜੇ ਕਿਸੇ ਅਨਪੜ੍ਹ ਮੂਰਖ ਨੂੰ ਛੇ ਸ਼ਾਸਤ੍ਰ ਸੁਣਾਏ ਜਾਣ,
(ਉਹ ਅਨਪੜ੍ਹ ਵਿਚਾਰਾ ਕੀਹ ਸਮਝੇ ਉਹਨਾਂ ਸ਼ਾਸਤ੍ਰਾਂ ਨੂੰ? ਉਸ ਦੇ ਭਾਣੇ ਤਾਂ ਇਉਂ ਹੈ) ਜਿਵੇਂ ਉਸ ਦੇ ਦਸੀਂ ਪਾਸੀਂ (ਨਿਰੀ) ਹਵਾ ਹੀ ਚੱਲ ਰਹੀ ਹੈ (ਇਹੀ ਹਾਲ ਹੈ ਸਾਕਤ ਦਾ) ॥੩॥
ਜਿਵੇਂ ਅੰਨ ਦੇ ਦਾਣਿਆਂ ਤੋਂ ਬਿਨਾ ਕੋਈ ਖਲਵਾੜਾ ਗਾਹਿਆ ਜਾਏ (ਉਸ ਵਿਚੋਂ ਦਾਣਿਆਂ ਦਾ ਬੋਹਲ ਨਹੀਂ ਬਣੇਗਾ),
ਤਿਵੇਂ ਹੀ ਪਰਮਾਤਮਾ ਦੇ ਚਰਨਾਂ ਨਾਲੋਂ ਟੁੱਟੇ ਹੋਏ ਮਨੁੱਖ ਪਾਸੋਂ ਕੋਈ ਮਨੁੱਖ ਆਤਮਕ ਜੀਵਨ ਦੀ ਖ਼ੁਰਾਕ ਪ੍ਰਾਪਤ ਨਹੀਂ ਕਰ ਸਕਦਾ ॥੪॥
ਪਰ, (ਸਾਕਤ ਦੇ ਭੀ ਕੀਹ ਵੱਸ?) ਹਰ ਕੋਈ ਉਸ (ਕੰਮ) ਵਿਚ ਹੀ ਲੱਗਦਾ ਹੈ ਜਿਸ ਵਿਚ (ਪਰਮਾਤਮਾ ਵੱਲੋਂ) ਉਹ ਲਾਇਆ ਜਾਂਦਾ ਹੈ।
ਨਾਨਕ ਆਖਦਾ ਹੈ- (ਕੋਈ ਸਾਕਤ ਹੈ ਤੇ ਕੋਈ ਸੰਤ ਹੈ-ਇਹ) ਖੇਡ ਪ੍ਰਭੂ ਨੇ ਆਪ ਹੀ ਬਣਾਈ ਹੋਈ ਹੈ ॥੫॥੫॥
ਜਿਸ (ਪਰਮਾਤਮਾ) ਨੇ ਜਿੰਦ ਪ੍ਰਾਣ (ਦੇ ਕੇ ਜੀਵਾਂ ਦੇ) ਸਰੀਰ ਰਚੇ ਹਨ,
ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਸ ਨੂੰ ਹੀ (ਜੀਵਾਂ ਦਾ) ਦਰਦ ਹੈ ॥੧॥
ਉਹ ਗੁਰੂ (ਹੀ) ਉਹ ਗੋਬਿੰਦ (ਹੀ) ਜਿੰਦ ਦੀ ਸਹਾਇਤਾ ਕਰਨ ਵਾਲਾ ਹੈ,
ਜਿਸ (ਗੁਰੂ) ਦਾ ਜਿਸ (ਗੋਬਿੰਦ) ਦਾ ਇਸ ਲੋਕ ਵਿਚ ਅਤੇ ਪਰਲੋਕ ਵਿਚ ਸਦਾ (ਮਨੁੱਖ ਨੂੰ) ਆਸਰਾ ਹੈ ॥੧॥ ਰਹਾਉ ॥
ਉਸ ਪਰਮਾਤਮਾ ਨੂੰ ਸਿਮਰਨਾ ਹੀ ਪਵਿੱਤਰ ਜੀਵਨ-ਜੁਗਤਿ ਹੈ (ਇਹ ਜੀਵਨ-ਜੁਗਤਿ ਸਾਧ ਸੰਗਤ ਵਿਚ ਪ੍ਰਾਪਤ ਹੁੰਦੀ ਹੈ)।
ਸਾਧ ਸੰਗਤ ਵਿਚ ਰਹਿ ਕੇ (ਸਿਮਰਨ ਤੋਂ) ਉਲਟੀ ਜੀਵਨ-ਜੁਗਤਿ ਨਾਸ ਹੋ ਜਾਂਦੀ ਹੈ (ਭਾਵ, ਸਿਮਰਨ ਨਾਹ ਕਰਨ ਦੀ ਮਾੜੀ ਵਾਦੀ ਖ਼ਤਮ ਹੋ ਜਾਂਦੀ ਹੈ) ॥੨॥
ਮਿੱਤਰ, ਹਿਤੂ, ਧਨ-ਇਹ (ਮਨੁੱਖ ਦੀ ਜਿੰਦ ਦਾ) ਸਹਾਰਾ ਨਹੀਂ ਹਨ।
ਹੇ ਮੇਰੇ ਪਰਮਾਤਮਾ! (ਤੂੰ ਹੀ ਅਸਾਂ ਜੀਵਾਂ ਦਾ ਆਸਰਾ ਹੈਂ) ਤੂੰ ਹੀ ਸਲਾਹੁਣ-ਜੋਗ ਹੈਂ, ਤੂੰ ਹੀ ਸਲਾਹੁਣ-ਜੋਗ ਹੈਂ ॥੩॥
ਨਾਨਕ ਆਤਮਕ ਜੀਵਨ ਦੇਣ ਵਾਲਾ (ਇਹ) ਬਚਨ ਆਖਦਾ ਹੈ
ਕਿ ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ (ਜ਼ਿੰਦਗੀ ਦਾ ਸਹਾਰਾ) ਨਾਹ ਸਮਝੀਂ ॥੪॥੬॥
ਅਗਾਂਹ ਆਉਣ ਵਾਲੇ ਸਮੇ ਵਿਚ ਪਰਮਾਤਮਾ ਹੀ (ਅਸਾਂ ਜੀਵਾਂ ਉਤੇ) ਤਰਸ ਕਰਨ ਵਾਲਾ ਹੈ, ਪਿੱਛੇ ਲੰਘ ਚੁਕੇ ਸਮੇ ਵਿਚ ਭੀ ਪਰਮਾਤਮਾ ਹੀ (ਸਾਡਾ ਰਾਖਾ ਸੀ)।
ਹੁਣ ਭੀ ਸਾਰੇ ਸੁਖਾਂ ਦਾ ਦਾਤਾ ਪ੍ਰਭੂ ਹੀ (ਸਾਡੇ ਨਾਲ) ਪਿਆਰ ਕਰਨ ਵਾਲਾ ਹੈ ॥੧॥
ਪ੍ਰਭੂ ਦਾ ਨਾਮ ਹੀ ਸਾਡੇ ਵਾਸਤੇ ਚੰਗਾ ਮੁਹੂਰਤ ਦੱਸਣ ਵਾਲਾ ਸ਼ਾਸਤ੍ਰ ਹੈ,
(ਜਿਸ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ, ਉਸ) ਹਿਰਦੇ-ਘਰ ਵਿਚ ਸਦਾ ਆਤਮਕ ਅਡੋਲਤਾ ਦੇ ਸੁਖ ਹਨ ਆਨੰਦ ਹਨ ॥੧॥ ਰਹਾਉ ॥
ਜੀਭ ਨਾਲ ਨਾਮ (ਜਪ ਕੇ), ਕੰਨਾਂ ਨਾਲ (ਨਾਮ) ਸੁਣ ਕੇ (ਅਨੇਕਾਂ ਹੀ ਜੀਵ) ਆਤਮਕ ਜੀਵਨ ਪ੍ਰਾਪਤ ਕਰ ਗਏ।
ਪਰਮਾਤਮਾ ਦਾ ਨਾਮ ਸਦਾ ਸਿਮਰ ਕੇ (ਅਨੇਕਾਂ ਜੀਵ) ਆਤਮਕ ਮੌਤ ਤੋਂ ਬਚ ਗਏ, (ਵਿਕਾਰਾਂ ਦੇ ਟਾਕਰੇ ਤੇ) ਅਡੋਲ-ਚਿੱਤ ਬਣੇ ਰਹੇ ॥੨॥
(ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਜੀਵਨ ਦਾ ਆਸਰਾ ਬਣਾਇਆ, ਉਹਨਾਂ ਦੇ ਆਪਣੇ) ਅਨੇਕਾਂ ਹੀ ਜਨਮਾਂ ਦੇ ਦੁੱਖ-ਪਾਪ ਦੂਰ ਕਰ ਲਏ,
ਉਹਨਾਂ ਦੇ ਹਿਰਦੇ-ਦਰਬਾਰ ਵਿਚ ਇਉਂ ਇਕ-ਰਸ ਆਨੰਦ ਬਣ ਗਿਆ ਜਿਵੇਂ ਪੰਜਾਂ ਹੀ ਕਿਸਮਾਂ ਦੇ ਸਾਜ਼ ਵੱਜਣ ਨਾਲ ਸੰਗੀਤਕ ਰਸ ਬਣਦਾ ਹੈ ॥੩॥
ਹੇ ਨਾਨਕ! (ਜਿਹੜੇ ਮਨੁੱਖ ਸਗਨ ਆਦਿਕਾਂ ਦੇ ਭਰਮ ਛੱਡ ਕੇ ਸਿੱਧੇ) ਪਰਮਾਤਮਾ ਦੀ ਸਰਨ ਆ ਪਏ,
ਪਰਮਾਤਮਾ ਨੇ ਕਿਰਪਾ ਕਰ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਜੋੜ ਲਿਆ ॥੪॥੭॥
(ਜਿਹੜਾ ਮਨੁੱਖ ਨਾਮ ਜਪਦਾ ਹੈ ਉਸ ਦੇ) ਮਨ ਦੀਆਂ ਕ੍ਰੋੜਾਂ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ।
ਮਰਨ ਤੋਂ ਪਿੱਛੋਂ ਭੀ ਇਹ ਨਾਮ ਹੀ ਉਸ ਦਾ ਸਾਥੀ ਬਣਦਾ ਹੈ ਸਹਾਇਕ ਬਣਦਾ ਹੈ ॥੧॥
ਗੁਰ-ਗੋਬਿੰਦ ਦਾ ਨਾਮ (ਹੀ ਅਸਲ) ਗੰਗਾ-ਜਲ ਹੈ।
ਜਿਹੜਾ ਮਨੁੱਖ (ਗੋਬਿੰਦ ਦਾ ਨਾਮ) ਸਿਮਰਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਜਿਹੜਾ (ਇਸ ਨਾਮ-ਜਲ ਗੰਗਾ-ਜਲ ਨੂੰ) ਪੀਂਦਾ ਹੈ ਉਹ ਮੁੜ ਜੂਨਾਂ ਵਿਚ ਨਹੀਂ ਭਟਕਦਾ ॥੧॥ ਰਹਾਉ ॥
ਹਰਿ-ਨਾਮ ਹੀ (ਦੇਵ-) ਪੂਜਾ ਹੈ, ਨਾਮ ਹੀ ਜਪ-ਤਪ ਹੈ, ਤਾਪ ਹੀ ਤੀਰਥ-ਇਸ਼ਨਾਨ ਹੈ।
ਨਾਮ ਸਿਮਰਦਿਆਂ (ਸਿਮਰਨ ਕਰਨ ਵਾਲੇ) ਦੁਨੀਆ ਵਾਲੀਆਂ ਵਾਸਨਾਂ ਤੋਂ ਰਹਿਤ ਹੋ ਜਾਂਦੇ ਹਨ ॥੨॥
ਰਾਜ, ਮਾਲ, ਮਹਲ-ਮਾੜੀਆਂ, ਦਰਬਾਰ ਲਾਉਣੇ (ਜੋ ਸੁਖ ਇਹਨਾਂ ਵਿਚ ਹਨ, ਨਾਮ ਸਿਮਰਨ ਵਾਲਿਆਂ ਨੂੰ ਉਹ ਸੁਖ ਨਾਮ-ਸਿਮਰਨ ਤੋਂ ਪ੍ਰਾਪਤ ਹੁੰਦੇ ਹਨ)।
ਹਰਿ-ਨਾਮ ਸਿਮਰਦਿਆਂ ਮਨੁੱਖ ਦਾ ਆਚਰਨ ਸੁੱਚਾ ਬਣ ਜਾਂਦਾ ਹੈ ॥੩॥
ਦਾਸ ਨਾਨਕ ਨੇ ਇਹ ਨਿਸ਼ਚਾ ਕੀਤਾ ਹੈ,
ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰੀ (ਮਾਇਆ) ਨਾਸਵੰਤ ਹੈ ਸੁਆਹ (ਦੇ ਤੁੱਲ) ਹੈ ॥੪॥੮॥
(ਪਰਮਾਤਮਾ ਦੀ ਮਿਹਰ ਆਪਣੇ ਸੇਵਕ ਉੱਤੇ ਹੋਈ ਹੈ, ਬਾਲਕ (ਗੁਰੂ) ਹਰਿਗੋਬਿੰਦ ਉੱਤੇ ਉਸ ਦੁਸ਼ਟ ਦੀ ਮੰਦੀ ਕਰਤੂਤ ਦਾ) ਬਿਲਕੁਲ ਰਤਾ ਭਰ ਭੀ ਮਾੜਾ ਅਸਰ ਨਹੀਂ ਹੋ ਸਕਿਆ,
(ਪਰ ਗੁਰੂ ਦੇ ਪਰਤਾਪ ਨਾਲ ਉਹ) ਚੰਦਰਾ ਬ੍ਰਾਹਮਣ (ਪੇਟ ਵਿਚ) ਸੂਲ ਉੱਠਣ ਨਾਲ ਮਰ ਗਿਆ ਹੈ ॥੧॥
ਪਰਮਾਤਮਾ ਨੇ ਆਪਣੇ ਸੇਵਕਾਂ ਦੀ ਰੱਖਿਆ (ਸਦਾ ਹੀ) ਆਪ ਕੀਤੀ ਹੈ।
(ਵੇਖੋ, ਵਿਸਾਹ-ਘਾਤੀ ਬ੍ਰਾਹਮਣ) ਦੁਸ਼ਟ ਗੁਰੂ ਦੇ ਪਰਤਾਪ ਨਾਲ (ਆਪ ਹੀ) ਮਰ ਗਿਆ ਹੈ ॥੧॥ ਰਹਾਉ ॥
(ਪਰਮਾਤਮਾ ਨੇ ਆਪਣੇ ਸੇਵਕ ਦੀ ਆਪ ਰੱਖਿਆ ਕੀਤੀ ਹੈ, ਕਿਉਂਕਿ) ਸੇਵਕ ਨੇ ਆਪਣੇ ਮਾਲਕ-ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਇਆ ਹੈ।
ਉਹ ਬੇਸਮਝ ਦੁਸ਼ਟ (ਇਸ ਰੱਬੀ ਭੇਤ ਨੂੰ ਸਮਝ ਨਾਹ ਸਕਿਆ, ਤੇ ਪਰਮਾਤਮਾ ਨੇ) ਆਪ ਹੀ ਉਸ ਨੂੰ ਮਾਰ ਮੁਕਾਇਆ ॥੨॥
ਮਾਂ ਪਿਉ (ਵਾਂਗ) ਪ੍ਰਭੂ ਆਪਣੇ ਸੇਵਕ ਦਾ ਸਦਾ ਆਪ ਰਾਖਾ ਬਣਦਾ ਹੈ,
(ਤਾਹੀਏਂ ਪ੍ਰਭੂ ਦੇ ਸੇਵਕ ਦੇ) ਦੋਖੀ ਦਾ ਮੂੰਹ ਲੋਕ ਪਰਲੋਕ ਦੁਹੀਂ ਸਰਾਈਂ ਕਾਲਾ ਹੁੰਦਾ ਹੈ ॥੩॥
ਹੇ ਨਾਨਕ! (ਆਖ-ਹੇ ਭਾਈ!) ਆਪਣੇ ਸੇਵਕ ਦੀ ਪਰਮੇਸਰ ਨੇ (ਸਦਾ ਹੀ) ਅਰਦਾਸ ਸੁਣੀ ਹੈ,
(ਵੇਖੋ, ਪਰਮੇਸਰ ਦੇ ਸੇਵਕ ਉੱਤੇ ਵਾਰ ਕਰਨ ਵਾਲਾ) ਦੁਸ਼ਟ ਪਾਪੀ (ਆਪ ਹੀ) ਮਰ ਮਿਟਿਆ, ਤੇ, ਬੇ-ਮੁਰਾਦਾ ਹੀ ਰਿਹਾ ॥੪॥੯॥
ਹੇ ਪ੍ਰਭੂ! ਤੇਰਾ ਨਾਮ ਸੋਹਣਾ ਹੈ, ਤੇਰਾ ਨਾਮ ਮਿੱਠਾ ਹੈ, ਤੇਰਾ ਨਾਮ ਚੰਗਾ ਹੈ।
(ਪਰ ਹੇ ਭਾਈ!) ਦੁਨੀਆ ਦਾ ਮਾਣ ਝੂਠਾ ਹੈ, ਛੇਤੀ ਮੁੱਕ ਜਾਣ ਵਾਲਾ ਹੈ, ਦੁਨੀਆ ਦੇ ਮਾਣ ਦਾ ਕੀਹ ਭਰੋਸਾ? ॥੧॥ ਰਹਾਉ ॥
ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲੇ ਬੰਦੇ ਸੋਹਣੇ ਹਨ, ਉਹਨਾਂ ਦਾ ਦਰਸਨ ਬੇਅੰਤ (ਅਮੋਲਕ) ਹੈ।