(ਗਿਆਨ ਦੀ) ਹਨੇਰੀ ਦੇ ਪਿਛੋਂ ਜਿਹੜਾ ('ਨਾਮ' ਦਾ) ਮੀਂਹ ਵਰ੍ਹਦਾ ਹੈ, ਉਸ ਵਿਚ (ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲਾ) ਤੇਰਾ ਭਗਤ ਭਿੱਜ ਜਾਂਦਾ ਹੈ (ਭਾਵ, ਗਿਆਨ ਦੀ ਬਰਕਤਿ ਨਾਲ ਭਰਮ-ਵਹਿਮ ਮੁੱਕ ਜਾਣ ਤੇ ਜਿਉਂ ਜਿਉਂ ਮਨੁੱਖ ਨਾਮ ਜਪਦਾ ਹੈ, ਉਸ ਦੇ ਮਨ ਵਿਚ ਸ਼ਾਂਤੀ ਤੇ ਟਿਕਾਉ ਪੈਦਾ ਹੁੰਦਾ ਹੈ)।
ਕਬੀਰ ਆਖਦਾ ਹੈ-ਜਦੋਂ (ਹੇ ਪ੍ਰਭੂ! ਤੇਰਾ ਸੇਵਕ) ਆਪਣੇ ਅੰਦਰ (ਤੇਰੇ ਨਾਮ ਦਾ) ਸੂਰਜ ਚੜ੍ਹਿਆ ਹੋਇਆ ਤੱਕਦਾ ਹੈ ਤਾਂ ਉਸ ਦੇ ਮਨ ਵਿਚ ਚਾਨਣ (ਹੀ ਚਾਨਣ) ਹੋ ਜਾਂਦਾ ਹੈ ॥੨॥੪੩॥
ਰਾਗ ਗਉੜੀ-ਚੇਤੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਕਈ ਮਨੁੱਖ ਆਪ) ਨਾਹ ਕਦੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਨਾਹ ਹਰੀ ਦੇ ਗੁਣ ਗਾਉਂਦੇ ਹਨ,
ਪਰ ਸ਼ੇਖ਼ੀ ਦੀਆਂ ਗੱਲਾਂ ਨਾਲ ਤਾਂ (ਮਾਨੋ) ਅਸਮਾਨ ਨੂੰ ਢਾਹ ਲੈਂਦੇ ਹਨ ॥੧॥
ਅਜਿਹੇ ਬੰਦਿਆਂ ਨੂੰ ਭਲੀ ਮੱਤ ਦੇਣ ਦਾ ਕੋਈ ਲਾਭ ਨਹੀਂ,
ਜਿਨ੍ਹਾਂ ਨੂੰ ਪ੍ਰਭੂ ਨੇ ਭਗਤੀ ਤੋਂ ਵਾਂਜੇ ਰੱਖਿਆ ਹੈ (ਉਹਨਾਂ ਨੂੰ ਮੱਤ ਦੇਣ ਦੇ ਥਾਂ ਸਗੋਂ) ਉਹਨਾਂ ਤੋਂ ਸਦਾ ਦੂਰ ਦੂਰ ਹੀ ਰਹਿਣਾ ਚਾਹੀਦਾ ਹੈ ॥੧॥ ਰਹਾਉ ॥
(ਉਹ ਲੋਕ) ਆਪ ਤਾਂ (ਕਿਸੇ ਨੂੰ) ਇਕ ਚੁਲੀ ਜਿਤਨਾ ਪਾਣੀ ਭੀ ਨਹੀਂ ਦੇਂਦੇ,
ਪਰ ਨਿੰਦਿਆ ਉਹਨਾਂ ਦੀ ਕਰਦੇ ਹਨ ਜਿਨ੍ਹਾਂ ਨੇ ਗੰਗਾ ਵਗਾ ਦਿੱਤੀ ਹੋਵੇ ॥੨॥
ਬੈਠਦਿਆਂ ਉਠਦਿਆਂ (ਹਰ ਵੇਲੇ ਉਹ) ਟੇਢੀਆਂ ਚਾਲਾਂ ਹੀ ਚੱਲਦੇ ਹਨ,
ਉਹ ਆਪਣੇ ਆਪ ਤੋਂ ਗਏ-ਗੁਜ਼ਰੇ ਬੰਦੇ ਹੋਰਨਾਂ ਨੂੰ ਭੀ ਕੁਰਾਹੇ ਪਾਂਦੇ ਹਨ ॥੩॥
ਫੋਕੀ ਬਹਿਸ ਤੋਂ ਬਿਨਾ ਉਹ ਹੋਰ ਕੁਝ ਕਰਨਾ ਜਾਣਦੇ ਹੀ ਨਹੀਂ,
ਕਿਸੇ ਵੱਡੇ ਤੋਂ ਵੱਡੇ ਮੰਨੇ-ਪ੍ਰਮੰਨੇ ਸਿਆਣੇ ਦੀ ਭੀ ਗੱਲ ਨਹੀਂ ਮੰਨਦੇ ॥੪॥
ਆਪਣੇ ਆਪ ਤੋਂ ਗਏ-ਗੁਜ਼ਰੇ ਉਹ ਲੋਕ ਹੋਰਨਾਂ ਨੂੰ ਭੀ ਖੁੰਝਾਉਂਦੇ ਹਨ,
ਉਹ (ਮਾਨੋ, ਆਪਣੇ ਹੀ ਘਰ ਨੂੰ) ਅੱਗ ਲਾ ਕੇ ਘਰ ਵਿਚ ਸੌਂ ਰਹੇ ਹਨ ॥੫॥
ਉਹ ਆਪ ਤਾਂ ਕਾਣੇ ਹਨ (ਕਈ ਤਰ੍ਹਾਂ ਦੇ ਵੈਲ ਕਰਦੇ ਹਨ) ਪਰ ਹੋਰਨਾਂ ਨੂੰ ਮਖ਼ੌਲ ਕਰਦੇ ਹਨ।
ਅਜਿਹੇ ਬੰਦਿਆਂ ਨੂੰ ਵੇਖ ਕੇ, ਹੇ ਕਬੀਰ! ਸ਼ਰਮ ਆਉਂਦੀ ਹੈ ॥੬॥੧॥੪੪॥
ਰਾਗ ਗਉੜੀ-ਬੈਰਾਗਣਿ ਵਿੱਚ, ਭਗਤ ਕਬੀਰ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ।
ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ ॥੧॥
ਮੈਨੂੰ ਕੋਈ ਧਿਰ ਦੱਸੋ ਕਿ (ਪਿਤਰਾਂ ਦੇ ਨਮਿਤ ਸਰਾਧ ਖੁਆਉਣ ਨਾਲ ਪਿਛੇ ਘਰ ਵਿਚ) ਸੁਖ-ਆਨੰਦ ਕਿਵੇਂ ਹੋ ਜਾਂਦਾ ਹੈ।
ਸਾਰਾ ਸੰਸਾਰ (ਇਸੇ ਭਰਮ-ਵਹਿਮ ਵਿਚ) ਖਪ ਰਿਹਾ ਹੈ ਕਿ (ਪਿਤਰਾਂ ਨਿਮਿਤ ਸਰਾਧ ਕੀਤਿਆਂ ਘਰ ਵਿਚ) ਸੁਖ-ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
ਮਿੱਟੀ ਦੇ ਦੇਵੀ-ਦੇਵਤੇ ਬਣਾ ਕੇ ਲੋਕ ਉਸ ਦੇਵੀ ਜਾਂ ਦੇਵਤੇ ਅੱਗੇ (ਬੱਕਰੇ ਆਦਿਕ ਦੀ) ਕੁਰਬਾਨੀ ਦੇਂਦੇ ਹਨ।
(ਹੇ ਭਾਈ! ਇਸੇ ਤਰ੍ਹਾਂ) ਦੇ (ਮਿੱਟੀ ਦੇ ਬਣਾਏ ਹੋਏ) ਤੁਹਾਡੇ ਪਿਤਰ ਅਖਵਾਉਂਦੇ ਹਨ, (ਉਹਨਾਂ ਅੱਗੇ ਭੀ ਜੋ ਤੁਹਾਡਾ ਚਿੱਤ ਕਰਦਾ ਹੈ ਧਰ ਦੇਂਦੇ ਹੋ) ਉਹ ਆਪਣੇ ਮੂੰਹੋਂ ਮੰਗਿਆ ਕੁਝ ਨਹੀਂ ਲੈ ਸਕਦੇ ॥੨॥
ਲੋਕੀ ਜੀਉਂਦੇ ਜੀਵਾਂ ਨੂੰ (ਦੇਵੀ ਦੇਵਤਿਆਂ ਅੱਗੇ ਭੇਟ ਕਰਨ ਲਈ) ਮਾਰਦੇ ਹਨ (ਤੇ ਇਸ ਤਰ੍ਹਾਂ ਮਿੱਟੀ ਆਦਿਕ ਦੇ ਬਣਾਏ ਹੋਏ) ਨਿਰਜਿੰਦ ਦੇਵਤਿਆਂ ਨੂੰ ਪੂਜਦੇ ਹਨ; ਆਪਣਾ ਅੱਗਾ ਵਿਗਾੜੀ ਜਾ ਰਹੇ ਹਨ।
(ਐਸੇ ਲੋਕਾਂ ਨੂੰ) ਉਸ ਆਤਮਕ ਅਵਸਥਾ ਦੀ ਸਮਝ ਨਹੀਂ ਪੈਂਦੀ ਜੋ ਪ੍ਰਭੂ ਦਾ ਨਾਮ ਸਿਮਰਦਿਆਂ ਬਣਦੀ ਹੈ। ਲੋਕ ਲੋਕਾਚਾਰੀ ਰਸਮਾਂ ਦੇ ਡਰ ਵਿਚ ਗ਼ਰਕ ਹੋ ਰਹੇ ਹਨ ॥੩॥
(ਅਜਿਹੇ ਲੋਕ ਮਿੱਟੀ ਦੇ ਬਣਾਏ ਹੋਏ) ਦੇਵੀ-ਦੇਵਤਿਆਂ ਨੂੰ ਪੂਜਦੇ ਹਨ ਤੇ ਸਹਿਮੇ ਭੀ ਰਹਿੰਦੇ ਹਨ (ਕਿਉਂਕਿ ਅਸਲ 'ਕੁਸ਼ਲ' ਦੇਣ ਵਾਲੇ) ਅਕਾਲ ਪੁਰਖ ਨੂੰ ਉਹ ਜਾਣਦੇ ਹੀ ਨਹੀਂ ਹਨ।
ਕਬੀਰ ਆਖਦਾ ਹੈ-ਉਹ ਜਾਤ-ਕੁਲ-ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਉਹ (ਸਦਾ) ਮਾਇਆ ਨਾਲ ਲਪਟੇ ਰਹਿੰਦੇ ਹਨ ॥੪॥੧॥੪੫॥
ਜੋ ਮਨੁੱਖ ਮੁੜ ਮੁੜ ਜਤਨ ਕਰ ਕੇ ਮਨ ਵਿਕਾਰਾਂ ਦੇ ਫੁਰਨਿਆਂ ਵਲੋਂ ਹਟਾ ਲੈਂਦਾ ਹੈ, ਉਹ ਫਿਰ (ਅਸਲ ਜੀਵਨ) ਜੀਊਂਦਾ ਹੈ ਤੇ ਉਸ ਅਵਸਥਾ ਵਿਚ ਜਿਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ, ਇਉਂ ਲੀਨ ਹੁੰਦਾ ਹੈ,
ਕਿ ਮਾਇਆ ਵਿਚ ਰਹਿੰਦਾ ਹੋਇਆ ਭੀ ਉਹ ਮਾਇਆ-ਰਹਿਤ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ਤੇ ਮੁੜ (ਮਾਇਆ ਦੀ) ਘੁੰਮਣਘੇਰ ਵਿਚ ਨਹੀਂ ਪੈਂਦਾ ॥੧॥
ਹੇ ਪਿਆਰੇ ਪ੍ਰਭੂ! ਤਦੋਂ ਹੀ ਦੁੱਧ ਰਿੜਕਿਆ ਜਾ ਸਕਦਾ ਹੈ (ਭਾਵ, ਸਿਮਰਨ ਦਾ ਸਫਲ ਉੱਦਮ ਕੀਤਾ ਜਾ ਸਕਦਾ ਹੈ)
ਤੇ, ਇਸੇ ਤਰੀਕੇ ਨਾਲ ਹੀ (ਭਾਵ, ਜੇ ਤੂੰ ਮੇਰੇ ਮਨ ਨੂੰ ਅਡੋਲ ਰੱਖੇਂ) ਤੇਰਾ ਨਾਮ-ਅੰਮ੍ਰਿਤ ਪੀਤਾ ਜਾ ਸਕਦਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੀ ਮੱਤ ਦੇ ਕੇ ਮੇਰਾ ਕਮਜ਼ੋਰ ਮਨ (ਮਾਇਆ ਵਲੋਂ) ਅਡੋਲ ਰੱਖ ॥੧॥ ਰਹਾਉ ॥
ਜਿਸ ਮਨੁੱਖ ਨੇ ਸਤਿਗੁਰੂ ਦੇ (ਸ਼ਬਦ-ਰੂਪ) ਤੀਰ ਨਾਲ ਕਰੜੀ ਮਨੋ-ਕਲਪਣਾ ਵਿੰਨ੍ਹ ਲਈ ਹੈ (ਭਾਵ, ਮਨ ਦੀ ਵਿਕਾਰਾਂ ਵਲ ਦੀ ਦੌੜ ਰੋਕ ਲਈ ਹੈ) ਉਸ ਦੇ ਅੰਦਰ ਪ੍ਰਕਾਸ਼-ਪਦ ਪੈਦਾ ਹੋ ਜਾਂਦਾ ਹੈ (ਭਾਵ, ਉਸ ਦੇ ਅੰਦਰ ਉਹ ਅਵਸਥਾ ਬਣ ਜਾਂਦੀ ਹੈ ਜਿੱਥੇ ਐਸਾ ਆਤਮਕ ਚਾਨਣ ਹੋ ਜਾਂਦਾ ਹੈ ਕਿ ਉਹ ਮਾਇਆ ਦੇ ਹਨੇਰੇ ਵਿਚ ਨਹੀਂ ਫਸਦਾ)।
(ਜਿਵੇਂ ਹਨੇਰੇ ਵਿਚ) ਰੱਸੀ (ਨੂੰ ਸੱਪ ਸਮਝਣ) ਦਾ ਭੁਲੇਖਾ (ਪੈਂਦਾ ਹੈ ਤੇ ਚਾਨਣ ਹੋਇਆਂ ਉਹ ਭੁਲੇਖਾ ਮਿਟ ਜਾਂਦਾ ਹੈ ਤਿਵੇਂ) ਮਾਇਆ ਦੇ (ਪ੍ਰਭਾਵ-ਰੂਪ) ਹਨੇਰੇ ਵਿਚ (ਵਿਕਾਰਾਂ ਨੂੰ ਹੀ ਸਹੀ ਜੀਵਨ ਸਮਝ ਲੈਣ ਦਾ ਭੁਲੇਖਾ) ਨਾਮ ਦੇ ਚਾਨਣ ਨਾਲ ਮਿਟ ਜਾਂਦਾ ਹੈ, ਤੇ ਉਸ ਮਨੁੱਖ ਦਾ ਨਿਵਾਸ ਸਦਾ-ਅਨੰਦ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ ਸਦਾ ਲਈ ਹੋ ਜਾਂਦਾ ਹੈ ॥੨॥
ਹੇ ਸੱਜਣ! (ਜਿਸ ਮਨੁੱਖ ਨੇ ਗੁਰ-ਸ਼ਬਦ ਰੂਪ ਤੀਰ ਦਾ ਆਸਰਾ ਲਿਆ ਹੈ) ਉਸ ਨੇ (ਮਾਨੋ,) ਤੀਰ ਕਮਾਨ ਚੜ੍ਹਾਉਣ ਤੋਂ ਬਿਨਾ ਹੀ ਇਸ ਜਗਤ ਨੂੰ ਵਿੰਨ੍ਹ ਲਿਆ ਹੈ (ਭਾਵ, ਮਾਇਆ ਦਾ ਜ਼ੋਰ ਆਪਣੇ ਉੱਤੇ ਪੈਣ ਨਹੀਂ ਦਿੱਤਾ)।