ਹੇ ਦਾਸ ਨਾਨਕ! ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਮੇਰਾ ਸਿਰ ਤੇਰੇ ਸੰਤ ਜਨਾਂ ਦੇ ਪੈਰਾਂ ਹੇਠ ਪਿਆ ਰਹੇ ॥੨॥੪॥੩੭॥
ਰਾਗ ਦੇਵਗੰਧਾਰੀ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ ਪ੍ਰਭੂ! (ਮੇਹਰ ਕਰ) ਮੈਂ ਤੇਰੇ ਉਹਨਾਂ ਸੰਤਾਂ ਦੇ ਚਰਨਾਂ ਵਿਚ ਪਿਆ ਰਹਾਂ, ਤੇ ਉਹਨਾਂ ਸੰਤਾਂ ਤੋਂ ਸਦਕੇ ਜਾਂਦਾ ਰਹਾਂ,
ਜੋ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਜੋ ਤੈਨੂੰ ਚੰਗੇ ਲੱਗਦੇ ਹਨ, ਤੇ, ਜੋ ਸਦਾ ਹੀ ਜੀਵਨ-ਰਾਹ ਦੱਸਣ ਦੇ ਸਮਰੱਥ ਹਨ ॥੧॥ ਰਹਾਉ ॥
ਹੇ ਤਰਸ-ਸਰੂਪ ਪ੍ਰਭੂ! (ਮੇਹਰ ਕਰ, ਮੈਂ ਉਹਨਾਂ ਸੰਤਾਂ ਦੇ ਚਰਨਾਂ ਵਿਚ ਪਿਆ ਰਹਾਂ) ਜਿਨ੍ਹਾਂ ਨੂੰ ਹੋਰ ਕੋਈ ਵਾਸਨਾ ਨਹੀਂ, ਜੋ ਸਦਾ ਆਤਮਕ ਅਡੋਲਤਾ ਦੇ ਰੰਗ ਮਾਣਦੇ ਹਨ, ਜੋ ਸਦਾ ਤੇਰੇ ਬੇਅੰਤ ਤੇ ਸੋਹਣੇ ਸਰੂਪ ਵਿਚ ਟਿਕੇ ਰਹਿੰਦੇ ਹਨ ॥੧॥
ਰਿਧੀਆਂ ਸਿਧੀਆਂ ਤੇ ਨਿਧੀਆਂ ਤੇਰੇ ਹੱਥਾਂ ਦੀਆਂ ਤਲੀਆਂ ਉਤੇ (ਸਦਾ ਟਿਕੀਆਂ ਰਹਿੰਦੀਆਂ ਹਨ), ਹੇ ਜਗਤ ਦੇ ਜੀਵਨ ਪ੍ਰਭੂ! ਹੇ ਸਭਨਾਂ ਦੇ ਖਸਮ ਪ੍ਰਭੂ! ਹੇ ਅਨੇਕਾਂ ਨਾਮਾਂ ਵਾਲੇ ਪ੍ਰਭੂ!
ਹੇ ਪ੍ਰਭੂ! (ਆਪਣੇ) ਦਾਸ ਨਾਨਕ ਉੱਤੇ ਦਇਆ ਕਰ, ਮੇਹਰ ਕਰ, ਕਿਰਪਾ ਕਰ ਕਿ (ਤੇਰੇ ਸੰਤ ਜਨਾਂ ਤੋਂ ਤੇਰੀ) ਸਿਫ਼ਤ-ਸਾਲਾਹ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੨॥੧॥੩੮॥੬॥੪੪॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਦੇਵਗੰਧਾਰੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
ਇਹ ਮਨ ਰਤਾ ਭਰ ਭੀ ਮੇਰਾ ਕਿਹਾ ਨਹੀਂ ਮੰਨਦਾ।
ਮੈਂ ਆਪਣੇ ਵਲੋਂ ਇਸ ਨੂੰ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ, ਫਿਰ ਭੀ ਇਹ ਖੋਟੀ ਮਤਿ ਵਲੋਂ ਹਟਦਾ ਨਹੀਂ ॥੧॥ ਰਹਾਉ ॥
ਮਾਇਆ ਦੇ ਨਸ਼ੇ ਵਿਚ ਇਹ ਮਨ ਝੱਲਾ ਹੋਇਆ ਪਿਆ ਹੈ, ਕਦੇ ਇਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਨਹੀਂ ਉਚਾਰਦਾ,
ਵਿਖਾਵਾ ਕਰ ਕੇ ਦੁਨੀਆ ਨੂੰ ਠੱਗਦਾ ਰਹਿੰਦਾ ਹੈ, ਤੇ, (ਠੱਗੀ ਨਾਲ ਇਕੱਠੇ ਕੀਤੇ ਧਨ ਦੀ ਰਾਹੀਂ) ਆਪਣਾ ਪੇਟ ਭਰਦਾ ਰਹਿੰਦਾ ਹੈ ॥੧॥
ਕੁੱਤੇ ਦੀ ਪੂਛਲ ਵਾਂਗ ਇਹ ਮਨ ਕਦੇ ਭੀ ਸਿੱਧਾ ਨਹੀਂ ਹੁੰਦਾ, (ਕਿਸੇ ਦੀ ਭੀ) ਦਿੱਤੀ ਹੋਈ ਸਿੱਖਿਆ ਨੂੰ ਧਿਆਨ ਨਾਲ ਨਹੀਂ ਸੁਣਦਾ।
ਹੇ ਨਾਨਕ, ਆਖ! ਰੋਜ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ ਬਰਕਤਿ ਨਾਲ ਤੇਰਾ ਜਨਮ-ਮਨੋਰਥ ਹੱਲ ਹੋ ਜਾਏ ॥੨॥੧॥
ਇਹ ਸਭ ਕੁਝ ਜਿਊਂਦਿਆਂ ਦਾ ਹੀ ਮੇਲ-ਜੋਲ ਹੈ,
ਮਾਂ, ਪਿਉ, ਭਰਾ, ਪੁੱਤਰ, ਰਿਸ਼ਤੇਦਾਰ ਅਤੇ ਘਰ ਦੀ ਵਹੁਟੀ ਭੀ ॥੧॥ ਰਹਾਉ ॥
(ਮੌਤ ਆਉਣ ਤੇ) ਜਦੋਂ ਜਿੰਦ ਸਰੀਰ ਨਾਲੋਂ ਵੱਖਰੀ ਹੋ ਜਾਂਦੀ ਹੈ, ਤਾਂ (ਇਹ ਸਾਰੇ ਸਨਬੰਧੀ) ਉੱਚੀ ਉੱਚੀ ਆਖਦੇ ਹਨ ਕਿ ਇਹ ਗੁਜ਼ਰ ਚੁੱਕਾ ਹੈ ਗੁਜ਼ਰ ਚੁੱਕਾ ਹੈ।
ਕੋਈ ਭੀ ਸਨਬੰਧੀ ਅੱਧੀ ਘੜੀ ਲਈ ਭੀ (ਉਸ ਨੂੰ) ਘਰ ਵਿਚ ਨਹੀਂ ਰੱਖਦਾ, ਘਰ ਤੋਂ ਕੱਢ ਦੇਂਦੇ ਹਨ ॥੧॥
ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ, ਇਹ ਜਗਤ-ਖੇਡ ਠਗ-ਨੀਰੇ ਵਾਂਗ ਹੈ (ਜਿਵੇਂ ਤ੍ਰਿਹਾਇਆ ਹਿਰਨ ਮਾਰੂਥਲ ਵਿੱਚ ਪਾਣੀ ਪਿੱਛੇ ਦੌੜਨ ਵੇਲੇ ਧੋਖਾ ਕਾਂਦਾ ਹੈ, ਮਨੁੱਖ ਵੀ ਮਾਇਆ ਪਿੱਛੇ ਦੌੜ ਦੌੜ ਕੇ ਆਤਮਕ ਮੌਤੇ ਮਰ ਜਾਂਦਾ ਹੈ)।
ਨਾਨਕ ਆਖਦਾ ਹੈ- ਸਦਾ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ ਬਰਕਤਿ ਨਾਲ (ਸੰਸਾਰ ਦੇ ਮੋਹ ਤੋਂ) ਪਾਰ-ਉਤਾਰਾ ਹੁੰਦਾ ਹੈ ॥੨॥੨॥
ਦੁਨੀਆ ਵਿਚ (ਸਨਬੰਧੀਆਂ ਦਾ) ਪਿਆਰ ਮੈਂ ਝੂਠਾ ਹੀ ਵੇਖਿਆ ਹੈ।
ਚਾਹੇ ਇਸਤ੍ਰੀ ਹੈ ਚਾਹੇ ਮਿੱਤਰ ਹਨ-ਸਾਰੇ ਆਪੋ ਆਪਣੇ ਸੁਖ ਦੀ ਖ਼ਾਤਰ ਹੀ (ਮਨੁੱਖ ਦੇ) ਨਾਲ ਤੁਰੇ ਫਿਰਦੇ ਹਨ ॥੧॥ ਰਹਾਉ ॥
ਹਰ ਕੋਈ ਇਹੀ ਆਖਦਾ ਹੈ 'ਇਹ ਮੇਰਾ ਹੈ, ਇਹ ਮੇਰਾ ਹੈ', ਕਿਉਂ ਕਿ ਚਿੱਤ ਮੋਹ ਨਾਲ ਬੱਝਾ ਹੁੰਦਾ ਹੈ।
ਪਰ ਅਖ਼ੀਰਲੇ ਵੇਲੇ ਕੋਈ ਭੀ ਸਾਥੀ ਨਹੀਂ ਬਣਦਾ। (ਜਗਤ ਦੀ) ਇਹ ਅਚਰਜ ਮਰਯਾਦਾ ਚਲੀ ਆ ਰਹੀ ਹੈ ॥੧॥
ਹੇ ਮੂਰਖ ਮਨ! ਤੈਨੂੰ ਮੈਂ ਸਦਾ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ, ਤੂੰ ਅਜੇ ਭੀ ਅਕਲ ਨਹੀਂ ਕਰਦਾ।
ਹੇ ਨਾਨਕ, ਆਖ! ਜਦੋਂ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ, ਤਦੋਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੨॥੩॥੬॥੩੮॥੪੭॥