ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਵਡਹੰਸੁ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
(ਅਫ਼ੀਮ ਆਦਿਕ ਦੇ) ਅਮਲੀ ਨੂੰ ਜੇ (ਅਫ਼ੀਮ ਆਦਿਕ) ਅਮਲ (ਨਸ਼ਾ) ਨਾਹ ਮਿਲੇ ਤਾਂ ਉਹ ਇੰਜ ਹੈ ਜਿਵੇਂ ਮੱਛੀ ਨੂੰ ਪਾਣੀ ਨਾਹ ਮਿਲੇ (ਤਾਂ ਉਹ ਤੜਫ ਪੈਂਦੀ ਹੈ)।
ਜੋ ਬੰਦੇ ਆਪਣੇ ਖਸਮ-ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ ਹਨ (ਉਹ ਅੰਦਰੋਂ ਖਿੜੇ ਰਹਿੰਦੇ ਹਨ) ਉਹਨਾਂ ਨੂੰ ਹਰ ਕੋਈ ਚੰਗਾ ਲਗਦਾ ਹੈ ॥੧॥
ਹੇ ਮੇਰੇ ਸਾਹਿਬ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥
(ਸਾਡਾ) ਮਾਲਿਕ-ਪ੍ਰਭੂ ਫਲਾਂ ਵਾਲਾ ਇਕ ਸੋਹਣਾ ਰੁੱਖ (ਸਮਝ ਲਵੋ), ਇਸ ਰੁੱਖ ਦਾ ਫਲ ਹੈ ਉਸ ਦਾ ਨਾਮ ਜੋ (ਜੀਵ ਨੂੰ) ਅਟੱਲ ਆਤਮਕ ਜੀਵਨ ਦੇਣ ਵਾਲਾ (ਰਸ) ਹੈ।
ਜਿਨ੍ਹਾਂ ਇਹ ਰਸ ਪੀਤਾ ਹੈ ਉਹ (ਮਾਇਕ ਪਦਾਰਥਾਂ ਦੀ ਭੁੱਖ ਤ੍ਰੇਹ ਵਲੋਂ) ਰੱਜ ਜਾਂਦੇ ਹਨ; ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੨॥
(ਹੇ ਪ੍ਰਭੂ!) ਤੂੰ ਸਭ ਜੀਵਾਂ ਦੇ ਅੰਗ ਸੰਗ ਵੱਸਦਾ ਹੈਂ, ਪਰ ਤੂੰ ਮੈਨੂੰ ਨਹੀਂ ਦਿੱਸਦਾ।
ਤ੍ਰੇਹ ਨਾਲ ਤੜਪ ਰਹੇ ਨੂੰ (ਪਾਣੀ) ਲੱਭੇ ਭੀ ਕਿਵੇਂ, ਜਦੋਂ ਉਸ ਦੇ ਅਤੇ (ਉਸ ਦੇ ਅੰਦਰਲੇ) ਸਰੋਵਰ ਦੇ ਵਿਚਕਾਰ (ਮਾਇਆ-ਮੋਹ ਦੀ) ਕੰਧ ਬਣੀ ਹੋਵੇ?॥੩॥
ਨਾਨਕ ਤੇਰੇ ਨਾਮ ਦਾ ਵਣਜਾਰਾ ਬਣ ਜਾਏ, ਤੂੰ ਮੇਰਾ ਸ਼ਾਹ ਹੋਵੇਂ ਤੇ ਤੇਰਾ ਨਾਮ ਮੇਰੀ ਪੂੰਜੀ ਬਣੇ।
ਮੇਰੇ ਮਨ ਤੋਂ ਸਹਮ ਤਦੋਂ ਹੀ ਦੂਰ ਹੋ ਸਕਦਾ ਹੈ ਜੇ ਮੈਂ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ ਤੇ ਉਸ ਦੇ ਦਰ ਤੇ ਅਰਦਾਸ-ਅਰਜ਼ੋਈ ਕਰਦਾ ਰਹਾਂ ॥੪॥੧॥
ਗੁਣਾਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ (ਦਾ ਪੱਲਾ ਫੜ ਕੇ ਉਸ) ਨੂੰ ਪ੍ਰਸੰਨ ਕਰ ਲੈਂਦੀ ਹੈ (ਭਾਵ, ਆਤਮਕ ਸੁਖ ਮਾਣਦੀ ਹੈ) ਪਰ ਜਿਸ ਦੇ ਪੱਲੇ (ਨਾਮ) ਗੁਣ ਨਹੀਂ ਹੈ ਉਹ ਕਿਉਂ ਵਿਅਰਥ ਹੀ ਤਰਲੇ ਲੈਂਦੀ ਹੈ?
ਪਰ, ਹਾਂ, ਜੇ ਉਸ ਦੇ ਅੰਦਰ ਭੀ ਇਹ ਗੁਣ ਆ ਜਾਏ, ਤਾਂ ਖਸਮ-ਪ੍ਰਭੂ ਨੂੰ ਪ੍ਰਸੰਨ ਕਰਨ ਦਾ ਸਫਲ ਉੱਦਮ ਕਰ ਸਕਦੀ ਹੈ ॥੧॥
ਹੇ ਭੈਣ! (ਜਿਸ ਜੀਵ-ਇਸਤ੍ਰੀ ਨੂੰ ਇਹ ਯਕੀਨ ਬਣ ਜਾਏ ਕਿ) ਮੇਰਾ ਖਸਮ-ਪ੍ਰਭੂ ਸਾਰੇ ਸੁਖਾਂ ਦਾ ਸੋਮਾ ਹੈ, ਉਹ (ਖਸਮ-ਪ੍ਰਭੂ ਨੂੰ ਛੱਡ ਕੇ) ਹੋਰਨਾਂ ਨੂੰ (ਸੁਖਾਂ ਦਾ ਵਸੀਲਾ ਸਮਝ ਕੇ) ਪ੍ਰਸੰਨ ਕਰਨ ਨਹੀਂ ਤੁਰੀ ਫਿਰਦੀ ॥੧॥ ਰਹਾਉ ॥
ਜੇ ਜੀਵ-ਇਸਤ੍ਰੀ ਦਾ ਉੱਚਾ ਆਚਰਨ ਕਾਮਣ ਪਾਣ ਦਾ ਕੰਮ ਦੇਵੇ, ਜੇ ਉਸ ਦਾ ਮਨ ਧਾਗਾ ਬਣੇ,
ਤਾਂ ਇਸ ਮਨ ਧਾਗੇ ਦੀ ਰਾਹੀਂ ਉਸ ਨਾਮ-ਮੋਤੀ ਨੂੰ ਆਪਣੇ ਚਿੱਤ ਵਿਚ ਪ੍ਰੋ ਲਏ ਜੋ ਉਂਜ ਮੁੱਲ ਨਾਲ ਨਹੀਂ ਮਿਲ ਸਕਦਾ ॥੨॥
ਜੇ ਮੈਂ (ਪ੍ਰਭੂ) ਪਹੁੰਚਣ ਦਾ ਰਾਹ ਪੁਛਦੀ ਰਹਾਂ ਪਰ ਰਸਤੇ ਉਤੇ ਕਦੀ ਨਾਂ ਤੁਰਾਂ,
ਅਤੇ ਕਦੇ ਤੇਰੇ ਨਾਲ ਬੋਲ ਚਾਲ ਨਾਹ ਬਣਾਇਆ ਹੋਵੇ ਇਸ ਤਰ੍ਹਾਂ ਤੇਰੇ ਚਰਨਾਂ ਵਿਚ ਟਿਕਾਣਾ ਨਹੀਂ ਮਿਲ ਸਕਦਾ ॥੩॥
ਹੇ ਨਾਨਕ! ਇਕ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ ਸੁਖ-ਦਾਤਾ ਨਹੀਂ,
ਜੇਹੜੀ ਜੀਵ-ਇਸਤ੍ਰੀ ਤੇਰੇ ਚਰਨਾਂ ਵਿਚ ਜੁੜੀ ਰਹਿੰਦੀ ਹੈ ਉਹ ਤੈਨੂੰ ਪ੍ਰਸੰਨ ਕਰ ਲੈਂਦੀ ਹੈ (ਤੇ ਆਤਮਕ ਸੁਖ ਮਾਣਦੀ ਹੈ) ॥੪॥੨॥
ਹੇ ਭੈਣ! ਮੋਰਾਂ ਨੇ ਮਿੱਠੇ ਗੀਤ ਸ਼ੁਰੂ ਕਰ ਦਿੱਤੇ ਹਨ ਕਿਉਂ ਕਿ ਸਾਵਨ (ਦਾ ਮਹੀਨਾ) ਆ ਗਿਆ ਹੈ।
ਮੈਂ ਜੀਵ-ਇਸਤ੍ਰੀ ਵਾਸਤੇ ਇਹ ਕਟਾਰ ਦੀ ਫਾਹੀ ਹੈ ਜਿਸ ਨੇ ਮੈਨੂੰ ਤੇਰੇ ਦੀਦਾਰ ਦੀ ਪ੍ਰੇਮਣ ਨੂੰ ਮੋਹ ਲਿਆ ਹੈ।
(ਹੇ ਪ੍ਰਭੂ!) ਤੇਰੇ ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ ਮੈਂ ਸਦਕੇ ਹਾਂ ਸਦਕੇ ਹਾਂ ਤੇ ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ।
ਇਸੇ ਕਰਕੇ ਚੂੰਕਿ ਤੂੰ ਦਿਸ ਰਿਹਾ ਹੈਂ, ਮੈਂ ਮਾਣ (ਹੌਸਲਾ) ਕੀਤਾ ਹੈ ਪਰ ਜੇ ਕੁਦਰਤਿ ਵਿਚ ਤੂੰ ਨਾਂ ਦਿੱਸੇਂ ਤਾਂ ਮੈਂ ਮਾਣ ਕੈਸੇ ਕਰਾਂ।
ਪਲੰਘ ਨਾਲ ਮਾਰ ਕੇ ਆਪਣਾ ਚੂੜਾ ਭੰਨ ਦੇ, ਪਲੰਘ ਦੀਆਂ ਹੀਆਂ ਭੀ ਭੰਨ ਦੇ ਤੇ ਆਪਣੀਆਂ ਸਜਾਈਆਂ ਬਾਹਾਂ ਭੀ ਭੰਨ ਦੇ।
ਹੇ ਇਤਨੇ ਸਿੰਗਾਰ ਕਰਦੀਏ ਨਾਰੇ! ਜੇ ਤੇਰਾ ਪਤੀ (ਫਿਰ ਭੀ) ਹੋਰਨਾਂ ਨਾਲ ਹੀ ਪਿਆਰ ਕਰਦਾ ਰਿਹਾ (ਤਾਂ ਇਹਨਾਂ ਸਿੰਗਾਰਾਂ ਦਾ ਕੀਹ ਲਾਭ?)