ਹੋਰ ਹੋਰ ਰਸਾਂ ਦੀ ਹੋਰ ਹੋਰ ਸੁਆਦਾਂ ਦੀ ਜਿਤਨੀ ਭੀ ਤ੍ਰਿਸ਼ਨਾ (ਮਨੁੱਖ ਨੂੰ ਲੱਗਦੀ) ਹੈ, (ਜਿਉਂ ਜਿਉਂ ਰਸ ਸੁਆਦ ਮਾਣੀਦੇ ਹਨ) ਉਤਨੀ ਹੀ ਵਧੀਕ ਤ੍ਰਿਸ਼ਨਾ ਮੁੜ ਮੁੜ ਲੱਗਦੀ ਜਾਂਦੀ ਹੈ (ਮਾਇਕ ਰਸਾਂ ਵਲੋਂ ਮਨੁੱਖ ਕਦੇ ਭੀ ਰੱਜਦਾ ਨਹੀਂ)।
ਜਿਸ ਮਨੁੱਖ ਉਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ, ਉਹ ਮਨੁੱਖ ਗੁਰੂ ਅਗੇ (ਆਪਣਾ) ਸਿਰ ਵੇਚ ਦੇਂਦਾ ਹੈ (ਉਹ ਆਪਣਾ ਆਪ ਗੁਰੂ ਦੇ ਹਵਾਲੇ ਕਰਦਾ ਹੈ)।
ਹੇ ਦਾਸ ਨਾਨਕ! ਉਹ ਮਨੁੱਖ ਪਰਮਾਤਮਾ ਦੇ ਨਾਮ-ਰਸ ਨਾਲ ਰੱਜ ਜਾਂਦਾ ਹੈ, ਉਸ ਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ ॥੪॥੪॥੧੦॥੪੮॥
ਹੇ ਹਰੀ! ਮੇਰੇ ਮਨ ਵਿਚ ਚਿੱਤ ਵਿਚ ਸਦਾ ਇਹ ਆਸ ਰਹਿੰਦੀ ਹੈ ਕਿ ਮੈਂ ਕਿਸੇ ਤਰ੍ਹਾਂ ਤੇਰਾ ਦਰਸਨ ਕਰ ਸਕਾਂ।
(ਹੇ ਭਾਈ!) ਜਿਸ ਹਰੀ ਨੇ ਮੇਰੇ ਅੰਦਰ ਆਪਣਾ ਪਿਆਰ ਪੈਦਾ ਕੀਤਾ ਹੈ ਉਹੀ ਜਾਣਦਾ ਹੈ, ਮੈਨੂੰ ਆਪਣੇ ਮਨ ਵਿਚ ਚਿੱਤ ਵਿਚ ਹਰੀ ਬਹੁਤ ਪਿਆਰਾ ਲੱਗ ਰਿਹਾ ਹੈ।
ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਮੇਰਾ ਵਿੱਛੁੜਿਆ ਹੋਇਆ ਸਿਰਜਣਹਾਰ ਹਰੀ ਮਿਲਾ ਦਿੱਤਾ ਹੈ ॥੧॥
ਹੇ ਮੇਰੇ ਮਨ! ਮੈਂ ਪਾਪੀ ਤੇਰੀ ਸਰਨ ਆਇਆ ਹਾਂ, ਤੇਰੇ ਦਰ ਤੇ ਆ ਡਿੱਗਾ ਹਾਂ,
ਕਿ ਸ਼ਾਇਦ (ਇਸ ਤਰ੍ਹਾਂ) ਤੂੰ ਆਪਣੀ ਮਿਹਰ ਕਰ ਕੇ ਮੈਨੂੰ ਗੁਣ-ਹੀਨ ਨੂੰ ਆਪਣੇ ਚਰਨਾਂ ਵਿਚ ਜੋੜ ਲਏਂ ॥੧॥ ਰਹਾਉ ॥
ਹੇ ਹਰੀ! ਮੇਰੇ ਅੰਦਰ ਬੇਅੰਤ ਅਉਗਣ ਹਨ, ਗਿਣੇ ਨਹੀਂ ਜਾ ਸਕਦੇ, ਮੈਂ ਮੁੜ ਮੁੜ ਔਗਣ ਕਰਦਾ ਹਾਂ।
ਤੂੰ ਗੁਣਾਂ ਦਾ ਮਾਲਕ ਹੈਂ, ਦਇਆ ਦਾ ਘਰ ਹੈਂ ਜਦੋਂ ਤੇਰੀ ਰਜ਼ਾ ਹੁੰਦੀ ਹੈ ਤੂੰ ਆਪ ਹੀ ਬਖ਼ਸ਼ ਲੈਂਦਾ ਹੈਂ।
(ਹੇ ਭਾਈ!) ਸਾਡੇ ਵਰਗੇ ਪਾਪੀਆਂ ਨੂੰ ਹਰੀ ਗੁਰੂ ਦੀ ਸੰਗਤਿ ਵਿਚ ਰੱਖਦਾ ਹੈ, ਉਪਦੇਸ਼ ਦੇਂਦਾ ਹੈ, ਤੇ ਉਸ ਦਾ ਨਾਮ ਵਿਕਾਰਾਂ ਤੋਂ ਖ਼ਲਾਸੀ ਕਰਾ ਦੇਂਦਾ ਹੈ ॥੨॥
ਹੇ ਮੇਰੇ ਸਤਿਗੁਰੂ! ਮੈਂ ਤੇਰੇ ਗੁਣ ਕੀਹ ਕੀਹ ਦੱਸਾਂ? ਜਦੋਂ ਮੈਂ 'ਗੁਰੂ ਗੁਰੂ' ਜਪਦਾ ਹਾਂ, ਮੇਰੀ ਅਸਚਰਜ ਆਤਮਕ ਹਾਲਤ ਬਣ ਜਾਂਦੀ ਹੈ।
ਸਾਡੇ ਵਰਗੇ ਪਾਪੀਆਂ ਨੂੰ ਜਿਵੇਂ ਸਤਿਗੁਰੂ ਨੇ ਰੱਖ ਲਿਆ ਹੈ (ਵਿਕਾਰਾਂ ਦੇ ਪੰਜੇ ਤੋਂ) ਛੁਡਾ ਲਿਆ ਹੈ ਹੋਰ ਕੌਣ (ਇਸ ਤਰ੍ਹਾਂ) ਰੱਖ ਸਕਦਾ ਹੈ?
ਹੇ ਹਰੀ! ਤੂੰ ਹੀ ਮੇਰਾ ਗੁਰੂ ਹੈਂ, ਮੇਰਾ ਪਿਤਾ ਹੈਂ, ਮੇਰਾ ਰਿਸ਼ਤੇਦਾਰ ਹੈਂ, ਮੇਰਾ ਮਿੱਤਰ ਹੈਂ ॥੩॥
ਹੇ ਮੇਰੇ ਸਤਿਗੁਰੂ! ਹੇ ਮੇਰੇ ਹਰੀ! ਜੇਹੜੀ ਮੇਰੀ ਹਾਲਤ ਹੁੰਦੀ ਸੀ ਉਹ ਹਾਲਤ ਤੂੰ ਆਪ ਹੀ ਜਾਣਦਾ ਹੈਂ।
ਮੈਂ ਰੁਲਦਾ ਫਿਰਦਾ ਸਾਂ ਕੋਈ ਮੇਰੀ ਵਾਤ ਨਹੀਂ ਸੀ ਪੁੱਛਦਾ ਤੂੰ ਮੈਨੂੰ ਕੀੜੇ ਨੂੰ ਗੁਰੂ ਸਤਿਗੁਰੂ ਦੇ ਚਰਨਾਂ ਵਿਚ ਲਿਆ ਕੇ ਵਡਿਆਈ ਬਖ਼ਸ਼ੀ।
(ਹੇ ਭਾਈ!) ਦਾਸ ਨਾਨਕ ਦਾ ਗੁਰੂ ਧੰਨ ਹੈ ਧੰਨ ਹੈ ਜਿਸ (ਗੁਰੂ) ਨੂੰ ਮਿਲ ਕੇ ਮੇਰੇ ਸਾਰੇ ਸੋਗ ਮੁੱਕ ਗਏ ਮੇਰੇ ਸਾਰੇ ਕਲੇਸ਼ ਦੂਰ ਹੋ ਗਏ ॥੪॥੫॥੧੧॥੪੯॥
ਮੇਰੀ ਜਿੰਦ ਸੋਨੇ (ਦੇ ਮੋਹ) ਵਿਚ ਇਸਤ੍ਰੀ (ਦੇ ਮੋਹ) ਵਿਚ ਫਸੀ ਹੋਈ ਹੈ, ਮਾਇਆ ਦਾ ਮੋਹ ਮੈਨੂੰ ਮਿੱਠਾ ਲੱਗ ਰਿਹਾ ਹੈ।
ਘਰ, ਪੱਕੇ ਮਹਲ ਘੋੜੇ (ਵੇਖ ਵੇਖ ਕੇ) ਮੈਨੂੰ ਚਾਉ ਚੜ੍ਹਦਾ ਹੈ, ਮੇਰਾ ਮਨ ਹੋਰ ਹੋਰ (ਪਦਾਰਥਾਂ ਦੇ) ਰਸ ਵਿਚ ਲੱਗਾ ਹੋਇਆ ਹੈ।
ਹੇ ਮੇਰੇ ਹਰੀ! ਹੇ ਮੇਰੇ ਰਾਜਨ! (ਤੂੰ) ਪਰਮਾਤਮਾ ਕਦੇ ਮੇਰੇ ਚਿੱਤ ਵਿਚ ਨਹੀਂ ਆਉਂਦਾ। ਮੈਂ (ਇਸ ਮੋਹ ਵਿਚੋਂ) ਕਿਵੇਂ ਨਿਕਲਾਂ? ॥੧॥
ਹੇ ਮੇਰੇ ਰਾਮ! ਮੇਰੇ ਹਰੀ! ਮੇਰੇ ਇਹ ਨੀਚ ਕੰਮ ਹਨ।
ਪਰ ਤੂੰ ਗੁਣਾਂ ਦਾ ਮਾਲਕ ਹੈਂ, ਤੂੰ ਦਇਆ ਦਾ ਘਰ ਹੈਂ, ਮਿਹਰ ਕਰ ਤੇ ਮੇਰੇ ਸਾਰੇ ਅਉਗਣ ਬਖ਼ਸ਼ ॥੧॥ ਰਹਾਉ ॥
ਨਾਹ ਮੇਰਾ (ਸੁੰਦਰ) ਰੂਪ ਹੈ, ਨਾਹ ਮੇਰੀ ਉੱਚੀ ਜਾਤਿ ਹੈ, ਨਾਹ ਮੇਰੇ ਵਿਚ ਕੋਈ ਸੁਚੱਜ ਹੈ।
ਹੇ ਪ੍ਰਭੂ! ਮੈਂ ਗੁਣਾਂ ਤੋਂ ਸੱਖਣਾ ਹਾਂ, ਮੈਂ ਤੇਰਾ ਨਾਮ ਨਹੀਂ ਜਪਿਆ, ਮੈਂ ਕੇਹੜਾ ਮੂੰਹ ਲੈ ਕੇ (ਤੇਰੇ ਸਾਹਮਣੇ) ਗੱਲ ਕਰਨ ਜੋਗਾ ਹਾਂ?
ਇਹ ਸਤਿਗੁਰੂ ਦੀ ਮਿਹਰ ਹੋਈ ਹੈ ਕਿ ਮੈਂ ਪਾਪੀ ਗੁਰੂ ਦੀ ਸੰਗਤਿ ਵਿਚ ਰਹਿ ਕੇ (ਪਾਪਾਂ ਤੋਂ) ਬਚ ਗਿਆ ਹਾਂ ॥੨॥
ਇਹ ਜਿੰਦ ਇਹ ਸਰੀਰ ਇਹ ਮੂੰਹ ਇਹ ਨੱਕ ਆਦਿਕ ਅੰਗ ਇਹ ਸਭ ਕੁਝ ਪਰਮਾਤਮਾ ਨੇ ਮੈਨੂੰ ਦਿੱਤਾ ਹੈ, ਪਾਣੀ (ਹਵਾ ਅੱਗ ਆਦਿਕ) ਮੈਨੂੰ ਉਸ ਨੇ ਵਰਤਣ ਲਈ ਦਿੱਤੇ ਹਨ।
ਉਸ ਨੇ ਮੈਨੂੰ ਅੰਨ ਖਾਣ ਨੂੰ ਦਿੱਤਾ ਹੈ, ਕੱਪੜਾ ਪਹਿਨਣ ਨੂੰ ਦਿੱਤਾ ਹੈ, ਹੋਰ ਅਨੇਕਾਂ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ ਹਨ।
ਪਰ ਜਿਸ ਪਰਮਾਤਮਾ ਨੇ ਇਹ ਸਾਰੇ ਪਦਾਰਥ ਦਿੱਤੇ ਹਨ, ਉਹ ਮੈਨੂੰ ਕਦੇ ਚੇਤੇ ਭੀ ਨਹੀਂ ਆਉਂਦਾ ਹੈ। ਮੈਂ (ਮੂਰਖ-) ਪਸ਼ੂ ਆਪਣੇ ਆਪ ਨੂੰ ਵੱਡਾ ਕਰ ਕੇ ਜਾਣਦਾ ਹਾਂ ॥੩॥
(ਹੇ ਪ੍ਰਭੂ! ਸਾਡੇ ਜੀਵਾਂ ਦੇ ਵੱਸ ਭੀ ਕੀਹ ਹੈ? ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਤੂੰ ਹਰੇਕ ਜੀਵ ਦੇ ਦਿਲ ਦੀ ਜਾਣਦਾ ਹੈਂ।
ਅਸੀਂ ਨਿਮਾਣੇ ਜੀਵ (ਤੈਥੋਂ ਆਕੀ ਹੋ ਕੇ) ਕੀਹ ਕਰ ਸਕਦੇ ਹਾਂ? ਹੇ ਸੁਆਮੀ! ਇਹ ਸਾਰਾ ਤੇਰਾ ਹੀ ਖੇਲ ਹੋ ਰਿਹਾ ਹੈ।
(ਜਿਵੇਂ ਕੋਈ ਗ਼ੁਲਾਮ ਮੰਡੀ ਵਿਚੋਂ ਖ਼ਰੀਦਿਆ ਜਾਂਦਾ ਹੈ, ਤਿਵੇਂ) ਇਹ ਤੇਰਾ ਦਾਸ ਨਾਨਕ (ਤੇਰੀ ਸਾਧ-ਸੰਗਤਿ) ਹੱਟੀ ਵਿਚ (ਤੇਰੇ ਸੋਹਣੇ ਨਾਮ ਤੋਂ) ਵਿਕਿਆ ਹੋਇਆ ਹੈ, ਤੇਰੇ ਗ਼ੁਲਾਮਾਂ ਦਾ ਗ਼ੁਲਾਮ ਹੈ ॥੪॥੬॥੧੨॥੫੦॥