ਮੈਂ ਦਿਨ ਰਾਤ ਮਾਇਆ ਵਿਚ ਹੀ ਮਗਨ ਰਿਹਾ, ਉਹੀ ਕੁਝ ਕਰਦਾ ਰਿਹਾ, ਜੋ ਮੈਨੂੰ ਆਪ ਨੂੰ ਚੰਗਾ ਲੱਗਦਾ ਸੀ ॥੧॥ ਰਹਾਉ ॥
ਹੇ ਹਰੀ! ਮੈਂ ਕੰਨਾਂ ਨਾਲ ਗੁਰੂ ਦੀ ਸਿੱਖਿਆ (ਕਦੇ) ਨਾਹ ਸੁਣੀ, ਪਰਾਈ ਇਸਤ੍ਰੀ ਵਾਸਤੇ ਕਾਮ-ਵਾਸਨਾ ਰੱਖਦਾ ਰਿਹਾ।
ਦੂਜਿਆਂ ਦੀ ਨਿੰਦਾ ਕਰਨ ਵਾਸਤੇ ਬਹੁਤ ਦੌੜ-ਭੱਜ ਕਰਦਾ ਰਿਹਾ। ਸਮਝਾਦਿਆਂ ਭੀ ਮੈਂ (ਕਦੇ) ਨਾਹ ਸਮਝਿਆ (ਕਿ ਇਹ ਕੰਮ ਮਾੜਾ ਹੈ) ॥੧॥
ਹੇ ਹਰੀ! ਜਿਸ ਤਰ੍ਹਾਂ ਮੈਂ ਆਪਣਾ ਜੀਵਨ ਅਜਾਈਂ ਗਵਾ ਲਿਆ, ਉਹ ਮੈਂ ਕਿੱਥੋਂ ਤਕ ਆਪਣੀ ਕਰਤੂਤ ਦੱਸਾਂ?
ਨਾਨਕ ਆਖਦਾ ਹੈ ਕਿ ਹੇ ਪ੍ਰਭੂ! ਮੇਰੇ ਅੰਦਰ ਸਾਰੇ ਔਗੁਣ ਹੀ ਹਨ। ਮੈਨੂੰ ਆਪਣੀ ਸਰਨ ਵਿਚ ਰੱਖ ॥੨॥੪॥੩॥੧੩॥੧੩੯॥੪॥੧੫੯॥
ਰਾਗ ਸਾਰੰਗ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੇਰੀ ਮਾਂ! ਪਰਮਾਤਮਾ ਦੇ ਨਾਮ ਤੋਂ ਬਿਨਾ ਮੇਰੀ ਜਿੰਦ ਵਿਆਕੁਲ ਹੁੰਦੀ ਹੈ।
ਹੇ ਜਗਤ ਦੇ ਮਾਲਕ! ਤੇਰੀ ਹੀ ਸਦਾ ਜੈ (ਜਿੱਤ) ਹੈ। ਮੈਂ (ਤੇਰੇ ਪਾਸੋਂ) ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਮੰਗਦਾ ਹਾਂ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮੇਰਾ ਮਨ ਘਾਬਰਦਾ ਹੈ ॥੧॥ ਰਹਾਉ ॥
ਜਿਵੇਂ ਇਸਤ੍ਰੀ ਨੂੰ ਆਪਣੇ ਪਤੀ ਦੇ ਮਿਲਣ ਦੀ ਤਾਂਘ ਹੁੰਦੀ ਹੈ ਉਹ ਸਾਰੀ ਰਾਤ ਉਸ ਦੀ ਉਡੀਕ ਕਰਦੀ ਹੈ, ਤਿਵੇਂ ਮੈਨੂੰ ਹਰੀ ਦੇ ਦੀਦਾਰ ਦੀ ਹੈ, ਮੈਂ ਸਾਰੀ ਉਮਰ ਹੀ ਉਸ ਦੀ ਉਡੀਕ ਕਰਦੀ ਚਲੀ ਆ ਰਹੀ ਹਾਂ।
ਹੇ ਲੱਛਮੀ-ਪਤੀ! ਹੇ (ਜਗਤ ਦੇ) ਨਾਥ! ਮੇਰਾ ਮਨ ਤੇਰੀ ਯਾਦ ਵਿਚ ਮਸਤ ਹੈ। (ਹੇ ਮਾਂ!) ਪਰਮਾਤਮਾ ਹੀ ਪਰਾਈ ਪੀੜ ਸਮਝ ਸਕਦਾ ਹੈ ॥੧॥
(ਹੇ ਮਾਂ!) ਪਰਮਾਤਮਾ ਦੀ ਯਾਦ ਤੋਂ ਬਿਨਾ ਮੇਰੇ ਹਿਰਦੇ ਵਿਚ (ਹੋਰ ਹੋਰ) ਚਿੰਤਾ-ਫ਼ਿਕਰਾਂ ਦੀ ਤਕਲਫ਼ਿ ਟਿਕੀ ਰਹਿੰਦੀ ਹੈ। ਉਹ ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲ ਸਕਦਾ ਹੈ।
ਹੇ ਪਿਆਰੇ ਹਰੀ! ਮੇਰੇ ਉਤੇ ਦਇਆਲ ਹੋ, ਮੇਰੇ ਉਤੇ ਕਿਰਪਾ ਕਰ, ਮੈਂ ਤੇਰੀ ਯਾਦ ਵਿਚ ਲੀਨ ਰਹਾਂ ॥੨॥
ਹੇ ਮੇਰੇ ਮਨ! ਅਜੇਹਾ ਰਸਤਾ ਫੜ ਕਿ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹੇਂ।
ਮਨ ਨੂੰ ਮੋਹਣ ਵਾਲੇ ਪਰਮਾਤਮਾ ਦੇ ਗੁਣ ਗਾ ਕੇ (ਭਾਗਾਂ ਵਾਲੇ ਬੰਦੇ ਆਨੰਦ ਵਿਚ) ਮਸਤ ਰਹਿੰਦੇ ਹਨ, ਦੁਨੀਆ ਵਾਲੇ ਡਰਾਂ-ਸਹਿਮਾਂ ਤੋਂ ਨਿਡਰ ਹੋ ਕੇ ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੩॥
(ਹੇ ਮੇਰੇ ਮਨ!) ਜੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸ ਪਏ, ਜੇ (ਪ੍ਰਭੂ-ਪਿਆਰ ਦੀ) ਸਦੀਵੀ ਅਟੱਲ ਰੌ ਚੱਲ ਪਏ, ਤਾਂ ਉਹ ਫਿਰ ਕਦੇ ਘਟਦੀ ਨਹੀਂ, ਦੁਨੀਆ ਦਾ ਕੋਈ ਸੁਖ ਦੁਨੀਆ ਦਾ ਕੋਈ ਪਦਾਰਥ ਉਸ ਦੀ ਬਰਾਬਰੀ ਨਹੀਂ ਕਰ ਸਕਦਾ।
ਸਤਿਗੁਰੂ ਨੇ ਮੈਨੂੰ ਸਮਝ ਬਖ਼ਸ਼ ਦਿੱਤੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਕੰਗਾਲ (ਹੀ) ਹੈ (ਭਾਵੇਂ ਉਸ ਦੇ ਪਾਸ ਕਿਤਨਾ ਹੀ ਧਨ-ਪਦਾਰਥ ਹੋਵੇ) ॥੪॥
ਹੇ ਸਹੇਲੀਏ! (ਹੇ ਸਤਸੰਗੀ ਸੱਜਣ!) ਸੁਣ! (ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪ੍ਰੀਤਮ ਪਿਆਰਾ ਲੱਗ ਰਿਹਾ ਹੈ, ਕਾਮਾਦਿਕ ਵੈਰੀ (ਮੇਰੇ ਭਾ ਦੇ) ਮਰ ਗਏ ਹਨ, ਉਹਨਾਂ (ਮਾਨੋ) ਜ਼ਹਰ ਖਾ ਲਈ ਹੈ।
ਮੈਂ ਉਸ ਦੇ ਪ੍ਰੇਮ ਵਿਚ ਰੰਗੀ ਗਈ ਹਾਂ। ਜਦੋਂ ਦੀ (ਪ੍ਰਭੂ-ਚਰਨਾਂ ਵਿਚ ਪ੍ਰੀਤ) ਪੈਦਾ ਹੋਈ ਹੈ, ਤਦੋਂ ਦੀ ਉਹੋ ਜਿਹੀ ਕਾਇਮ ਹੈ (ਘਟੀ ਨਹੀਂ), ਮੇਰੀ ਜਿੰਦ ਪ੍ਰੀਤਮ-ਪ੍ਰਭੂ ਨਾਲ ਇਕ-ਮਿਕ ਹੋ ਗਈ ਹੈ ॥੫॥
ਮੈਂ ਸਦਾ ਪ੍ਰਭੂ ਵਿਚ ਲਿਵ ਲਾਈ ਰੱਖਦਾ ਹਾਂ, ਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ, ਜਿਉਂ ਜਿਉਂ ਮੈਂ ਹਰੀ ਦੇ ਗੁਣ ਗਾਂਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪਲਰਦਾ ਹੈ।
ਗੁਰੂ ਦੇ ਸ਼ਬਦ ਵਿਚ ਰੰਗੀਜ ਕੇ ਮੈਂ (ਪ੍ਰਭੂ-ਚਰਨਾਂ ਦਾ) ਪ੍ਰੇਮੀ ਬਣ ਗਿਆ ਹਾਂ, ਹੁਣ ਮੈਂ ਆਪਣੇ ਅੰਦਰ ਹੀ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹਾਂ ॥੬॥
ਹੇ ਧਰਤੀ ਦੇ ਮਾਲਕ ਪ੍ਰਭੂ! ਪਵਿਤ੍ਰਤਾ ਦਾ ਰਸ ਦੇਣ ਵਾਲਾ ਤੇਰਾ ਨਾਮ ਮੈਨੂੰ ਬੜੇ ਹੀ ਸੁਆਦਲੇ ਰਸ ਵਾਲਾ ਜਾਪ ਮੈਨੂੰ ਮਿੱਠਾ ਲੱਗ ਰਿਹਾ ਹੈ, ਤੂੰ ਜਗਤ-ਦਾ-ਮੂਲ ਮੈਨੂੰ ਮੇਰੇ ਹਿਰਦੇ ਵਿਚ ਹੀ ਲੱਭ ਪਿਆ ਹੈਂ।
ਹੇ ਪ੍ਰਭੂ! ਮੈਨੂੰ ਸਤਿਗੁਰੂ ਦੀ ਅਜੇਹੀ ਮੱਤ ਪ੍ਰਾਪਤ ਹੋ ਗਈ ਹੈ ਕਿ ਜਿੱਥੇ (ਆਪਣੇ ਚਰਨਾਂ ਵਿਚ) ਤੂੰ ਮੇਰਾ ਮਨ ਜੋੜਿਆ ਹੈ ਉਥੇ ਹੀ ਜੁੜਿਆ ਪਿਆ ਹੈ ॥੭॥
ਇੰਦ੍ਰ ਵਰਗੇ ਦੇਵਤੇ, ਬ੍ਰਹਮਾ ਤੇ ਉਸ ਦੇ ਪੁਤ੍ਰ ਸਨਕ ਵਰਗੇ ਮਹਾ ਪੁਰਖ ਜਦੋਂ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਗਏ, ਤਾਂ ਉਹਨਾਂ ਦੀ ਪ੍ਰੀਤ ਪ੍ਰਭੂ-ਚਰਨਾਂ ਨਾਲ ਬਣ ਗਈ।
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਇਕ ਘੜੀ-ਮਾਤ੍ਰ ਵਿਛੁੜਿਆਂ ਭੀ ਮੇਰੀ ਜਿੰਦ ਵਿਆਕੁਲ ਹੋ ਜਾਂਦੀ ਹੈ। ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ (ਸਭ ਤੋਂ ਸ੍ਰੇਸ਼ਟ) ਵਡਿਆਈ-ਮਾਣ ਹੈ ॥੮॥੧॥
ਪਰਮਾਤਮਾ ਦੇ ਨਾਮ ਤੋਂ ਵਿਛੁੜ ਕੇ ਮੇਰਾ ਮਨ (ਹੁਣ) ਕਿਸੇ ਤਰ੍ਹਾਂ ਭੀ ਧੀਰਜ ਨਹੀਂ ਫੜਦਾ (ਟਿਕਦਾ ਨਹੀਂ ਕਿਉਂਕਿ ਇਸ ਨੂੰ ਅਨੇਕਾਂ ਦੁੱਖ ਰੋਗ ਆ ਵਾਪਰਦੇ ਹਨ)।
ਪਰ ਜੇ ਕ੍ਰੋੜਾਂ ਜੁਗਾਂ ਦੇ ਦੁੱਖ ਨਾਸ ਕਰਨ ਵਾਲੇ ਤੇ ਸਦਾ ਹੀ ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਮਨ ਵਿਚ) ਟਿਕਾ ਲਈਏ ਤਾਂ ਸਾਰੇ ਦੁੱਖਾਂ ਰੋਗਾਂ ਦਾ ਨਾਸ ਹੋ ਜਾਂਦਾ ਹੈ (ਤੇ ਮਨ ਟਿਕਾਣੇ ਆ ਜਾਂਦਾ ਹੈ) ॥੧॥ ਰਹਾਉ ॥
ਉਸ ਦੇ ਕ੍ਰੋਧ ਨੂੰ (ਆਪਣੇ ਅੰਦਰੋਂ) ਕੱਢ ਦਿੱਤਾ ਹੈ, ਉਸ ਦੀ ਹਉਮੈ ਤੇ ਅਪਣੱਤ ਸੜ ਜਾਂਦੀ ਹੈ, ਨਿੱਤ ਨਵਾਂ ਰਹਿਣ ਵਾਲਾ ਪ੍ਰੇਮ (ਉਸ ਦੇ ਹਿਰਦੇ ਵਿਚ ਜਾਗ ਪੈਂਦਾ ਹੈ),
ਜਿਸ ਮਨੁੱਖ ਨੇ ਪ੍ਰਭੂ (ਦੇ ਦਰ ਤੋਂ ਨਾਮ ਦਾ ਦਾਨ) ਮੰਗਿਆ ਹੈ, ਉਸ ਨੂੰ ਹੋਰਨਾਂ ਦਾ ਡਰ-ਸਹਿਮ ਭੁੱਲ ਜਾਂਦਾ ਹੈ। ਪਵਿੱਤ-ਸਰੂਪ ਪ੍ਰਭੂ ਉਸ ਦਾ (ਸਦਾ ਲਈ) ਸਾਥੀ ਬਣ ਗਿਆ ਹੈ ॥੧॥
ਜਿਸ ਮਨੁੱਖ ਨੇ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜੀ ਹੈ ਉਸ ਨੇ (ਮਾਇਕ ਪਦਾਰਥਾਂ ਦੇ ਪਿੱਛੇ) ਭਟਕਣ ਵਾਲੀ ਮੱਤ (ਦੀ ਅਗਵਾਈ) ਤਿਆਗ ਕੇ ਡਰ ਨਾਸ ਕਰਨ ਵਾਲਾ ਪਰਮਾਤਮਾ ਲੱਭ ਲਿਆ ਹੈ।
ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਕੇ ਉਸ ਨੇ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਹ ਦੂਰ ਕਰ ਲਈ ਹੈ, ਉਸ ਵਡ-ਭਾਗੀ ਮਨੁੱਖ ਨੂੰ ਪ੍ਰਭੂ ਨੇ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ ॥੨॥
ਜਿਸ ਮਨੁੱਖ ਨੇ ਗੁਰੂ ਦੀ ਮੱਤ ਲੈ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਦਰਸਨ ਕਰ ਲਿਆ, ਪ੍ਰਭੂ ਦਾ ਨਾਮ-ਜਲ ਸਿੰਜ ਕੇ ਉਸ ਦੇ ਉਹ ਗਿਆਨ-ਇੰਦ੍ਰੇ ਨਕਾਨਕ ਭਰ ਗਏ ਜਿਨ੍ਹਾਂ ਦੀ ਤ੍ਰਿਸ਼ਨਾ ਪਹਿਲਾਂ ਕਦੇ ਭੀ ਮੁੱਕਦੀ ਨਹੀਂ ਸੀ।