ਜਿਸ ਨੇ ਸਾਡੇ ਸਰੀਰ ਵਿਚ ਨਿੱਘ ਪਾ ਕੇ ਜਿੰਦ (ਸਰੀਰ ਵਿਚ) ਟਿਕਾ ਦਿੱਤੀ;
(ਜਿਸ ਦੀ ਕਲਾ ਨਾਲ ਸਰੀਰ ਵਿਚ) ਸੁਆਸ ਚੱਲਦਾ ਹੈ ਤੇ ਮਨੁੱਖ ਹਰ ਥਾਂ (ਤੁਰ ਫਿਰ ਕੇ) ਬੋਲ ਚਾਲ ਕਰ ਸਕਦਾ ਹੈ ॥੨॥
ਜਿਤਨਾ ਭੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਰਸਾਂ ਦੇ ਸੁਆਦ ਹਨ,
ਇਹ ਸਾਰੇ ਮਨ ਵਿਚ ਵਿਕਾਰਾਂ ਦੀ ਕਾਲਖ ਹੀ ਪੈਦਾ ਕਰਦੇ ਹਨ, ਵਿਕਾਰਾਂ ਦੇ ਦਾਗ਼ ਹੀ ਲਾਂਦੇ ਜਾਂਦੇ ਹਨ।
(ਸਿਮਰਨ ਤੋਂ ਸੁੰਞਾ ਰਹਿ ਕੇ ਵਿਕਾਰਾਂ ਵਿਚ ਫਸ ਕੇ) ਮਨੁੱਖ ਵਿਕਾਰਾਂ ਦੇ ਦਾਗ਼ ਆਪਣੇ ਮੱਥੇ ਤੇ ਲਾ ਕੇ (ਇਥੋਂ) ਚੱਲ ਪੈਂਦਾ ਹੈ,
ਤੇ ਪਰਮਾਤਮਾ ਦੀ ਹਜ਼ੂਰੀ ਵਿਚ ਇਸ ਨੂੰ ਬੈਠਣ ਲਈ ਥਾਂ ਨਹੀਂ ਮਿਲਦੀ ॥੩॥
(ਪਰ, ਹੇ ਪ੍ਰਭੂ! ਜੀਵ ਦੇ ਭੀ ਕੀਹ ਵੱਸ?) ਤੇਰਾ ਨਾਮ ਸਿਮਰਨ (ਦਾ ਗੁਣ) ਤੇਰੀ ਮੇਹਰ ਨਾਲ ਹੀ ਮਿਲ ਸਕਦਾ ਹੈ,
ਤੇਰੇ ਨਾਮ ਵਿਚ ਹੀ ਲੱਗ ਕੇ (ਮੋਹ ਤੇ ਵਿਕਾਰਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ, (ਇਹਨਾਂ ਤੋਂ ਬਚਣ ਲਈ) ਹੋਰ ਕੋਈ ਥਾਂ ਨਹੀਂ ਹੈ।
(ਨਿਰਾਸਤਾ ਦੀ ਲੋੜ ਨਹੀਂ) ਜੇ ਕੋਈ ਮਨੁੱਖ (ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਵਿਚ) ਡੁੱਬਦਾ ਭੀ ਹੈ (ਉਹ ਪ੍ਰਭੂ ਇਤਨਾ ਦਿਆਲ ਹੈ ਕਿ) ਫਿਰ ਭੀ ਉਸ ਦੀ ਸੰਭਾਲ ਹੁੰਦੀ ਹੈ।
ਹੇ ਨਾਨਕ! ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ (ਕਿਸੇ ਨੂੰ ਵਿਰਵਾ ਨਹੀਂ ਰੱਖਦਾ) ॥੪॥੩॥੫॥
ਜੇ ਕੋਈ ਚੋਰ (ਉਸ ਹਾਕਮ ਦੀ ਜਿਸ ਦੇ ਸਾਹਮਣੇ ਉਸ ਦਾ ਮੁਕੱਦਮਾ ਪੇਸ਼ ਹੈ) ਖ਼ੁਸ਼ਾਮਦ ਕਰੇ ਤਾਂ ਉਸ ਨੂੰ (ਇਹ) ਯਕੀਨ ਨਹੀਂ ਬਣ ਸਕਦਾ (ਕਿ ਇਹ ਸੱਚਾ ਹੈ),
ਜੇ ਉਹ ਚੋਰ (ਹਾਕਮ ਦੀ) ਬਦ-ਖ਼ੋਈ ਕਰੇ ਤਾਂ ਭੀ ਉਹ ਰਤਾ ਭਰ ਨਹੀਂ ਘਾਬਰਦਾ।
ਕੋਈ ਭੀ ਮਨੁੱਖ ਕਿਸੇ ਚੋਰ ਦੇ ਚੰਗੇ ਹੋਣ ਦੀ ਗਵਾਹੀ ਨਹੀਂ ਦੇ ਸਕਦਾ।
ਜੇਹੜਾ ਮਨੁੱਖ (ਲੋਕਾਂ ਦੀਆਂ ਨਜ਼ਰਾਂ ਵਿਚ) ਚੋਰ ਮੰਨਿਆ ਗਿਆ, ਉਹ (ਖ਼ੁਸ਼ਾਮਦਾਂ ਜਾਂ ਬਦ-ਖ਼ੋਈਆਂ ਨਾਲ ਹੋਰਨਾਂ ਦੇ ਸਾਹਮਣੇ) ਚੰਗਾ ਨਹੀਂ ਬਣ ਸਕਦਾ ॥੧॥
ਹੇ ਅੰਨ੍ਹੇ ਲਾਲਚੀ ਤੇ ਝੂਠੇ ਮਨ! (ਧਿਆਨ ਨਾਲ) ਸੁਣ।
ਸੱਚਾ ਮਨੁੱਖ ਬਿਨਾ ਬੋਲਿਆਂ ਹੀ ਪਛਾਣਿਆ ਜਾਂਦਾ ਹੈ ॥੧॥ ਰਹਾਉ ॥
ਚੋਰ ਪਿਆ ਸੋਹਣਾ ਬਣੇ ਚਤੁਰ ਬਣੇ,
(ਪਰ ਆਖ਼ਰ ਉਹ ਚੋਰ ਹੀ ਹੈ ਉਸ ਦੀ ਕਦਰ ਕੀਮਤ ਨਹੀਂ ਪੈਂਦੀ, ਜਿਵੇਂ) ਖੋਟੇ ਰੁਪਏ ਦਾ ਮੁੱਲ ਦੋ ਗੰਢੇ ਕੌਡਾਂ ਹੀ ਹੈ।
ਜੇ ਖੋਟੇ ਰੁਪਏ ਨੂੰ (ਖਰਿਆਂ ਵਿਚ) ਰੱਖ ਦੇਈਏ, (ਖਰਿਆਂ ਵਿਚ) ਰਲਾ ਦੇਈਏ,
ਤਾਂ ਭੀ ਜਦੋਂ ਉਸ ਦੀ ਪਰਖ ਹੁੰਦੀ ਹੈ ਤਦੋਂ ਉਹ ਖੋਟਾ ਹੀ ਕਿਹਾ ਜਾਂਦਾ ਹੈ ॥੨॥
ਮਨੁੱਖ ਜੈਸਾ ਕੰਮ ਕਰਦਾ ਹੈ ਵੈਸਾ ਹੀ ਉਸ ਦਾ ਫਲ ਪਾਂਦਾ ਹੈ।
ਹਰ ਕੋਈ ਆਪ (ਕਰਮਾਂ ਦੇ ਬੀਜ) ਬੀਜ ਕੇ ਆਪ ਹੀ ਫਲ ਖਾਂਦਾ ਹੈ।
ਜੇ ਕੋਈ ਮਨੁੱਖ (ਹੋਵੇ ਤਾਂ ਖੋਟਾ, ਪਰ) ਆਪਣੀਆਂ ਵਡਿਆਈਆਂ ਦੀਆਂ ਕਸਮਾਂ ਚੁੱਕੀ ਜਾਏ,
(ਉਸ ਦਾ ਇਤਬਾਰ ਨਹੀਂ ਬਣ ਸਕਦਾ, ਕਿਉਂਕਿ) ਮਨੁੱਖ ਦੀ ਜਿਹੋ ਜਿਹੀ ਮਨੋ-ਵਾਸਨਾ ਹੈ ਉਹੋ ਜਿਹੇ ਰਸਤੇ ਉਤੇ ਹੀ ਉਹ ਤੁਰਦਾ ਹੈ ॥੩॥
(ਆਪਣਾ ਇਤਬਾਰ ਜਮਾਣ ਲਈ ਚਲਾਕ ਬਣ ਕੇ) ਝੂਠੀਆਂ ਗੱਪਾਂ ਅਤੇ ਝੂਠ ਕਬਾੜ ਦੀਆਂ ਗੱਲਾਂ-
ਭਾਵੇਂ ਸਾਰੇ ਸੰਸਾਰ ਨੂੰ ਆਖੀਆਂ ਜਾਣ (ਪਰ, ਹੇ ਪ੍ਰਭੂ! ਕੋਈ ਮਨੁੱਖ ਤੈਨੂੰ ਧੋਖਾ ਨਹੀਂ ਦੇ ਸਕਦਾ)।
(ਹੇ ਪ੍ਰਭੂ! ਜੇ ਦਿਲ ਦਾ ਖਰਾ ਹੋਵੇ ਤਾਂ) ਇਕ ਸਿੱਧੜ ਮਨੁੱਖ ਭੀ ਤੈਨੂੰ ਪਸੰਦ ਆ ਜਾਂਦਾ ਹੈ, ਤੇਰੇ ਦਰ ਤੇ ਕਬੂਲ ਹੋ ਜਾਂਦਾ ਹੈ।
ਹੇ ਨਾਨਕ! ਘਟ ਘਟ ਦੀ ਜਾਣਨ ਵਾਲਾ ਸੁਜਾਨ ਪ੍ਰਭੂ (ਸਭ ਕੁਝ) ਜਾਣਦਾ ਹੈ ॥੪॥੪॥੬॥
ਇਹ ਮਨੁੱਖਾ ਸਰੀਰ (ਮਾਨੋ) ਇਕ ਕਾਗ਼ਜ਼ ਹੈ, ਅਤੇ ਮਨੁੱਖ ਦਾ ਮਨ (ਸਰੀਰ-ਕਾਗ਼ਜ਼ ਉਤੇ ਲਿਖਿਆ ਹੋਇਆ) ਦਰਗਾਹੀ ਪਰਵਾਨਾ ਹੈ।
ਪਰ ਮੂਰਖ ਮਨੁੱਖ ਆਪਣੇ ਮੱਥੇ ਦੇ ਇਹ ਲੇਖ ਨਹੀਂ ਪੜ੍ਹਦਾ (ਭਾਵ, ਇਹ ਸਮਝਣ ਦਾ ਜਤਨ ਨਹੀਂ ਕਰਦਾ ਕਿ ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਕਿਹੋ ਜਿਹੇ ਸੰਸਕਾਰ-ਲੇਖ ਉਸ ਦੇ ਮਨ ਵਿਚ ਮੌਜੂਦ ਹਨ ਜੋ ਉਸ ਨੂੰ ਹੁਣ ਹੋਰ ਪ੍ਰੇਰਨਾ ਕਰ ਰਹੇ ਹਨ)।
ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੱਬੀ ਨਿਯਮ ਅਨੁਸਾਰ ਹਰੇਕ ਮਨੁੱਖ ਦੇ ਮਨ ਵਿਚ ਉੱਕਰੇ ਜਾਂਦੇ ਹਨ।
ਪਰ ਹੇ ਭਾਈ! ਵੇਖ (ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ, ਤਿਵੇਂ ਖੋਟੇ ਕੀਤੇ ਕੰਮਾਂ ਦਾ) ਖੋਟਾ ਸੰਸਕਾਰ-ਲੇਖ ਭੀ ਕੰਮ ਨਹੀਂ ਆਉਂਦਾ ॥੧॥
ਹੇ ਨਾਨਕ! ਜੇ ਰੁਪਏ ਆਦਿਕ ਸਿੱਕੇ ਵਿਚ ਚਾਂਦੀ ਹੋਵੇ,
ਤਾਂ ਹਰ ਕੋਈ ਉਸ ਨੂੰ ਖਰਾ ਸਿੱਕਾ ਆਖਦਾ ਹੈ (ਇਸੇ ਤਰ੍ਹਾਂ ਜਿਸ ਮਨ ਵਿਚ ਪਵਿਤ੍ਰਤਾ ਹੋਵੇ, ਉਸ ਨੂੰ ਖਰਾ ਆਖਿਆ ਜਾਂਦਾ ਹੈ) ॥੧॥ ਰਹਾਉ ॥
ਕਾਜ਼ੀ (ਜੇ ਇਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ।
ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ।
ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ।
(ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ ॥੨॥
ਅਸਲ ਜੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਚ ਸਮਝਦਾ ਹੈ,
ਤੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ।
ਕਾਜ਼ੀ ਉਹ ਹੈ ਜੋ ਸੁਰਤਿ ਨੂੰ ਹਰਾਮ ਦੇ ਮਾਲ ਵਲੋਂ ਮੋੜਦਾ ਹੈ,
ਜੋ ਗੁਰੂ ਦੀ ਕਿਰਪਾ ਨਾਲ ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਪਰਤਦਾ ਹੈ।
ਬ੍ਰਾਹਮਣ ਉਹ ਹੈ ਜੋ ਸਰਬ-ਵਿਆਪਕ ਪ੍ਰਭੂ ਵਿਚ ਸੁਰਤਿ ਜੋੜਦਾ ਹੈ,
ਇਸ ਤਰ੍ਹਾਂ ਆਪ ਭੀ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਲੰਘਾ ਲੈਂਦਾ ਹੈ ॥੩॥
ਉਹੀ ਮਨੁੱਖ ਅਕਲਮੰਦ ਹੈ ਜੋ ਆਪਣੇ ਦਿਲ ਵਿਚ ਟਿਕੀ ਹੋਈ ਬੁਰਾਈ ਨੂੰ ਦੂਰ ਕਰਦਾ ਹੈ।
ਉਹੀ ਮੁਸਲਮਾਨ ਹੈ ਜੋ ਮਨ ਵਿਚੋਂ ਵਿਕਾਰਾਂ ਦੀ ਮੈਲ ਦੀ ਨਾਸ ਕਰਦਾ ਹੈ।
ਉਹੀ ਵਿਦਵਾਨ ਹੈ ਜੋ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਉਹੀ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ,
ਜਿਸ ਦੇ ਮੱਥੇ ਉਤੇ ਦਰਗਾਹ ਦਾ ਟਿੱਕਾ ਲੱਗਦਾ ਹੈ ॥੪॥੫॥੭॥
ਰਾਗ ਧਨਾਸਰੀ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਇਹ (ਮਨੁੱਖਾ ਜਨਮ ਦਾ) ਸਮਾ (ਅੱਖਾਂ ਮੀਟਣ ਤੇ ਨੱਕ ਫੜਨ ਵਾਸਤੇ) ਨਹੀਂ ਹੈ, (ਇਹਨਾਂ ਢਬਾਂ ਨਾਲ) ਪਰਮਾਤਮਾ ਦਾ ਮੇਲ ਨਹੀਂ ਹੁੰਦਾ, ਨਾਹ ਹੀ ਉੱਚੇ ਆਚਰਨ ਦਾ ਤਰੀਕਾ ਹੈ।
(ਇਹਨਾਂ ਤਰੀਕਿਆਂ ਦੀ ਰਾਹੀਂ) ਜਗਤ ਦੇ (ਅਨੇਕਾਂ) ਪਵਿਤ੍ਰ ਹਿਰਦੇ (ਭੀ) ਗੰਦੇ ਹੋ ਜਾਂਦੇ ਹਨ, ਇਸ ਤਰ੍ਹਾਂ ਜਗਤ (ਵਿਕਾਰਾਂ ਵਿਚ) ਡੁੱਬਣ ਲੱਗ ਪੈਂਦਾ ਹੈ ॥੧॥
ਜਗਤ ਵਿਚ ਪਰਮਾਤਮਾ ਦਾ ਨਾਮ (ਸਿਮਰਨਾ ਹੋਰ ਸਾਰੇ ਕੰਮਾਂ ਨਾਲੋਂ) ਸ੍ਰੇਸ਼ਟ ਹੈ।
(ਜੇਹੜੇ ਇਹ ਲੋਕ) ਅੱਖਾਂ ਤਾਂ ਮੀਟਦੇ ਹਨ, ਨੱਕ ਭੀ ਫੜਦੇ ਹਨ (ਇਹ) ਜਗਤ ਨੂੰ ਠੱਗਣ ਵਾਸਤੇ (ਕਰਦੇ ਹਨ, ਇਹ ਭਗਤੀ ਨਹੀਂ, ਇਹ ਸ੍ਰੇਸ਼ਟ ਧਾਰਮਿਕ ਕੰਮ ਨਹੀਂ) ॥੧॥ ਰਹਾਉ ॥
ਹੱਥ ਦੇ ਅੰਗੂਠੇ ਤੇ ਨਾਲ ਦੀਆਂ ਦੋ ਉਂਗਲਾਂ ਨਾਲ ਇਹ (ਆਪਣਾ) ਨੱਕ ਫੜਦੇ ਹਨ (ਸਮਾਧੀ ਦੀ ਸ਼ਕਲ ਵਿਚ ਬੈਠ ਕੇ ਮੂੰਹੋਂ ਆਖਦੇ ਹਨ ਕਿ) ਤਿੰਨੇ ਹੀ ਲੋਕ ਦਿੱਸ ਰਹੇ ਹਨ,