ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1395


ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤ੍ਰਿ ਮਾਨਵ ਹਿਲਹਿ ॥

ਜੋ ਦੂਜਾ ਭਾਉ ਹੈ ਉਹ ਤਦੋਂ ਹੀ ਦੂਰ ਹੁੰਦਾ ਹੈ ਜਦੋਂ ਮਨੁੱਖ ਗੁਰੂ ਦੇ ਸ੍ਰੇਸ਼ਟ ਉਪਦੇਸ਼ ਦੀ ਰਾਹੀਂ ਇਕ ਪਰਮਾਤਮਾ ਨੂੰ ਪਛਾਣ ਕੇ ਪ੍ਰਾਪਤ ਕਰ ਲੈਂਦੇ ਹਨ।

ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸਿ ਡਿਠੈ ਮਿਲਹਿ ॥੫॥੧੪॥

ਹੇ ਜਾਲਪ! ਇਹ ਸਾਰੇ ਪਦਾਰਥ (ਜੋ ਉੱਪਰ ਦੱਸੇ ਹਨ) ਸਤਿਗੁਰੂ ਅਮਰਦਾਸ ਜੀ ਦੇ ਡਿੱਠਿਆਂ ਮਿਲ ਜਾਂਦੇ ਹਨ ॥੫॥੧੪॥

ਸਚੁ ਨਾਮੁ ਕਰਤਾਰੁ ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ ॥

(ਗੁਰੂ) ਨਾਨਕ (ਦੇਵ ਜੀ) ਨੇ ਅਕਾਲ ਪੁਰਖ ਦਾ ਨਾਮ ਜੋ ਸਦਾ-ਥਿਰ ਰਹਿਣ ਵਾਲਾ ਹੈ, ਪੱਕੇ ਤੌਰ ਤੇ ਗ੍ਰਹਿਣ ਕੀਤਾ;

ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸੁ ਚਰਣਹ ਲਿਵ ਰਹਿਅਉ ॥

ਉਹਨਾਂ ਤੋਂ ਲਹਣਾ ਜੀ ਗੁਰੂ ਅੰਗਦ ਹੋ ਕੇ ਪਰਗਟ ਹੋਏ ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ ਆਪਣੀ ਬ੍ਰਿਤੀ ਲਾ ਰੱਖੀ।

ਤਿਤੁ ਕੁਲਿ ਗੁਰ ਅਮਰਦਾਸੁ ਆਸਾ ਨਿਵਾਸੁ ਤਾਸੁ ਗੁਣ ਕਵਣ ਵਖਾਣਉ ॥

ਉਸ ਕੁਲ ਵਿਚ ਗੁਰੂ ਅਮਰਦਾਸ, ਆਸਾਂ ਦਾ ਪੂਰਨ ਵਾਲਾ, (ਪਰਗਟ ਹੋਇਆ)। ਮੈਂ ਉਸ ਦੇ ਕਿਹੜੇ ਗੁਣ ਦੱਸਾਂ?

ਜੋ ਗੁਣ ਅਲਖ ਅਗੰਮ ਤਿਨਹ ਗੁਣ ਅੰਤੁ ਨ ਜਾਣਉ ॥

ਉਹ ਗੁਣ ਅਲੱਖ ਤੇ ਅਗੰਮ ਹਨ, ਮੈਂ ਉਹਨਾਂ ਗੁਣਾਂ ਦਾ ਅੰਤ ਨਹੀਂ ਜਾਣਦਾ।

ਬੋਹਿਥਉ ਬਿਧਾਤੈ ਨਿਰਮਯੌ ਸਭ ਸੰਗਤਿ ਕੁਲ ਉਧਰਣ ॥

ਸਾਰੀ ਸੰਗਤ ਤੇ ਸਾਰੀਆਂ ਕੁਲਾਂ ਨੂੰ ਤਾਰਨ ਲਈ ਕਰਤਾਰ ਨੇ (ਗੁਰੂ ਅਮਰਦਾਸ ਜੀ ਨੂੰ) ਇਕ ਜਹਾਜ਼ ਬਣਾਇਆ ਹੈ;

ਗੁਰ ਅਮਰਦਾਸ ਕੀਰਤੁ ਕਹੈ ਤ੍ਰਾਹਿ ਤ੍ਰਾਹਿ ਤੁਅ ਪਾ ਸਰਣ ॥੧॥੧੫॥

ਕੀਰਤ (ਭੱਟ) ਆਖਦਾ ਹੈ- ਹੇ ਗੁਰੂ ਅਮਰਦਾਸ (ਜੀ)! ਮੈਨੂੰ ਰੱਖ ਲੈ, ਮੈਨੂੰ ਬਚਾ ਲੈ, ਮੈਂ ਤੇਰੇ ਚਰਨਾਂ ਦੀ ਸਰਨ ਪਿਆ ਹਾਂ ॥੧॥੧੫॥

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥

(ਗੁਰੂ ਅਮਰਦਾਸ) ਆਪ ਹੀ ਨਰਾਇਣ-ਰੂਪ ਹੈ, ਜੋ ਆਪਣੀ ਸੱਤਾ ਰਚ ਕੇ ਜਗਤ ਵਿਚ ਪ੍ਰਵਿਰਤ ਹੋਇਆ ਹੈ।

ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥

ਨਿਰੰਕਾਰ ਨੇ (ਗੁਰੂ ਅਮਰਦਾਸ ਜੀ ਦਾ) ਅਕਾਰ-ਰੂਪ ਹੋ ਕੇ (ਰੂਪ ਧਾਰ ਕੇ) ਜਗਤ ਵਿਚ ਜੋਤਿ ਪ੍ਰਗਟਾਈ ਹੈ।

ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ ॥

(ਨਿਰੰਕਾਰ ਨੇ) ਆਪਣੇ ਸ਼ਬਦ (-ਨਾਮ) ਨੂੰ, ਜੋ ਹਰ ਥਾਂ ਹਾਜ਼ਰ-ਨਾਜ਼ਰ ਹੈ, (ਗੁਰੂ ਅਮਰਦਾਸ-ਰੂਪ) ਦੀਵੇ ਦੀ ਰਾਹੀਂ ਪ੍ਰਗਟਾਇਆ ਹੈ।

ਜਿਹ ਸਿਖਹ ਸੰਗ੍ਰਹਿਓ ਤਤੁ ਹਰਿ ਚਰਣ ਮਿਲਾਯਉ ॥

ਜਿਨ੍ਹਾਂ ਸਿੱਖਾਂ ਨੇ ਇਸ ਸ਼ਬਦ ਨੂੰ ਗ੍ਰਹਣ ਕੀਤਾ ਹੈ, (ਗੁਰੂ ਅਮਰਦਾਸ ਜੀ ਨੇ) ਤੁਰਤ (ਉਹਨਾਂ ਨੂੰ) ਹਰੀ ਦੇ ਚਰਨਾਂ ਵਿਚ ਜੋੜ ਦਿੱਤਾ ਹੈ।

ਨਾਨਕ ਕੁਲਿ ਨਿੰਮਲੁ ਅਵਤਰੵਿਉ ਅੰਗਦ ਲਹਣੇ ਸੰਗਿ ਹੁਅ ॥

ਲਹਣੇ ਜੀ (ਭਾਵ) ਗੁਰੂ ਅੰਗਦ ਜੀ ਦੇ ਨਾਲ ਮਿਲ ਕੇ (ਗੁਰੂ ਅਮਰਦਾਸ) ਗੁਰੂ ਨਾਨਕ ਦੇਵ ਜੀ ਦੀ ਕੁਲ ਵਿਚ ਨਿਰਮਲ ਅਵਤਾਰ ਹੋਇਆ ਹੈ।

ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ ॥੨॥੧੬॥

ਹੇ ਗੁਰੂ ਅਮਰਦਾਸ ਜੀ! ਹੇ ਸੰਸਾਰ ਦੇ ਤਾਰਨ ਨੂੰ ਜਹਾਜ਼! ਮੈਂ ਹਰੇਕ ਜਨਮ ਵਿਚ ਤੇਰੇ ਚਰਨਾਂ ਦੀ ਸਰਨ (ਰਹਾਂ) ॥੨॥੧੬॥

ਜਪੁ ਤਪੁ ਸਤੁ ਸੰਤੋਖੁ ਪਿਖਿ ਦਰਸਨੁ ਗੁਰ ਸਿਖਹ ॥

ਸਤਿਗੁਰੂ (ਅਮਰਦਾਸ ਜੀ) ਦਾ ਦਰਸ਼ਨ ਕਰ ਕੇ ਸਿੱਖਾਂ ਨੂੰ ਜਪ ਤਪ ਸਤ ਸੰਤੋਖ (ਪ੍ਰਾਪਤ ਹੁੰਦੇ ਹਨ)।

ਸਰਣਿ ਪਰਹਿ ਤੇ ਉਬਰਹਿ ਛੋਡਿ ਜਮ ਪੁਰ ਕੀ ਲਿਖਹ ॥

ਜੋ ਮਨੁੱਖ (ਗੁਰੂ ਦੀ) ਸਰਨ ਪੈਂਦੇ ਹਨ, ਉਹ ਜਮ-ਪੁਰੀ ਦੀ ਲਿਖਤ ਨੂੰ ਛੱਡ ਕੇ ਪਾਰ ਲੰਘ ਜਾਂਦੇ ਹਨ।

ਭਗਤਿ ਭਾਇ ਭਰਪੂਰੁ ਰਿਦੈ ਉਚਰੈ ਕਰਤਾਰੈ ॥

(ਗੁਰੂ ਅਮਰਦਾਸ ਆਪਣੇ) ਹਿਰਦੇ ਵਿਚ (ਕਰਤਾਰ ਦੀ) ਭਗਤੀ ਦੇ ਪ੍ਰੇਮ ਨਾਲ ਭਰਿਆ ਹੋਇਆ ਹੈ, ਅਤੇ ਕਰਤਾਰ ਨੂੰ ਸਿਮਰਦਾ ਹੈ;

ਗੁਰੁ ਗਉਹਰੁ ਦਰੀਆਉ ਪਲਕ ਡੁਬੰਤੵਹ ਤਾਰੈ ॥

ਸਤਿਗੁਰੂ (ਅਮਰਦਾਸ) ਗੰਭੀਰ ਹੈ, ਦਰੀਆ-ਦਿਲ ਹੈ, ਡੁੱਬਦੇ ਜੀਵਾਂ ਨੂੰ ਪਲ ਵਿਚ ਤਾਰ ਦੇਂਦਾ ਹੈ।

ਨਾਨਕ ਕੁਲਿ ਨਿੰਮਲੁ ਅਵਤਰੵਿਉ ਗੁਣ ਕਰਤਾਰੈ ਉਚਰੈ ॥

(ਗੁਰੂ) ਨਾਨਕ (ਦੇਵ ਜੀ) ਦੀ ਕੁਲ ਵਿਚ (ਗੁਰੂ ਅਮਰਦਾਸ ਜੀ) ਨਿਰਮਲ ਅਵਤਾਰ ਹੋਇਆ ਹੈ, ਜੋ ਕਰਤਾਰ ਦੇ ਗੁਣਾਂ ਨੂੰ ਉਚਾਰਦਾ ਹੈ।

ਗੁਰੁ ਅਮਰਦਾਸੁ ਜਿਨੑ ਸੇਵਿਅਉ ਤਿਨੑ ਦੁਖੁ ਦਰਿਦ੍ਰੁ ਪਰਹਰਿ ਪਰੈ ॥੩॥੧੭॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਸੇਵਿਆ ਹੈ, ਉਹਨਾਂ ਦਾ ਦੁੱਖ ਤੇ ਦਰਿਦ੍ਰ ਦੂਰ ਹੋ ਜਾਂਦਾ ਹੈ ॥੩॥੧੭॥

ਚਿਤਿ ਚਿਤਵਉ ਅਰਦਾਸਿ ਕਹਉ ਪਰੁ ਕਹਿ ਭਿ ਨ ਸਕਉ ॥

(ਹੇ ਗੁਰੂ ਅਮਰਦਾਸ ਜੀ!) ਮੈਂ ਚਿੱਤ ਵਿਚ ਸੋਚਾਂ ਸੋਚਦਾ ਹਾਂ ਕਿ (ਇਕ) ਬੇਨਤੀ ਆਖਾਂ; ਪਰ ਮੈਂ ਆਖ ਭੀ ਨਹੀਂ ਸਕਦਾ;

ਸਰਬ ਚਿੰਤ ਤੁਝੁ ਪਾਸਿ ਸਾਧਸੰਗਤਿ ਹਉ ਤਕਉ ॥

(ਹੇ ਸਤਿਗੁਰੂ!) ਮੇਰੇ ਸਾਰੇ ਫ਼ਿਕਰ ਤੇਰੇ ਹਵਾਲੇ ਹਨ (ਭਾਵ, ਤੈਨੂੰ ਹੀ ਮੇਰੇ ਸਾਰੇ ਫ਼ਿਕਰ ਹਨ), ਮੈਂ ਸਾਧ ਸੰਗਤ (ਦਾ ਆਸਰਾ) ਤੱਕਦਾ ਹਾਂ।

ਤੇਰੈ ਹੁਕਮਿ ਪਵੈ ਨੀਸਾਣੁ ਤਉ ਕਰਉ ਸਾਹਿਬ ਕੀ ਸੇਵਾ ॥

(ਹੇ ਗੁਰੂ ਅਮਰਦਾਸ ਜੀ!) ਜੇ ਤੇਰੀ ਰਜ਼ਾ ਵਿਚ ਪ੍ਰਵਾਨਗੀ ਮਿਲ ਜਾਏ, ਤਾਂ ਮੈਂ ਮਾਲਕ-ਪ੍ਰਭੂ ਦੀ ਸੇਵਾ ਕਰਾਂ।

ਜਬ ਗੁਰੁ ਦੇਖੈ ਸੁਭ ਦਿਸਟਿ ਨਾਮੁ ਕਰਤਾ ਮੁਖਿ ਮੇਵਾ ॥

ਜਦੋਂ ਸਤਿਗੁਰੂ (ਅਮਰਦਾਸ) ਮਿਹਰ ਦੀ ਨਜ਼ਰ ਨਾਲ ਤੱਕਦਾ ਹੈ, ਤਾਂ ਕਰਤਾਰ ਦਾ ਨਾਮ-ਰੂਪ ਫਲ ਮੂੰਹ ਵਿਚ (ਭਾਵ, ਖਾਣ ਨੂੰ) ਮਿਲਦਾ ਹੈ।

ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵਹਿ ਸੋ ਕਹਉ ॥

ਹੇ ਅਗਮ-ਰੂਪ ਸਤਿਗੁਰੂ! ਹੇ ਅਲੱਖ ਹਰੀ-ਰੂਪ ਗੁਰੂ! ਹੇ ਕਾਰਣ ਪੁਰਖ-ਰੂਪ ਗੁਰੂ ਅਮਰਦਾਸ ਜੀ! ਜੋ ਤੂੰ ਹੁਕਮ ਕਰਦਾ ਹੈਂ, ਮੈਂ ਸੋਈ ਆਖਦਾ ਹਾਂ।

ਗੁਰ ਅਮਰਦਾਸ ਕਾਰਣ ਕਰਣ ਜਿਵ ਤੂ ਰਖਹਿ ਤਿਵ ਰਹਉ ॥੪॥੧੮॥

ਹੇ ਸ੍ਰਿਸ਼ਟੀ ਦੇ ਕਰਤਾ-ਰੂਪ ਗੁਰੂ ਅਮਰਦਾਸ ਜੀ! ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਮੈਂ ਰਹਿੰਦਾ ਹਾਂ ॥੪॥੧੮॥

ਭਿਖੇ ਕੇ ॥

ਗੁਰੁ ਗਿਆਨੁ ਅਰੁ ਧਿਆਨੁ ਤਤ ਸਿਉ ਤਤੁ ਮਿਲਾਵੈ ॥

ਸਤਿਗੁਰੂ ਅਮਰਦਾਸ ਗਿਆਨ-ਰੂਪ ਤੇ ਧਿਆਨ-ਰੂਪ ਹੈ (ਭਾਵ, ਪੂਰਨ ਗਿਆਨ ਵਾਲਾ ਤੇ ਦ੍ਰਿੜ ਧਿਆਨ ਵਾਲਾ ਹੈ); (ਗੁਰੂ ਅਮਰਦਾਸ ਨੇ) ਆਪਣੇ ਆਤਮਾ ਨੂੰ ਹਰੀ ਨਾਲ ਮਿਲਾ ਲਿਆ ਹੈ।

ਸਚਿ ਸਚੁ ਜਾਣੀਐ ਇਕ ਚਿਤਹਿ ਲਿਵ ਲਾਵੈ ॥

ਸਦਾ-ਥਿਰ ਹਰੀ ਵਿਚ ਜੁੜਨ ਕਰ ਕੇ ਸਤਿਗੁਰੂ ਨੂੰ ਹਰੀ-ਰੂਪ ਹੀ ਸਮਝਣਾ ਚਾਹੀਏ, (ਗੁਰੂ ਅਮਰਦਾਸ) ਇਕਾਗ੍ਰ ਮਨ ਹੋ ਕੇ (ਹਰੀ ਵਿਚ) ਲਿਵ ਲਾ ਰਿਹਾ ਹੈ।

ਕਾਮ ਕ੍ਰੋਧ ਵਸਿ ਕਰੈ ਪਵਣੁ ਉਡੰਤ ਨ ਧਾਵੈ ॥

ਗੁਰੂ ਅਮਰਦਾਸ ਕਾਮ ਕ੍ਰੋਧ ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ, (ਉਹਨਾਂ ਦਾ) ਮਨ ਭਟਕਦਾ ਨਹੀਂ ਹੈ (ਕਿਸੇ ਪਾਸੇ ਵਲ) ਦੌੜਦਾ ਨਹੀਂ ਹੈ।

ਨਿਰੰਕਾਰ ਕੈ ਵਸੈ ਦੇਸਿ ਹੁਕਮੁ ਬੁਝਿ ਬੀਚਾਰੁ ਪਾਵੈ ॥

(ਗੁਰੂ ਅਮਰਦਾਸ) ਨਿਰੰਕਾਰ ਦੇ ਦੇਸ ਵਿਚ ਟਿਕ ਰਿਹਾ ਹੈ, (ਪ੍ਰਭੂ ਦਾ) ਹੁਕਮ ਪਛਾਣ ਕੇ (ਉਹਨਾਂ ਨੇ) ਗਿਆਨ ਪ੍ਰਾਪਤ ਕੀਤਾ ਹੈ।

ਕਲਿ ਮਾਹਿ ਰੂਪੁ ਕਰਤਾ ਪੁਰਖੁ ਸੋ ਜਾਣੈ ਜਿਨਿ ਕਿਛੁ ਕੀਅਉ ॥

ਕਲਜੁਗ ਵਿਚ (ਗੁਰੂ ਅਮਰਦਾਸ) ਕਰਤਾ ਪੁਰਖ-ਰੂਪ ਹੈ; (ਇਸ ਕੌਤਕ ਨੂੰ) ਉਹ ਕਰਤਾਰ ਹੀ ਜਾਣਦਾ ਹੈ ਜਿਸ ਨੇ ਇਹ ਅਚਰਜ ਕੌਤਕ ਕੀਤਾ ਹੈ।

ਗੁਰੁ ਮਿਲੵਿਉ ਸੋਇ ਭਿਖਾ ਕਹੈ ਸਹਜ ਰੰਗਿ ਦਰਸਨੁ ਦੀਅਉ ॥੧॥੧੯॥

ਭਿੱਖਾ ਕਵੀ ਆਖਦਾ ਹੈ ਕਿ ਮੈਨੂੰ ਉਹ ਗੁਰੂ (ਅਮਰਦਾਸ) ਮਿਲ ਪਿਆ ਹੈ, (ਉਹਨਾਂ ਨੇ) ਪੂਰਨ ਖਿੜਾਉ ਦੇ ਰੰਗ ਵਿਚ ਮੈਨੂੰ ਦਰਸਨ ਦਿੱਤਾ ਹੈ ॥੧॥੧੯॥

ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ॥

ਮੈਂ ਸੰਤਾਂ ਨੂੰ ਟੋਲਦਾ ਟੋਲਦਾ ਥੱਕ ਗਿਆ ਹਾਂ, ਮੈਂ ਕਈ ਸਾਧ (ਭੀ) ਵੇਖੇ ਹਨ,

ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ ॥

ਕਈ ਸੰਨਿਆਸੀ, ਕਈ ਤਪੱਸਵੀ ਤੇ ਕਈ ਇਹ ਮੂੰਹੋਂ-ਮਿੱਠੇ ਪੰਡਿਤ (ਭੀ ਵੇਖੇ ਹਨ)।

ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ ॥

ਮੈਂ ਇਕ ਸਾਲ ਫਿਰਦਾ ਰਿਹਾ ਹਾਂ, ਕਿਸੇ ਨੇ ਮੇਰੀ ਨਿਸ਼ਾ ਨਹੀਂ ਕੀਤੀ;


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430
Flag Counter