ਜੇ ਮੇਰਾ ਭਗਤ ਇਕ ਵਾਰੀ ਮੈਨੂੰ ਫੜ ਕੇ ਬੰਨ੍ਹ ਲਏ, ਤਾਂ ਮੈਂ ਅੱਗੋਂ ਕੋਈ ਉਜ਼ਰ ਨਹੀਂ ਕਰ ਸਕਦਾ ॥੧॥
ਮੈਂ (ਆਪਣੇ ਭਗਤ ਦੇ) ਗੁਣਾਂ ਦਾ ਬੱਝਾ ਹੋਇਆ ਹਾਂ; ਮੈਂ ਸਾਰੇ ਜਗਤ ਦੇ ਜੀਆਂ ਦੀ ਜ਼ਿੰਦਗੀ (ਦਾ ਆਸਰਾ) ਹਾਂ, ਪਰ ਮੇਰੇ ਭਗਤ ਮੇਰੀ ਜ਼ਿੰਦਗੀ (ਦਾ ਆਸਰਾ) ਹਨ।
ਹੇ ਨਾਮਦੇਵ! ਜਿਸ ਦੇ ਮਨ ਵਿਚ ਇਹ ਉੱਚੀ ਸੋਚ ਫੁਰ ਪਈ ਹੈ, ਉਸ ਦੇ ਅੰਦਰ ਮੇਰੇ ਪਿਆਰ ਦਾ ਪਰਕਾਸ਼ ਭੀ ਉਤਨਾ ਹੀ ਵੱਡਾ (ਭਾਵ, ਬਹੁਤ ਵਧੀਕ) ਹੋ ਜਾਂਦਾ ਹੈ ॥੨॥੩॥
ਰਾਗ ਸਾਰੰਗ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪੁਰਾਣ ਆਦਿਕ ਧਰਮ ਪੁਸਤਕਾਂ ਸੁਣ ਕੇ ਤੂੰ ਖੱਟਿਆ ਤਾਂ ਕੁਝ ਭੀ ਨਹੀਂ;
ਤੇਰੇ ਅੰਦਰ ਨਾਹ ਤਾਂ ਪ੍ਰਭੂ ਦੀ ਅਟੱਲ ਭਗਤੀ ਪੈਦਾ ਹੋਈ ਤੇ ਨਾਹ ਹੀ ਤੂੰ ਕਿਸੇ ਲੋੜਵੰਦ ਦੀ ਸੇਵਾ ਕੀਤੀ ॥੧॥ ਰਹਾਉ ॥
ਹੇ ਦੇਵ! (ਧਰਮ ਪੁਸਤਕ ਸੁਣ ਕੇ ਭੀ) ਨਾਹ ਕਾਮ ਗਿਆ, ਨਾਹ ਕ੍ਰੋਧ ਗਿਆ, ਨਾਹ ਲੋਭ ਮੁੱਕਾ,
ਨਾਹ ਮੂੰਹੋਂ ਪਰਾਈ ਨਿੰਦਿਆ (ਕਰਨ ਦੀ ਆਦਤ) ਹੀ ਗਈ, (ਪੁਰਾਣ ਆਦਿਕ ਪੜ੍ਹਨ ਦੀ) ਸਾਰੀ ਮਿਹਨਤ ਹੀ ਐਵੇਂ ਗਈ ॥੧॥
(ਪੁਰਾਣ ਆਦਿਕ ਸੁਣ ਕੇ ਭੀ) ਪਾਪੀ ਮਨੁੱਖ ਡਾਕੇ ਮਾਰ ਮਾਰ ਕੇ ਪਰਾਏ ਘਰ ਲੁੱਟ ਲੁੱਟ ਕੇ ਹੀ ਆਪਣਾ ਢਿੱਡ ਭਰਦਾ ਰਿਹਾ,
ਤੇ (ਸਾਰੀ ਉਮਰ) ਉਹੀ ਮੂਰਖਤਾ ਕਰਦਾ ਰਿਹਾ ਜਿਸ ਨਾਲ ਅਗਲੇ ਜਹਾਨ ਵਿਚ ਭੀ ਬਦਨਾਮੀ (ਦਾ ਟਿੱਕਾ) ਹੀ ਮਿਲੇ ॥੨॥
(ਧਰਮ ਪੁਸਤਕ ਸੁਣ ਕੇ ਭੀ) ਤੇਰੇ ਮਨ ਵਿਚੋਂ ਨਿਰਦਇਤਾ ਨਾਹ ਗਈ, ਤੂੰ ਲੋਕਾਂ ਨਾਲ ਪਿਆਰ ਦਾ ਸਲੂਕ ਨਾਹ ਕੀਤਾ,
ਹੇ ਪਰਮਾਨੰਦ! ਸਤਸੰਗ ਵਿਚ ਬੈਠ ਕੇ ਤੂੰ ਕਦੇ ਪ੍ਰਭੂ ਦੀਆਂ ਪਵਿੱਤਰ (ਕਰਨ ਵਾਲੀਆਂ) ਗੱਲਾਂ ਨਾਹ ਚਲਾਈਆਂ (ਭਾਵ, ਜੇ ਤੈਨੂੰ ਸਤਸੰਗ ਕਰਨ ਦਾ ਸ਼ੌਕ ਨਾਹ ਪਿਆ ਤਾਂ ਪੁਰਾਣ ਆਦਿਕ ਧਰਮ ਪੁਸਤਕਾਂ ਦਾ ਸੁਣਨਾ ਵਿਅਰਥ ਹੀ ਗਿਆ) ॥੩॥੧॥੬॥
ਹੇ (ਮੇਰੇ) ਮਨ! ਉਹਨਾਂ ਬੰਦਿਆਂ ਦਾ ਸਾਥ ਛੱਡ ਦੇਹ, ਜੋ ਪਰਮਾਤਮਾ ਵਲੋਂ ਬੇ-ਮੁਖ ਹਨ।
ਰਾਗ ਸਾਰੰਗ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ, ਭਗਤ ਸੂਰਦਾਸ ਦੇ ਸਿਰਲੇਖ ਹੇਠ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਸੂਰਦਾਸ!) ਪਰਮਾਤਮਾ ਦੀ ਬੰਦਗੀ ਕਰਨ ਵਾਲੇ ਬੰਦੇ (ਸਦਾ) ਪਰਮਾਤਮਾ ਦੇ ਨਾਲ ਵੱਸਦੇ ਹਨ (ਇਸ ਤਰ੍ਹਾਂ ਸਹਿਜ ਸੁਭਾਇ ਬੇ-ਮੁਖਾਂ ਨਾਲੋਂ ਉਹਨਾਂ ਦਾ ਸਾਥ ਛੁੱਟ ਜਾਂਦਾ ਹੈ);
ਉਹ ਆਪਣਾ ਤਨ ਮਨ ਆਪਣਾ ਸਭ ਕੁਝ (ਇਸ ਪਿਆਰ ਤੋਂ) ਸਦਕੇ ਕਰ ਦੇਂਦੇ ਹਨ, ਉਹਨਾਂ ਨੂੰ ਆਨੰਦ ਦੇ ਹੁਲਾਰੇ ਆਉਂਦੇ ਹਨ, ਸਹਿਜ ਅਵਸਥਾ ਦੀ ਤਾਰ (ਉਹਨਾਂ ਦੇ ਅੰਦਰ ਬੱਝ ਜਾਂਦੀ ਹੈ) ॥੧॥ ਰਹਾਉ ॥
(ਹੇ ਸੂਰਦਾਸ!) ਭਗਤੀ ਕਰਨ ਵਾਲੇ ਬੰਦੇ ਪ੍ਰਭੂ ਦਾ ਦੀਦਾਰ ਕਰ ਕੇ ਵਿਸ਼ੇ ਵਿਕਾਰਾਂ ਤੋਂ ਬਚ ਜਾਂਦੇ ਹਨ, ਉਹਨਾਂ ਨੂੰ ਸਾਰੇ ਪਦਾਰਥ ਮਿਲ ਜਾਂਦੇ ਹਨ (ਭਾਵ, ਉਹਨਾਂ ਦੀਆਂ ਵਾਸ਼ਨਾਂ ਮੁੱਕ ਜਾਂਦੀਆਂ ਹਨ);
ਪ੍ਰਭੂ ਦੇ ਸੋਹਣੇ ਮੁਖ ਦਾ ਦੀਦਾਰ ਕਰ ਕੇ ਉਹਨਾਂ ਨੂੰ ਦੁਨੀਆ ਦੀ ਕਿਸੇ ਹੋਰ ਸ਼ੈ ਦੀ ਕੋਈ ਗ਼ਰਜ਼ ਨਹੀਂ ਰਹਿ ਜਾਂਦੀ ॥੧॥
ਜੋ ਮਨੁੱਖ ਸੋਹਣੇ ਸਾਂਵਲੇ ਸੱਜਣ (ਪ੍ਰਭੂ) ਨੂੰ ਵਿਸਾਰ ਕੇ ਹੋਰ ਹੋਰ ਪਦਾਰਥਾਂ ਦੀ ਲਾਲਸਾ ਕਰਦੇ ਹਨ, ਉਹ ਉਸ ਜੋਕ ਵਾਂਗ ਹਨ, ਜੋ ਕਿਸੇ ਕੋਹੜੀ ਦੇ ਸਰੀਰ ਤੇ (ਲੱਗ ਕੇ ਗੰਦ ਹੀ ਚੂਸਦੀ ਹੈ)।
ਪਰ, ਹੇ ਸੂਰਦਾਸ! ਜਿਨ੍ਹਾਂ ਦਾ ਮਨ ਪ੍ਰਭੂ ਨੇ ਆਪ ਆਪਣੇ ਹੱਥ ਵਿਚ ਲੈ ਲਿਆ ਹੈ ਉਹਨਾਂ ਨੂੰ ਉਸ ਨੇ ਇਹ ਲੋਕ ਤੇ ਪਰਲੋਕ ਦੋਵੇਂ ਬਖ਼ਸ਼ੇ ਹਨ (ਭਾਵ, ਉਹ ਲੋਕ ਪਰਲੋਕ ਦੋਹੀਂ ਥਾਈਂ ਆਨੰਦ ਵਿਚ ਰਹਿੰਦੇ ਹਨ) ॥੨॥੧॥੮॥
ਰਾਗ ਸਾਰੰਗ ਵਿੱਚ ਭਗਤ ਕਬੀਰ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪਰਮਾਤਮਾ ਤੋਂ ਬਿਨਾ ਕੋਈ ਹੋਰ ਇਸ ਮਨ ਦੀ ਸਹਾਇਤਾ ਕਰਨ ਵਾਲਾ ਨਹੀਂ ਹੋ ਸਕਦਾ।
ਮਾਂ, ਪਿਉ, ਭਰਾ, ਪੁੱਤਰ, ਵਹੁਟੀ-ਇਹਨਾਂ ਸਭਨਾਂ ਨਾਲ ਜੋ ਮੋਹ ਪਾਇਆ ਹੋਇਆ ਹੈ, ਇਹ ਛਲ ਨਾਲ ਹੀ ਮੋਹ ਪਾਇਆ ਹੈ (ਭਾਵ; ਇਹ ਮੋਹ ਅਜਿਹੇ ਪਦਾਰਥਾਂ ਨਾਲ ਹੈ ਜੋ ਛਲ ਹੀ ਹਨ, ਸਦਾ ਨਾਲ ਨਿੱਭਣ ਵਾਲੇ ਨਹੀਂ ਹਨ) ॥੧॥ ਰਹਾਉ ॥
ਇਸ ਧਨ ਦਾ (ਜੋ ਤੂੰ ਖੱਟਿਆ ਕਮਾਇਆ ਹੈ) ਕੋਈ ਇਤਬਾਰ ਨਹੀਂ (ਕਿ ਕਦੋਂ ਨਾਸ ਹੋ ਜਾਏ, ਸੋ) ਅਗਾਂਹ ਵਾਸਤੇ ਕੋਈ ਹੋਰ (ਭਾਵ, ਨਾਮ ਧਨ ਦਾ) ਬੇੜਾ ਬੰਨ੍ਹੋ।
(ਧਨ ਤਾਂ ਕਿਤੇ ਰਿਹਾ) ਇਸ ਸਰੀਰ ਦਾ ਭੀ ਕੋਈ ਵਿਸਾਹ ਨਹੀਂ, ਇਸ ਨੂੰ ਰਤਾ ਕੁ ਜਿਤਨੀ ਠੋਕਰ ਲੱਗੇ (ਤਾਂ ਢਹਿ-ਢੇਰੀ ਹੋ ਜਾਂਦਾ ਹੈ) ॥੧॥
ਹੇ ਸੰਤ ਜਨੋ! (ਜਦ ਮੰਗੋ) ਗੁਰਮੁਖਾਂ (ਦੇ ਚਰਨਾਂ) ਦੀ ਧੂੜ ਮੰਗੋ, (ਇਸੇ ਵਿਚੋਂ) ਸਾਰੇ ਧਰਮਾਂ ਤੇ ਪੁੰਨਾਂ ਦੇ ਫਲ ਮਿਲਣਗੇ।
ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਇਹ ਮਨ ਇਉਂ ਹੈ ਜਿਵੇਂ ਜੰਗਲ ਦਾ ਕੋਈ ਉਡਾਰੂ ਪੰਛੀ (ਇਸ ਨੂੰ ਟਿਕਾਣ ਲਈ ਗੁਰਮੁਖਾਂ ਦੀ ਸੰਗਤ ਵਿਚ ਲਿਆਉ) ॥੨॥੧॥੯॥