(ਹੇ ਭਾਈ! ਇਹੋ ਜਿਹੇ ਸੰਤ ਜਨਾਂ ਦੀ ਸੰਗਤਿ ਵਿਚ) ਨਾਨਕ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ,
ਅਤੇ ਹਰਿ-ਨਾਮ ਦੀ ਬਰਕਤ ਨਾਲ (ਨਾਨਕ ਦੇ ਹਿਰਦੇ ਵਿਚ) ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ ॥੪॥੪॥੬॥
(ਹੇ ਭਾਈ! ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤੀ ਹੈ) ਗੁਰੂ ਦੀ (ਇਸ) ਮੂਰਤੀ ਦਾ (ਮੇਰੇ) ਮਨ ਵਿਚ ਧਿਆਨ ਟਿਕਿਆ ਰਹਿੰਦਾ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ ਮੇਰਾ ਮਨ ਨਾਮ-ਮੰਤ੍ਰ ਨੂੰ (ਸਭ ਮੰਤ੍ਰਾਂ ਤੋਂ ਸ੍ਰੇਸ਼ਟ ਮੰਤ੍ਰ) ਮੰਨ ਰਿਹਾ ਹੈ।
(ਤਾਹੀਏਂ, ਹੇ ਭਾਈ!) ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਲੈ ਕੇ ਵਸਾਈ ਰੱਖਦਾ ਹਾਂ।
ਮੈਂ ਤਾਂ ਗੁਰੂ (ਨੂੰ) ਪਰਮਾਤਮਾ (ਦਾ ਰੂਪ ਜਾਣ ਕੇ ਉਸ) ਨੂੰ ਸਦਾ ਨਮਸਕਾਰ ਕਰਦਾ ਹਾਂ ॥੧॥
ਹੇ ਭਾਈ! ਦੁਨੀਆ ਵਿਚ ਕਿਤੇ ਕੋਈ ਮਨੁੱਖ ਭਟਕਣਾ ਵਿਚ ਪੈ ਕੇ (ਇਹ ਗੱਲ) ਨਾਹ ਭੁੱਲ ਜਾਏ,
ਕਿ ਗੁਰੂ ਤੋਂ ਬਿਨਾ ਕੋਈ ਭੀ ਜੀਵ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੇਗਾ ॥੧॥ ਰਹਾਉ ॥
ਹੇ ਭਾਈ! ਕੁਰਾਹੇ ਜਾ ਰਹੇ ਮਨੁੱਖ ਨੂੰ ਗੁਰੂ ਨੇ (ਹੀ ਸਹੀ ਜੀਵਨ ਦੇ) ਰਸਤੇ ਉਤੇ (ਸਦਾ) ਪਾਇਆ ਹੈ,
ਹੋਰ (ਦੇਵੀ ਦੇਵਤਿਆਂ ਦੀ ਭਗਤੀ) ਛਡਾ ਕੇ ਪਰਮਾਤਮਾ ਦੀ ਭਗਤੀ ਵਿਚ ਜੋੜਿਆ ਹੈ।
(ਤੇ, ਇਸ ਤਰ੍ਹਾਂ ਉਸ ਦੇ ਅੰਦਰੋਂ) ਜਨਮ ਮਰਨ ਦੇ ਗੇੜ ਦਾ ਸਹਿਮ ਮੁਕਾ ਦਿੱਤਾ ਹੈ।
ਹੇ ਭਾਈ! ਪੂਰੇ ਗੁਰੂ ਦੀ ਵਡਿਆਈ ਦਾ ਅੰਤ ਨਹੀਂ ਪੈ ਸਕਦਾ ॥੨॥
ਹੇ ਭਾਈ! (ਮਾਇਆ ਵਲ) ਉਲਟਿਆ ਹੋਇਆ ਹਿਰਦਾ-ਕੌਲ ਗੁਰੂ ਦੀ ਕਿਰਪਾ ਨਾਲ (ਪਰਤ ਕੇ) ਖਿੜ ਪੈਂਦਾ ਹੈ।
(ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ (ਸਹੀ ਉੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।
ਗੁਰੂ ਦੀ ਰਾਹੀਂ ਉਸ ਪਰਮਾਤਮਾ ਨਾਲ ਜਾਣ-ਪਛਾਣ ਬਣ ਜਾਂਦੀ ਹੈ ਜਿਸ ਨੇ (ਇਹ ਸਾਰਾ ਜਗਤ) ਪੈਦਾ ਕੀਤਾ ਹੈ।
(ਇਹ) ਮੂਰਖ ਮਨ ਗੁਰੂ ਦੀ ਕਿਰਪਾ ਨਾਲ (ਪ੍ਰਭੂ-ਚਰਨਾਂ ਵਿਚ ਜੁੜਨਾ) ਗਿੱਝ ਜਾਂਦਾ ਹੈ ॥੩॥
ਹੇ ਭਾਈ! ਗੁਰੂ (ਆਤਮਕ ਅਵਸਥਾ ਵਿਚ ਕਰਤਾਰ ਨਾਲ ਇਕ-ਸੁਰ ਹੋਣ ਕਰਕੇ ਉਸ) ਕਰਤਾਰ ਦਾ ਰੂਪ ਹੈ ਜੋ ਸਭ ਕੁਝ ਕਰਨ ਦੇ ਸਮਰਥ ਹੈ।
ਗੁਰੂ ਉਸ ਪਰਮੇਸਰ ਦਾ ਰੂਪ ਹੈ, ਜੋ (ਪਹਿਲਾਂ ਭੀ ਮੌਜੂਦ ਸੀ) ਹੁਣ ਭੀ ਮੌਜੂਦ ਹੈ ਅਤੇ ਸਦਾ ਕਾਇਮ ਰਹੇਗਾ।
ਨਾਨਕ ਆਖਦਾ ਹੈ- ਪ੍ਰਭੂ ਨੇ ਮੈਨੂੰ ਇਹੀ ਗੱਲ ਸਮਝਾਈ ਹੈ (ਕਿ)
ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਾਇਆ ਦੇ ਮੋਹ ਦੇ ਅੰਧਕਾਰ ਤੋਂ) ਖ਼ਲਾਸੀ ਨਹੀਂ ਹੋ ਸਕਦੀ ॥੪॥੫॥੭॥
ਹੇ ਮੇਰੇ ਮਨ! ਹਰ ਵੇਲੇ ਗੁਰੂ (ਦੇ ਉਪਦੇਸ਼) ਨੂੰ ਚੇਤੇ ਰੱਖ,
ਮੈਨੂੰ ਗੁਰੂ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਸੁੱਝਦਾ।
ਹੇ ਮਨ! ਉਸ ਗੁਰੂ ਦੇ ਆਸਰੇ ਦਿਨ ਰਾਤ ਟਿਕਿਆ ਰਹੁ,
ਜਿਸ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਦਾਤ ਨੂੰ ਕੋਈ ਮਿਟਾ ਨਹੀਂ ਸਕਦਾ ॥੧॥
ਹੇ ਭਾਈ! ਗੁਰੂ ਅਤੇ ਪਰਮਾਤਮਾ ਨੂੰ ਇੱਕ ਰੂਪ ਸਮਝੋ।
ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਗੁਰੂ ਭੀ (ਸਿਰ-ਮੱਥੇ) ਕਬੂਲ ਕਰਦਾ ਹੈ ॥੧॥ ਰਹਾਉ ॥
ਹੇ ਮੇਰੇ ਮਨ! ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ,
ਉਸ ਦੀ ਹਰੇਕ ਭਟਕਣਾ ਹਰੇਕ ਦੁੱਖ ਦਰਦ ਦੂਰ ਹੋ ਜਾਂਦਾ ਹੈ।
ਹੇ ਮਨ! ਗੁਰੂ ਦੀ ਸਰਨ ਪੈ ਕੇ ਮਨੁੱਖ (ਹਰ ਥਾਂ) ਆਦਰ ਹਾਸਲ ਕਰਦਾ ਹੈ।
ਹੇ ਮੇਰੇ ਮਨ! ਗੁਰੂ ਤੋਂ ਸਦਾ ਸਦਕੇ ਹੋ ॥੨॥
ਹੇ ਮੇਰੇ ਮਨ! ਗੁਰੂ ਦਾ ਦਰਸ਼ਨ ਕਰ ਕੇ (ਮਨੁੱਖ ਦਾ ਤਨ ਮਨ) ਖਿੜ ਜਾਂਦਾ ਹੈ।
ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਦੀ ਮੇਹਨਤ ਸਫਲ ਹੋ ਜਾਂਦੀ ਹੈ।
ਕੋਈ ਭੀ ਦੁੱਖ ਗੁਰੂ ਦੇ ਸੇਵਕ ਉਤੇ (ਆਪਣਾ) ਜ਼ੋਰ ਨਹੀਂ ਪਾ ਸਕਦਾ।
ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ ਸਾਰੇ ਸੰਸਾਰ ਵਿਚ ਪਰਗਟ ਹੋ ਜਾਂਦਾ ਹੈ ॥੩॥
ਹੇ ਭਾਈ! ਗੁਰੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
ਗੁਰੂ ਉਸ ਪਰਮਾਤਮਾ ਦਾ ਰੂਪ ਹੈ, ਜੋ ਹਰ ਥਾਂ ਵਿਆਪਕ ਹੈ।
ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਵੱਡੇ ਭਾਗ ਜਾਗਦੇ ਹਨ,
ਉਸ ਦਾ ਮਨ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੪॥੬॥੮॥
ਹੇ ਭਾਈ! (ਮੇਰਾ) ਗੁਰੂ (ਗੁਰੂ ਦੀ ਸਰਨ ਹੀ) ਮੇਰੇ ਵਾਸਤੇ (ਦੇਵ-) ਪੂਜਾ ਹੈ, (ਮੇਰਾ) ਗੁਰੂ ਗੋਬਿੰਦ (ਦਾ ਰੂਪ) ਹੈ।
ਮੇਰਾ ਗੁਰੂ ਪਰਮਾਤਮਾ (ਦਾ ਰੂਪ) ਹੈ, ਗੁਰੂ ਬੜੀ ਸਮਰਥਾ ਦਾ ਮਾਲਕ ਹੈ।
ਮੇਰਾ ਗੁਰੂ ਉਸ ਪ੍ਰਕਾਸ਼-ਰੂਪ ਪ੍ਰਭੂ ਦਾ ਰੂਪ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।
ਮੈਂ ਤਾਂ ਉਹਨਾਂ ਗੁਰ-ਚਰਨਾਂ ਦੀ ਸਰਨ ਪਿਆ ਰਹਿੰਦਾ ਹਾਂ ਜਿਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਪੂਜਦੀ ਹੈ ॥੧॥
ਹੇ ਭਾਈ! (ਮਾਇਆ ਦੇ ਮੋਹ ਦੇ ਘੁੱਪ ਹਨੇਰੇ ਵਿਚੋਂ ਬਚਣ ਲਈ) ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦਾ (ਜਿਸ ਦਾ ਆਸਰਾ ਲੈ ਸਕਾਂ।
ਸੋ) ਮੈਂ ਹਰ ਵੇਲੇ ਗੁਰੂ ਦਾ ਨਾਮ ਹੀ ਜਪਦਾ ਹਾਂ (ਗੁਰੂ ਦੀ ਓਟ ਤੱਕੀ ਬੈਠਾ ਹਾਂ) ॥੧॥ ਰਹਾਉ ॥
ਹੇ ਭਾਈ! ਗੁਰੂ ਹੀ ਮੇਰੇ ਵਾਸਤੇ ਧਾਰਮਿਕ ਚਰਚਾ ਹੈ, ਗੁਰੂ (ਸਦਾ ਮੇਰੇ) ਹਿਰਦੇ ਵਿਚ ਟਿਕਿਆ ਹੋਇਆ ਹੈ, ਇਹੀ ਮੇਰੀ ਸਮਾਧੀ ਹੈ।
ਗੁਰੂ ਉਸ ਭਗਵਾਨ ਦਾ ਰੂਪ ਹੈ ਜੋ ਸਰਬ-ਵਿਆਪਕ ਹੈ ਅਤੇ ਸ੍ਰਿਸ਼ਟੀ ਦਾ ਪਾਲਣਹਾਰ ਹੈ।
ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਸਦਾ) ਗੁਰੂ ਦੀ ਸਰਨ ਪਿਆ ਰਹਿੰਦਾ ਹਾਂ।
ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਆਸਰਾ ਨਹੀਂ ਸੁੱਝਦਾ ॥੨॥
ਹੇ ਭਾਈ! ਗੁਰੂ ਜਹਾਜ਼ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।
ਗੁਰੂ ਦੀ ਸਰਨ ਪਿਆਂ ਜਮਾਂ (ਦੇ ਡਰ) ਤੋਂ ਖ਼ਲਾਸੀ ਮਿਲ ਜਾਂਦੀ ਹੈ।
(ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ ਗੁਰੂ ਦਾ ਉਪਦੇਸ਼ ਹੀ (ਆਤਮਕ ਜੀਵਨ ਦਾ) ਚਾਨਣ ਦੇਂਦਾ ਹੈ।
ਗੁਰੂ ਦੀ ਸੰਗਤਿ ਵਿਚ ਰਿਹਾਂ ਸਾਰੇ ਜੀਵਾਂ ਦਾ ਪਾਰ-ਉਤਾਰਾ ਹੋ ਜਾਂਦਾ ਹੈ ॥੩॥
ਹੇ ਭਾਈ! ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਮਿਲਦਾ ਹੈ।
ਗੁਰੂ ਦੀ ਸਰਨ ਪਿਆਂ ਕੋਈ ਦੁੱਖ ਪੋਹ ਨਹੀਂ ਸਕਦਾ।
(ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦਾ ਸ਼ਬਦ (ਵੱਸ ਪਏ ਉਸ ਦੇ ਅੰਦਰੋਂ) ਕੋਈ ਮਨੁੱਖ (ਆਤਮਕ ਜੀਵਨ ਦੇ ਉਜਾਰੇ ਨੂੰ) ਮਿਟਾ ਨਹੀਂ ਸਕਦਾ।
ਹੇ ਭਾਈ! ਗੁਰੂ ਨਾਨਕ ਉਸ ਪਰਮਾਤਮਾ ਦਾ ਰੂਪ ਹੈ ॥੪॥੭॥੯॥