ਆਪ ਹੀ ਜਲ ਦਿੰਦਾ ਹੈ ਤੇ ਛਿੰਗਾ ਭੀ ਆਪ ਦੇਂਦਾ ਹੈ ਤੇ ਆਪ ਹੀ ਚੁਲੀ ਕਰਾਉਂਦਾ ਹੈ।
ਹਰੀ ਆਪ ਹੀ ਸੰਗਤਿ ਨੂੰ ਸੱਦ ਕੇ ਬਿਠਾਉਂਦਾ ਹੈ ਤੇ ਆਪ ਹੀ ਵਿਦਾ ਕਰਦਾ ਹੈ।
ਜਿਸ ਉਤੇ ਪ੍ਰਭੂ ਆਪ ਦਇਆਲ ਹੁੰਦਾ ਹੈ ਉਸ ਨੂੰ ਆਪਣੀ ਰਜ਼ਾ (ਮਿੱਠੀ ਕਰ ਕੇ) ਮਨਾਂਦਾ ਹੈ ॥੬॥
(ਕਰਮ ਕਾਂਡ ਦੇ) ਕਰਮ ਤੇ ਧਰਮ ਸਾਰੇ ਬੰਧਨ (ਰੂਪ) ਹੀ ਹਨ ਅਤੇ ਚੰਗੇ ਜਾਂ ਮੰਦੇ ਕੰਮ ਭੀ (ਸੰਸਾਰ/ਮਾਇਆ ਨਾਲ ਮੋਹ) ਜੋੜੀ ਰੱਖਣ ਦਾ ਵਸੀਲਾ ਹਨ।
ਮਮਤਾ ਤੇ ਮੋਹ ਭੀ ਬੰਧਨ-ਰੂਪ ਹੈ, ਪੁੱਤ੍ਰ ਤੇ ਇਸਤ੍ਰੀ-(ਇਹਨਾਂ ਦਾ ਪਿਆਰ ਭੀ) ਕਸ਼ਟ ਦਾ ਕਾਰਨ ਹੈ,
ਜਿੱਧਰ ਵੇਖਦਾ ਹਾਂ ਉਧਰ ਹੀ ਮਾਇਆ ਦਾ ਮੋਹ (ਰੂਪ) ਜੇਵੜੀ ਹੈ।
ਹੇ ਨਾਨਕ! ਸੱਚੇ ਨਾਮ ਤੋਂ ਬਿਨਾ ਅੰਨ੍ਹਾ ਮਨੁੱਖ (ਮਾਇਆ ਦੀ) ਵਰਤੋਂ ਹੀ ਵਰਤਦਾ ਹੈ ॥੧॥
ਅੰਨ੍ਹੇ ਮਨੁੱਖ ਨੂੰ ਚਾਨਣ ਤਾਂ ਹੀ ਹੁੰਦਾ ਹੈ ਜੇ (ਪ੍ਰਭੂ ਦੀ) ਰਜ਼ਾ ਵਿਚ ਉਸ ਨੂੰ ਸਤਿਗੁਰੂ ਮਿਲ ਪਏ।
ਇੰਜ ਉਹ (ਮਾਇਆ ਦੇ) ਬੰਧਨ ਤੋੜ ਲੈਂਦਾ ਹੈ, ਸੱਚੇ ਹਰੀ ਵਿਚ ਲੀਨ ਹੋ ਜਾਂਦਾ ਹੈ ਤੇ ਉਸ ਦਾ ਅਗਿਆਨ (ਰੂਪ) ਹਨੇਰਾ ਦੂਰ ਹੋ ਜਾਂਦਾ ਹੈ।
ਫਿਰ ਮਨੁੱਖ ਸਭ ਕੁਝ ਉਸੇ ਪ੍ਰਭੂ ਦਾ ਹੀ ਸਮਝਦਾ ਹੈ, ਜਿਸ ਨੇ ਸਰੀਰ ਬਣਾ ਕੇ ਪੈਦਾ ਕੀਤਾ ਹੈ।
ਹੇ ਨਾਨਕ! ਐਸਾ ਮਨੁੱਖ ਸਿਰਜਣਹਾਰ ਦੀ ਸਰਣੀ ਪੈਂਦਾ ਹੈ ਤੇ ਸਿਰਜਣਹਾਰ ਉਸ ਦੀ ਪੈਜ ਰੱਖਦਾ ਹੈ (ਭਾਵ, ਉਸ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ) ॥੨॥
ਜਦੋਂ ਪ੍ਰਭੂ ਨੇ ਆਪ ਹੀ ਬਹਿ ਕੇ ਰਚਨਾ ਰਚੀ ਤਦੋਂ ਉਸ ਨੇ ਕਿਸੇ ਦੂਸਰੇ ਸੇਵਕ ਪਾਸੋਂ ਸਲਾਹ ਨਹੀਂ ਲਈ ਸੀ,
ਜਦੋਂ ਹੋਰ ਦੂਸਰਾ ਕੋਈ ਪੈਦਾ ਹੀ ਨਹੀਂ ਸੀ ਕੀਤਾ, ਤਾਂ ਕਿਸੇ ਨੇ ਕਿਸੇ ਪਾਸੋਂ ਲੈਣਾ ਕੀਹ ਸੀ ਤੇ ਦੇਣਾ ਕੀਹ ਸੀ?
ਫਿਰ ਹਰੀ ਨੇ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਤੇ ਸਭ ਜੀਵਾਂ ਨੂੰ ਰੋਜ਼ੀ ਦਿੱਤੀ।
ਗੁਰੂ ਦੀ ਰਾਹੀਂ ਸਿਮਰਨ ਦੀ ਜੁਗਤਿ ਪ੍ਰਭੂ ਨੇ ਆਪ ਹੀ ਬਣਾਈ ਤੇ ਆਪ ਹੀ ਉਸ ਨੇ (ਨਾਮ-ਰੂਪ) ਅੰਮ੍ਰਿਤ ਪੀਤਾ।
ਪ੍ਰਭੂ ਆਪ ਹੀ ਆਕਾਰ ਤੋਂ ਰਹਿਤ ਹੈ ਤੇ ਆਪ ਹੀ ਆਕਾਰ ਵਾਲਾ ਹੈ, ਜੋ ਉਹ ਆਪ ਕਰਦਾ ਹੈ ਸੋਈ ਹੁੰਦਾ ਹੈ ॥੭॥
ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਸਹਿਜ ਅਵਸਥਾ ਵਿਚ ਲਿਵ ਜੋੜ ਕੇ (ਭਾਵ, ਸਦਾ ਇਕਾਗਰ ਚਿੱਤ ਰਹਿ ਕੇ) ਸਦਾ ਸੱਚੇ ਪ੍ਰਭੂ ਨੂੰ ਸਿਮਰਦੇ ਹਨ,
ਤੇ ਹੇਠ ਉਪਰ (ਸਭ ਥਾਈਂ) ਵਿਆਪਕ ਹਰੀ ਨੂੰ ਹਿਰਦੇ ਵਿਚ ਪ੍ਰੋ ਕੇ ਚੜ੍ਹਦੀ ਕਲਾ ਵਿਚ (ਰਹਿ ਕੇ) ਸਦਾ ਸੱਚੇ ਦੀ ਸਿਫ਼ਤ-ਸਾਲਾਹ ਕਰਦੇ ਹਨ।
ਧੁਰੋਂ ਹੀ ਕਰਤਾਰ ਨੇ (ਉਹਨਾਂ ਲਈ) ਬਖ਼ਸ਼ਸ਼ (ਦਾ ਫ਼ੁਰਮਾਨ) ਲਿਖ ਦਿੱਤਾ ਹੈ ਜਿਸ ਕਰਕੇ ਉਹਨਾਂ ਦੇ ਹਿਰਦੇ ਵਿਚ ਪਿਆਰਾ ਪ੍ਰਭੂ ਵੱਸਦਾ ਹੈ।
ਹੇ ਨਾਨਕ! ਉਸ ਪ੍ਰਭੂ ਨੇ ਆਪ ਹੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੇ ਵਿਚ ਮਿਲਾ ਲਿਆ ਹੈ ॥੧॥
ਕੇਵਲ ਕਹਿੰਦਿਆਂ ਤੇ ਕਥਦਿਆਂ ਪ੍ਰਭੂ ਨਹੀਂ ਮਿਲਦਾ, ਚਾਹੇ ਜੀਵ ਹਰ ਵੇਲੇ ਗੁਣ ਗਾਉਂਦਾ ਰਹੇ,
ਮੇਹਰ ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ, ਕਈ ਰੋਂਦੇ ਕੁਰਲਾਉਂਦੇ ਮਰ ਗਏ ਹਨ।
ਸਤਿਗੁਰੂ ਦੇ ਸ਼ਬਦ ਨਾਲ (ਹੀ) ਮਨ ਤੇ ਤਨ ਭਿੱਜਦਾ ਹੈ ਤੇ ਪ੍ਰਭੂ ਹਿਰਦੇ ਵਿਚ ਵੱਸਦਾ ਹੈ।
ਹੇ ਨਾਨਕ! ਪ੍ਰਭੂ ਆਪਣੀ ਕ੍ਰਿਪਾ ਦ੍ਰਿਸ਼ਟੀ ਨਾਲ ਹੀ ਮਿਲਦਾ ਹੈ, ਉਹ ਆਪ ਹੀ (ਜੀਵ ਨੂੰ) ਆਪਣੇ ਨਾਲ ਮਿਲਾਂਦਾ ਹੈ ॥੨॥
ਸਾਰੇ ਵੇਦ ਪੁਰਾਣ ਤੇ ਸ਼ਾਸਤ੍ਰ ਪ੍ਰਭੂ ਆਪ ਹੀ ਰਚਣ ਵਾਲਾ ਹੈ, ਆਪ ਹੀ ਇਹਨਾਂ ਦੀ ਕਥਾ ਕਰਦਾ ਹੈ ਤੇ ਆਪ ਹੀ (ਸੁਣ ਕੇ) ਪ੍ਰਸੰਨ ਹੁੰਦਾ ਹੈ।
ਹਰੀ ਆਪ ਹੀ ਬੈਠ ਕੇ (ਪੁਰਾਣ ਆਦਿਕ ਮਤ-ਅਨੁਸਾਰ) ਪੂਜਾ ਕਰਦਾ ਹੈ ਤੇ ਆਪ ਹੀ (ਹੋਰ) ਪਸਾਰਾ ਪਸਾਰਦਾ ਹੈ।
ਆਪ ਹੀ ਸੰਸਾਰ ਵਿਚ ਖਚਿਤ ਹੋ ਰਿਹਾ ਹੈ ਤੇ ਆਪ ਹੀ ਏਸ ਤੋਂ ਕਿਨਾਰਾ ਕਰੀ ਬੈਠਾ ਹੈ ਤੇ ਕਥਨ ਤੋਂ ਪਰੇ ਆਪਣਾ ਆਪਾ ਆਪ ਹੀ ਬਿਆਨ ਕਰਦਾ ਹੈ।
ਪੁੰਨ ਭੀ ਆਪ ਹੀ ਕਰਾਉਂਦਾ ਹੈ, ਫੇਰ (ਪਾਪ) ਪੁੰਨ ਤੋਂ ਅਲੇਪ ਭੀ ਆਪ ਹੀ ਵਰਤਦਾ ਹੈ।
ਆਪ ਹੀ ਪ੍ਰਭੂ ਸੁਖ ਦੁਖ ਦੇਂਦਾ ਹੈ ਅਤੇ ਆਪ ਹੀ ਮੇਹਰ ਕਰਦਾ ਹੈ ॥੮॥
ਹੇ ਸ਼ੇਖ਼! ਹਿਰਦੇ ਵਿਚੋਂ ਹਠ ਛੱਡ ਦੇਹ, ਇਹ ਝੱਲ-ਪੁਣਾ ਦੂਰ ਕਰ ਤੇ ਸਤਿਗੁਰੂ ਦਾ ਡਰ ਹਿਰਦੇ ਵਿਚ ਵਸਾ (ਭਾਵ, ਅਦਬ ਵਿਚ ਆ)।
ਸਤਿਗੁਰੂ ਦੇ ਅਦਬ ਵਿਚ ਰਹਿ ਕੇ ਨਿਰਭਉ ਪ੍ਰਭੂ ਨੂੰ ਲੱਭ ਕੇ ਕਈ ਏਸ ਡਰ ਦੀ ਰਾਹੀਂ ਤਰ ਗਏ ਹਨ।
ਆਪਣੇ ਕਰੜੇ ਮਨ ਨੂੰ ਸਤਿਗੁਰੂ ਦੇ ਸ਼ਬਦ ਨਾਲ ਵਿੰਨ੍ਹ ਤਾਂ ਕਿ ਤੇਰੇ ਮਨ ਵਿਚ ਸ਼ਾਂਤੀ ਤੇ ਠੰਡ ਆ ਕੇ ਵੱਸੇ।
ਫੇਰ ਸ਼ਾਤੀ ਵਿਚ (ਭਜਨ ਬੰਦਗੀ ਵਾਲੀ) ਜੋ ਕਾਰ ਕਰੇਂਗਾ, ਮਾਲਕ ਉਸ ਨੂੰ ਕਬੂਲ ਕਰੇਗਾ।
ਹੇ ਨਾਨਕ! ਕਿਸੇ ਗਿਆਨ ਵਾਲੇ ਨੂੰ ਜਾ ਕੇ ਪੁੱਛ ਲੈ, ਕਾਮ ਤੇ ਕ੍ਰੋਧ (ਆਦਿਕ ਵਿਕਾਰਾਂ) ਦੇ ਅਧੀਨ ਹੋਇਆਂ ਕਿਸੇ ਨੂੰ ਭੀ ਰੱਬ ਨਹੀਂ ਲੱਭਾ ॥੧॥