ਹੇ (ਮੇਰੇ) ਮਾਲਕ! ਜਿਨ੍ਹਾਂ ਸੰਤ ਜਨਾਂ ਨੇ ਤੈਨੂੰ ਜਾਣ ਲਿਆ (ਤੇਰੇ ਨਾਲ ਡੂੰਘੀ ਸਾਂਝ ਪਾ ਲਈ), ਉਹਨਾਂ ਦਾ ਹੀ ਜਗਤ ਵਿਚ ਆਉਣਾ ਸਫਲ ਹੈ।
ਹੇ ਨਾਨਕ! ਸੰਤ ਜਨਾਂ ਦੀ ਸੰਗਤ ਵੱਡੇ ਭਾਗਾਂ ਨਾਲ ਮਿਲਦੀ ਹੈ। ਮੈਂ ਤਾਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ ॥੨॥੪੧॥੬੪॥
ਹੇ ਦਇਆ ਦੇ ਸੋਮੇ ਸੰਤ ਜਨੋ! (ਮਿਹਰ ਕਰ ਕੇ) ਮੇਰੀ ਉੱਚੀ ਆਤਮਕ ਅਵਸਥਾ ਕਰ ਦਿਉ।
ਤੁਸੀਂ ਸਭ ਤਾਕਤਾਂ ਦੇ ਮਾਲਕ ਅਤੇ ਜਗਤ ਦੇ ਮੂਲ ਪਰਮਾਤਮਾ ਦਾ ਰੂਪ ਹੋ। ਪਰਮਾਤਮਾ ਨਾਲੋਂ ਟੁੱਟੀ ਹੋਈ ਸੁਰਤ ਤੁਸੀਂ ਹੀ ਜੋੜਨ ਵਾਲੇ ਹੋ ॥੧॥ ਰਹਾਉ ॥
ਹੇ ਸੰਤ ਜਨੋ! ਅਨੇਕਾਂ ਜਨਮਾਂ ਦੇ ਵਿਕਾਰੀਆਂ ਨੂੰ ਤੁਸੀਂ (ਵਿਕਾਰਾਂ ਤੋਂ) ਬਚਾ ਲੈਂਦੇ ਹੋ, ਤੁਹਾਡੀ ਸੰਗਤ ਵਿਚ ਰਿਹਾਂ ਸ੍ਰੇਸ਼ਟ ਅਕਲ ਪ੍ਰਾਪਤ ਹੋ ਜਾਂਦੀ ਹੈ।
ਪਰਮਾਤਮਾ ਨੂੰ ਭੁਲਾ ਕੇ ਅਨੇਕਾਂ ਜੂਨਾਂ ਵਿਚ ਭਟਕਦਿਆਂ ਨੇ ਭੀ (ਤੁਹਾਡੀ ਸੰਗਤ ਵਿਚ) ਹਰੇਕ ਸਾਹ ਦੇ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਸ਼ੁਰੂ ਕਰ ਦਿੱਤੀ ॥੧॥
ਜਿਹੜੇ ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿਚ ਮਿਲਦੇ ਹਨ, ਉਹ ਸਾਰੇ ਵਿਕਾਰੀਆਂ ਤੋਂ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।
ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪਏ, ਉਸ ਨੇ (ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ) ਇਹ ਕੀਮਤੀ ਮਨੁੱਖਾ ਜਨਮ (ਵਿਕਾਰਾਂ ਅੱਗੇ) ਹਾਰਨ ਤੋਂ ਬਚਾ ਲਿਆ ॥੨॥੪੨॥੬੫॥
ਹੇ (ਮੇਰੇ) ਮਾਲਕ-ਪ੍ਰਭੂ! (ਤੇਰਾ) ਦਾਸ (ਤੇਰੇ ਦਰ ਤੇ) ਬੇਨਤੀ ਕਰਨ ਆਇਆ ਹੈ।
ਤੇਰਾ ਨਾਮ ਸੁਣਦਿਆਂ ਆਤਮਕ ਅਡੋਲਤਾ ਦੇ ਸਾਰੇ ਸੁਖ ਸਾਰੇ ਆਨੰਦ ਸਾਰੇ ਰਸ (ਮਿਲ ਜਾਂਦੇ ਹਨ) ॥੧॥ ਰਹਾਉ ॥
ਹੇ ਦਇਆ ਦੇ ਖ਼ਜ਼ਾਨੇ! ਹੇ ਸੁਖਾਂ ਦੇ ਸਮੁੰਦਰ! (ਤੂੰ ਐਸਾ ਹੈਂ) ਜਿਸ ਦੀ ਸੋਭਾ ਸਾਰੀ ਸ੍ਰਿਸ਼ਟੀ ਵਿਚ ਆਪਣਾ ਪ੍ਰਭਾਵ ਪਾਂਦੀ ਹੈ।
ਸੰਤਾਂ ਦੀ ਸੰਗਤ ਵਿਚ ਤੂੰ ਅਨੇਕਾਂ ਆਨੰਦ-ਚੋਜ ਕਰਦਾ ਹੈਂ, ਤੇ, ਆਪਣੇ ਆਪ ਨੂੰ ਪਰਗਟ ਕਰਦਾ ਹੈਂ ॥੧॥
(ਹੇ ਪ੍ਰਭੂ! ਮਿਹਰ ਕਰ) ਅੱਖਾਂ ਨਾਲ (ਦਰਸਨ ਕਰ ਕੇ) ਮੈਂ ਸੰਤ ਜਨਾਂ ਦੀ ਸੇਵਾ ਕਰਦਾ ਰਹਾਂ, ਉਹਨਾਂ ਦੇ ਚਰਨ ਆਪਣੇ ਕੇਸਾਂ ਨਾਲ ਝਾੜਦਾ ਰਹਾਂ।
ਮੈਂ ਅੱਠੇ ਪਹਰ ਸੰਤ ਜਨਾਂ ਦਾ ਦਰਸਨ ਕਰਦਾ ਰਹਾਂ, ਮੈਨੂੰ ਨਾਨਕ ਨੂੰ ਇਹ ਸੁਖ ਮਿਲਿਆ ਰਹੇ ॥੨॥੪੩॥੬੬॥
ਜਿਸ ਮਨੁੱਖ ਦੀ ਲਗਨ ਪਰਮਾਤਮਾ ਦੇ ਨਾਮ ਨਾਲ ਲੱਗ ਜਾਂਦੀ ਹੈ,
ਉਹ ਭਲਾ ਮਨੁੱਖ ਬਣ ਜਾਂਦਾ ਹੈ, ਉਹ ਸੋਹਣੇ ਹਿਰਦੇ ਵਾਲਾ ਹੋ ਜਾਂਦਾ ਹੈ, ਉਹ ਸੁਖੀ ਹੋ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਉਸ ਨੂੰ ਵੱਡੇ ਭਾਗਾਂ ਵਾਲਾ ਆਖਣਾ ਚਾਹੀਦਾ ਹੈ ॥੧॥ ਰਹਾਉ ॥
(ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੇ ਨਾਮ ਵਿਚ ਜੁੜਦੀ ਹੈ, ਉਹ) ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਮਾਇਆ ਤੋਂ ਨਿਰਲੇਪ ਰਹਿੰਦਾ ਹੈ, ਆਤਮਕ ਮੌਤ ਲਿਆਉਣ ਵਾਲੀ ਹਉਮੈ-ਜ਼ਹਰ ਉਹ ਤਿਆਗ ਦੇਂਦਾ ਹੈ।
ਉਸ ਨੂੰ ਸਿਰਫ਼ ਪਰਮਾਤਮਾ ਦੇ ਦਰਸਨ ਦੀ ਤਾਂਘ ਤੇ ਉਡੀਕ ਲੱਗੀ ਰਹਿੰਦੀ ਹੈ, ਉਹ ਮਨੁੱਖ ਆਪਣੇ ਹਿਰਦੇ ਵਿਚ ਪਿਆਰੇ ਪ੍ਰਭੂ ਦੇ ਚਰਨਾਂ ਦਾ ਆਸਰਾ ਬਣਾਈ ਰੱਖਦਾ ਹੈ ॥੧॥
(ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਣ ਵਾਲਾ ਮਨੁੱਖ) ਸੁੱਤ ਜਾਗਦਾ ਉੱਠਦਾ ਬੈਠਦਾ, ਹੱਸਦਾ, ਵੈਰਾਗ ਕਰਦਾ-ਹਰ ਵੇਲੇ ਹੀ ਚਿੰਤਾ ਤੋਂ ਰਹਿਤ ਰਹਿੰਦਾ ਹੈ।
ਨਾਨਕ ਆਖਦਾ ਹੈ- ਜਿਸ ਮਾਇਆ ਨੇ ਸਾਰੇ ਜਗਤ ਨੂੰ ਭਰਮਾਇਆ ਹੈ, ਸੰਤ ਜਨਾਂ ਨੇ ਉਸ ਮਾਇਆ ਨੂੰ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ ॥੨॥੪੪॥੬੭॥
(ਜਦੋਂ ਮਨੁੱਖ ਗੁਰੂ ਦੇ ਬਚਨ ਉੱਤੇ ਤੁਰ ਕੇ ਹਰਿ-ਨਾਮ ਜਪਦਾ ਹੈ) ਤਦੋਂ ਉਸ ਸੇਵਕ ਉੱਤੇ ਕੋਈ ਮਨੁੱਖ ਕੋਈ ਦੂਸ਼ਣ ਨਹੀਂ ਲਾ ਸਕਦਾ।
ਜਿਹੜਾ ਮਨੁੱਖ ਪ੍ਰਭੂ ਦੇ ਸੇਵਕ ਉੱਤੇ ਦੂਸ਼ਣ ਥੱਪਣ ਦਾ ਜਤਨ ਕਰਦਾ ਹੈ, ਗੁਰੂ ਪਰਮਾਤਮਾ ਉਸ ਦਾ ਆਤਮਕ ਜੀਵਨ ਨੀਵਾਂ ਕਰ ਦੇਂਦਾ ਹੈ ॥੧॥ ਰਹਾਉ ॥
ਜਿਹੜਾ ਮਨੁੱਖ ਕਦੇ ਕਿਸੇ ਨਾਲ ਵੈਰ ਨਹੀਂ ਕਰਦਾ, ਉਸ ਨਾਲ ਜਿਹੜਾ ਵੈਰ ਕਮਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਦਰਗਾਹ ਵਿਚ ਆਤਮਕ ਜੀਵਨ ਦੇ ਤੋਲ ਵਿਚ ਪੂਰਾ ਨਹੀਂ ਉਤਰਦਾ।
ਜਗਤ ਦੇ ਸ਼ੁਰੂ ਤੋਂ, ਜੁਗਾਂ ਦੇ ਮੁੱਢ ਤੋਂ ਹੀ ਪਰਮਾਤਮਾ ਦਾ ਇਹ ਗੁਣ ਚਲਿਆ ਆ ਰਿਹਾ ਹੈ ਕਿ ਉਹ ਆਪਣੇ ਸੇਵਕ ਦੀ ਲਾਜ ਰੱਖਦਾ ਹੈ ॥੧॥
ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆਂ ਪ੍ਰਭੂ ਦਾ ਸੇਵਕ ਨਿਰਭਉ ਹੋ ਜਾਂਦਾ ਹੈ, ਉਸ ਦਾ (ਦੁਨੀਆ ਵਾਲਾ) ਹਰੇਕ ਡਰ ਮਿਟ ਜਾਂਦਾ ਹੈ।
ਹੇ ਨਾਨਕ! ਗੁਰੂ ਦੇ ਉਪਦੇਸ਼ ਤੇ ਤੁਰ ਕੇ ਜਿਸ ਨੇ ਭੀ ਪਰਮਾਤਮਾ ਦਾ ਨਾਮ ਜਪਿਆ, ਉਹ ਜਗਤ ਵਿਚ ਨਾਮਣੇ ਵਾਲਾ ਹੋ ਗਿਆ ॥੨॥੪੫॥੬੮॥
ਹੇ ਪ੍ਰਭੂ! (ਜਿਵੇਂ) ਤੇਰੇ ਭਗਤਾਂ ਨੇ ਆਪਾ-ਭਾਵ ਤਿਆਗਿਆ ਹੁੰਦਾ ਹੈ (ਤੇ, ਤੇਰੇ ਦਰ ਤੇ ਅਰਜ਼ੋਈ ਕਰਦੇ ਹਨ ਤਿਵੇਂ ਮੈਂ ਭੀ ਆਪਾ-ਭਾਵ ਛੱਡ ਕੇ ਬੇਨਤੀ ਕਰਦਾ ਹਾਂ-)
ਹੇ ਜਗਤ ਦੇ ਖਸਮ! ਜਿਵੇਂ ਹੋ ਸਕੇ ਤਿਵੇਂ (ਇਸ ਮਾਇਆ ਦੇ ਹੱਥੋਂ) ਮੇਰੀ ਰੱਖਿਆ ਕਰ। ਤੇਰਾ ਪਰਤਾਪ ਵੇਖ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੧॥ ਰਹਾਉ ॥
ਗੁਰੂ ਦੇ ਉਪਦੇਸ਼ ਦੀ ਰਾਹੀਂ, ਸਾਧ ਸੰਗਤ ਦੀ ਬਰਕਤਿ ਨਾਲ (ਜਿਸ ਮਨੁੱਖ ਦੇ ਅੰਦਰੋਂ) ਸਾਰਾ ਦੁੱਖ-ਕਲੇਸ਼ ਨਾਸ ਹੋ ਜਾਂਦਾ ਹੈ,
ਉਹ ਆਪਣੇ ਮਿੱਤਰਾਂ ਤੇ ਵੈਰੀਆਂ ਨੂੰ ਵੇਖ ਕੇ (ਸਭਨਾਂ ਵਿਚ ਪ੍ਰਭੂ ਦੀ ਹੀ ਜੋਤਿ) ਇਕ-ਸਮਾਨ ਸਮਝਦਾ ਹੈ, ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਉਸ ਦਾ ਹਰ ਵੇਲੇ ਦਾ ਬੋਲ-ਚਾਲ ਹੈ ॥੧॥
(ਉਹਨਾਂ ਦੇ ਅੰਦਰ ਦੀ) ਸੜਨ ਬੁੱਝ ਜਾਂਦੀ ਹੈ, (ਉਹਨਾਂ ਦਾ ਹਿਰਦਾ) ਸ਼ਾਂਤ ਹੋ ਜਾਂਦਾ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ; ਇਕ-ਰਸ ਨਾਮ ਦੀ ਧੁਨਿ ਸੁਣ ਕੇ ਉਹ ਅਸਚਰਜ ਹੀ ਅਸਚਰਜ ਹੋਏ ਰਹਿੰਦੇ ਹਨ,
ਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ ਸਦਾ-ਥਿਰ ਪ੍ਰਭੂ ਆ ਵੱਸਦਾ ਹੈ। ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ (ਜਿਵੇਂ ਕਿ ਉਹਨਾਂ ਦੇ ਅੰਦਰ) ਪੂਰੇ ਤੌਰ ਤੇ ਸੰਖ ਆਦਿਕ ਨਾਦ ਵੱਜ ਰਹੇ ਹਨ ॥੨॥੪੬॥੬੯॥