ਹੇ ਭਾਈ! (ਅਸਲ ਗੱਲ ਇਹ ਹੈ ਕਿ ਜਿਸ ਪ੍ਰਭੂ) ਦਾ ਨਾਮ ਹੈ ਨਿਰੰਜਨ (ਭਾਵ, ਜੋ ਪ੍ਰਭੂ ਕਦੇ ਮਾਇਆ ਦੇ ਅਸਰ ਹੇਠ ਨਹੀਂ ਆ ਸਕਦਾ), ਉਹ ਜੂਨ ਵਿਚ ਨਹੀਂ ਆਉਂਦਾ, ਉਹ (ਜੰਮਣ ਮਰਨ ਦੇ) ਦੁੱਖ ਵਿਚ ਨਹੀਂ ਪੈਂਦਾ।
ਕਬੀਰ ਦਾ ਸੁਆਮੀ (ਸਾਰੇ ਜਗਤ ਦਾ) ਪਾਲਣਹਾਰ ਐਸਾ ਹੈ ਜਿਸ ਦੀ ਨਾ ਕੋਈ ਮਾਂ ਹੈ, ਤੇ ਨਾ ਪਿਓ ॥੨॥੧੯॥੭੦॥
ਜਗਤ ਬੇਸ਼ੱਕ ਮੇਰੀ ਨਿੰਦਾ ਕਰੇ, ਬੇਸ਼ੱਕ ਮੇਰੇ ਔਗੁਣ ਭੰਡੇ;
ਪ੍ਰਭੂ ਦੇ ਸੇਵਕ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਹੈ,
ਕਿਉਂਕਿ ਨਿੰਦਿਆ ਸੇਵਕ ਦਾ ਮਾਂ ਪਿਉ ਹੈ (ਭਾਵ, ਜਿਵੇਂ ਮਾਪੇ ਆਪਣੇ ਬਾਲ ਵਿਚ ਸ਼ੁਭ ਗੁਣ ਵਧਦੇ ਵੇਖਣਾ ਲੋੜਦੇ ਹਨ, ਤਿਵੇਂ ਨਿੰਦਿਆ ਭੀ ਔਗੁਣ ਨਸ਼ਰ ਕਰ ਕੇ ਭਲੇ ਗੁਣਾਂ ਲਈ ਸਹਾਇਤਾ ਕਰਦੀ ਹੈ) ॥੧॥ ਰਹਾਉ ॥
ਜੇ ਲੋਕ ਔਗੁਣ ਨਸ਼ਰ ਕਰਨ ਤਾਂ ਹੀ ਬੈਕੁੰਠ ਵਿਚ ਜਾ ਸਕੀਦਾ ਹੈ,
(ਕਿਉਂਕਿ ਇਸ ਤਰ੍ਹਾਂ ਆਪਣੇ ਔਗੁਣ ਛੱਡ ਕੇ) ਪ੍ਰਭੂ ਦਾ ਨਾਮ-ਰੂਪ ਧਨ ਮਨ ਵਿਚ ਵਸਾ ਸਕੀਦਾ ਹੈ।
ਜੇ ਹਿਰਦਾ ਸੁੱਧ ਹੁੰਦਿਆਂ ਸਾਡੀ ਨਿੰਦਿਆ ਹੋਵੇ (ਭਾਵ, ਜੇ ਸੁੱਧ ਭਾਵਨਾ ਨਾਲ ਅਸੀਂ ਆਪਣੇ ਔਗੁਣ ਨਸ਼ਰ ਹੁੰਦੇ ਸੁਣੀਏ),
ਤਾਂ ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿਚ ਸਹਾਇਤਾ ਕਰਦਾ ਹੈ ॥੧॥
(ਤਾਂ ਤੇ) ਜੋ ਮਨੁੱਖ ਸਾਨੂੰ ਭੰਡਦਾ ਹੈ, ਉਹ ਸਾਡਾ ਮਿੱਤਰ ਹੈ,
ਕਿਉਂਕਿ ਸਾਡੀ ਸੁਰਤ ਆਪਣੇ ਨਿੰਦਕ ਵਿਚ ਰਹਿੰਦੀ ਹੈ (ਭਾਵ, ਅਸੀਂ ਆਪਣੇ ਨਿੰਦਕ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਾਂ)।
(ਅਸਲ ਵਿਚ) ਸਾਡਾ ਮੰਦਾ ਚਿਤਵਣ ਵਾਲਾ ਮਨੁੱਖ ਉਹ ਹੈ, ਜੋ ਸਾਡੇ ਐਬ ਨਸ਼ਰ ਹੋਣੋਂ ਰੋਕਦਾ ਹੈ।
ਨਿੰਦਕ ਤਾਂ ਸਗੋਂ ਇਹ ਚਾਹੁੰਦਾ ਹੈ ਕਿ ਸਾਡਾ ਜੀਵਨ ਚੰਗਾ ਬਣੇ ॥੨॥
ਜਿਉਂ ਜਿਉਂ ਸਾਡੀ ਨਿੰਦਿਆ ਹੁੰਦੀ ਹੈ, ਤਿਉਂ ਤਿਉਂ ਸਾਡੇ ਅੰਦਰ ਪ੍ਰਭੂ ਦਾ ਪ੍ਰੇਮ-ਪਿਆਰ ਪੈਦਾ ਹੁੰਦਾ ਹੈ,
ਕਿਉਂਕਿ ਸਾਡੀ ਨਿੰਦਿਆ ਸਾਨੂੰ ਔਗੁਣਾਂ ਵਲੋਂ ਬਚਾਉਂਦੀ ਹੈ।
ਸੋ, ਦਾਸ ਕਬੀਰ ਲਈ ਤਾਂ ਉਸ ਦੇ ਔਗੁਣਾਂ ਦਾ ਨਸ਼ਰ ਹੋਣਾ ਸਭ ਤੋਂ ਵਧੀਆ ਗੱਲ ਹੈ।
ਪਰ (ਵਿਚਾਰਾ) ਨਿੰਦਕ (ਸਦਾ ਦੂਜਿਆਂ ਦੇ ਔਗੁਣਾਂ ਦੀਆਂ ਗੱਲਾਂ ਕਰ ਕਰ ਕੇ ਆਪ ਉਹਨਾਂ ਔਗੁਣਾਂ ਵਿਚ) ਡੁੱਬ ਜਾਂਦਾ ਹੈ, ਤੇ ਅਸੀਂ (ਆਪਣੇ ਔਗੁਣਾਂ ਦੀ ਚੇਤਾਵਨੀ ਨਾਲ ਉਹਨਾਂ ਤੋਂ) ਬਚ ਨਿਕਲਦੇ ਹਾਂ ॥੩॥੨੦॥੭੧॥
ਹੇ ਸਭ ਦੇ ਮਾਲਕ ਪ੍ਰਭੂ! ਹੇ ਸਭ ਜੀਵਾਂ ਨੂੰ ਤਾਰਨ ਲਈ ਸਮਰੱਥ ਰਾਮ! ਹੇ ਸਭ ਵਿਚ ਵਿਆਪਕ ਪ੍ਰਭੂ! ਤੂੰ ਕਿਸੇ ਤੋਂ ਡਰਦਾ ਨਹੀਂ ਹੈਂ; ਤੇਰਾ ਸੁਭਾਵ ਕੁਝ ਅਨੋਖਾ ਹੈ ॥੧॥ ਰਹਾਉ ॥
ਜਿਤਨਾ ਚਿਰ ਅਸੀਂ ਕੁਝ ਬਣੀ ਫਿਰਦੇ ਹਾਂ (ਭਾਵ, ਹਉਮੈ ਅਹੰਕਾਰ ਕਰਦੇ ਹਾਂ) ਤਦ ਤਕ (ਹੇ ਪ੍ਰਭੂ!) ਤੂੰ ਸਾਡੇ ਅੰਦਰ ਪਰਗਟ ਨਹੀਂ ਹੁੰਦਾ (ਆਪਣਾ ਚਾਨਣ ਨਹੀਂ ਕਰਦਾ), ਪਰ ਜਦੋਂ ਹੁਣ ਤੂੰ ਆਪ (ਸਾਡੇ ਵਿਚ) ਨਿਵਾਸ ਕੀਤਾ ਹੈ ਤਾਂ ਸਾਡੇ ਵਿਚ ਉਹ ਪਹਿਲੀ ਹਉਮੈ ਨਹੀਂ ਰਹੀ।
ਹੁਣ (ਹੇ ਪ੍ਰਭੂ!) ਤੂੰ ਤੇ ਅਸੀਂ ਇੱਕ-ਰੂਪ ਹੋ ਗਏ ਹਾਂ, ਹੁਣ ਤੈਨੂੰ ਵੇਖ ਕੇ ਸਾਡਾ ਮਨ ਮੰਨ ਗਿਆ ਹੈ (ਕਿ ਤੂੰ ਹੀ ਤੂੰ ਹੈਂ, ਤੈਥੋਂ ਵੱਖਰੇ ਅਸੀਂ ਕੁਝ ਭੀ ਨਹੀਂ ਹਾਂ) ॥੧॥
(ਹੇ ਪ੍ਰਭੂ!) ਜਿਤਨਾ ਚਿਰ ਅਸਾਂ ਜੀਵਾਂ ਵਿਚ ਆਪਣੀ ਅਕਲ (ਦੀ ਹਉਮੈ) ਹੁੰਦੀ ਹੈ ਉਤਨਾ ਚਿਰ ਸਾਡੇ ਵਿਚ ਕੋਈ ਆਤਮਕ ਬਲ ਨਹੀਂ ਹੁੰਦਾ (ਭਾਵ, ਸਹਿਮੇ ਹੀ ਰਹਿੰਦੇ ਹਾਂ), ਪਰ ਹੁਣ (ਜਦੋਂ ਤੂੰ ਆਪ ਸਾਡੇ ਵਿਚ ਆ ਪ੍ਰਗਟਿਆ ਹੈਂ) ਸਾਡੀ ਆਪਣੀ ਅਕਲ ਤੇ ਬਲ ਦਾ ਮਾਣ ਨਹੀਂ ਰਿਹਾ।
ਕਬੀਰ ਆਖਦਾ ਹੈ-(ਹੇ ਪ੍ਰਭੂ!) ਤੂੰ ਮੇਰੀ (ਹਉਮੈ ਵਾਲੀ) ਅਕਲ ਖੋਹ ਲਈ ਹੈ, ਹੁਣ ਉਹ ਅਕਲ ਬਦਲ ਗਈ ਹੈ (ਭਾਵ, 'ਮੈਂ ਮੈਂ' ਛੱਡ ਕੇ 'ਤੂੰ ਹੀ ਤੂੰ' ਕਰਨ ਵਾਲੀ ਹੋ ਗਈ ਹੈ, ਇਸ ਵਾਸਤੇ ਮਨੁੱਖਾ ਜਨਮ ਦੇ ਮਨੋਰਥ ਦੀ) ਸਿੱਧੀ ਹਾਸਲ ਹੋ ਗਈ ਹੈ ॥੨॥੨੧॥੭੨॥
ਛੇ ਚੱਕਰ ਬਣਾ ਕੇ (ਪ੍ਰਭੂ ਨੇ) ਇਹ (ਮਨੁੱਖਾ ਸਰੀਰ-ਰੂਪ) ਨਿੱਕਾ ਜਿਹਾ ਘਰ ਰਚ ਦਿੱਤਾ ਹੈ ਤੇ (ਇਸ ਘਰ) ਵਿਚ (ਆਪਣੀ ਆਤਮਕ ਜੋਤ-ਰੂਪ) ਅਚਰਜ ਵਸਤ ਰੱਖ ਦਿੱਤੀ ਹੈ;
(ਇਸ ਘਰ ਦਾ) ਜੰਦਰਾ-ਕੁੰਜੀ (ਪ੍ਰਭੂ ਨੇ) ਪ੍ਰਾਣਾਂ ਨੂੰ ਹੀ ਬਣਾ ਦਿੱਤਾ ਹੈ, ਤੇ (ਇਹ ਖੇਡ) ਬਣਾਉਂਦਿਆਂ ਉਹ ਚਿਰ ਨਹੀਂ ਲਾਉਂਦਾ ॥੧॥
(ਇਸ ਘਰ ਵਿਚ ਰਹਿਣ ਵਾਲੇ) ਹੇ ਪਿਆਰੇ ਮਨ! ਹੁਣ ਜਾਗਦਾ ਰਹੁ,
ਬੇ-ਪਰਵਾਹ ਹੋ ਕੇ ਤੂੰ (ਹੁਣ ਤਕ) ਜੀਵਨ ਅਜਾਈਂ ਗਵਾ ਲਿਆ ਹੈ; (ਜੋ ਕੋਈ ਭੀ ਗ਼ਾਫ਼ਲ ਹੁੰਦਾ ਹੈ) ਚੋਰ ਜਾ ਕੇ (ਉਸ ਦਾ) ਘਰ ਲੁੱਟ ਲੈਂਦਾ ਹੈ ॥੧॥ ਰਹਾਉ ॥
(ਇਹ ਜੋ) ਪੰਜ ਪਹਿਰੇਦਾਰ (ਇਸ ਘਰ ਦੇ) ਦਰਵਾਜ਼ਿਆਂ ਉੱਤੇ ਰਹਿੰਦੇ ਹਨ, ਇਹਨਾਂ ਦਾ ਕੋਈ ਵਿਸਾਹ ਨਹੀਂ।
ਹੁਸ਼ਿਆਰ ਹੋ ਕੇ ਰਹੁ ਤੇ (ਮਾਲਕ ਨੂੰ) ਚੇਤੇ ਰੱਖ ਤਾਂ (ਤੇਰੇ ਅੰਦਰ ਪ੍ਰਭੂ ਦੀ ਆਤਮਕ ਜੋਤ ਦਾ) ਚਾਨਣ ਨਿਖਰ ਆਵੇਗਾ ॥੨॥
ਜਿਹੜੀ ਜੀਵ-ਇਸਤ੍ਰੀ (ਸਰੀਰ ਦੇ) ਨੌ ਘਰਾਂ (ਨੌ ਗੋਲਕਾਂ ਜੋ ਸਰੀਰਕ ਕ੍ਰਿਆ ਚਲਾਣ ਲਈ ਹਨ) ਨੂੰ ਵੇਖ ਕੇ (ਆਪਣੇ ਅਸਲ-ਮਨੋਰਥ ਵਲੋਂ) ਖੁੰਝ ਜਾਂਦੀ ਹੈ, ਉਸ ਨੂੰ (ਜੋਤ-ਰੂਪ) ਅਚਰਜ ਸ਼ੈ (ਅੰਦਰੋਂ) ਨਹੀਂ ਲੱਭਦੀ (ਭਾਵ, ਉਸ ਦਾ ਧਿਆਨ ਅੰਦਰ-ਵੱਸਦੀ ਆਤਮਕ ਜੋਤ ਵਲ ਨਹੀਂ ਪੈਂਦਾ)।
ਕਬੀਰ ਆਖਦਾ ਹੈ ਜਦੋਂ ਇਹ ਨੌ ਹੀ ਘਰ ਵੱਸ ਵਿਚ ਆ ਜਾਂਦੇ ਹਨ, ਤਾਂ ਪ੍ਰਭੂ ਦੀ ਜੋਤ ਦਸਵੇਂ ਘਰ ਵਿਚ ਟਿਕ ਜਾਂਦੀ ਹੈ (ਭਾਵ, ਤਦੋਂ ਅੰਦਰ-ਵੱਸਦੇ ਪ੍ਰਭੂ ਦੀ ਹੋਂਦ ਦੀ ਵਿਚਾਰ ਜੀਵ ਨੂੰ ਫੁਰ ਆਉਂਦੀ ਹੈ, ਤਦੋਂ ਸੁਰਤ ਪ੍ਰਭੂ ਦੀ ਯਾਦ ਵਿਚ ਟਿਕਦੀ ਹੈ ॥੩॥੨੨॥੭੩॥
ਹੇ (ਮੇਰੀ) ਮਾਂ! ਮੈਂ ਕਿਸੇ ਹੋਰ ਨੂੰ (ਆਪਣੇ ਜੀਵਨ ਦਾ ਆਸਰਾ) ਨਹੀਂ ਸਮਝਿਆ,
(ਕਿਉਂਕਿ) ਮੇਰੇ ਪ੍ਰਾਣ (ਤਾਂ) ਉਸ (ਪ੍ਰਭੂ) ਵਿਚ ਵੱਸ ਰਹੇ ਹਨ ਜਿਸ ਦੇ ਗੁਣ ਸ਼ਿਵ ਅਤੇ ਸਨਕ ਆਦਿਕ ਗਾਉਂਦੇ ਹਨ ਰਹਾਉ॥
ਜਦੋਂ ਦੀ ਸਤਿਗੁਰੂ ਨੇ ਉੱਚੀ ਸੂਝ ਬਖ਼ਸ਼ੀ ਹੈ, ਮੇਰੇ ਹਿਰਦੇ ਵਿਚ, (ਮਾਨੋ) ਚਾਨਣ ਹੋ ਗਿਆ ਹੈ, ਤੇ ਮੇਰਾ ਧਿਆਨ ਉੱਚੇ ਮੰਡਲਾਂ ਵਿਚ (ਭਾਵ, ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ।
ਵਿਸ਼ੇ-ਵਿਕਾਰ ਆਦਿਕ ਆਤਮਕ ਰੋਗਾਂ ਤੇ ਸਹਿਮਾਂ ਦੇ ਜ਼ੰਜੀਰ ਟੁੱਟ ਗਏ ਹਨ, ਮੇਰੇ ਮਨ ਨੇ ਅੰਦਰ ਹੀ ਸੁਖ ਲੱਭ ਲਿਆ ਹੈ ॥੧॥
ਮੇਰੀ ਬੁੱਧੀ ਦਾ ਪਿਆਰ ਇੱਕ ਪ੍ਰਭੂ ਵਿਚ ਹੀ ਬਣ ਗਿਆ ਹੈ। ਇੱਕ ਪ੍ਰਭੂ ਨੂੰ (ਆਸਰਾ) ਸਮਝ ਕੇ (ਤੇ ਉਸ ਵਿਚ) ਪਤੀਜ ਕੇ, ਮੈਂ ਕਿਸੇ ਹੋਰ ਨੂੰ ਹੁਣ ਮਨ ਵਿਚ ਨਹੀਂ ਲਿਆਉਂਦਾ (ਭਾਵ, ਕਿਸੇ ਹੋਰ ਦੀ ਓਟ ਨਹੀਂ ਤੱਕਦਾ)।
ਮਨ ਦੀਆਂ ਵਾਸ਼ਨਾਂ ਤਿਆਗ ਕੇ (ਮੇਰੇ ਅੰਦਰ, ਮਾਨੋ) ਚੰਦਨ ਦੀ ਸੁਗੰਧੀ ਪੈਦਾ ਹੋ ਗਈ ਹੈ, (ਮੇਰੇ ਅੰਦਰੋਂ) ਅਹੰਕਾਰ ਘਟ ਗਿਆ ਹੈ (ਭਾਵ ਮਿਟ ਗਿਆ ਹੈ) ॥੨॥
ਜੋ ਮਨੁੱਖ ਠਾਕੁਰ ਦਾ ਜਸ ਗਾਂਦਾ ਹੈ, ਪ੍ਰਭੂ ਨੂੰ ਧਿਆਉਂਦਾ ਹੈ, ਪ੍ਰਭੂ ਦਾ ਨਿਵਾਸ ਉਸ ਦੇ ਹਿਰਦੇ ਵਿਚ ਹੋ ਜਾਂਦਾ ਹੈ।
ਤੇ, ਜਿਸ ਦੇ ਮਨ ਵਿਚ ਪ੍ਰਭੂ ਵੱਸ ਪਿਆ, ਉਸ ਦੇ ਵੱਡੇ ਭਾਗ (ਸਮਝੋ), ਉਸ ਦੇ ਮੱਥੇ ਉੱਤੇ ਉੱਚੇ ਲੇਖ ਉੱਘੜ ਆਏ (ਜਾਣੋ) ॥੩॥
ਮਾਇਆ ਦਾ ਪ੍ਰਭਾਵ ਦੂਰ ਕਰ ਕੇ, ਜਦੋਂ ਰੱਬੀ-ਜੋਤ ਦਾ ਪ੍ਰਕਾਸ਼ ਹੋ ਗਿਆ, ਤਾਂ ਸਦਾ ਨਿਰੋਲ ਇੱਕ ਪ੍ਰਭੂ ਵਿਚ ਮਨ ਲੀਨ ਰਹਿੰਦਾ ਹੈ।