ਹਉਮੈ (ਜੀਵਾਂ ਨੂੰ ਮੋਹ ਦੇ) ਬੰਧਨਾਂ ਵਿਚ ਬੰਨ੍ਹ ਕੇ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ।
ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ (ਉਹ ਹਉਮੈ ਤੋਂ ਬਚਿਆ ਰਹਿੰਦਾ ਹੈ, ਤੇ) ਸੁਖ ਪਾਂਦਾ ਹੈ ॥੮॥੧੩॥
(ਹੋਰ ਜੀਵਾਂ ਦੀ ਤਾਂ ਗੱਲ ਹੀ ਕੀਹ ਕਰਨੀ ਹੈ) ਸਭ ਤੋਂ ਪਹਿਲਾਂ ਬ੍ਰਹਮਾ ਹੀ ਆਤਮਕ ਮੌਤ ਦੀ ਫਾਹੀ ਵਿਚ ਫਸ ਗਿਆ।
(ਵਿਸ਼ਨੂੰ ਦੀ ਨਾਭੀ ਤੋਂ ਉੱਗੇ ਹੋਏ ਜਿਸ ਕਮਲ ਵਿਚੋਂ ਬ੍ਰਹਮਾ ਜੰਮਿਆ ਸੀ, ਉਸ ਦਾ ਅੰਤ ਲੈਣ ਲਈ) ਪਾਤਾਲ ਵਿਚ (ਜਾ ਪਹੁੰਚਿਆ) ਪਰ ਬ੍ਰਹਮ ਕਮਲ (ਦਾ ਅੰਤ) ਨਾਹ ਲੱਭ ਸਕਿਆ (ਤੇ ਸ਼ਰਮਿੰਦਾ ਹੋਣਾ ਪਿਆ। ਇਹ ਹਉਮੈ ਹੀ ਮੌਤ ਹੈ)
ਉਸ ਨੇ ਆਪਣੇ ਗੁਰੂ ਦੀ ਆਗਿਆ ਵਲ ਗਹੁ ਨਾਹ ਕੀਤਾ, (ਇਸ ਹਉਮੈ ਵਿਚ ਆ ਕੇ ਕਿ ਮੈਂ ਇਤਨਾ ਵੱਡਾ ਹਾਂ ਮੈਂ ਕਿਵੇਂ ਕਮਲ ਦੀ ਡੰਡੀ ਵਿਚੋਂ ਪੈਦਾ ਹੋ ਸਕਦਾ ਹਾਂ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਗਿਆ ॥੧॥
(ਜਗਤ ਵਿਚ) ਜੇਹੜਾ ਜੇਹੜਾ ਜੀਵ ਜਨਮ ਲੈਂਦਾ ਹੈ (ਤੇ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ) ਮੌਤ (ਦੇ ਸਹਮ) ਨੇ ਉਸ ਉਸ ਦਾ ਆਤਮਕ ਜੀਵਨ ਪਲਰਨ ਨਹੀਂ ਦਿੱਤਾ।
ਮੇਰੇ ਆਤਮਕ ਜੀਵਨ ਨੂੰ ਪਰਮਾਤਮਾ ਨੇ ਆਪ ਬਚਾ ਲਿਆ, (ਕਿਉਂਕਿ ਉਸ ਦੀ ਮਿਹਰ ਨਾਲ) ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ॥੧॥ ਰਹਾਉ ॥
ਸਾਰੇ ਦੇਵੀਆਂ ਤੇ ਦੇਵਤੇ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ (ਇਹੀ ਹੈ ਆਤਮਕ ਮੌਤ)
(ਇਹ ਆਤਮਕ) ਮੌਤ ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਖ਼ਲਾਸੀ ਨਹੀਂ ਕਰਦੀ।
(ਇਸ ਆਤਮਕ) ਮੌਤ ਤੋਂ ਬਚਿਆ ਹੋਇਆ ਸਿਰਫ਼ ਇਕ ਪਰਮਾਤਮਾ ਹੈ ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ, ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ ॥੨॥
(ਉਂਞ ਤਾਂ) ਸੁਲਤਾਨ ਹੋਣ, ਖ਼ਾਨ ਹੋਣ, ਬਾਦਿਸ਼ਾਹ ਹੋਣ, ਕਿਸੇ ਨੇ ਭੀ ਇਥੇ ਸਦਾ ਟਿਕੇ ਨਹੀਂ ਰਹਿਣਾ,
ਪਰ ਪਰਮਾਤਮਾ ਦੇ ਨਾਮ ਤੋਂ ਜੋ ਜੋ ਖੁੰਝਦਾ ਹੈ ਉਹ ਜਮ ਦਾ ਦੁੱਖ ਸਹਾਰਦਾ ਹੈ (ਉਹ ਆਪਣੀ ਆਤਮਕ ਮੌਤ ਭੀ ਸਹੇੜ ਲੈਂਦਾ ਹੈ, ਇਸੇ ਕਰਕੇ, ਹੇ ਪ੍ਰਭੂ!)
ਮੈਨੂੰ ਤੇਰਾ ਨਾਮ ਹੀ ਸਹਾਰਾ ਹੈ (ਮੈਂ ਇਹੀ ਅਰਦਾਸ ਕਰਦਾ ਹਾਂ) ਜਿਵੇਂ ਹੋ ਸਕੇ ਮੈਨੂੰ ਆਪਣੇ ਨਾਮ ਵਿਚ ਜੋੜੀ ਰੱਖ, ਮੈਂ ਤੇਰੇ ਨਾਮ ਵਿਚ ਹੀ ਟਿਕਿਆ ਰਹਾਂ ॥੩॥
ਚਉਧਰੀ ਹੋਣ, ਰਾਜੇ ਹੋਣ, ਕਿਸੇ ਦਾ ਭੀ ਇਥੇ ਪੱਕਾ ਡੇਰਾ ਨਹੀਂ ਹੈ।
ਪਰ (ਜੇਹੜੇ) ਸ਼ਾਹ ਨਿਰੀ ਮਾਇਆ ਹੀ ਜੋੜਦੇ ਹਨ ਨਿਰੇ ਪੈਸੇ ਹੀ ਇਕੱਠੇ ਕਰਦੇ ਹਨ, ਉਹ ਆਤਮਕ ਮੌਤੇ ਮਰ ਜਾਂਦੇ ਹਨ।
ਹੇ ਹਰੀ! ਮੈਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ-ਧਨ ਬਖ਼ਸ਼ ॥੪॥
ਪਰਜਾ, ਪਰਜਾ ਦੇ ਮੁਖੀਏ, ਚੌਧਰੀ, ਸਰਦਾਰ-
ਕੋਈ ਭੀ ਐਸਾ ਨਹੀਂ ਦਿੱਸਦਾ ਜੋ ਸੰਸਾਰ ਵਿਚ ਸਦਾ ਟਿਕਿਆ ਰਹਿ ਸਕੇ।
ਪਰ ਬਲੀ ਕਾਲ ਉਸ ਦੇ ਸਿਰ ਉਤੇ ਚੋਟ ਮਾਰਦਾ ਹੈ (ਉਸ ਨੂੰ ਆਤਮਕ ਮੌਤੇ ਮਾਰਦਾ ਹੈ) ਜਿਸ ਦੇ ਹਿਰਦੇ ਵਿਚ ਮਾਇਆ ਦਾ ਮੋਹ ਹੈ ॥੫॥
ਸਦਾ ਅਟੱਲ ਰਹਿਣ ਵਾਲਾ ਕੇਵਲ ਇਕੋ ਇਕ ਪਰਮਾਤਮਾ ਹੀ ਹੈ,
ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਬਣਾਈ ਹੈ, ਉਹ ਆਪ ਹੀ ਇਸ ਨੂੰ (ਆਪਣੇ ਅੰਦਰ) ਲੈ ਕਰ ਲੈਂਦਾ ਹੈ।
ਜਦੋਂ ਗੁਰੂ ਦੀ ਸਰਨ ਪਿਆਂ ਉਹ ਪਰਮਾਤਮਾ ਹਰ ਥਾਂ ਦਿੱਸ ਪਏ (ਤਾਂ ਜੀਵ ਦਾ ਆਤਮਕ ਜੀਵਨ ਪਲਰਦਾ ਹੈ) ਤਦੋਂ (ਇਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ ॥੬॥
ਕਾਜ਼ੀ ਅਖਵਾਣ, ਸ਼ੇਖ ਅਖਵਾਣ, ਵੱਡੇ ਵੱਡੇ ਭੇਖਾਂ ਵਾਲੇ ਫ਼ਕੀਰ ਅਖਵਾਣ,
(ਦੁਨੀਆ ਵਿਚ ਆਪਣੇ ਆਪ ਨੂੰ) ਵੱਡੇ ਵੱਡੇ ਅਖਵਾਣ; ਪਰ ਜੇ ਸਰੀਰ ਵਿਚ ਹਉਮੈ ਦੀ ਪੀੜ ਹੈ,
ਤਾਂ ਮੌਤ ਖ਼ਲਾਸੀ ਨਹੀਂ ਕਰਦੀ (ਆਤਮਕ ਮੌਤ ਖ਼ਲਾਸੀ ਨਹੀਂ ਕਰਦੀ, ਆਤਮਕ ਜੀਵਨ ਪਲਰਦਾ ਨਹੀਂ)। ਸਤਿਗੁਰੂ ਤੋਂ ਮਿਲੇ (ਨਾਮ-) ਆਧਾਰ ਤੋਂ ਬਿਨਾ (ਇਹ ਆਤਮਕ ਮੌਤ ਟਿਕੀ ਹੀ ਰਹਿੰਦੀ ਹੈ) ॥੭॥
(ਨਿੰਦਿਆ ਆਦਿਕ ਦੇ ਕਾਰਨ) ਜੀਭ ਦੀ ਰਾਹੀਂ, (ਪਰਾਇਆ ਰੂਪ ਤੱਕਣ ਦੇ ਕਾਰਨ) ਅੱਖਾਂ ਦੀ ਰਾਹੀਂ,
ਅਤੇ ਕੰਨਾਂ ਦੀ ਰਾਹੀਂ (ਕਿਉਂਕਿ ਜੀਵ) ਆਤਮਕ ਮੌਤ ਲਿਆਉਣ ਵਾਲੇ (ਨਿੰਦਿਆ ਆਦਿਕ ਦੇ) ਬਚਨ ਸੁਣਦਾ ਹੈ ਆਤਮਕ ਮੌਤ (ਦਾ) ਜਾਲ (ਜੀਵਾਂ ਦੇ ਸਿਰ ਉਤੇ ਸਦਾ ਤਣਿਆ ਰਹਿੰਦਾ ਹੈ)।
ਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਜੀਵ ਦਿਨ ਰਾਤ (ਆਤਮਕ ਜੀਵਨ ਦੇ ਗੁਣਾਂ ਤੋਂ) ਲੁੱਟੇ ਜਾ ਰਹੇ ਹਨ ॥੮॥
ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ (ਸਦਾ) ਵੱਸਿਆ ਰਹਿੰਦਾ ਹੈ, ਜੋ ਮਨੁੱਖ ਪਰਮਾਤਮਾ ਦੇ ਨਾਮ ਵਿਚ (ਸਦਾ) ਟਿਕਿਆ ਰਹਿੰਦਾ ਹੈ,
ਆਤਮਕ ਮੌਤ (ਮੌਤ ਦਾ ਸਹਮ) ਉਸ ਵਲ ਕਦੇ ਤੱਕ ਭੀ ਨਹੀਂ ਸਕਦੀ (ਕਿਉਂਕਿ ਉਹ ਸਦਾ ਪ੍ਰਭੂ ਦੇ) ਗੁਣ ਗਾਂਦਾ ਹੈ।
ਹੇ ਨਾਨਕ! ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ ਸਦਾ) ਲੀਨ ਰਹਿੰਦਾ ਹੈ ॥੯॥੧੪॥
ਜੇਹੜੇ ਮਨੁੱਖ ਸਦਾ ਅਟੱਲ ਰਹਿਣ ਵਾਲਾ ਬੋਲ ਹੀ ਬੋਲਦੇ ਹਨ, ਰਤਾ ਭੀ ਝੂਠ ਨਹੀਂ ਬੋਲਦੇ,
ਗੁਰੂ ਦੇ ਸਨਮੁਖ ਰਹਿ ਕੇ ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿਚ ਤੁਰਦੇ ਹਨ,
ਉਹ ਸਦਾ-ਥਿਰ ਪ੍ਰਭੂ ਦੀ ਸਰਨ ਵਿਚ ਰਹਿ ਕੇ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਰਹਿੰਦੇ ਹਨ ॥੧॥
ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਉਸ ਨੂੰ ਮੌਤ ਦਾ ਸਹਮ ਪੋਹ ਨਹੀਂ ਸਕਦਾ (ਉਸ ਦੇ ਆਤਮਕ ਜੀਵਨ ਨੂੰ ਕੋਈ ਖ਼ਤਰਾ ਨਹੀਂ ਹੁੰਦਾ)।
ਪਰ ਆਪਣੇ ਮਨ ਦੇ ਮੁਰੀਦ ਮਨੁੱਖ ਨੂੰ ਮੋਹ (ਵਿਚ ਫਸੇ ਹੋਣ) ਦੇ ਕਾਰਨ ਜਨਮ ਮਰਨ ਦਾ ਦੁੱਖ (ਦਬਾਈ ਰੱਖਦਾ) ਹੈ ॥੧॥ ਰਹਾਉ ॥
ਕੋਈ ਭੀ ਜੀਵ ਨਾਮ-ਰਸ ਪੀਏ (ਤੇ ਪੀ ਕੇ ਵੇਖ ਲਏ), ਬੇਅੰਤ ਗੁਣਾਂ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ,
ਨਿਜ ਘਰ ਵਿਚ ਟਿਕੇ ਰਹਿ ਸਕੀਦਾ ਹੈ, ਤੇ ਉਸ ਸ੍ਵੈ-ਸਰੂਪ ਵਿਚ ਬੈਠ ਕੇ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਸਕੀਦਾ ਹੈ।
ਹਰਿ-ਨਾਮ-ਰਸ ਵਿਚ ਮਸਤ ਹੋਇਆਂ ਇਹ ਕਹਿ ਸਕੀਦਾ ਹੈ ਕਿ ਇਹੀ ਹੈ ਅਸਲ ਆਤਮਕ ਸੁਖ ॥੨॥
ਗੁਰੂ ਦੀ ਮਤਿ ਤੇ ਤੁਰਨ ਵਾਲੀ ਜੀਵਨ-ਜੁਗਤਿ (ਐਸੀ ਹੈ ਕਿ ਇਸ) ਨੂੰ ਮਾਇਆ ਦਾ ਮੋਹ ਹਿਲਾ ਨਹੀਂ ਸਕਦਾ, ਮਾਇਆ ਦੇ ਮੋਹ ਵਿਚ ਇਹ ਡੋਲ ਨਹੀਂ ਸਕਦੀ।
ਜੇਹੜਾ ਮਨੁੱਖ ਗੁਰੂ ਦੀ ਮਤਿ ਧਾਰਨ ਕਰ ਕੇ ਸਦਾ-ਥਿਰ ਪ੍ਰਭੂ ਵਿਚ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,
ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ, ਉਹ ਅਸਲੀਅਤ ਨੂੰ ਵਿਰੋਲ ਕੇ ਲੱਭ ਲੈਂਦਾ ਹੈ ॥੩॥
ਜਿਸ ਮਨੁੱਖ ਨੇ (ਪੂਰੇ) ਗੁਰੂ ਦਾ ਦਰਸਨ ਕਰ ਲਿਆ ਤੇ ਗੁਰੂ ਦੀ ਸਿੱਖਿਆ ਗ੍ਰਹਣ ਕਰ ਲਈ,
ਆਪਣੇ ਅੰਤਰ ਆਤਮੇ ਵਸਾ ਲਈ ਤੇ (ਉਸ ਸਿੱਖਿਆ ਦੀ ਖ਼ਾਤਰ) ਆਪਣਾ ਮਨ ਤੇ ਆਪਣਾ ਤਨ ਭੇਟ ਕਰ ਦਿੱਤਾ,
(ਤੇ ਜਿਸ ਮਨੁੱਖ ਨੇ ਇਸ ਸਿੱਖਿਆ ਦੀ ਬਰਕਤਿ ਨਾਲ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਜੁੜਨਾ ਸ਼ੁਰੂ ਕਰ ਦਿੱਤਾ) ਉਸ ਨੇ ਆਪਣੇ ਅਸਲੇ ਨੂੰ ਪਛਾਣ ਲਿਆ, ਉਸ ਨੂੰ ਸਮਝ ਆ ਗਈ ਕਿ ਪਰਮਾਤਮਾ ਸਭ ਤੋਂ ਉੱਚੀ ਆਤਮਕ ਅਵਸਥਾ ਵਾਲਾ ਹੈ ਤੇ ਬੇਅੰਤ ਵਡਾਈ ਵਾਲਾ ਹੈ ॥੪॥
ਜੇਹੜਾ ਮਨੁੱਖ (ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਜੁੜਦਾ ਹੈ) ਨਿਰੰਜਨ ਦੇ ਸ੍ਰੇਸ਼ਟ ਨਾਮ ਨੂੰ ਆਪਣੀ ਆਤਮਕ ਖ਼ੁਰਾਕ ਬਣਾਂਦਾ ਹੈ,
ਉਹ ਸਦਾ-ਥਿਰ ਰਹਿਣ ਵਾਲਾ ਪਰਮ ਹੰਸ ਬਣ ਜਾਂਦਾ ਹੈ, ਬੇਅੰਤ (ਪ੍ਰਭੂ) ਦੀ ਜੋਤਿ (ਉਸ ਦੇ ਅੰਦਰ ਚਮਕ ਪੈਂਦੀ ਹੈ)।
ਬੇਸ਼ਕ ਕਿਸੇ ਭੀ ਪਾਸੇ ਉਹ ਤੱਕ ਕੇ ਵੇਖ ਲਏ, ਉਸ ਨੂੰ ਹਰ ਥਾਂ ਇੱਕ ਪਰਮਾਤਮਾ ਹੀ ਦਿੱਸਦਾ ਹੈ ॥੫॥
("ਸਚ ਘਰ" ਵਿਚ ਬੈਠਣ ਵਾਲਾ) ਉਹ ਮਨੁੱਖ ਮਾਇਆ (ਦੇ ਪ੍ਰਭਾਵ) ਤੋਂ ਨਿਰਲੇਪ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦਾ ਸਿਮਰਨ ਹੀ ਉਸ ਦੀ ਨਿੱਤ ਦੀ ਕਾਰ ਹੋ ਜਾਂਦੀ ਹੈ।
ਗੁਰੂ ਦੀ ਦੱਸੀ ਸੇਵਾ ਕਰ ਕੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿ ਕੇ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।
ਅੰਦਰੇ ਅੰਦਰ ਉਸ ਦਾ ਮਨ ਸਿਮਰਨ ਵਿਚ ਗਿੱਝ ਜਾਂਦਾ ਹੈ, ਹਉਮੈ ਵਾਲੀ ਉਸ ਦੀ ਭਟਕਣਾ ਮੁੱਕ ਜਾਂਦੀ ਹੈ ॥੬॥
("ਸਚ ਘਰ" ਵਿਚ ਬੈਠੇ ਰਹਿਣ ਦੀ) ਇਸ ਵਿਧੀ ਨੇ ਕਿਸ ਕਿਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘਾਇਆ?
ਪਰਮਾਤਮਾ ਦੀ ਸਿਫ਼ਤ-ਸਾਲਾਹ ਨੇ ਸਾਰੇ ਸੰਤਾਂ ਨੂੰ ਭਗਤਾਂ ਨੂੰ ਪਾਰ ਲੰਘਾ ਦਿੱਤਾ ਹੈ।