ਹੇ ਮੇਰੇ ਰਾਮ! ਹੇ ਮੇਰੇ ਮਾਲਕ! ਹੇ ਹਰੀ! ਮੈਨੂੰ ਮੂਰਖ ਨੂੰ (ਆਪਣੀ ਸਰਨ ਵਿਚ) ਰੱਖ।
ਤੇਰੇ ਸੇਵਕ ਦੀ ਵਡਿਆਈ ਤੇਰੀ ਹੀ ਵਡਿਆਈ ਹੈ ॥੧॥ ਰਹਾਉ ॥
ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗਦੀ ਹੈ, ਉਸ ਦੇ ਹਿਰਦੇ-ਮੰਦਰ ਵਿਚ ਹਿਰਦੇ-ਘਰ ਵਿਚ (ਸਦਾ) ਆਨੰਦ ਬਣਿਆ ਰਹਿੰਦਾ ਹੈ।
ਜਦੋਂ ਉਹ ਹਰੀ ਦੇ ਗੁਣ ਗਾਂਦਾ ਹੈ (ਉਸ ਨੂੰ ਇਉਂ ਜਾਪਦਾ ਹੈ ਜਿਵੇਂ) ਸਾਰੇ ਸੁਆਦਲੇ ਮਿੱਠੇ ਰਸ ਉਸ ਦੇ ਮੂੰਹ ਵਿਚ ਪੈ ਰਹੇ ਹਨ।
ਪਰਮਾਤਮਾ ਦਾ ਸੇਵਕ-ਭਗਤ ਆਪਣੀਆਂ ਇੱਕੀ ਕੁਲਾਂ ਵਿਚ ਰਾਖਾ ਹੈ ਆਸਰਾ ਹੈ, ਪਰਮਾਤਮਾ ਦਾ ਸੇਵਕ ਸਾਰੇ ਜਗਤ ਨੂੰ ਹੀ (ਵਿਕਾਰਾਂ ਤੋਂ) ਬਚਾ ਲੈਂਦਾ ਹੈ ॥੨॥
ਇਹ ਸਾਰਾ ਹੀ ਜਗਤ ਜੋ ਬਣਿਆ ਦਿੱਸਦਾ ਹੈ ਇਹ ਸਾਰਾ ਪਰਮਾਤਮਾ ਨੇ ਹੀ ਪੈਦਾ ਕੀਤਾ ਹੈ, ਇਹ ਸਾਰਾ ਉਸੇ ਦਾ ਮਹਾਨ ਕੰਮ ਹੈ।
ਹੇ ਹਰੀ! (ਜਗਤ ਦੇ ਸਾਰੇ) ਜੀਵ ਤੇਰੇ ਪੈਦਾ ਕੀਤੇ ਹੋਏ ਹਨ, (ਸਭਨਾਂ ਜੀਵਾਂ ਵਿਚ) ਤੂੰ ਹੀ ਤੂੰ ਮੌਜੂਦ ਹੈਂ। (ਹੇ ਭਾਈ! ਸਭ ਜੀਵਾਂ ਪਾਸੋਂ) ਪਰਮਾਤਮਾ (ਆਪ ਹੀ ਆਪਣੀ) ਪੂਜਾ-ਭਗਤੀ ਕਰਾ ਰਿਹਾ ਹੈ।
ਪਰਮਾਤਮਾ ਆਪ ਹੀ ਆਪਣੀ ਭਗਤੀ ਦੇ ਖ਼ਜ਼ਾਨੇ (ਸਭ ਜੀਵਾਂ ਨੂੰ) ਦਿਵਾਂਦਾ ਹੈ, ਆਪ ਹੀ ਵੰਡਦਾ ਹੈ ॥੩॥
ਜੇ ਕੋਈ ਗ਼ੁਲਾਮ ਮੰਡੀ ਵਿਚੋਂ ਖ਼ਰੀਦਿਆ ਹੋਇਆ ਹੋਵੇ, ਉਸ (ਗ਼ੁਲਾਮ) ਦੀ (ਆਪਣੇ ਮਾਲਕ ਦੇ ਸਾਹਮਣੇ) ਕੋਈ ਚਾਲਾਕੀ ਨਹੀਂ ਚੱਲ ਸਕਦੀ।
(ਪਰਮਾਤਮਾ ਦਾ ਸੇਵਕ-ਭਗਤ ਸਤਸੰਗ ਦੀ ਹੱਟੀ ਵਿਚੋਂ ਪਰਮਾਤਮਾ ਦਾ ਆਪਣਾ ਬਣਾਇਆ ਹੋਇਆ ਹੁੰਦਾ ਹੈ, ਉਸ ਸੇਵਕ ਨੂੰ) ਜੇ ਪਰਮਾਤਮਾ ਰਾਜ-ਤਖ਼ਤ ਉਤੇ ਬਿਠਾ ਦੇਵੇ ਤਾਂ ਭੀ ਉਹ ਪਰਮਾਤਮਾ ਦਾ ਗ਼ੁਲਾਮ ਹੀ ਰਹਿੰਦਾ ਹੈ (ਆਪਣੇ ਬਣਾਏ ਹੋਏ ਸੇਵਕ) ਘਸਿਆਰੇ ਦੇ ਮੂੰਹੋਂ ਭੀ ਪਰਮਾਤਮਾ ਹਰਿ-ਨਾਮ ਹੀ ਜਪਾਂਦਾ ਹੈ।
(ਹੇ ਭਾਈ!) ਦਾਸ ਨਾਨਕ ਪਰਮਾਤਮਾ ਦਾ (ਖ਼ਰੀਦਿਆ ਹੋਇਆ) ਗ਼ੁਲਾਮ ਹੈ, ਇਹ ਪਰਮਾਤਮਾ ਦੀ ਮਿਹਰ ਹੈ (ਕਿ ਉਸ ਨੇ ਨਾਨਕ ਨੂੰ ਆਪਣਾ ਗ਼ੁਲਾਮ ਬਣਾਇਆ ਹੋਇਆ ਹੈ) ॥੪॥੨॥੮॥੪੬॥
ਕਿਸਾਨ ਖੇਤੀ ਦਾ ਕੰਮ ਜੀ ਲਾ ਕੇ (ਪੂਰੀ ਮਿਹਨਤ ਨਾਲ) ਕਰਦਾ ਹੈ,
ਹਲ ਵਾਹੁੰਦਾ ਹੈ ਉੱਦਮ ਕਰਦਾ ਹੈ ਤੇ ਤਾਂਘ ਕਰਦਾ ਹੈ (ਕਿ ਫ਼ਸਲ ਚੰਗਾ ਲੱਗੇ, ਤਾਂ ਜੁ) ਮੇਰਾ ਪੁੱਤਰ ਖਾਏ ਮੇਰੀ ਧੀ ਖਾਏ।
ਇਸੇ ਤਰ੍ਹਾਂ ਪਰਮਾਤਮਾ ਦਾ ਦਾਸ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ (ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਅੰਤ ਵੇਲੇ (ਜਦੋਂ ਹੋਰ ਕੋਈ ਸਾਥੀ ਨਹੀਂ ਰਹਿ ਜਾਂਦਾ) ਪਰਮਾਤਮਾ ਉਸ ਨੂੰ (ਮੋਹ ਆਦਿਕ ਦੇ ਪੰਜੇ ਤੋਂ) ਛੁਡਾਂਦਾ ਹੈ ॥੧॥
ਹੇ ਮੇਰੇ ਰਾਮ! ਮੈਨੂੰ ਮੂਰਖ ਨੂੰ ਉੱਚੀ ਆਤਮਕ ਅਵਸਥਾ ਬਖ਼ਸ਼,
ਮੈਨੂੰ ਗੁਰੂ ਦੇ ਸੇਵਾ ਦੇ ਕੰਮ ਵਿਚ ਜੋੜ ॥੧॥ ਰਹਾਉ ॥
ਸੌਦਾਗਰ ਸੌਦਾਗਰੀ ਕਰਨ ਵਾਸਤੇ ਘੋੜੇ ਲੈ ਕੇ ਤੁਰ ਪੈਂਦਾ ਹੈ।
(ਸੌਦਾਗਰੀ ਵਿਚ ਉਹ) ਧਨ ਖੱਟਦਾ ਹੈ (ਹੋਰ ਧਨ ਦੀ) ਆਸ ਕਰਦਾ ਹੈ (ਜਿਉਂ ਜਿਉਂ ਕਮਾਈ ਕਰਦਾ ਹੈ ਤਿਉਂ ਤਿਉਂ) ਮਾਇਆ ਦਾ ਮੋਹ ਵਧਾਂਦਾ ਜਾਂਦਾ ਹੈ।
ਇਸੇ ਤਰ੍ਹਾਂ ਪਰਮਾਤਮਾ ਦਾ ਦਾਸ ਪਰਮਾਤਮਾ ਦਾ ਨਾਮ ਸਿਮਰਦਾ ਹੈ, ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਦਾ ਹੈ ॥੨॥
ਦੁਕਾਨਦਾਰ ਦੁਕਾਨ ਵਿਚ ਬੈਠ ਕੇ ਦੁਕਾਨ ਦਾ ਕੰਮ ਕਰਦਾ ਹੈ ਤੇ (ਮਾਇਆ) ਇਕੱਠੀ ਕਰਦਾ ਹੈ (ਜੋ ਉਸ ਦੇ ਆਤਮਕ ਜੀਵਨ ਵਾਸਤੇ) ਜ਼ਹਰ (ਦਾ ਕੰਮ ਕਰਦੀ ਜਾਂਦੀ) ਹੈ,
(ਕਿਉਂਕਿ ਇਹ ਤਾਂ ਨਿਰਾ) ਮੋਹ ਦਾ ਝੂਠਾ ਖਿਲਾਰਾ ਹੈ, ਝੂਠ ਦਾ ਪਸਾਰਾ ਹੈ (ਜਿਉਂ ਜਿਉਂ ਇਸ ਵਿਚ ਵਧੀਕ ਰੁੱਝਦਾ ਹੈ ਤਿਉਂ ਤਿਉਂ) ਇਸ ਨਾਸਵੰਤ ਦੇ ਮੋਹ ਵਿਚ ਫਸਦਾ ਜਾਂਦਾ ਹੈ।
ਇਸੇ ਤਰ੍ਹਾਂ ਪਰਮਾਤਮਾ ਦੇ ਦਾਸ ਨੇ (ਭੀ) ਧਨ ਇਕੱਠਾ ਕੀਤਾ ਹੁੰਦਾ ਹੈ ਪਰ ਉਹ ਹਰਿ-ਨਾਮ ਦਾ ਧਨ ਹੈ, ਇਹ ਨਾਮ-ਧਨ ਉਹ ਆਪਣੀ ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚ (ਦੇ ਤੌਰ ਤੇ) ਲੈ ਜਾਂਦਾ ਹੈ ॥੩॥
ਮਾਇਆ ਦੇ ਮੋਹ ਦਾ ਇਹ ਖਿਲਾਰਾ (ਤਾਂ) ਮਾਇਆ ਦੇ ਮੋਹ ਵਿਚ ਫਸਾਣ ਲਈ ਫਾਹੀ ਹੈ।
ਇਸ ਵਿਚੋਂ ਉਹ ਮਨੁੱਖ ਪਾਰ ਲੰਘਦਾ ਹੈ, ਜੇਹੜਾ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਦਾਸਾਂ ਦਾ ਦਾਸ ਬਣਦਾ ਹੈ।
ਦਾਸ ਨਾਨਕ ਨੇ (ਭੀ) ਗੁਰੂ ਦੀ ਸਰਨ ਪੈ ਕੇ (ਆਤਮਕ ਜੀਵਨ ਵਾਸਤੇ) ਚਾਨਣ ਹਾਸਲ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ॥੪॥੩॥੯॥੪੭॥
ਜੇਹੜਾ ਮਨੁੱਖ ਸਦਾ ਦਿਨ ਰਾਤ (ਮਾਇਆ ਦਾ) ਲਾਲਚ ਕਰਦਾ ਰਹਿੰਦਾ ਹੈ ਮਾਇਆ ਦੀ ਪ੍ਰੇਰਨਾ ਵਿਚ ਆ ਕੇ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ,
ਉਹ ਉਸ ਵੇਗਾਰੀ ਵਾਂਗ ਹੈ ਜੋ ਆਪਣੇ ਸਿਰ ਉੱਤੇ (ਬਿਗਾਨਾ) ਭਾਰ ਚੁੱਕ ਕੇ ਵੇਗਾਰ ਕੱਢਦਾ ਫਿਰਦਾ ਹੈ।
ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ (ਗੁਰੂ ਦੀ ਦੱਸੀ ਸੇਵਾ ਕਰਦਾ ਹੈ) ਉਸ ਨੂੰ ਪਰਮਾਤਮਾ ਨੇ (ਨਾਮ-ਸਿਮਰਨ ਦੇ) ਉਸ ਕੰਮ ਵਿਚ ਲਾ ਦਿੱਤਾ ਹੈ ਜੋ ਉਸ ਦਾ ਅਸਲ ਆਪਣਾ ਕੰਮ ਹੈ ॥੧॥
ਹੇ ਮੇਰੇ ਰਾਮ! (ਅਸਾਂ ਜੀਵਾਂ ਦੇ) ਮਾਇਆ ਦੇ ਬੰਧਨ ਤੋੜ ਤੇ ਸਾਨੂੰ ਸਾਡੇ ਅਸਲੀ ਆਪਣੇ ਕੰਮ ਵਿਚ ਜੋੜ,
ਅਸੀਂ ਹਰਿ-ਨਾਮ ਵਿਚ ਲੀਨ ਹੋ ਕੇ ਸਦਾ ਹਰਿ-ਗੁਣ ਗਾਂਦੇ ਰਹੀਏ ॥੧॥ ਰਹਾਉ ॥
ਨਿਰੋਲ ਮਾਇਆ ਦੀ ਖ਼ਾਤਰ ਕੋਈ ਮਨੁੱਖ ਕਿਸੇ ਰਾਜੇ-ਪਾਤਿਸ਼ਾਹ ਦੀ ਨੌਕਰੀ ਕਰਦਾ ਹੈ।
ਰਾਜਾ ਕਈ ਵਾਰੀ (ਕਿਸੇ ਖ਼ੁਨਾਮੀ ਦੇ ਕਾਰਨ ਉਸ ਨੂੰ) ਕੈਦ ਕਰ ਦੇਂਦਾ ਹੈ ਜਾਂ (ਕੋਈ ਜੁਰਮਾਨਾ ਆਦਿਕ) ਸਜ਼ਾ ਦੇਂਦਾ ਹੈ, ਜਾਂ, ਰਾਜਾ (ਆਪ ਹੀ) ਮਰ ਜਾਂਦਾ ਹੈ (ਤੇ ਉਸ ਮਨੁੱਖ ਦੀ ਨੌਕਰੀ ਹੀ ਮੁੱਕ ਜਾਂਦੀ ਹੈ)।
ਪਰ ਸਤਿਗੁਰੂ ਦੀ ਸੇਵਾ ਸਦਾ ਫਲ ਦੇਣ ਵਾਲੀ ਹੈ ਸਦਾ ਸਲਾਹੁਣ-ਯੋਗ ਹੈ, ਕਿਉਂਕਿ ਇਸ ਸੇਵਾ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਆਨੰਦ ਮਾਣਦਾ ਹੈ ॥੨॥
ਮਾਇਆ ਕਮਾਣ ਦੀ ਖ਼ਾਤਰ ਕਈ ਤਰ੍ਹਾਂ ਦਾ ਸਦਾ ਵਣਜ-ਵਿਹਾਰ ਭੀ ਕਰੀਦਾ ਹੈ,
ਜਦੋਂ (ਉਹ ਵਣਜ-ਵਪਾਰ) ਨਫ਼ਾ ਦੇਂਦਾ ਹੈ ਤਾਂ ਮਨ ਵਿਚ ਖ਼ੁਸ਼ੀ ਹੁੰਦੀ ਹੈ, ਪਰ ਘਾਟਾ ਪੈਣ ਤੇ ਮਨੁੱਖ (ਹਾਹੁਕੇ ਨਾਲ) ਮਰ ਜਾਂਦਾ ਹੈ।
ਪਰ ਜੇਹੜਾ ਮਨੁੱਖ ਆਪਣੇ ਗੁਰੂ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸੌਦੇ ਦੀ ਸਾਂਝ ਪਾਂਦਾ ਹੈ, ਉਹ ਸਦਾ ਹੀ ਆਤਮਕ ਆਨੰਦ ਮਾਣਦਾ ਹੈ ॥੩॥