ਜਿਵੇਂ ਜਦੋਂ ਮੀਂਹ ਪੈਂਦਾ ਹੈ ਤਾਂ ਧਰਤੀ ਸੋਹਣੀ ਲੱਗਣ ਲੱਗ ਪੈਂਦੀ ਹੈ, ਤਿਵੇਂ ਸਿੱਖ ਗੁਰੂ ਨੂੰ ਮਿਲ ਕੇ ਪ੍ਰਸੰਨ ਹੁੰਦਾ ਹੈ ॥੧੬॥
ਹੇ ਭਾਈ! ਮੈਂ ਗੁਰੂ ਦੇ ਸੇਵਕ ਦਾ ਸੇਵਕ ਬਣ ਕੇ ਉਸ ਦੀ ਕਾਰ ਕਰਨ ਨੂੰ ਤਿਆਰ ਹਾਂ ਮੈਂ ਉਸ ਨੂੰ ਬੇਨਤੀਆਂ ਕਰ ਕਰ ਕੇ (ਖ਼ੁਸ਼ੀ ਨਾਲ) ਸੱਦਾਂਗਾ ॥੧੭॥
ਨਾਨਕ ਦੀ ਪਰਮਾਤਮਾ ਪਾਸ ਬੇਨਤੀ ਹੈ (-ਹੇ ਪ੍ਰਭੂ! ਮੈਨੂੰ ਗੁਰੂ ਮਿਲਾ) ਗੁਰੂ ਨੂੰ ਮਿਲ ਕੇ ਮੈਨੂੰ ਵੱਡਾ ਆਨੰਦ ਪ੍ਰਾਪਤ ਹੁੰਦਾ ਹੈ ॥੧੮॥
ਹੇ ਪ੍ਰਭੂ! ਤੂੰ ਆਪ ਹੀ ਗੁਰੂ ਹੈਂ, ਤੂੰ ਆਪ ਹੀ ਸਿੱਖ ਹੈਂ। ਮੈਂ ਗੁਰੂ ਦੀ ਰਾਹੀਂ ਤੈਨੂੰ ਹੀ ਧਿਆਉਂਦਾ ਹਾਂ ॥੧੯॥
ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਤੇਰਾ ਹੀ ਰੂਪ ਬਣ ਜਾਂਦੇ ਹਨ। ਤੂੰ ਆਪਣੇ ਸੇਵਕਾਂ ਦੀ ਇੱਜ਼ਤ (ਸਦਾ) ਰੱਖਦਾ ਆਇਆ ਹੈਂ ॥੨੦॥
ਹੇ ਹਰੀ! ਤੇਰੇ ਪਾਸ ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ। ਜਿਸ ਨੂੰ ਤੇਰੀ ਰਜ਼ਾ ਹੁੰਦੀ ਹੈ ਉਸ ਨੂੰ ਤੂੰ (ਗੁਰੂ ਦੀ ਰਾਹੀਂ ਇਹ ਖ਼ਜ਼ਾਨਾ) ਦਿਵਾਂਦਾ ਹੈਂ ॥੨੧॥
ਹੇ ਪ੍ਰਭੂ! (ਤੇਰੀ ਭਗਤੀ ਦਾ ਖ਼ਜ਼ਾਨਾ ਪ੍ਰਾਪਤ ਕਰਨ ਲਈ) ਹਰੇਕ ਸਿਆਣਪ-ਚਤੁਰਾਈ ਵਿਅਰਥ ਹੈ। ਉਹੀ ਮਨੁੱਖ (ਇਹ ਖ਼ਜ਼ਾਨੇ) ਹਾਸਲ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈ ॥੨੨॥
ਹੇ ਪ੍ਰਭੂ! (ਤੇਰੀ ਮੇਹਰ ਨਾਲ) ਮੈਂ ਆਪਣੇ ਗੁਰੂ ਨੂੰ ਮੁੜ ਮੁੜ ਯਾਦ ਕਰ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਆਪਣੇ ਮਨ ਨੂੰ ਜਗਾਂਦਾ ਰਹਿੰਦਾ ਹਾਂ ॥੨੩॥
ਹੇ ਪ੍ਰਭੂ! (ਤੇਰੇ ਦਰ ਤੋਂ ਤੇਰਾ) ਗਰੀਬ (ਦਾਸ) ਨਾਨਕ ਇਕ ਦਾਨ ਮੰਗਦਾ ਹੈ-(ਮੇਹਰ ਕਰ) ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ ॥੨੪॥
ਜੇ ਗੁਰੂ (ਮੈਨੂੰ ਮੇਰੀ ਕਿਸੇ ਭੁੱਲ ਦੇ ਕਾਰਨ) ਝਿੜਕ ਦੇਵੇ, ਤਾਂ ਉਸ ਦੀ ਉਹ ਝਿੜਕ ਮੈਨੂੰ ਪਿਆਰੀ ਲੱਗਦੀ ਹੈ। ਜੇ ਗੁਰੂ ਮੇਰੇ ਉਤੇ ਮੇਹਰ ਦੀ ਨਿਗਾਹ ਕਰਦਾ ਹੈ, ਤਾਂ ਇਹ ਗੁਰੂ ਦਾ ਉਪਕਾਰ ਹੈ (ਮੇਰੇ ਵਿਚ ਕੋਈ ਗੁਣ ਨਹੀਂ) ॥੨੫॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜੇਹੜੇ ਬਚਨ ਬੋਲਦੇ ਹਨ, ਗੁਰੂ ਉਹਨਾਂ ਨੂੰ ਪਰਵਾਨ ਕਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਦਾ ਬੋਲਿਆ ਪਰਵਾਨ ਨਹੀਂ ਹੁੰਦਾ ॥੨੬॥
ਪਾਲਾ ਹੋਵੇ, ਕੱਕਰ ਪਏ, ਬਰਫ਼ ਪਏ, ਫਿਰ ਭੀ ਗੁਰੂ ਦਾ ਸਿੱਖ ਗੁਰੂ ਦਾ ਦਰਸਨ ਕਰਨ ਜਾਂਦਾ ਹੈ ॥੨੭॥
ਮੈਂ ਭੀ ਦਿਨ ਰਾਤ ਹਰ ਵੇਲੇ ਆਪਣੇ ਗੁਰੂ ਦਾ ਦਰਸਨ ਕਰਦਾ ਰਹਿੰਦਾ ਹਾਂ। ਗੁਰੂ ਦੇ ਚਰਨਾਂ ਨੂੰ ਆਪਣੀਆਂ ਅੱਖਾਂ ਵਿਚ ਵਸਾਈ ਰੱਖਦਾ ਹਾਂ ॥੨੮॥
ਜੇ ਮੈਂ ਗੁਰੂ (ਨੂੰ ਪ੍ਰਸੰਨ ਕਰਨ) ਵਾਸਤੇ ਅਨੇਕਾਂ ਹੀ ਜਤਨ ਕਰਦਾ ਰਹਾਂ ਉਹੀ ਜਤਨ ਕਬੂਲ ਹੁੰਦਾ ਹੈ, ਜੇਹੜਾ ਗੁਰੂ ਨੂੰ ਪਸੰਦ ਆਉਂਦਾ ਹੈ ॥੨੯॥
ਹੇ ਮੇਰੇ ਖਸਮ-ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਦਿਨ ਰਾਤ ਹਰ ਵੇਲੇ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਰਹਾਂ ॥੩੦॥
ਨਾਨਕ ਦੀ ਜਿੰਦ ਗੁਰੂ ਦੇ ਹਵਾਲੇ ਹੈ, ਨਾਨਕ ਦਾ ਸਰੀਰ ਗੁਰੂ ਦੇ ਚਰਨਾਂ ਵਿਚ ਹੈ। ਗੁਰੂ ਨੂੰ ਮਿਲ ਕੇ ਮੈਂ ਤ੍ਰਿਪਤ ਹੋ ਜਾਂਦਾ ਹਾਂ, ਰੱਜ ਜਾਂਦਾ ਹਾਂ (ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ) ॥੩੧॥
(ਗੁਰੂ ਦੀ ਕਿਰਪਾ ਨਾਲ ਇਹ ਸਮਝ ਆਉਂਦੀ ਹੈ ਕਿ) ਨਾਨਕ ਦਾ ਪ੍ਰਭੂ ਸ੍ਰਿਸ਼ਟੀ ਦਾ ਖਸਮ ਹਰ ਥਾਂ ਵਿਆਪਕ ਹੋ ਰਿਹਾ ਹੈ ॥੩੨॥੧॥
ਰਾਗ ਸੂਹੀ, ਘਰ ੧੦ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! (ਗੁਰੂ ਨੇ) ਆਪਣੇ ਪਿਆਰੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਪਿਆਰ ਮੇਰੇ ਹਿਰਦੇ ਵਿਚ ਪੈਦਾ ਕਰ ਦਿੱਤਾ ਹੈ,
(ਤਾਹੀਏਂ) ਜਦੋਂ ਮੈਂ ਗੁਰੂ ਨੂੰ ਆਪਣੇ ਸਾਹਮਣੇ ਵੇਖਦਾ ਹਾਂ, ਤਾਂ ਮੇਰਾ ਤਨ ਮੇਰਾ ਮਨ ਖਿੜ ਪੈਂਦਾ ਹੈ ॥੧॥
ਹੇ ਭਾਈ! ਪੂਰੇ ਗੁਰੂ ਪਾਸੋਂ ਮੈਂ ਉਸ ਪਰਮਾਤਮਾ ਦਾ ਨਾਮ-ਸਰਮਾਇਆ ਪ੍ਰਾਪਤ ਕਰ ਲਿਆ ਹੈ,
ਜੋ ਆਤਮਕ ਜੀਵਨ ਦੇਣ ਵਾਲਾ ਹੈ, ਜੋ (ਗੁਰੂ ਤੋਂ ਬਿਨਾ) ਅਪਹੁੰਚ ਹੈ, ਜੋ ਬੜੇ ਡੂੰਘੇ ਦਿਲ ਵਾਲਾ ਹੈ ॥੧॥ ਰਹਾਉ ॥
ਹੇ ਭਾਈ! ਗੁਰੂ ਨੂੰ ਵੇਖ ਕੇ ਮੇਰੀ ਜਿੰਦ ਖਿੜ ਪੈਂਦੀ ਹੈ, (ਗੁਰੂ ਦੀ ਕਿਰਪਾ) ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ।
(ਜਿਨ੍ਹਾਂ ਨੂੰ ਗੁਰੂ ਨੇ) ਮੇਹਰ ਕਰ ਕੇ (ਪਰਮਾਤਮਾ ਦੇ ਚਰਨਾਂ ਨਾਲ) ਜੋੜ ਦਿੱਤਾ, ਉਹਨਾਂ ਨੇ (ਦੁਨੀਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਲਿਆ ॥੨॥
ਹੇ ਭਾਈ! ਗੁਰੂ ਪਰਮਾਤਮਾ ਦੇ ਨਾਮ ਦਾ ਪ੍ਰੇਮੀ ਹੈ, ਜੇ ਮੈਨੂੰ ਗੁਰੂ ਮਿਲ ਪਏ ਤਾਂ ਮੈਂ ਆਪਣਾ ਤਨ ਆਪਣਾ ਮਨ ਉਸ ਦੇ ਅੱਗੇ ਭੇਟ ਰੱਖ ਦਿਆਂ।
ਜੇ ਪੂਰਬਲੇ ਸਮੇ ਵਿਚ (ਗੁਰੂ ਦੇ ਮਿਲਾਪ ਦਾ ਲੇਖ ਮੱਥੇ ਉਤੇ) ਲਿਖਿਆ ਹੋਵੇ, ਤਾਂ ਹੀ (ਗੁਰੂ ਪਾਸੋਂ ਲੈ ਕੇ) ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਤਮਕ ਅਡੋਲਤਾ ਵਿਚ ਪੀ ਸਕਦਾ ਹਾਂ ॥੩॥
ਹੇ ਭਾਈ! ਸੁੱਤੇ ਪਿਆਂ ਭੀ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ, ਉੱਠਦੇ ਸਾਰ ਭੀ ਮੈਂ ਗੁਰੂ ਦਾ ਨਾਮ ਉਚਾਰਾਂ-
ਜੇ ਇਹੋ ਜਿਹੀ ਮਤਿ ਦੇਣ ਵਾਲੇ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਸੱਜਣ ਮੈਨੂੰ ਮਿਲ ਪਏ, ਤਾਂ ਮੈਂ ਉਸ ਦੇ ਪੈਰ ਧੋਵਾਂ ॥੪॥
ਹੇ ਭਾਈ! ਕੋਈ ਅਜੇਹਾ ਸੱਜਣ ਮੈਨੂੰ ਲੱਭ ਦੇਵੋ, ਜੇਹੜਾ ਮੈਨੂੰ ਪ੍ਰੀਤਮ-ਗੁਰੂ ਮਿਲਾ ਦੇਵੇ।
ਗੁਰੂ ਦੇ ਮਿਲਿਆਂ ਹੀ ਪਰਮਾਤਮਾ (ਦਾ ਮਿਲਾਪ) ਹਾਸਲ ਹੁੰਦਾ ਹੈ। (ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਸ ਨੂੰ) ਪਰਮਾਤਮਾ ਆਤਮਕ ਅਡੋਲਤਾ ਵਿਚ ਪਿਆਰ-ਰੰਗ ਵਿਚ ਮਿਲ ਪੈਂਦਾ ਹੈ ॥੫॥