ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਜਾਂਦਾ ਹੈ,
ਉਸ ਮਨੁੱਖ ਉਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ ॥੨॥
ਹੇ ਭਾਈ! ਗੁਰੂ ਦੀ ਸੰਗਤਿ ਵਿਚ (ਨਾਮ ਜਪਣ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।
ਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਨਾਮ ਜਪਿਆ ਕਰੋ ॥੩॥
ਹੇ ਭਾਈ! (ਸਿਮਰਨ ਦਾ ਸਦਕਾ) ਪਰਾਏ ਧਨ (ਆਦਿਕ) ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ,
ਭਿਆਨਕ ਜਮ ਭੀ ਨੇੜੇ ਨਹੀਂ ਢੁਕਦਾ (ਮੌਤ ਦਾ ਡਰ ਨਹੀਂ ਵਿਆਪਦਾ, ਆਤਮਕ ਮੌਤ ਨੇੜੇ ਨਹੀਂ ਆਉਂਦੀ) ॥੪॥
ਹੇ ਭਾਈ! (ਜੇਹੜੇ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ) ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦਿੱਤੀ ਹੈ।
ਹੇ ਨਾਨਕ! ਪ੍ਰਭੂ ਦੀ ਸਰਨ ਪੈ ਕੇ (ਅਨੇਕਾਂ ਜੀਵ ਤ੍ਰਿਸ਼ਨਾ ਦੀ ਅੱਗ ਵਿਚੋਂ) ਬਚ ਨਿਕਲਦੇ ਹਨ ॥੫॥੧॥੫੫॥
ਹੇ ਭਾਈ! ਉਸ ਮਨੁੱਖ ਨੇ ਸਦਾ-ਥਿਰ ਹਰਿ-ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈ,
ਜਿਸ ਮਨੁੱਖ ਨੇ ਆਪਣੇ ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੧॥
ਹੇ ਭਾਈ! ਇਹੀ ਹੈ ਅਸਲ ਜੀਵਨ, ਇਹੀ ਹੈ ਅਸਲ ਜ਼ਿੰਦਗ਼ੀ!
(ਕਿ) ਸਾਧ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ ॥੧॥ ਰਹਾਉ ॥
ਉਸ ਮਨੁੱਖ ਨੇ (ਮਾਨੋ) ਕਈ ਕਿਸਮਾਂ ਦੇ (ਵੰਨ ਸੁਵੰਨੇ) ਕੱਪੜੇ ਪਹਿਨ ਲਏ ਹਨ (ਤੇ ਉਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ ਆਨੰਦ ਮਾਣ ਰਿਹਾ ਹੈ),
ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ ॥੨॥
ਹੇ ਭਾਈ! ਉਹ ਮਨੁੱਖ (ਮਾਨੋ) ਹਾਥੀ ਰਥਾਂ ਘੋੜਿਆਂ ਦੀ ਸਵਾਰੀ (ਦਾ ਸੁਖ ਮਾਣ ਰਿਹਾ ਹੈ)
ਜੇਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਮਿਲਾਪ ਦਾ ਰਾਹ ਤੱਕਦਾ ਰਹਿੰਦਾ ਹੈ ॥੩॥
ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ,
ਹੇ ਨਾਨਕ! ਉਸ ਦਾਸ ਨੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲਿਆ ਹੈ ॥੪॥੨॥੫੬॥
ਹੇ ਭਾਈ! ਉਸ ਗੁਰੂ ਦੇ ਚਰਨਾਂ ਦਾ ਧਿਆਨ ਜਿੰਦ ਵਾਸਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਵਸੀਲਾ ਹਨ,
ਜਿਸ (ਗੁਰੂ) ਨੇ (ਸਰਨ ਆਏ ਮਨੁੱਖ ਨੂੰ ਸਦਾ) ਇਕ ਛਿਨ ਵਿਚ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ॥੧॥ ਰਹਾਉ ॥
ਹੇ ਭਾਈ! ਕੋਈ ਮਨੁੱਖ ਧਾਰਮਿਕ ਰਸਮਾਂ ਦਾ ਪ੍ਰੇਮੀ ਬਣ ਜਾਂਦਾ ਹੈ; ਕੋਈ ਮਨੁੱਖ ਤੀਰਥਾਂ ਉੱਤੇ ਇਸ਼ਨਾਨ ਕਰਦਾ ਫਿਰਦਾ ਹੈ।
ਪਰਮਾਤਮਾ ਦੇ ਦਾਸਾਂ ਨੇ (ਸਦਾ) ਪਰਮਾਤਮਾ ਦਾ ਨਾਮ ਹੀ ਸਿਮਰਿਆ ਹੈ ॥੧॥
ਹੇ ਭਾਈ! ਜੋ ਪਰਮਾਤਮਾ ਸਭ ਦਾ ਮਾਲਕ ਹੈ, ਜੋ (ਜੀਵਾਂ ਦੇ ਮਾਇਆ ਦੇ) ਬੰਧਨ ਕੱਟਣ ਦੀ ਸਮਰਥਾ ਰੱਖਦਾ ਹੈ,
ਦਾਸ ਨਾਨਕ (ਭੀ ਉਸ ਪਰਮਾਤਮਾ ਦਾ ਨਾਮ) ਸਿਮਰਦਾ ਹੈ ਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ ॥੨॥੩॥੫੭॥
ਹੇ ਪ੍ਰਭੂ! ਕਿਸੇ ਤਰ੍ਹਾਂ ਭੀ (ਤੇਰੇ ਦਾਸਾਂ ਦੀ) ਪ੍ਰੀਤਿ (ਕਿਧਰੇ ਤੇਰੇ ਨਾਲੋਂ) ਟੁੱਟ ਨਾਹ ਜਾਏ,
(ਇਸ ਲਈ) ਤੇਰੇ ਦਾਸਾਂ ਦੀ ਰਹਿਣੀ-ਬਹਿਣੀ ਪਵਿਤ੍ਰ ਰਹਿੰਦੀ ਹੈ ॥੧॥ ਰਹਾਉ ॥
ਹੇ ਭਾਈ! ਪਰਮਾਤਮਾ ਦੇ ਦਾਸਾਂ ਨੂੰ ਆਪਣੀ ਜਿੰਦ ਨਾਲੋਂ, ਪ੍ਰਾਣਾਂ ਨਾਲੋਂ, ਮਨ ਨਾਲੋਂ, ਧਨ ਨਾਲੋਂ, ਉਹ ਪਰਮਾਤਮਾ ਸਦਾ ਪਿਆਰਾ ਲੱਗਦਾ ਹੈ,
ਜੋ ਹਉਮੈ ਦੇ ਰਾਹ ਵਿਚ ਬੰਨ੍ਹ ਮਾਰਨ ਦੀ ਸਮਰਥਾ ਰੱਖਦਾ ਹੈ ॥੧॥
ਹੇ ਭਾਈ! ਉਸ ਦੇ ਸੋਹਣੇ ਚਰਨਾਂ ਨਾਲ (ਨਾਨਕ ਦਾ) ਪਿਆਰ ਬਣਿਆ ਰਹੇ,
ਨਾਨਕ ਦੀ (ਪਰਮਾਤਮਾ ਦੇ ਦਰ ਤੇ ਸਦਾ) ਇਹੀ ਅਰਦਾਸ ਹੈ ॥੨॥੪॥੫੮॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਧਨਾਸਰੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
ਹੇ ਭਾਈ! (ਪਰਮਾਤਮਾ ਨੂੰ) ਲੱਭਣ ਵਾਸਤੇ ਤੂੰ ਜੰਗਲਾਂ ਵਿਚ ਕਿਉਂ ਜਾਂਦਾ ਹੈਂ?
ਪਰਮਾਤਮਾ ਸਭ ਵਿਚ ਵੱਸਣ ਵਾਲਾ ਹੈ, (ਫਿਰ ਭੀ) ਸਦਾ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਰਹਿੰਦਾ ਹੈ। ਉਹ ਪਰਮਾਤਮਾ ਤੇਰੇ ਨਾਲ ਹੀ ਵੱਸਦਾ ਹੈ ॥੧॥ ਰਹਾਉ ॥
ਹੇ ਭਾਈ! ਜਿਵੇਂ ਫੁੱਲ ਵਿਚ ਸੁਗੰਧੀ ਵੱਸਦੀ ਹੈ, ਜਿਵੇਂ ਸ਼ੀਸ਼ੇ ਵਿਚ (ਸ਼ੀਸ਼ਾ ਵੇਖਣ ਵਾਲੇ ਦਾ) ਅਕਸ ਵੱਸਦਾ ਹੈ,
ਤਿਵੇਂ ਪਰਮਾਤਮਾ ਇਕ-ਰਸ ਸਭਨਾਂ ਦੇ ਅੰਦਰ ਵੱਸਦਾ ਹੈ। (ਇਸ ਵਾਸਤੇ, ਉਸ ਨੂੰ) ਆਪਣੇ ਹਿਰਦੇ ਵਿਚ ਹੀ ਲੱਭ ॥੧॥
ਹੇ ਭਾਈ! ਗੁਰੂ ਦਾ (ਆਤਮਕ ਜੀਵਨ ਦਾ) ਉਪਦੇਸ਼ ਇਹ ਦੱਸਦਾ ਹੈ ਕਿ (ਆਪਣੇ ਸਰੀਰ ਦੇ) ਅੰਦਰ (ਅਤੇ ਆਪਣੇ ਸਰੀਰ ਤੋਂ) ਬਾਹਰ (ਹਰ ਥਾਂ) ਇਕ ਪਰਮਾਤਮਾ ਨੂੰ (ਵੱਸਦਾ) ਸਮਝੋ।
ਹੇ ਦਾਸ ਨਾਨਕ! ਆਪਣਾ ਆਤਮਕ ਜੀਵਨ ਪਰਖਣ ਤੋਂ ਬਿਨਾ (ਮਨ ਉੱਤੋਂ) ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ (ਤੇ, ਉਤਨਾ ਚਿਰ ਸਰਬ-ਵਿਆਪਕ ਪਰਮਾਤਮਾ ਦੀ ਸੂਝ ਨਹੀਂ ਆ ਸਕਦੀ) ॥੨॥੧॥
ਹੇ ਸੰਤ ਜਨੋ! ਇਹ ਜਗਤ (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਿਆ ਰਹਿੰਦਾ ਹੈ।
ਪ੍ਰਭੂ ਦੇ ਨਾਮ ਦਾ ਸਿਮਰਨ ਛੱਡੀ ਰੱਖਦਾ ਹੈ, ਤੇ, ਮਾਇਆ ਦੇ ਹੱਥ ਵਿਚ ਵਿਕਿਆ ਰਹਿੰਦਾ ਹੈ (ਮਾਇਆ ਦੇ ਵੱਟੇ ਆਤਮਕ ਜੀਵਨ ਗਵਾ ਦੇਂਦਾ ਹੈ) ॥੧॥ ਰਹਾਉ ॥
ਹੇ ਸੰਤ ਜਨੋ! ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ-(ਭੁੱਲਾ ਹੋਇਆ ਜਗਤ) ਇਹਨਾਂ ਦੇ ਮੋਹ ਵਿਚ ਫਸਿਆ ਰਹਿੰਦਾ ਹੈ।