ਜਿਹੜਾ ਮੈਨੂੰ ਮੇਰੇ ਪਿਆਰੇ ਦਾ ਦਰਸ਼ਨ ਕਰਾ ਦੇਵੇ, ਮੈਂ ਉਸ ਤੋਂ (ਆਪਣੀ) ਜਿੰਦ ਚਾਰ ਟੋਟੇ ਕਰ ਦਿਆਂ (ਸਦਕੇ ਕਰਨ ਨੂੰ ਤਿਆਰ ਹਾਂ)।
ਹੇ ਨਾਨਕ! ਜਦੋਂ ਹਰੀ-ਪ੍ਰਭੂ (ਆਪ) ਦਇਆਵਾਨ ਹੁੰਦਾ ਹੈ, ਤਦੋਂ ਉਹ ਪੂਰਾ ਗੁਰੂ ਮਿਲਾਂਦਾ ਹੈ (ਤੇ, ਪੂਰਾ ਗੁਰੂ ਪ੍ਰਭੂ-ਪਤੀ ਦੇ ਚਰਨਾਂ ਵਿਚ ਜੋੜ ਦੇਂਦਾ ਹੈ) ॥੫॥
ਜਿਸ ਮਨੁੱਖ ਦੇ ਅੰਦਰ ਹਉਮੈ ਦਾ ਜ਼ੋਰ ਪਿਆ ਰਹਿੰਦਾ ਹੈ ਜਿਸ ਦੇ ਸਰੀਰ ਵਿਚ ਮਾਇਆ ਦਾ ਪ੍ਰਭਾਵ ਬਣਿਆ ਰਹਿੰਦਾ ਹੈ, ਉਹ ਮਨੁੱਖ (ਗੁਰੂ ਦੇ ਦਰ ਤੇ) ਸਿਰਫ਼ ਵਿਖਾਵੇ ਦੀ ਖ਼ਾਤਰ ਹੀ ਆਉਂਦਾ ਰਹਿੰਦਾ ਹੈ।
ਉਹ ਮਨੁੱਖ ਗੁਰੂ ਦੇ ਦੱਸੇ ਹੁਕਮ ਵਿਚ ਸਰਧਾ ਨਹੀਂ ਬਣਾ ਸਕਦਾ, (ਇਸ ਵਾਸਤੇ ਉਹ ਮਨੁੱਖ ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਦਾ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ।
(ਪਰ, ਹੇ ਭਾਈ!) ਉਹ ਮਨੁੱਖ (ਹੀ) ਗੁਰੂ ਦੀ ਰਜ਼ਾ ਵਿਚ (ਜੀਵਨ-ਤੋਰ) ਤੁਰਦਾ ਹੈ, ਜਿਸ ਉੱਤੇ ਪਰਮਾਤਮਾ ਦੀ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ।
ਗੁਰੂ ਦਾ ਦੀਦਾਰ ਜ਼ਰੂਰ ਫਲ ਦੇਂਦਾ ਹੈ, (ਗੁਰੂ ਦਾ ਦਰਸ਼ਨ ਕਰਨ ਵਾਲਾ ਮਨੁੱਖ) ਜਿਹੜੀ ਮੰਗ ਆਪਣੇ ਮਨ ਵਿਚ ਧਾਰਦਾ ਹੈ, ਉਹੀ ਮੰਗ ਪ੍ਰਾਪਤ ਕਰ ਲੈਂਦਾ ਹੈ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਉੱਤੇ ਸਰਧਾ ਬਣਾਈ, ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ।
ਜਿਹੜਾ ਮਨੁੱਖ ਹਰ ਵੇਲੇ (ਗੁਰੂ-ਚਰਨਾਂ ਵਿਚ) ਸੁਰਤ ਜੋੜੀ ਰੱਖਦਾ ਹੈ, ਨਾਨਕ ਉਸ ਮਨੁੱਖ ਦਾ (ਸਦਾ ਲਈ) ਦਾਸ ਹੈ ॥੬॥
ਜਿਨ੍ਹਾਂ (ਮਨੁੱਖਾਂ) ਦੇ ਅੰਦਰ ਪਿਆਰੇ ਦਾ ਪ੍ਰੇਮ ਹੁੰਦਾ ਹੈ, (ਆਪਣੇ ਪਿਆਰੇ ਦੇ) ਦਰਸਨ ਤੋਂ ਬਿਨਾ ਉਹਨਾਂ ਦੇ ਮਨ ਵਿਚ ਸ਼ਾਂਤੀ ਨਹੀਂ ਹੁੰਦੀ।
ਹੇ ਨਾਨਕ! ਉਹ ਮਨੁੱਖ (ਪਿਆਰੇ ਦੇ) ਪ੍ਰੇਮ ਵਿਚ ਲੀਨ ਰਹਿੰਦੇ ਹਨ। (ਇਸੇ ਕਰਕੇ) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਇਹ ਮਨ ਸਦਾ ਖਿੜਿਆ ਰਹਿੰਦਾ ਹੈ ॥੭॥
ਜਿਨ੍ਹਾਂ (ਮਨੁੱਖਾਂ) ਦੇ ਅੰਦਰ ਪਿਆਰੇ ਦਾ ਪ੍ਰੇਮ ਹੁੰਦਾ ਹੈ, ਉਹ ਆਪਣੇ ਪਿਆਰੇ ਦੇ ਮਿਲਾਪ ਤੋਂ ਬਿਨਾ ਸੁਖੀ ਨਹੀਂ ਜੀਊ ਸਕਦੇ।
ਹੇ ਨਾਨਕ! ਜਦੋਂ ਉਹ ਆਪਣੇ ਖਸਮ-ਪ੍ਰਭੂ ਦਾ ਦਰਸਨ ਕਰਦੇ ਹਨ, ਤਦੋਂ ਉਹ ਮੁੜ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ॥੮॥
ਹੇ ਪ੍ਰੀਤਮ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲੇ ਨੇ ਗੁਰੂ ਦੀ ਰਾਹੀਂ ਜਿਨ੍ਹਾਂ ਮਨੁੱਖਾਂ ਦੇ ਅੰਦਰ (ਆਪਣਾ) ਪਿਆਰ ਪੈਦਾ ਕੀਤਾ ਹੈ,
ਹੇ ਨਾਨਕ! ਉਹ ਮਨੁੱਖ ਤੇਰੇ ਪਿਆਰ ਵਿਚ ਦਿਨ ਰਾਤ ਲੀਨ ਰਹਿੰਦੇ ਹਨ ॥੯॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ (ਪਰਮਾਤਮਾ ਵਾਸਤੇ) ਸਦਾ ਕਾਇਮ ਰਹਿਣ ਵਾਲਾ ਪਿਆਰ (ਪੈਦਾ ਹੋ ਜਾਂਦਾ ਹੈ), ਉਸ ਪਿਆਰ ਦੀ ਬਰਕਤਿ ਨਾਲ ਉਹ ਸਦਾ-ਥਿਰ ਪ੍ਰੀਤਮ-ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ,
ਅਤੇ ਉਹ ਹਰ ਵੇਲੇ ਆਨੰਦ ਵਿਚ ਟਿਕੇ ਰਹਿੰਦੇ ਹਨ। ਹੇ ਨਾਨਕ! (ਪਿਆਰ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਲੀਨ ਰਹੀਦਾ ਹੈ ॥੧੦॥
(ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲਾ ਪ੍ਰੇਮ-ਪਿਆਰ ਪੂਰੇ ਗੁਰੂ ਪਾਸੋਂ ਮਿਲਦਾ ਹੈ,
(ਅਤੇ ਉਹ ਪਿਆਰ) ਕਦੇ ਟੁੱਟਦਾ ਨਹੀਂ। ਹੇ ਨਾਨਕ! (ਇਸ ਪਿਆਰ ਨੂੰ ਕਾਇਮ ਰੱਖਣ ਵਾਸਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ ॥੧੧॥
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਯਾਦ ਤੋਂ ਬਿਨਾ ਸੁਖੀ ਜੀਵਨ ਨਹੀਂ ਜੀਊ ਸਕਦੇ।
(ਪਰ ਇਹ ਉਸ ਦੀ ਆਪਣੀ ਹੀ ਮਿਹਰ ਹੈ)। ਹੇ ਨਾਨਕ! ਚਿਰਾਂ ਦੇ ਵਿਛੁੜੇ ਜੀਵਾਂ ਨੂੰ ਪ੍ਰਭੂ ਆਪ ਹੀ ਗੁਰੂ ਦੀ ਰਾਹੀਂ ਆਪਣੇ ਨਾਲ ਮਿਲਾਂਦਾ ਹੈ ॥੧੨॥
ਹੇ ਹਰੀ! ਤੂੰ ਆਪ ਹੀ ਮਿਹਰ ਕਰ ਕੇ ਜਿਨ੍ਹਾਂ ਦੇ ਅੰਦਰ ਆਪਣਾ ਪ੍ਰੇਮ-ਪਿਆਰ ਪੈਦਾ ਕੀਤਾ ਹੈ,
ਹੇ ਨਾਨਕ! ਉਹਨਾਂ ਨੂੰ ਤੂੰ (ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈਂ। ਹੇ ਹਰੀ! ਮੈਨੂੰ ਮੰਗਤੇ ਨੂੰ (ਭੀ) ਆਪਣਾ ਨਾਮ ਬਖ਼ਸ਼ ॥੧੩॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਭਗਤੀ ਦੇ ਆਤਮਕ ਆਨੰਦ ਵਿਚ ਕਦੇ) ਖਿੜ ਪੈਂਦਾ ਹੈ (ਕਦੇ ਭਗਤੀ ਦੇ ਬਿਰਹੋਂ-ਰਸ ਦੇ ਕਾਰਨ) ਵੈਰਾਗ ਵਿਚ ਆ ਜਾਂਦਾ ਹੈ।
ਅਸਲ ਭਗਤੀ ਉਹੀ ਹੁੰਦੀ ਹੈ ਜਿਹੜੀ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਕਰਦਾ ਹੈ।
ਜਿਹੜਾ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ, ਉਹ (ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ) ਆਪਣੇ ਮਨ ਵਿਚ ਵਸਾਈ ਰੱਖਦਾ ਹੈ।
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਸ ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ ॥੧੪॥
ਸਤਿਗੁਰੂ ਦੀ ਬਾਣੀ ਨੂੰ ਮਨ ਵਿਚ ਵਸਾ ਕੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ- ਖ਼ਜ਼ਾਨਾ ਆ ਵੱਸਦਾ ਹੈ,
ਉਹਨਾਂ ਦੇ ਮੂੰਹ ਉਸ ਸਦਾ ਕਾਇਮ ਰਹਿਣ ਵਾਲੇ (ਰੱਬੀ) ਦਰਬਾਰ ਵਿਚ ਸਦਾ ਰੌਸ਼ਨ ਰਹਿੰਦੇ ਹਨ।
ਕਰਤਾਰ ਨੇ ਆਪ ਜਿਨ੍ਹਾਂ ਮਨੁੱਖਾਂ ਉਤੇ ਮਿਹਰ ਕੀਤੀ ਹੁੰਦੀ ਹੈ, ਉਹਨਾਂ ਨੂੰ ਬਹਿੰਦਿਆਂ ਉਠਦਿਆਂ ਕਿਸੇ ਭੀ ਵੇਲੇ (ਪਰਮਾਤਮਾ ਦਾ ਨਾਮ) ਨਹੀਂ ਭੁੱਲਦਾ।
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਸਿਰਜਣਹਾਰ ਪ੍ਰਭੂ ਨੇ (ਆਪ ਆਪਣੇ ਚਰਨਾਂ ਵਿਚ) ਜੋੜਿਆ ਹੁੰਦਾ ਹੈ, ਉਹ ਮਨੁੱਖ ਗੁਰੂ ਦੀ ਰਾਹੀਂ (ਪ੍ਰਭੂ ਚਰਨਾਂ ਵਿਚ) ਮਿਲੇ ਹੋਏ ਫਿਰ ਕਦੇ ਨਹੀਂ ਵਿੱਛੁੜਦੇ ॥੧੫॥
ਮਹਾਂ ਪੁਰਖਾਂ ਦੀ (ਦੱਸੀ ਹੋਈ) ਕਾਰ ਬਹੁਤ ਔਖੀ ਹੁੰਦੀ ਹੈ (ਕਿਉਂਕਿ ਉਸ ਵਿਚ ਆਪਾ ਵਾਰਨਾ ਪੈਂਦਾ ਹੈ, ਪਰ ਉਸ ਵਿਚੋਂ) ਸ੍ਰੇਸ਼ਟ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।
(ਇਸ ਸੇਵਾ ਦੇ ਕਰਨ ਲਈ) ਉਸ ਮਨੁੱਖ ਦੇ ਅੰਦਰ (ਪਰਮਾਤਮਾ) ਪ੍ਰੀਤ-ਪਿਆਰ ਪੈਦਾ ਕਰਦਾ ਹੈ, ਜਿਸ ਉਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ।
ਗੁਰੂ ਦੀ (ਦੱਸੀ) ਸੇਵਾ ਵਿਚ ਲੱਗਿਆਂ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
(ਜਿਹੜਾ ਭੀ ਮਨੁੱਖ ਗੁਰੂ ਦੀ ਦੱਸੀ ਸੇਵਾ ਕਰੇਗਾ ਉਹ) ਮਨ-ਮੰਗੀ ਮੁਰਾਦ ਪ੍ਰਾਪਤ ਕਰ ਲਏਗਾ ਉਸ ਦੇ ਅੰਦਰ ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ (ਪੈਦਾ ਹੋ ਜਾਇਗੀ)।
ਹੇ ਨਾਨਕ! ਜੇ ਗੁਰੂ ਮਿਲ ਪਏ, ਤਾਂ ਉਹ ਪਰਮਾਤਮਾ ਮਿਲ ਪੈਂਦਾ ਹੈ, ਜੋ ਹਰੇਕ ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ ॥੧੬॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਿਹੜੀ ਭੀ ਸੇਵਾ ਕਰਦਾ ਹੈ, (ਉਸ ਦੇ ਨਾਲ ਨਾਲ ਉਹ ਆਪਣਾ) ਚਿੱਤ (ਪਰਮਾਤਮਾ ਤੋਂ ਬਿਨਾ) ਹੋਰ ਦੇ ਪਿਆਰ ਵਿਚ ਜੋੜੀ ਰੱਖਦਾ ਹੈ।
(ਇਹ ਮੇਰਾ) ਪੁੱਤਰ (ਹੈ, ਇਹ ਮੇਰੀ) ਇਸਤ੍ਰੀ (ਹੈ, ਇਹ ਮੇਰਾ) ਪਰਵਾਰ ਹੈ (-ਇਹ ਆਖ ਆਖ ਕੇ ਹੀ ਉਹ ਮਨੁੱਖ ਆਪਣੇ ਅੰਦਰ) ਮਾਇਆ ਦਾ ਮੋਹ ਵਧਾਈ ਜਾਂਦਾ ਹੈ।
ਪਰਮਾਤਮਾ ਦੀ ਦਰਗਾਹ ਵਿਚ (ਕੀਤੇ ਕਰਮਾਂ ਦਾ) ਹਿਸਾਬ (ਤਾਂ) ਮੰਗਿਆ (ਹੀ) ਜਾਂਦਾ ਹੈ, (ਮਾਇਆ ਦੇ ਮੋਹ ਦੀ ਫਾਹੀ ਤੋਂ) ਅੰਤ ਵੇਲੇ ਕੋਈ ਛੁਡਾ ਨਹੀਂ ਸਕਦਾ।