ਜਿਸ ਨੂੰ ਪਰਮਾਤਮਾ ਆਪ (ਆਤਮਕ ਜੀਵਨ ਦੀ) ਸੂਝ ਦੇਂਦਾ ਹੈ ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਟਿਕ ਕੇ ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ਤੇ ਭਗਤੀ ਦਾ ਲਾਭ ਖੱਟਦਾ ਹੈ।
ਗੁਰੂ ਦੀ ਮੱਤ ਉਤੇ ਤੁਰ ਕੇ ਉਹ ਹਰਿ-ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾਈ ਰੱਖਦਾ ਹੈ (ਉਸ ਨੂੰ ਨਿਸ਼ਚਾ ਰਹਿੰਦਾ ਹੈ ਕਿ) ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ ਤੇ ਮਾਇਆ ਦੇ ਮੋਹ ਵਿਚ ਫਸਣ ਵਾਲੇ ਇੱਜ਼ਤ ਗਵਾ ਲੈਂਦੇ ਹਨ।
ਜਿਸ ਨੂੰ ਪਰਮਾਤਮਾ ਮਨੁੱਖ ਨੂੰ (ਨਾਮ-) ਵਪਾਰ ਵਿਚ ਲਾ ਦੇਂਦਾ ਹੈ ਉਹ ਸਦਾ ਨਾਮ-ਸਮਾਨ ਦਾ ਹੀ ਸੌਦਾ ਕਰਦਾ ਹੈ ਤੇ ਨਾਮ ਦਾ ਹੀ ਲਾਭ ਖੱਟਦਾ ਹੈ।
ਜਦੋਂ ਗੁਰੂ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈ ਤਾਂ ਮਨੁੱਖ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਕੀਮਤੀ ਰਤਨਾਂ ਦਾ ਹੀ ਵਪਾਰ ਕਰਦਾ ਹੈ ॥੧॥
ਮਾਇਆ ਦਾ ਮੋਹ ਨਿਰਾ ਦੁੱਖ ਹੀ (ਪੈਦਾ ਕਰਦਾ) ਹੈ ਤੇ ਆਤਮਕ ਜੀਵਨ ਲਈ ਘਾਟਾ ਪਾਣ ਵਾਲਾ ਵਪਾਰ ਹੈ।
ਝੂਠ ਬੋਲ ਬੋਲ ਕੇ ਮਨੁੱਖ (ਆਤਮਕ ਮੌਤ ਵਾਲੀ) ਜ਼ਹਿਰ ਖਾਂਦਾ ਹੈ, (ਜਿਸ ਕਰਕੇ ਮਨੁੱਖ ਦੇ ਅੰਦਰ) ਅਨੇਕਾਂ ਵਿਕਾਰ ਵਧਦੇ ਜਾਂਦੇ ਹਨ।
ਇੰਜ ਅਨੇਕਾਂ ਵਿਕਾਰ ਵਧਦੇ ਜਾਂਦੇ ਹਨ ਤੇ ਇਹ ਜਗਤ ਸਹਿਮ (ਦਾ ਘਰ ਹੀ ਪ੍ਰਤੀਤ) ਹੁੰਦਾ ਹੈ; ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ ਇੱਜ਼ਤ ਗਵਾ ਲੈਂਦਾ ਹੈ।
ਵੇਦ ਪੜ੍ਹ ਪੜ੍ਹ ਕੇ ਪੰਡਤ ਵਿਅਰਥ ਨੁਕਤਾਚੀਨੀ ਵਿੱਚ ਜੁਟਦੇ ਹਨ, ਪਰ ਆਤਮਕ ਜੀਵਨ ਦੀ ਸੋਝੀ ਬਿਨਾ ਕੋਈ ਸੁਖ ਨਹੀਂ ਹੁੰਦਾ।
ਜਿਸ ਮਨੁੱਖ ਨੂੰ ਸਦਾ ਮਾਇਆ ਦਾ ਮੋਹ ਪਿਆਰਾ ਲੱਗਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਕਦੇ ਨਹੀਂ ਮੁੱਕਦਾ।
ਮਾਇਆ ਦਾ ਮੋਹ ਨਿਰਾ ਦੁੱਖ ਹੀ (ਪੈਦਾ ਕਰਦਾ) ਹੈ, ਤੇ (ਆਤਮਕ ਜੀਵਨ ਲਈ) ਘਾਟਾ ਪਾਣ ਵਾਲਾ ਵਪਾਰ ਹੈ ॥੨॥
ਭੈੜੇ ਅਤੇ ਚੰਗੇ ਸਾਰੇ (ਜੀਵ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਪਰਖੇ ਜਾਂਦੇ ਹਨ।
ਭੈੜੇ ਬੰਦੇ ਤਾਂ ਦਰਗਾਹ ਵਿਚ ਰੱਦੇ ਜਾਂਦੇ ਹਨ, ਉਹ ਉਥੇ ਖਲੋ ਕੇ ਪੁਕਾਰ ਕਰਦੇ ਹਨ।
ਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਦੇ ਪਿੱਛੇ ਤੁਰ ਕੇ ਆਪਣਾ ਮਨੁੱਖਾ ਜਨਮ ਗਵਾ ਲਿਆ, ਉਹ ਮੂਰਖ ਗਵਾਰ (ਪ੍ਰਭੂ ਦੀ ਦਰਗਾਹ ਤੇ) ਖਲੋਤੇ ਪੁਕਾਰ ਕਰਦੇ ਹਨ (ਹਾੜੇ-ਤਰਲੇ ਕਰਦੇ ਹਨ)।
ਜਿਸ ਮਾਇਆ-ਜ਼ਹਿਰ ਨੇ ਜਗਤ ਨੂੰ ਕੁਰਾਹੇ ਪਾ ਰੱਖਿਆ ਹੈ ਜਿਸ ਕਾਰਨ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਚੰਗਾ ਨਹੀਂ ਸੀ ਲੱਗਾ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਸੰਤ ਜਨਾਂ ਨਾਲ ਹੀ ਵੈਰ ਕਰ ਕੇ ਦੁੱਖ ਵਿਹਾਝਦਾ ਰਹਿੰਦਾ ਹੈ।
ਭੈੜੇ ਅਤੇ ਚੰਗੇ (ਸਾਰੇ ਜੀਵ) ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ ਪਰਖੇ ਜਾਂਦੇ ਹਨ ॥੩॥
(ਜੀਵਾਂ ਨੂੰ 'ਖੋਟੇ ਖਰੇ') ਪਰਮਾਤਮਾ ਆਪ ਹੀ ਬਣਾਂਦਾ ਹੈ, ਕਿਸੇ ਤੇ ਕੀ ਗਿਲਾ ਕਰੀਏ, ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ।
ਜਿਵੇਂ ਪ੍ਰਭੂ ਦੀ ਠੀਕ ਲਗਦਾ ਹੈ ਉਵੇਂ ਹੀ ਉਹ ਮਨੁੱਖ ਨੂੰ ਉਸ ਰਾਹੇ ਪਾ ਦੇਂਦਾ ਹੈ, ਜਿਵੇਂ ਉਸ ਦੀ ਰਜ਼ਾ ਹੁੰਦੀ ਹੈ (ਤਿਵੇਂ ਕਰਾਂਦਾ ਹੈ)।
ਜਿਵੇਂ ਉਸ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵਾਂ ਪਾਸੋਂ ਕੰਮ) ਕਰਾਂਦਾ ਹੈ (ਆਪਣੇ ਆਪ ਵਿਚ) ਨਾਹ ਕੋਈ ਜੀਵ ਸੂਰਮਾ ਹੈ ਨਾਹ ਕੋਈ ਕਮਜ਼ੋਰ ਹੈ।
ਜਗਤ ਦਾ ਸਹਾਰਾ ਦਾਤਾਰ ਜੋ ਜੀਵਾਂ ਦੇ ਕੀਤੇ ਕਰਮ ਅਨੁਸਾਰ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ।
ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਆਪਾ-ਭਾਵ ਦੂਰ ਕੀਤਾ ਜਾ ਸਕਦਾ ਹੈ ਤੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਇੱਜ਼ਤ ਪ੍ਰਾਪਤ ਕੀਤੀ ਜਾ ਸਕਦੀ ਹੈ।
(ਜੀਵਾਂ ਨੂੰ 'ਖੋਟੇ ਖਰੇ') ਪਰਮਾਤਮਾ ਆਪ ਹੀ ਬਣਾਂਦਾ ਹੈ, ਕਿਸੇ ਤੇ ਕੀ ਗਿਲਾ ਕਰੀਏ, ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ ॥੪॥੪॥
ਪਰਮਾਤਮਾ ਦਾ ਨਾਮ ਹੀ ਸਦਾ ਨਾਲ ਨਿਭਣ ਵਾਲਾ ਸੌਦਾ ਹੈ ਵਪਾਰ ਹੈ।
ਇਹ ਹਰਿ-ਨਾਮ ਗੁਰੂ ਦੀ ਮੱਤ ਉਤੇ ਤੁਰ ਕੇ ਵਣਜਿਆ ਜਾ ਸਕਦਾ ਹੈ, ਇਸ ਦਾ ਮੁੱਲ ਬਹੁਤ ਹੀ ਜ਼ਿਆਦਾ ਹੈ।
ਸਦਾ-ਥਿਰ ਪ੍ਰਭੂ ਦੇ ਨਾਮ ਦਾ ਵਪਾਰ ਬਹੁਤ ਮੁੱਲ ਪਾਂਦਾ ਹੈ, ਜੇਹੜੇ ਮਨੁੱਖ ਇਸ ਵਪਾਰ ਵਿਚ ਲੱਗਦੇ ਹਨ ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ।
ਉਹ ਮਨੁੱਖ ਦੁਨੀਆ ਨਾਲ ਕਾਰ-ਵਿਹਾਰ ਕਰਦੇ ਹੋਏ ਵੀ ਅੰਤਰ-ਆਤਮੇ ਭਗਤੀ-ਰੰਗ ਨਾਲ ਰੰਗੇ ਰਹਿੰਦੇ ਹਨ ਤੇ ਸਦਾ-ਥਿਰ ਹਰਿ-ਨਾਮ ਵਿਚ ਉਹਨਾਂ ਦੀ ਲਗਨ ਲੱਗੀ ਰਹਿੰਦੀ ਹੈ।
ਜਿਸ ਉਤੇ ਪਰਮਾਤਮਾ ਮੇਹਰ ਦੀ ਨਜ਼ਰ ਕਰਦਾ ਹੈ ਕੇਵਲ ਉਹੀ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਸਦਾ-ਥਿਰ ਹਰਿ-ਨਾਮ-ਸੌਦਾ ਹਾਸਲ ਕਰਦਾ ਹੈ।
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਨੇ ਹੀ ਸਦਾ-ਥਿਰ ਪ੍ਰਭੂ ਦੇ ਨਾਮ-ਵਪਾਰ ਵਿਚ ਆਤਮਕ ਆਨੰਦ ਪ੍ਰਾਪਤ ਕੀਤਾ ਹੈ ॥੧॥
ਹਉਮੈ ਅਤੇ ਮਾਇਆ (ਆਤਮਕ ਜੀਵਨ ਦੀ) ਮੈਲ ਹੈ, ਮਨੁੱਖ ਦਾ ਮਨ ਮਾਇਆ (ਦੀ ਮਮਤਾ) ਦੀ ਮੈਲ ਨਾਲ ਲਿਬੜਿਆ ਰਹਿੰਦਾ ਹੈ।
ਗੁਰੂ ਦੀ ਮੱਤ ਉਤੇ ਤੁਰਿਆਂ ਮਨ ਪਵਿਤ੍ਰ ਹੋ ਜਾਂਦਾ ਹੈ ਇੰਜ ਜੀਭ ਨਾਲ ਪਰਮਾਤਮਾ ਦਾ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ।
ਜੀਭ ਨਾਲ ਹਰਿ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ, ਇੰਜ ਹਿਰਦਾ ਤਰੋ-ਤਰ ਹੋ ਜਾਂਦਾ ਹੈ ਅਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਨਾਲ ਵਿਚਾਰ-ਵਾਨ ਹੋ ਜਈਦਾ ਹੈ।
ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਰਿਆ ਹੋਇਆ ਚਸ਼ਮਾ ਮਨੁੱਖ ਦੇ ਅੰਦਰ ਹੀ ਹੈ, ਜਿਸ ਮਨੁੱਖ ਦੀ ਸੁਰਤ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਜਲ ਭਰਨਾ ਜਾਣਦੀ ਹੈ ਉਹ ਮਨੁੱਖ (ਅੰਦਰਲੇ ਚਸ਼ਮੇ ਵਿਚੋਂ ਨਾਮ-ਜਲ) ਕੱਢ ਕੇ ਪੀਂਦਾ ਰਹਿੰਦਾ ਹੈ।
ਜਿਸ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ, ਉਹੀ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਲੱਗਦਾ ਹੈ। ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ ਚਾਹੀਦਾ ਹੈ।
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ ਹੋ ਜਾਂਦੇ ਹਨ, ਬਾਕੀ ਦੀ ਲੁਕਾਈ ਹਉਮੈ ਦੀ ਮੈਲ ਨਾਲ ਲਿਬੜੀ ਰਹਿੰਦੀ ਹੈ ॥੨॥
ਪੰਡਿਤ ਅਤੇ ਜੋਤਸ਼ੀ ਇਹ ਸਾਰੇ (ਜੋਤਸ਼ ਆਦਿਕ ਦੀਆਂ ਪੁਸਤਕਾਂ) ਪੜ੍ਹ ਪੜ੍ਹ ਕੇ ਉੱਚੀ ਉੱਚੀ ਹੋਰਨਾਂ ਨੂੰ ਉਪਦੇਸ਼ ਕਰਦੇ ਹਨ, ਪਰ ਇਹ ਕਿਸ ਨੂੰ ਉੱਚੀ ਉੱਚੀ ਸੁਣਾਂਦੇ ਹਨ?