ਸਿਰਫ਼ ਇਕ ਪਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ, ਆਪਣਾ ਆਪ ਉਸਦੇ ਹਵਾਲੇ ਕਰ ਦੇਣਾ ਚਾਹੀਦਾ ਹੈ, ਸਾਰੀ ਸ੍ਰਿਸ਼ਟੀ ਦੇ ਆਸਰੇ ਉਸ ਪ੍ਰਭੂ ਦੀ ਹੀ ਆਸ ਰੱਖਣੀ ਚਾਹੀਦੀ ਹੈ।
ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
ਉਸ ਮਨੁੱਖ ਦੇ ਜਨਮ ਮਰਨ ਦੇ ਗੇੜ ਉਸ ਦੇ ਪਿਛਲੇ ਕੀਤੇ ਸਾਰੇ ਕੁਕਰਮ ਮੁੱਕ ਜਾਂਦੇ ਹਨ, ਮੁੜ ਕਦੇ ਉਸ ਨੂੰ ਵਿਕਾਰਾਂ ਦਾ ਦਾਗ਼ ਨਹੀਂ ਲੱਗਦਾ।
ਜਿਸ ਪਰਮਾਤਮਾ ਦਾ ਪਤੀ ਵਾਲਾ ਸਹਾਰਾ ਸਦਾ (ਜੀਵਾਂ ਦੇ ਸਿਰ ਉਤੇ) ਕਾਇਮ ਰਹਿੰਦਾ ਹੈ, ਨਾਨਕ ਉਸ ਸਰਬ-ਗੁਣ-ਭਰਪੂਰ ਸਰਬ-ਵਿਆਪਕ ਪ੍ਰਭੂ ਤੋਂ ਸਦਕੇ ਜਾਂਦਾ ਹੈ ॥੩॥
ਹੇ ਨਾਨਕ! (ਦੁਨੀਆ ਦੇ ਪ੍ਰਸਿੱਧ ਚਾਰ ਪਦਾਰਥ) ਧਰਮ ਅਰਥ ਕਾਮ ਅਤੇ ਮੋਖ ਦਾ ਮਾਲਕ ਪ੍ਰਭੂ ਆਪ ਹੈ।
ਜਿਸ ਮਨੁੱਖ ਦੇ ਮੱਥੇ ਉੱਤੇ ਲੇਖ ਲਿਖਿਆ ਹੋਇਆ ਹੋਵੇ (ਉਸ ਨੂੰ ਉਹ ਪ੍ਰਭੂ ਆ ਮਿਲਦਾ ਹੈ ਅਤੇ) ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ॥੧॥
ਛੰਤੁ।
ਨਿਰਲੇਪ ਪ੍ਰਭੂ-ਪਾਤਿਸ਼ਾਹ (ਜਦੋਂ ਦਾ) ਮੈਨੂੰ ਮਿਲਿਆ ਹੈ, ਮੇਰੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ।
ਹੇ ਵੱਡੇ ਭਾਗਾਂ ਵਾਲੇ ਸੱਜਣੋ! ਜਿਸ ਮਨੁੱਖ ਦੇ ਹਿਰਦੇ-ਘਰ ਵਿਚ ਪ੍ਰਭੂ ਜੀ ਆ ਵੱਸਦੇ ਹਨ, ਉਸਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ।
ਪਰ, ਉਸ ਦੇ ਹਿਰਦੇ-ਘਰ ਵਿਚ ਸੋਹਣਾ ਪਾਤਿਸ਼ਾਹ ਆ ਕੇ ਵੱਸਦਾ ਹੈ ਜਿਸ ਨੇ ਪੂਰਬਲੇ ਜਨਮ ਵਿਚ ਨੇਕ ਕਰਮ ਕਮਾਏ ਹੁੰਦੇ ਹਨ। ਮੈਂ ਉਸ ਪ੍ਰਭੂ ਦੀ ਕੋਈ ਵਡਿਆਈ ਕਰਨ-ਜੋਗ ਨਹੀਂ ਹਾਂ।
ਉਹ ਬੇਅੰਤ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ, ਆਤਮਕ ਅਡੋਲਤਾ ਦੇ ਆਨੰਦ ਬਖ਼ਸ਼ਣ ਵਾਲਾ ਹੈ। ਮੈਂ ਆਪਣੀ ਜੀਭ ਨਾਲ ਉਸ ਦੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ?
ਉਹ ਆਪ ਹੀ (ਕਿਸੇ ਵਡਭਾਗੀ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ, ਉਸ ਨੂੰ ਫੜ ਕੇ ਆਪਣੇ ਗਲ ਨਾਲ ਲਾਂਦਾ ਹੈ। ਉਸ ਪ੍ਰਭੂ ਤੋਂ ਬਿਨਾ ਹੋਰ ਕੋਈ (ਮੇਰਾ) ਸਹਾਰਾ ਨਹੀਂ।
ਨਾਨਕ ਸਦਾ ਉਸ ਕਰਤਾਰ ਤੋਂ ਸਦਕੇ ਜਾਂਦਾ ਹੈ, ਉਹ ਸਭਨਾਂ ਜੀਵਾਂ ਵਿਚ ਵਿਆਪਕ ਹੈ ॥੪॥੪॥
ਹੇ ਸਹੇਲੀਹੋ! ਹੇ ਸਤਸੰਗੀਓ! ਇਕ ਪਰਮਾਤਮਾ ਦਾ ਧਿਆਨ ਧਰੋ; ਪ੍ਰਭੂ ਦੀ ਸਿਫ਼ਤ-ਸਾਲਾਹ ਦਾ (ਉਹ) ਸੋਹਣਾ ਗੀਤ ਗਾਵੋ (ਜਿਸ ਦੀ ਬਰਕਤ ਨਾਲ ਵਿਕਾਰਾਂ ਦਾ ਟਾਕਰਾ ਕਰ ਸਕੋ)।
ਹੇ ਸਹੇਲੀਹੋ! ਗੁਰੂ ਦੀ ਸਰਨ ਪਵੋ, (ਇਸ ਤਰ੍ਹਾਂ ਵਿਕਾਰਾਂ ਦੇ ਟਾਕਰੇ ਤੇ ਜਿੱਤ ਪ੍ਰਾਪਤ ਕਰਨ ਦਾ ਇਹ) ਮਨ-ਇੱਛਤ ਫਲ ਪ੍ਰਾਪਤ ਕਰ ਲਵੋਗੀਆਂ।
ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਰੁਤੀ ਸਲੋਕੁ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪਾਰਬ੍ਰਹਮ ਪ੍ਰਭੂ ਨੂੰ ਨਮਸਕਾਰ ਕਰ ਕੇ ਮੈਂ (ਉਸ ਦੇ ਦਰ ਤੋਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ,
ਅਤੇ ਹੇ ਨਾਨਕ! ਆਪਾ-ਭਾਵ ਦੂਰ ਕਰ ਕੇ ਮੈਂ ਉਸ ਸਰਬ-ਵਿਆਪਕ ਪ੍ਰਭੂ ਦਾ ਨਾਮ ਜਪਦਾ ਹਾਂ ॥੧॥
ਪ੍ਰਭੂ ਪਾਤਿਸ਼ਾਹ ਸਾਰੇ ਪਾਪ ਕੱਟਣ ਵਾਲਾ ਹੈ, ਸਾਰੇ ਡਰ ਦੂਰ ਕਰਨ ਵਾਲਾ ਹੈ, ਸੁਖਾਂ ਦਾ ਸਮੁੰਦਰ ਹੈ,
ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, (ਗਰੀਬਾਂ ਦੇ) ਦੁੱਖ ਨਾਸ ਕਰਨ ਵਾਲਾ ਹੈ। ਹੇ ਨਾਨਕ! ਉਸ ਨੂੰ ਸਦਾ ਸਿਮਰਦਾ ਰਹੁ ॥੨॥
ਛੰਤੁ।
ਹੇ ਵੱਡੇ ਭਾਗਾਂ ਵਾਲਿਓ! ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ। ਹੇ ਭਗਵਾਨ! (ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਜਸ ਗਾਂਦਾ ਰਹਾਂ।
ਜਿਹੜੀਆਂ ਰੁੱਤਾਂ, ਜਿਹੜੇ ਮੁਹੂਰਤ, ਜਿਹੜੀਆਂ ਘੜੀਆਂ ਪਰਮਾਤਮਾ ਦੇ ਗੁਣ ਉਚਾਰਦਿਆਂ ਬੀਤਣ, ਉਹ ਸਮੇ ਸੋਭਾ ਵਾਲੇ ਹੁੰਦੇ ਹਨ।
ਜਿਹੜੇ ਬੰਦੇ ਪਰਮਾਤਮਾ ਦੇ ਗੁਣਾਂ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਜਿਨ੍ਹਾਂ ਬੰਦਿਆਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਬੰਦੇ ਭਾਗਾਂ ਵਾਲੇ ਹਨ।
(ਸਿਮਰਨ ਦੀ ਬਰਕਤਿ ਨਾਲ) ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਹੈ।
ਪਰਮਾਤਮਾ (ਦਾ ਨਾਮ) ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ, ਕੋਈ ਪੁੰਨ-ਦਾਨ ਕੋਈ ਧਾਰਮਿਕ ਕਰਮ ਹਰਿ-ਨਾਮ ਸਿਮਰਨ ਦੇ ਬਰਾਬਰ ਨਹੀਂ ਹਨ।
ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦਾ ਨਾਮ ਸਿਮਰ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। (ਸਿਮਰਨ ਦੀ ਬਰਕਤ ਨਾਲ) ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ ॥੧॥
ਹੇ ਪ੍ਰਭੂ! ਤੂੰ ਉੱਦਮ-ਸਰੂਪ ਹੈਂ (ਤੇਰੇ ਵਿਚ ਰਤਾ ਭੀ ਆਲਸ ਨਹੀਂ ਹੈ), ਤੂੰ ਅਪਹੁੰਚ ਹੈਂ, ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ; ਮੈਂ ਤੇਰੇ ਸੋਹਣੇ ਚਰਨਾਂ ਤੇ ਨਮਸਕਾਰ ਕਰਦਾ ਹਾਂ।
ਹੇ ਪ੍ਰਭੂ! (ਮਿਹਰ ਕਰ) ਮੈਂ (ਸਦਾ) ਉਹ ਬੋਲ ਬੋਲਾਂ ਜੋ ਤੈਨੂੰ ਚੰਗਾ ਲੱਗੇ। ਤੇਰਾ ਨਾਮ ਹੀ ਨਾਨਕ ਦਾ ਆਸਰਾ ਬਣਿਆ ਰਹੇ ॥੧॥
ਹੇ ਸੱਜਣੋ! ਗੁਰੂ-ਸੰਤ ਦੀ ਸਰਨ ਪਏ ਰਹੋ। (ਗੁਰੂ ਦੀ ਰਾਹੀਂ) ਬੇਅੰਤ ਮਾਲਕ-ਪ੍ਰਭੂ ਨੂੰ ਸਿਮਰ ਕੇ,
ਭਗਵਾਨ ਦਾ ਨਾਮ ਜਪ ਕੇ ਹੇ ਨਾਨਕ! (ਮਨੁੱਖ) ਸੁੱਕੇ ਤੋਂ ਹਰਾ ਹੋ ਜਾਂਦਾ ਹੈ ॥੨॥
ਛੰਤੁ।
(ਹੇ ਸੱਜਣੋ! ਉਸ ਮਨੁੱਖ ਨੂੰ) ਬਸੰਤ ਦੀ ਰੁਤਿ ਆਨੰਦ-ਦਾਇਕ ਪ੍ਰਤੀਤ ਹੁੰਦੀ ਹੈ, ਉਸ ਵਾਸਤੇ ਮਹੀਨਾ ਚੇਤ ਉਸ ਵਾਸਤੇ ਵੈਸਾਖ ਦਾ ਮਹੀਨਾ ਸੁਖਾਂ ਨਾਲ ਭਰਪੂਰ ਹੋ ਜਾਂਦਾ ਹੈ,
ਉਸ ਦਾ ਮਨ ਉਸ ਦਾ ਤਨ ਉਸ ਦਾ (ਹਰੇਕ) ਸਾਹ ਖ਼ੁਸ਼ੀ ਨਾਲ ਮਹਿਕ ਉਠਦਾ ਹੈ, ਜਿਸ ਨੂੰ ਪ੍ਰਭੂ-ਖਸਮ ਮਿਲ ਪੈਂਦਾ ਹੈ।
ਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਪਤੀ ਦੇ ਸੋਹਣੇ ਚਰਨ ਆ ਵੱਸਣ, ਉਸ ਦਾ ਹਿਰਦਾ ਖਿੜ ਪੈਂਦਾ ਹੈ; ਜਿਸ ਹਿਰਦੇ-ਘਰ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਆ ਵੱਸੇ, ਉਥੇ ਸਦਾ ਆਨੰਦ ਬਣਿਆ ਰਹਿੰਦਾ ਹੈ।