ਨਾਨਕ ਦੇ ਮਨ ਵਿਚ ਇਹ ਤਾਂਘ ਹੈ ॥੧॥
ਪ੍ਰਭੂ (ਜੀਵਾਂ ਦੇ) ਮਨ ਦੇ ਫੁਰਨੇ ਪੂਰੇ ਕਰਨ ਤੇ ਸਰਨ ਆਇਆਂ ਦੀ ਸਹਾਇਤਾ ਕਰਨ ਦੇ ਸਮਰੱਥ ਹੈ।
ਜੋ ਉਸ ਨੇ (ਜੀਵਾਂ ਦੇ) ਹੱਥ ਉਤੇ ਲਿਖ ਦਿੱਤਾ ਹੈ, ਉਹੀ ਹੁੰਦਾ ਹੈ।
ਜਿਸ ਪ੍ਰਭੂ ਦਾ ਅੱਖ ਫਰਕਣ ਦਾ ਸਮਾ (ਜਗਤ ਦੇ) ਪਾਲਣ ਤੇ ਨਾਸ ਲਈ (ਕਾਫ਼ੀ) ਹੈ,
ਉਸ ਦਾ ਗੁੱਝਾ ਭੇਤ ਕੋਈ ਹੋਰ ਜੀਵ ਨਹੀਂ ਜਾਣਦਾ।
ਜਿਸ ਪ੍ਰਭੂ ਦੇ ਘਰ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ,
(ਜਗਤ ਦੇ) ਸਾਰੇ ਪਦਾਰਥ ਉਸ ਦੇ ਘਰ ਵਿਚ (ਮੌਜੂਦ) ਸੁਣੀਦੇ ਹਨ।
ਰਾਜਿਆਂ ਵਿਚ ਪ੍ਰਭੂ ਆਪ ਹੀ ਰਾਜਾ ਹੈ, ਜੋਗੀਆਂ ਵਿਚ ਜੋਗੀ ਹੈ,
ਤਪੀਆਂ ਵਿਚ ਆਪ ਹੀ ਵੱਡਾ ਤਪੀ ਹੈ ਤੇ ਗ੍ਰਿਹਸਤੀਆਂ ਵਿਚ ਭੀ ਆਪ ਹੀ ਗ੍ਰਿਹਸਤੀ ਹੈ।
ਭਗਤ ਜਨਾਂ ਨੇ (ਉਸ ਪ੍ਰਭੂ ਨੂੰ) ਸਿਮਰ ਸਿਮਰ ਕੇ ਸੁਖ ਪਾ ਲਿਆ ਹੈ।
ਹੇ ਨਾਨਕ! ਕਿਸੇ ਜੀਵ ਨੇ ਉਸ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ॥੨॥
ਜਿਸ ਪ੍ਰਭੂ ਦੀ (ਜਗਤ ਰੂਪ) ਖੇਡ ਦਾ ਲੇਖਾ ਕੋਈ ਨਹੀਂ ਲਾ ਸਕਦਾ,
ਉਸ ਨੂੰ ਖੋਜ ਖੋਜ ਕੇ ਸਾਰੇ ਦੇਵਤੇ (ਭੀ) ਥੱਕ ਗਏ ਹਨ;
(ਕਿਉਂਕਿ) ਪਿਉ ਦਾ ਜਨਮ ਪੁੱਤ੍ਰ ਕੀਹ ਜਾਣਦਾ ਹੈ?
(ਜਿਵੇਂ ਮਾਲਾ ਦੇ ਮਣਕੇ) ਧਾਗੇ ਵਿਚ ਪਰੋਏ ਹੁੰਦੇ ਹਨ, (ਤਿਵੇਂ) ਸਾਰੀ ਰਚਨਾ ਪ੍ਰਭੂ ਨੇ ਆਪਣੇ (ਹੁਕਮ ਰੂਪ) ਧਾਗੇ ਵਿਚ ਪ੍ਰੋ ਰੱਖੀ ਹੈ।
ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਸੋਹਣੀ ਮਤਿ ਉੱਚੀ ਸਮਝ ਤੇ ਸੁਰਤ ਜੋੜਨ ਦੀ ਦਾਤ ਦੇਂਦਾ ਹੈ,
ਉਹੀ ਸੇਵਕ ਤੇ ਦਾਸ ਉਸ ਦਾ ਨਾਮ ਸਿਮਰਦੇ ਹਨ।
(ਪਰ) ਜਿਨ੍ਹਾਂ ਨੂੰ (ਮਾਇਆ ਦੇ) ਤਿੰਨ ਗੁਣਾਂ ਵਿਚ ਭਵਾਉਂਦਾ ਹੈ,
ਉਹ ਜੰਮਦੇ ਮਰਦੇ ਰਹਿੰਦੇ ਹਨ ਤੇ ਮੁੜ ਮੁੜ (ਜਗਤ ਵਿਚ) ਆਉਂਦੇ ਤੇ ਜਾਂਦੇ ਰਹਿੰਦੇ ਹਨ।
ਸੋਹਣੀ ਮੱਤ ਵਾਲੇ ਉਚੇ ਬੰਦਿਆਂ ਦੇ ਹਿਰਦੇ ਤ੍ਰਿਗੁਣੀ ਨੀਚ ਬੰਦਿਆਂ ਦੇ ਮਨ-ਇਹ ਸਾਰੇ ਉਸ ਪ੍ਰਭੂ ਦੇ ਆਪਣੇ ਹੀ ਟਿਕਾਣੇ ਹਨ (ਭਾਵ, ਸਭ ਵਿਚ ਵੱਸਦਾ ਹੈ)।
ਹੇ ਨਾਨਕ! ਜਿਹੋ ਜਿਹੀ ਬੁੱਧ-ਮੱਤ ਦੇਂਦਾ ਹੈ, ਤਿਹੋ ਜਿਹੀ ਸਮਝ ਵਾਲਾ ਜੀਵ ਬਣ ਜਾਂਦਾ ਹੈ ॥੩॥
ਹੇ ਪ੍ਰਭੂ! ਤੂੰ, ਜਿਸ ਦੇ ਕਈ ਰੂਪ ਤੇ ਰੰਗ ਹਨ,
ਕਈ ਭੇਖ ਧਾਰਦਾ ਹੈਂ (ਤੇ ਫਿਰ ਭੀ) ਇਕੋ ਤਰ੍ਹਾਂ ਦਾ ਹੈਂ।
ਉਸ ਨੇ ਜਗਤ ਦਾ ਪਸਾਰਾ ਕਈ ਤਰੀਕਿਆਂ ਨਾਲ ਕੀਤਾ ਹੈ,
ਪ੍ਰਭੂ ਨਾਸ-ਰਹਿਤ ਹੈ, ਤੇ ਸਭ ਥਾਈਂ ਇਕ ਆਪ ਹੀ ਆਪ ਹੈ।
ਕਈ ਤਮਾਸ਼ੇ ਪ੍ਰਭੂ ਪਲਕ ਵਿਚ ਕਰ ਦੇਂਦਾ ਹੈ,
ਉਹ ਪੂਰਨ ਪੁਰਖ ਸਭ ਥਾਈਂ ਵਿਆਪਕ ਹੈ।
ਜਗਤ ਦੀ ਰਚਨਾ ਪ੍ਰਭੂ ਨੇ ਕਈ ਤਰੀਕਿਆਂ ਨਾਲ ਰਚੀ ਹੈ,
ਆਪਣੀ (ਵਡਿਆਈ ਦਾ) ਮੁੱਲ ਉਹ ਆਪ ਹੀ ਜਾਣਦਾ ਹੈ।
ਸਾਰੇ ਸਰੀਰ ਉਸ ਪ੍ਰਭੂ ਦੇ ਹੀ ਹਨ, ਸਾਰੇ ਥਾਂ ਉਸੇ ਦੇ ਹਨ।
ਹੇ ਨਾਨਕ! (ਉਸ ਦਾ ਦਾਸ) ਉਸ ਦਾ ਨਾਮ ਜਪ ਜਪ ਕੇ ਜੀਊਂਦਾ ਹੈ ॥੪॥
ਸਾਰੇ ਜੀਆ ਜੰਤ ਅਕਾਲ ਪੁਰਖ ਦੇ ਆਸਰੇ ਹਨ,
ਜਗਤ ਦੇ ਸਾਰੇ ਭਾਗ (ਹਿੱਸੇ) ਭੀ ਪ੍ਰਭੂ ਦੇ ਟਿਕਾਏ ਹੋਏ ਹਨ।
ਵੇਦ, ਪੁਰਾਣ ਸਿਮ੍ਰਿਤੀਆਂ ਪ੍ਰਭੂ ਦੇ ਅਧਾਰ ਤੇ ਹਨ,
ਗਿਆਨ ਦੀਆਂ ਗੱਲਾਂ ਸੁਣਨਾ ਤੇ ਸੁਰਤ ਜੋੜਨੀ ਭੀ ਅਕਾਲ ਪੁਰਖ ਦੇ ਆਸਰੇ ਹੀ ਹੈ।
ਸਾਰੇ ਅਕਾਸ਼ ਪਤਾਲ ਪ੍ਰਭੂ-ਆਸਰੇ ਹਨ,
ਸਾਰੇ ਸਰੀਰ ਹੀ ਪ੍ਰਭੂ ਦੇ ਆਧਾਰ ਤੇ ਹਨ।
ਤਿੰਨੇ ਭਵਨ ਤੇ ਚੌਦਹ ਲੋਕ ਅਕਾਲ ਪੁਰਖ ਦੇ ਟਿਕਾਏ ਹੋਏ ਹਨ,
ਜੀਵ ਪ੍ਰਭੂ ਵਿਚ ਜੁੜ ਕੇ ਤੇ ਉਸ ਦਾ ਨਾਮ ਕੰਨੀਂ ਸੁਣ ਕੇ ਵਿਕਾਰਾਂ ਤੋਂ ਬਚਦੇ ਹਨ।
ਜਿਸ ਨੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜਦਾ ਹੈ,
ਹੇ ਨਾਨਕ! ਉਹ ਮਨੁੱਖ (ਮਾਇਆ ਦੇ ਅਸਰ ਤੋਂ ਪਰਲੇ) ਚਉਥੇ ਦਰਜੇ ਵਿਚ ਅੱਪੜ ਕੇ ਉੱਚੀ ਅਵਸਥਾ ਪ੍ਰਾਪਤ ਕਰਦਾ ਹੈ ॥੫॥
ਜਿਸ ਪ੍ਰਭੂ ਦਾ ਰੂਪ ਤੇ ਟਿਕਾਣਾ ਸਦਾ-ਥਿਰ ਰਹਿਣ ਵਾਲੇ ਹਨ,
ਕੇਵਲ ਉਹੀ ਸਰਬ-ਵਿਆਪਕ ਪ੍ਰਭੂ ਸਭ ਦੇ ਸਿਰ ਤੇ ਹੈ।
ਜਿਸ ਸਦਾ-ਅਟੱਲ ਅਕਾਲ ਪੁਰਖ ਦੀ ਬਾਣੀ ਸਭ ਜੀਵਾਂ ਵਿਚ ਰਮੀ ਹੋਈ ਹੈ,
(ਭਾਵ, ਜੋ ਪ੍ਰਭੂ ਸਭ ਜੀਵਾਂ ਵਿਚ ਬੋਲ ਰਿਹਾ ਹੈ) ਉਸ ਦੇ ਕੰਮ ਵੀ ਅਟੱਲ ਹਨ।
ਜਿਸ ਪ੍ਰਭੂ ਦੀ ਰਚਨਾ ਮੁਕੰਮਲ ਹੈ (ਭਾਵ, ਅਧੂਰੀ ਨਹੀਂ),
ਜੋ (ਸਭ ਦਾ) ਮੂਲ-(ਰੂਪ) ਸਦਾ ਅਸਥਿਰ ਹੈ, ਜਿਸ ਦੀ ਪੈਦਾਇਸ਼ ਭੀ ਮੁਕੰਮਲ ਹੈ, ਉਸ ਦੀ ਬਖ਼ਸ਼ਸ਼ ਸਦਾ ਕਾਇਮ ਹੈ।
ਪ੍ਰਭੂ ਦੀ ਮਹਾ ਪਵ੍ਰਿਤ ਰਜ਼ਾ ਹੈ,
ਜਿਸ ਜੀਵ ਨੂੰ (ਰਜ਼ਾ ਦੀ) ਸਮਝ ਦੇਂਦਾ ਹੈ, ਉਸ ਨੂੰ (ਉਹ ਰਜ਼ਾ) ਪੂਰਨ ਤੌਰ ਤੇ ਸੁਖਦਾਈ (ਲੱਗਦੀ ਹੈ)।
ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸੁਖ-ਦਾਤਾ ਹੈ।
ਹੇ ਨਾਨਕ! (ਜੀਵ ਨੂੰ) ਇਹ ਅਟੱਲ ਸਿਦਕ ਸਤਿਗੁਰੂ ਤੋਂ ਮਿਲਦਾ ਹੈ ॥੬॥
ਗੁਰੂ ਦਾ ਉਪਦੇਸ਼ ਅਟੱਲ ਬਚਨ ਹਨ,
ਜਿਨ੍ਹਾਂ ਦੇ ਹਿਰਦੇ ਵਿਚ (ਇਸ ਉਪਦੇਸ਼ ਦਾ) ਪ੍ਰਵੇਸ਼ ਹੁੰਦਾ ਹੈ, ਉਹ ਭੀ ਅਟੱਲ (ਭਾਵ, ਜਨਮ ਮਰਨ ਤੋਂ ਰਹਿਤ) ਹੋ ਜਾਂਦੇ ਹਨ।
ਜੇ ਕਿਸੇ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਦੀ ਸੂਝ ਆ ਜਾਏ,
ਤਾਂ ਨਾਮ ਜਪ ਕੇ ਉਹ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ।
ਪ੍ਰਭੂ ਆਪ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਪੈਦਾ ਕੀਤਾ ਹੋਇਆ ਜਗਤ ਭੀ ਸੱਚ ਮੁੱਚ ਹੋਂਦ ਵਾਲਾ ਹੈ, (ਭਾਵ, ਮਿਥਿਆ ਨਹੀਂ)
ਪ੍ਰਭੂ ਆਪਣੀ ਅਵਸਥਾ ਤੇ ਮਰਯਾਦਾ ਆਪ ਜਾਣਦਾ ਹੈ।