(ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਅਨੇਕਾਂ ਪ੍ਰਾਣੀ (ਮੁੜ ਮੁੜ) ਜੰਮਦੇ ਹਨ ਮਰਦੇ ਹਨ। ਆਤਮਕ ਮੌਤ ਸਹੇੜ ਸਹੇੜ ਕੇ ਮੁੜ ਮੁੜ ਜਨਮ ਲੈਂਦੇ ਰਹਿੰਦੇ ਹਨ।
(ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਉਹਨਾਂ ਦਾ ਸਾਰਾ ਹੀ ਉੱਦਮ ਵਿਅਰਥ ਰਹਿੰਦਾ ਹੈ, ਉਹ ਅਨੇਕਾਂ ਜੂਨਾਂ ਵਿਚ ਭਟਕਦੇ ਰਹਿੰਦੇ ਹਨ ॥੫॥
ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ ਉਹਨਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ,
ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪਦੇ ਰਹਿੰਦੇ ਹਨ ॥੬॥
ਹੇ ਭਾਈ! ਕ੍ਰੋੜਾਂ ਅਣਗਿਣਤ, ਬੇਅੰਤ, ਅਨੇਕਾਂ ਹੀ ਪ੍ਰਾਣੀ (ਪਰਮਾਤਮਾ ਦੀ) ਭਾਲ ਕਰਦੇ ਹਨ,
ਪਰ ਪਰਮਾਤਮਾ ਆਪ ਜਿਸ ਮਨੁੱਖ ਨੂੰ ਸੂਝ ਬਖ਼ਸ਼ਦਾ ਹੈ, ਉਸ ਮਨੁੱਖ ਨੂੰ ਪ੍ਰਭੂ ਦੀ ਨੇੜਤਾ ਮਿਲ ਜਾਂਦੀ ਹੈ ॥੭॥
ਹੇ ਦਾਤਾਰ! ਮੈਨੂੰ ਆਪਣਾ ਨਾਮ ਬਖ਼ਸ਼। ਮੈਂ ਤੈਨੂੰ ਕਦੇ ਨਾਹ ਭੁਲਾਵਾਂ।
(ਮੇਰੇ) ਨਾਨਕ (ਦੇ ਮਨ ਅੰਦਰ) ਇਹ ਤਾਂਘ ਹੈ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਂਦਾ ਰਹਾਂ ॥੮॥੨॥੫॥੧੬॥
ਰਾਗ ਸੂਹੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਕੁਚੱਜੀ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਸਹੇਲੀਏ!) ਮੈਂ ਸਹੀ ਜੀਵਨ ਦਾ ਚੱਜ ਨਹੀਂ ਸਿੱਖਿਆ, ਮੇਰੇ ਅੰਦਰ ਇਤਨੇ ਐਬ ਹਨ ਕਿ ਅੰਦਰ ਸਮਾ ਹੀ ਨਹੀਂ ਸਕਦੇ (ਇਸ ਹਾਲਤ ਵਿਚ) ਮੈਂ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਲਈ ਕਿਵੇਂ ਜਾ ਸਕਦੀ ਹਾਂ?
(ਉਸ ਦੇ ਦਰ ਤੇ ਤਾਂ) ਇਕ ਦੂਜੀ ਤੋਂ ਵਧੀਆ ਤੋਂ ਵਧੀਆ ਹਨ, ਮੇਰਾ ਤਾਂ ਉਥੇ ਕੋਈ ਨਾਮ ਭੀ ਨਹੀਂ ਜਾਣਦਾ।
ਜਿਨ੍ਹਾਂ ਸਹੇਲੀਆਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ ਉਹ, ਮਾਨੋ, (ਚੁਮਾਸੇ ਵਿਚ) ਅੰਬਾਂ ਦੀਆਂ (ਠੰਢੀਆਂ) ਛਾਵਾਂ ਵਿਚ ਬੈਠੀਆਂ ਹੋਈਆਂ ਹਨ।
ਮੇਰੇ ਅੰਦਰ ਤਾਂ ਉਹ ਗੁਣ ਹੀ ਨਹੀਂ ਹਨ (ਜਿਨ੍ਹਾਂ ਉਤੇ ਪ੍ਰਭੂ-ਪਤੀ ਰੀਝਦਾ ਹੈ) ਮੈਂ (ਆਪਣੀ ਇਸ ਅਭਾਗਤਾ ਦਾ) ਦੋਸ ਹੋਰ ਕਿਸ ਨੂੰ ਦੇ ਸਕਦੀ ਹਾਂ?
ਹੇ ਪ੍ਰਭੂ-ਪਤੀ! (ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕੇਹੜੇ ਕੇਹੜੇ ਗੁਣ ਵਿਸਥਾਰ ਨਾਲ ਦੱਸਾਂ? ਤੇ ਮੈਂ ਤੇਰਾ ਕੇਹੜਾ ਕੇਹੜਾ ਨਾਮ ਲਵਾਂ? (ਤੇਰੇ ਅਨੇਕਾਂ ਗੁਣਾਂ ਨੂੰ ਵੇਖ ਕੇ ਤੇਰੇ ਅਨੇਕਾਂ ਹੀ ਨਾਮ ਜੀਵ ਲੈ ਰਹੇ ਹਨ)।
ਤੇਰੇ ਬਖ਼ਸ਼ੇ ਹੋਏ ਕਿਸੇ ਇੱਕ ਸੁੰਦਰ ਪਦਾਰਥ ਦੀ ਰਾਹੀਂ ਭੀ (ਤੇਰੀਆਂ ਦਾਤਾਂ ਦੇ ਲੇਖੇ ਤਕ) ਨਹੀਂ ਪਹੁੰਚ ਸਕਦੀ (ਬਸ!) ਮੈਂ ਤੈਥੋਂ ਕੁਰਬਾਨ ਹੀ ਕੁਰਬਾਨ ਜਾਂਦੀ ਹਾਂ।
(ਹੇ ਸਹੇਲੀਏ! ਵੇਖ ਮੇਰੀ ਅਭਾਗਤਾ!) ਸੋਨਾ, ਚਾਂਦੀ, ਮੋਤੀ ਤੇ ਹੀਰਾ ਆਦਿਕ ਸੋਹਣੇ ਕੀਮਤੀ ਪਦਾਰਥ-
ਇਹ ਚੀਜ਼ਾਂ ਪ੍ਰਭੂ-ਪਤੀ ਨੇ ਮੈਨੂੰ ਦਿੱਤੀਆਂ, ਮੈਂ (ਉਸ ਨੂੰ ਭੁਲਾ ਕੇ ਉਸ ਦੀਆਂ ਦਿੱਤੀਆਂ) ਇਹਨਾਂ ਚੀਜ਼ਾਂ ਨਾਲ ਪਿਆਰ ਪਾ ਲਿਆ।
ਮਿੱਟੀ ਪੱਥਰ ਆਦਿਕ ਦੇ ਬਣਾਏ ਹੋਏ ਸੋਹਣੇ ਘਰ-ਇਹੀ ਮੈਂ ਆਪਣੀ ਰਾਸ-ਪੂੰਜੀ ਬਣਾ ਲਏ।
ਮੈਂ ਇਹਨਾਂ ਸੋਹਣੇ ਪਦਾਰਥਾਂ ਵਿਚ ਹੀ (ਫਸ ਕੇ) ਗ਼ਲਤੀ ਖਾ ਗਈ, (ਇਹ ਪਦਾਰਥ ਦੇਣ ਵਾਲੇ) ਉਸ ਖਸਮ-ਪ੍ਰਭੂ ਦੇ ਪਾਸ ਮੈਂ ਨਾਹ ਬੈਠੀ।
ਮਾਇਆ ਦੇ ਮੋਹ ਵਿਚ ਫਸ ਕੇ ਜਿਸ ਜੀਵ-ਇਸਤ੍ਰੀ ਦੇ ਸ਼ੁਭ ਗੁਣ ਉਸ ਤੋਂ ਦੂਰ ਪਰੇ ਚਲੇ ਜਾਣ, ਤੇ ਉਸ ਦੇ ਅੰਦਰ ਨਿਰੇ ਪਖੰਡ ਹੀ ਇਕੱਠੇ ਹੋ ਜਾਣ,
ਉਹ ਜਦੋਂ ਇਸ ਹਾਲ ਵਿਚ ਪਰਲੋਕ ਜਾਵੇ ਤਾਂ ਜਾ ਕੇ ਪਰਲੋਕ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਕੀਹ ਮੂੰਹ ਵਿਖਾਵੇਗੀ?
ਹੇ ਪ੍ਰਭੂ! ਮਾਇਆ ਦੇ ਮੋਹ ਦੀ ਨੀਂਦ ਵਿਚ ਗ਼ਾਫ਼ਿਲ ਪਏ ਰਿਹਾਂ ਮੈਨੂੰ ਬੁਢੇਪਾ ਆ ਗਿਆ ਹੈ, ਜੀਵਨ ਦੇ ਸਹੀ ਰਸਤੇ ਤੋਂ ਮੈਂ ਖੁੰਝੀ ਹੋਈ ਹਾਂ।
ਹੇ ਪਤੀ! ਮੈਂ ਤੇਰੇ ਨਾਲੋਂ ਵਿਛੁੜੀ ਹੋਈ ਹਾਂ, ਮੈਂ ਨਿਰੇ ਦੁੱਖ ਹੀ ਦੁੱਖ ਸਹੇੜੇ ਹੋਏ ਹਨ।
ਹੇ ਪ੍ਰਭੂ! ਤੂੰ ਬੇਅੰਤ ਗੁਣਾਂ ਵਾਲਾ ਹੈਂ, ਮੇਰੇ ਅੰਦਰ ਸਾਰੇ ਔਗੁਣ ਹੀ ਔਗੁਣ ਹਨ, ਫਿਰ ਭੀ ਨਾਨਕ ਦੀ ਬੇਨਤੀ (ਤੇਰੇ ਹੀ ਦਰ ਤੇ) ਹੈ,
ਕਿ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਤਾਂ ਸਦਾ ਹੀ ਤੇਰੇ ਨਾਮ-ਰੰਗ ਵਿਚ ਰੰਗੀਆਂ ਹੋਈਆਂ ਹਨ, ਮੈਨੂੰ ਅਭਾਗਣ ਨੂੰ ਭੀ ਕੋਈ ਇਕ ਰਾਤ ਬਖ਼ਸ਼ (ਮੇਰੇ ਉਤੇ ਭੀ ਕਦੇ ਮੇਹਰ ਦੀ ਨਿਗਾਹ ਕਰ) ॥੧॥
ਹੇ ਪ੍ਰਭੂ! ਜਦੋਂ ਤੂੰ (ਮੇਰੇ ਵਲ ਹੁੰਦਾ ਹੈਂ) ਤਦੋਂ ਹਰੇਕ ਜੀਵ ਮੈਨੂੰ (ਆਦਰ ਦੇਂਦਾ ਹੈ)। ਤੂੰ ਹੀ ਮੇਰਾ ਮਾਲਕ ਹੈਂ, ਤੂੰ ਹੀ ਮੇਰਾ ਸਰਮਾਇਆ ਹੈਂ।
ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿਚ ਵਸਾ ਲੈਂਦੀ ਹਾਂ ਤਦੋਂ ਮੈਂ ਸੁਖੀ ਵਸਦੀ ਹਾਂ ਜਦੋਂ ਤੂੰ ਮੇਰੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈਂ ਤਦੋਂ ਮੈਨੂੰ (ਹਰ ਥਾਂ) ਸੋਭਾ ਮਿਲਦੀ ਹੈ।
ਪ੍ਰਭੂ ਦੀ ਰਜ਼ਾ ਵਿਚ ਹੀ ਕੋਈ ਤਖ਼ਤ ਉਤੇ ਬੈਠਾ ਹੈ ਤੇ ਵਡਿਆਈਆਂ ਮਿਲ ਰਹੀਆਂ ਹਨ, ਉਸ ਦੀ ਰਜ਼ਾ ਵਿਚ ਹੀ ਕੋਈ ਵਿਰਕਤ ਹੋ ਕੇ (ਦਰ ਦਰ ਤੇ) ਭਿੱਛਿਆ ਮੰਗਦਾ ਫਿਰਦਾ ਹੈ।
ਪ੍ਰਭੂ ਦੀ ਰਜ਼ਾ ਵਿਚ ਹੀ ਕਿਤੇ ਸੁੱਕੀ ਧਰਤੀ ਉਤੇ ਸਰੋਵਰ ਚਲ ਪੈਂਦਾ ਹੈ ਤੇ ਕੌਲ ਫੁੱਲ ਆਕਾਸ਼ ਵਿਚ ਖਿੜ ਆਉਂਦਾ ਹੈ (ਭਾਵ, ਕਿਸੇ ਅਹੰਕਾਰੀ ਪ੍ਰੇਮ-ਹੀਣ ਹਿਰਦੇ ਵਿਚ ਪ੍ਰੇਮ ਦਾ ਪ੍ਰਵਾਹ ਚੱਲ ਪੈਂਦਾ ਹੈ)।
ਪ੍ਰਭੂ ਦੀ ਰਜ਼ਾ ਵਿਚ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ; ਉਸ ਦੀ ਰਜ਼ਾ ਅਨੁਸਾਰ ਹੀ ਵਿਕਾਰਾਂ ਨਾਲ ਭਰੀਜ ਕੇ ਵਿੱਚੇ ਹੀ ਡੁੱਬ ਜਾਈਦਾ ਹੈ।
ਉਸ ਦੀ ਰਜ਼ਾ ਵਿਚ ਹੀ ਕਿਸੇ ਜੀਵ-ਇਸਤ੍ਰੀ ਨੂੰ ਉਹ ਪ੍ਰਭੂ-ਪਤੀ ਪਿਆਰਾ ਲੱਗਦਾ ਹੈ, ਰਜ਼ਾ ਅਨੁਸਾਰ ਹੀ ਕੋਈ ਜੀਵ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀਆਂ ਸਿਫ਼ਤਾਂ ਵਿਚ ਮਸਤ ਰਹਿੰਦਾ ਹੈ।
ਇਹ ਭੀ ਉਸ ਦੀ ਰਜ਼ਾ ਵਿਚ ਹੀ ਹੈ ਕਿ ਕਦੇ ਉਹ ਖਸਮ ਮੈਨੂੰ ਜੀਵ-ਇਸਤ੍ਰੀ ਨੂੰ ਡਰਾਉਣਾ ਲੱਗਦਾ ਹੈ, ਤੇ ਮੈਂ ਜਨਮ ਮਰਨ ਦੇ ਗੇੜ ਵਿਚ ਪੈ ਕੇ ਆਤਮਕ ਮੌਤੇ ਮਰਦੀ ਹਾਂ।
ਹੇ ਪ੍ਰਭੂ-ਪਤੀ! ਤੂੰ ਅਪਹੁੰਚ ਹੈਂ, ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ। ਮੈਂ ਅਰਦਾਸਾਂ ਕਰ ਕਰ ਕੇ ਤੇਰੇ ਹੀ ਦਰ ਤੇ ਢਹਿ ਪਈ ਹਾਂ (ਮੈਂ ਤੇਰਾ ਹੀ ਆਸਰਾ-ਪਰਨਾ ਲਿਆ ਹੈ)।
ਮੈਂ ਤੇਰੇ ਦਰ ਤੋਂ ਹੋਰ ਕੀਹ ਮੰਗਾਂ? ਤੈਨੂੰ ਹੋਰ ਕੀਹ ਆਖਾਂ ਜੋ ਤੂੰ ਸੁਣੇਂ? ਮੈਨੂੰ ਤੇਰੇ ਦੀਦਾਰ ਦੀ ਭੁੱਖ ਹੈ, ਮੈਂ ਤੇਰੇ ਦਰਸਨ ਦੀ ਪਿਆਸੀ ਹਾਂ।
ਤੂੰ ਸਦਾ-ਥਿਰ ਰਹਿਣ ਵਾਲਾ ਖਸਮ ਗੁਰੂ ਦੇ ਸ਼ਬਦ ਦੀ ਰਾਹੀਂ ਮਿਲਦਾ ਹੈਂ। ਮੇਰੀ ਨਾਨਕ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਮੈਨੂੰ ਭੀ ਗੁਰੂ ਦੀ ਸਰਨ ਪਾ ਕੇ ਮਿਲ ॥੨॥