ਸਾਧ ਸੰਗਤ ਵਿਚ ਜੁੜ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਹੇ ਨਾਨਕ! ਜਮਰਾਜ ਦੇ ਦੂਤ ਉਸ ਮਨੁੱਖ ਵਲ ਤੱਕ (ਭੀ) ਨਹੀਂ ਸਕਦੇ (ਕਿਉਂਕਿ ਵਿਕਾਰ ਉਸ ਦੇ ਨੇੜੇ ਨਹੀਂ ਢੁਕਦੇ) ॥੩੪॥
ਧਨ ਅਤੇ ਰੂਪ ਲੱਭਣਾ ਬਹੁਤ ਔਖਾ ਨਹੀਂ ਹੈ, ਨਾਹ ਹੀ ਸੁਰਗ ਦਾ ਰਾਜ।
ਸੁਆਦਲੇ ਮਸਾਲੇਦਾਰ ਖਾਣੇ ਪ੍ਰਾਪਤ ਕਰਨੇ ਔਖੇ ਨਹੀਂ, ਨਾਹ ਹੀ ਸਾਫ਼ ਸੁਥਰੇ ਕੱਪੜੇ।
ਪੁੱਤ੍ਰ ਮਿੱਤ੍ਰ ਭਰਾ ਰਿਸ਼ਤੇਦਾਰਾਂ ਦਾ ਮਿਲਣਾ ਬਹੁਤ ਮੁਸ਼ਕਿਲ ਨਹੀਂ, ਨਾਹ ਹੀ ਇਸਤ੍ਰੀ ਦੇ ਲਾਡ-ਪਿਆਰ।
ਵਿਦਿਆ ਹਾਸਲ ਕਰਕੇ ਸਿਆਣਾ ਬਣਨਾ ਭੀ ਬਹੁਤ ਔਖਾ ਨਹੀਂ ਹੈ, ਨਾਹ ਹੀ ਔਖਾ ਹੈ (ਵਿੱਦਿਆ ਦੀ ਸਹੈਤਾ ਨਾਲ) ਚਾਲਾਕ ਤੇ ਤੀਖਣ-ਬੁੱਧ ਹੋਣਾ।
ਹਾਂ! ਹੇ ਨਾਨਕ! ਕੇਵਲ ਪਰਮਾਤਮਾ ਦਾ ਨਾਮ ਮੁਸ਼ਕਿਲ ਨਾਲ ਮਿਲਦਾ ਹੈ। ਨਾਮ ਸਾਧ ਸੰਗਤ ਵਿਚ ਹੀ ਮਿਲਦਾ ਹੈ (ਪਰ ਤਦੋਂ ਮਿਲਦਾ ਹੈ ਜਦੋਂ) ਪਰਮਾਤਮਾ ਦੀ ਮੇਹਰ ਹੋਵੇ ॥੩੫॥
ਹੇ ਨਾਨਕ! ਜਿਸ ਬੰਦੇ ਨੇ (ਉਸ ਪਰਮਾਤਮਾ) ਨੂੰ ਸੁਰਗ, ਮਾਤਲੋਕ, ਪਾਤਾਲ ਲੋਕ-ਹਰ ਥਾਂ ਵੇਖ ਲਿਆ ਹੈ,
ਜੋ ਸਰਬ-ਵਿਆਪਕ ਹੈ ਪ੍ਰਿਥਵੀ ਦਾ ਪਾਲਕ ਹੈ; ਉਹ ਵਿਕਾਰਾਂ ਦੇ ਪੋਚੇ ਨਾਲ ਨਹੀਂ ਲਿੱਬੜਦਾ ॥੩੬॥
ਜ਼ਹਿਰ ਉਸ ਦੇ ਵਾਸਤੇ ਅੰਮ੍ਰਿਤ ਬਣ ਜਾਂਦਾ ਹੈ, ਦੋਖੀ ਉਸ ਦੇ ਮਿਤ੍ਰ ਤੇ ਕਰੀਬੀ ਰਿਸ਼ਤੇਦਾਰ ਬਣ ਜਾਂਦੇ ਹਨ,
ਦੁੱਖ-ਕਲੇਸ਼ ਸੁਖ ਬਣ ਜਾਂਦੇ ਹਨ, ਜੇ ਉਹ (ਪਹਿਲਾਂ) ਅਨੇਕਾਂ ਡਰਾਂ ਨਾਲ ਸਹਿਮਿਆ ਰਹਿੰਦਾ ਸੀ, ਤਾਂ ਨਿਡਰ ਹੋ ਜਾਂਦਾ ਹੈ,
ਹੇ ਨਾਨਕ! (ਜਿਸ ਮਨੁੱਖ ਉਤੇ) ਪਰਮਾਤਮਾ-ਦਾ-ਰੂਪ ਸਤਿਗੁਰੂ ਕਿਰਪਾਲ ਹੋ ਪਏ। ਅਨੇਕਾਂ ਜੂਨਾਂ ਵਿਚ ਭਟਕਦੇ ਨੂੰ ਪਰਮਾਤਮਾ ਦਾ ਨਾਮ ਸਹਾਰਾ-ਆਸਰਾ ਮਿਲ ਜਾਂਦਾ ਹੈ ॥੩੭॥
ਜੋ ਪ੍ਰਭੂ ਸਭ ਜੀਵਾਂ ਨੂੰ ਸ਼ਾਂਤੀ ਸੁਭਾਉ ਦੇਣ ਵਾਲਾ ਹੈ ਮੈਨੂੰ ਭੀ ਉਹੀ ਸ਼ਾਂਤੀ ਦੇਂਦਾ ਹੈ; ਜੋ ਸਭ ਨੂੰ ਪਵਿਤ੍ਰ ਕਰਨ ਦੇ ਸਮਰਥ ਹੈ, ਮੇਰਾ ਭੀ ਉਹੀ ਪਵਿਤ੍ਰ-ਕਰਤਾ ਹੈ;
ਜੋ ਪ੍ਰਭੂ ਸਭ ਜੀਵਾਂ ਨੂੰ ਰਚਨ ਦੇ ਸਮਰਥ ਹੈ, ਉਹੀ ਮੇਰਾ ਕਰਤਾ ਹੈ। ਹੇ ਨਾਨਕ! ਉਹ ਪ੍ਰਭੂ ਵਿਕਾਰਾਂ ਦੇ ਪੋਚੇ ਨਾਲ ਨਹੀਂ ਲਿਬੜਦਾ ॥੩੮॥
ਚੰਦ੍ਰਮਾ (ਉਤਨਾ) ਠੰਢ ਅਪੜਾਣ ਵਾਲਾ ਨਹੀਂ ਹੈ, ਨਾਹ ਹੀ ਚਿੱਟਾ ਚੰਦਨ (ਉਤਨੀ) ਠੰਢ ਅਪੜਾ ਸਕਦਾ ਹੈ,
ਨਾਹ ਹੀ ਸਰਦੀਆਂ ਦੀ ਬਹਾਰ (ਉਤਨੀ) ਠੰਢ ਦੇ ਸਕਦੀ ਹੈ, ਹੇ ਨਾਨਕ! (ਜਿਤਨੀ) ਠੰਢ-ਸ਼ਾਂਤੀ ਗੁਰਮੁਖ ਸਾਧ ਜਨ ਦੇਂਦੇ ਹਨ ॥੩੯॥
ਪਰਮਾਤਮਾ ਦਾ ਨਾਮ (ਜੀਭ ਨਾਲ) ਜਪਣਾ ਅਤੇ ਉਸ ਨੂੰ ਸਰਬ-ਵਿਆਪਕ ਜਾਣ ਕੇ ਉਸ ਵਿਚ ਸੁਰਤ ਜੋੜਨੀ;
ਸੁਖਾਂ ਦੁਖਾਂ ਨੂੰ ਇਕੋ ਜਿਹਾ ਸਮਝਣਾ ਅਤੇ ਪਵਿਤ੍ਰ ਤੇ ਵੈਰ-ਰਹਿਤ ਜੀਵਨ ਜੀਊਣਾ;
ਸਾਰੇ ਜੀਵਾਂ ਨਾਲ ਪਿਆਰ-ਹਮਦਰਦੀ ਰੱਖਣੀ ਅਤੇ ਕਾਮਾਦਿਕ ਪੰਜੇ ਵਿਕਾਰਾਂ ਤੋਂ ਬਚੇ ਰਹਿਣਾ;
ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ ਜ਼ਿੰਦਗੀ ਦਾ ਆਸਰਾ ਬਣਾਣਾ ਅਤੇ ਮਾਇਆ ਤੋਂ ਇਉਂ ਨਿਰਲੇਪ ਰਹਿਣਾ ਜਿਵੇਂ ਕਉਲ ਫੁੱਲ ਪਾਣੀ ਤੋਂ,
ਸੱਜਣ ਤੇ ਵੈਰੀ ਨਾਲ ਇਕੋ ਜਿਹਾ ਪ੍ਰੇਮ-ਭਾਵ ਰੱਖਣ ਦੀ ਸਿੱਖਿਆ ਗ੍ਰਹਿਣ ਕਰਨੀ ਅਤੇ ਪਰਮਾਤਮਾ ਦੀ ਭਗਤੀ ਵਿਚ ਪਿਆਰ ਬਣਾਣਾ;
ਪਰਾਈ ਨਿੰਦਿਆ ਆਪਣੇ ਕੰਨਾਂ ਨਾਲ ਨਾਹ ਸੁਣਨੀ ਅਤੇ ਆਪਾ-ਭਾਵ ਤਿਆਗ ਕੇ ਸਭ ਦੇ ਚਰਨਾਂ ਦੀ ਧੂੜ ਬਣਨਾ;
ਹੇ ਨਾਨਕ! ਪੂਰਨ ਪੁਰਖਾਂ ਵਿਚ ਇਹ ਛੇ ਲੱਛਣ ਹੁੰਦੇ ਹਨ, ਉਹਨਾਂ ਨੂੰ ਹੀ ਸਾਧ ਗੁਰਮੁਖਿ ਆਖੀਦਾ ਹੈ ॥੪੦॥
ਬੱਕਰੀ ਗਾਜਰ-ਮੂਲੀ ਆਦਿਕ ਖਾਂਦੀ ਹੋਵੇ, ਪਰ ਸ਼ੇਰ ਦੇ ਨੇੜੇ ਵੱਸਦੀ ਹੋਵੇ,
(ਉਸ ਨੂੰ ਮਨ ਭਾਉਂਦਾ ਖਾਣਾ ਮਿਲਣ ਦੀ ਪ੍ਰਸੰਨਤਾ ਤਾਂ ਜ਼ਰੂਰ ਹੈ ਪਰ ਹਰ ਵੇਲੇ ਸ਼ੇਰ ਤੋਂ ਡਰ ਭੀ ਟਿਕਿਆ ਰਹਿੰਦਾ ਹੈ); ਹੇ ਨਾਨਕ! ਇਹੀ ਹਾਲ ਹੈ ਜਗਤ ਦਾ, ਇਸ ਨੂੰ ਖ਼ੁਸ਼ੀ ਤੇ ਗ਼ਮੀ ਦੋਵੇਂ ਹੀ ਵਿਆਪਦੇ ਰਹਿੰਦੇ ਹਨ ॥੪੧॥
(ਦੂਜਿਆਂ ਨੂੰ) ਧੋਖਾ (ਦੇਣਾ), (ਕਿਸੇ ਦੇ) ਐਬ (ਫਰੋਲਣੇ), (ਹੋਰਨਾਂ ਦੇ ਰਸਤੇ ਵਿਚ) ਕ੍ਰੋੜਾਂ ਰੁਕਾਵਟਾਂ (ਪਾਣੀਆਂ), ਵਿਕਾਰ, ਪਾਪ,
ਭਟਕਣਾ, ਮੋਹ, ਆਦਰ, ਨਿਰਾਦਰੀ, ਅਹੰਕਾਰ-(ਜਿਨ੍ਹ੍ਹਾਂ ਲੋਕਾਂ ਨੂੰ ਇਹਨਾਂ ਤਰੀਕਿਆਂ ਨਾਲ) ਮਾਇਆ ਆਪਣੇ ਦਬਾਉ ਹੇਠ ਰੱਖਦੀ ਹੈ,
ਉਹ ਜਨਮ ਮਰਨ ਵਿਚ ਭਟਕਦੇ ਰਹਿੰਦੇ ਹਨ, ਨਰਕ ਭੋਗਦੇ ਰਹਿੰਦੇ ਹਨ। ਅਨੇਕਾਂ ਉਪਾਵ ਕਰਨ ਨਾਲ ਭੀ (ਇਹਨਾਂ ਦੁੱਖਾਂ ਤੋਂ ਨਿਕਲਣ ਵਿਚ ਕਾਮਯਾਬ ਨਹੀਂ ਹੁੰਦੇ।
ਹੇ ਨਾਨਕ! ਜੋ ਮਨੁੱਖ ਸਦਾ ਸਾਧ ਸੰਗਤ ਵਿਚ ਰਹਿ ਕੇ ਪਰਮਾਤਮਾ ਦਾ ਨਾਮ ਜਪਦੇ ਹਨ,
ਸਦਾ ਗੋਬਿੰਦ ਦੇ ਗੁਣ ਗਾਂਦੇ ਹਨ, ਉਹ ਪਵਿਤ੍ਰ (-ਜੀਵਨ) ਹੋ ਜਾਂਦੇ ਹਨ ॥੪੨॥
ਪਰਮਾਤਮਾ ਸਭ ਕੌਤਕ ਰਚਨਹਾਰ ਹੈ, ਸਭ ਦਾ ਮਾਲਕ ਹੈ, ਉਸ ਦੀ ਸਰਨ (ਜੀਵਾਂ ਲਈ, ਮਾਨੋ) ਜਹਾਜ਼ ਹੈ।
ਪੂਰਨ ਪ੍ਰਭੂ ਜੀਵਾਂ ਨੂੰ ਦਾਤਾਂ ਦੇਂਦਾ ਹੈ, ਉਹ ਜਗਤ ਦਾ ਮੂਲ ਹੈ, ਸਭ ਕੁਝ ਕਰਨ-ਜੋਗਾ ਹੈ।
ਪ੍ਰਭੂ ਨਿਰਾਸਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ, ਸਾਰੇ ਪਦਾਰਥਾਂ ਦਾ ਘਰ ਹੈ।
ਹੇ ਨਾਨਕ! ਸਾਰੇ (ਜੀਵ) ਮੰਗਤੇ (ਬਣ ਕੇ ਉਸ ਦੇ ਦਰ ਤੋਂ) ਮੰਗਦੇ ਹਨ, ਤੇ ਸਭ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਸਿਮਰਦੇ ਹਨ ॥੪੩॥
ਔਖੀ ਪਹੁੰਚ ਵਾਲੇ ਥਾਂ ਸੌਖੀ ਪਹੁੰਚ ਵਾਲੇ ਹੋ ਜਾਂਦੇ ਹਨ, ਵੱਡੇ ਵੱਡੇ ਦੁੱਖ ਸਾਰੇ ਹੀ ਸੁਖ ਬਣ ਜਾਂਦੇ ਹਨ।
ਜਿਹੜੇ ਬੰਦੇ ਜੀਵਨ ਦੇ ਗ਼ਲਤ ਰਸਤੇ ਪੈ ਕੇ ਖਰ੍ਹਵੇ ਬਚਨਾਂ ਨਾਲ (ਹੋਰਨਾਂ ਦੇ ਮਨ) ਵਿੰਨ੍ਹਦੇ ਰਹਿੰਦੇ ਸਨ ਉਹ ਮਾਇਆ-ਵੇੜ੍ਹੇ ਚੁਗ਼ਲ ਬੰਦੇ ਨੇਕ ਬਣ ਜਾਂਦੇ ਹਨ।
ਚਿੰਤਾ ਖ਼ੁਸ਼ੀ ਵਿਚ ਜਾ ਟਿਕਦੀ ਹੈ। (ਬਦਲ ਕੇ ਖ਼ੁਸ਼ੀ ਬਣ ਜਾਂਦੀ ਹੈ)। ਡਰਾਂ ਨਾਲ ਸਹਿਮਿਆ ਹੋਇਆ ਬੰਦਾ ਨਿਡਰ ਹੋ ਜਾਂਦਾ ਹੈ।