ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ ਉਸ ਮਨੁੱਖ ਦਾ ਜਨਮ ਸਕਾਰਥਾ ਹੈ ਜਿਸ ਨੇ ਪ੍ਰਕਾਸ਼-ਸੂਰਪ ਗੁਰੂ ਅਮਰਦਾਸ ਜੀ ਨੂੰ ਪਰਸਿਆ ਹੈ ॥੮॥
(ਗੁਰੂ ਅਮਰਦਾਸ ਜੀ ਦੇ) ਸੱਜੇ ਹੱਥ ਵਿਚ ਪਦਮ ਹੈ; ਸਿੱਧੀ (ਉਹਨਾਂ ਦੇ) ਮੂੰਹ ਨੂੰ ਸਾਹਮਣੇ ਹੋ ਕੇ ਤੱਕ ਰਹੀ ਹੈ;
(ਆਪ ਦੇ) ਖੱਬੇ ਅੰਗ ਵਿਚ ਰਿੱਧੀ ਵੱਸ ਰਹੀ ਹੈ, ਜੋ ਤਿੰਨਾਂ ਲੋਕਾਂ ਨੂੰ ਮੋਂਹਦੀ ਹੈ।
(ਗੁਰੂ ਅਮਰਦਾਸ ਜੀ ਦੇ) ਹਿਰਦੇ ਵਿਚ ਅਕੱਥ ਹਰੀ ਵੱਸ ਰਿਹਾ ਹੈ, ਇਸ ਆਨੰਦ ਨੂੰ ਉਸ (ਗੁਰੂ ਅਮਰਦਾਸ ਜੀ) ਨੇ ਆਪ ਹੀ ਜਾਣਿਆ ਹੈ।
ਇਸ ਰੰਗ ਵਿਚ ਰੱਤਾ ਹੋਇਆ ਗੁਰੂ ਅਮਰਦਾਸ ਆਪਣੇ ਮੁਖ ਤੋਂ (ਅਕਾਲ ਪੁਰਖ ਦੀ) ਭਗਤੀ ਉਚਾਰ ਰਿਹਾ ਹੈ।
(ਗੁਰੂ ਅਮਰਦਾਸ ਜੀ ਦੇ) ਮੱਥੇ ਉੱਤੇ (ਪਰਮਾਤਮਾ ਦੀ) ਸੱਚੀ ਬਖ਼ਸ਼ਸ਼-ਰੂਪ ਨਿਸ਼ਾਨ ਹੈ। ਹੇ ਕਲ੍ਯ੍ਯ ਕਵੀ! ਹੱਥ ਜੋੜ ਕੇ (ਇਸ ਸਤਿਗੁਰੂ ਨੂੰ) ਜਿਸ ਮਨੁੱਖ ਨੇ ਧਿਆਇਆ ਹੈ,
ਤੇ ਇਸ ਸ਼ਿਰੋਮਣੀ ਸਤਿਗੁਰੂ ਨੂੰ ਪਰਸਿਆ ਹੈ, ਉਸ ਨੇ ਆਪਣੀਆਂ ਸਾਰੀਆਂ ਮਨੋ-ਕਾਮਨਾਂ ਪਾ ਲਈਆਂ ਹਨ ॥੯॥
ਉਹੀ ਚਰਨ ਚੰਗੀ ਤਰ੍ਹਾਂ ਸਕਾਰਥੇ ਹਨ, ਜੋ ਚਰਨ ਗੁਰੂ ਅਮਰਦਾਸ ਜੀ ਦੇ ਰਾਹ ਤੇ ਤੁਰਦੇ ਹਨ।
ਉਹੀ ਹੱਥ ਸਫਲੇ ਹਨ, ਜੋ ਹੱਥ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਲੱਗਦੇ ਹਨ।
ਉਹੀ ਜੀਭ ਸਕਾਰਥੀ ਹੈ, ਜੋ ਗੁਰੂ ਅਮਰਦਾਸ ਜੀ ਨੂੰ ਸਲਾਹੁੰਦੀ ਹੈ।
ਉਹੀ ਅੱਖਾਂ ਸਫਲ ਹਨ ਜਿਨ੍ਹਾਂ ਅੱਖਾਂ ਨਾਲ ਗੁਰੂ ਅਮਰਦਾਸ ਜੀ ਨੂੰ ਵੇਖੀਏ।
ਉਹੀ ਕੰਨ ਸਫਲ ਹਨ, ਜਿਨ੍ਹਾਂ ਕੰਨਾਂ ਨਾਲ ਗੁਰੂ ਅਮਰਦਾਸ ਜੀ ਦੀ ਸੋਭਾ ਸੁਣੀ ਜਾਂਦੀ ਹੈ।
ਉਹੀ ਹਿਰਦਾ ਸਕਾਰਥਾ ਹੈ, ਜਿਸ ਹਿਰਦੇ ਵਿਚ ਜਗਤ ਦਾ ਪਿਤਾ ਪਿਆਰਾ ਗੁਰੂ ਅਮਰਦਾਸ ਜੀ ਵੱਸਦਾ ਹੈ।
ਜਾਲਪ ਕਵੀ ਆਖਦਾ ਹੈ ਕਿ ਉਹੀ ਸਿਰ ਸਫਲ ਹੈ, ਜੋ ਸਿਰ ਸਦਾ ਗੁਰੂ ਅਮਰਦਾਸ ਜੀ ਦੇ ਅੱਗੇ ਨਿਊਂਦਾ ਹੈ ॥੧॥੧੦॥
ਉਹਨਾਂ ਮਨੁੱਖਾਂ ਨੂੰ ਨਾਹ ਕੋਈ ਦੁੱਖ ਹੈ ਨਾਹ ਭੁੱਖ, ਉਹ ਮਨੁੱਖ ਕੰਗਾਲ ਨਹੀਂ ਕਹੇ ਜਾ ਸਕਦੇ;
ਉਹਨਾਂ ਮਨੁੱਖਾਂ ਨੂੰ ਕੋਈ ਚਿੰਤਾ ਨਹੀਂ ਵਿਆਪਦੀ; ਉਹ ਮਨੁੱਖ ਅਜਿਹੇ ਹਨ ਕਿ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਉਹ ਮਨੁੱਖ ਕਿਸੇ ਦੀ ਮੁਥਾਜੀ ਨਹੀਂ ਕਰਦੇ, ਉਹ ਮਨੁੱਖ (ਤਾਂ ਆਪ) ਸੈਂਕੜੇ ਹਜ਼ਾਰਾਂ (ਪਦਾਰਥ ਹੋਰਨਾਂ ਮਨੁੱਖਾਂ ਨੂੰ) ਦੇਂਦੇ ਹਨ;
ਗ਼ਲੀਚੇ ਤੇ ਬੈਠਦੇ ਹਨ (ਭਾਵ, ਰਾਜ ਮਾਣਦੇ ਹਨ) ਅਤੇ ਉਹ ਮਨੁੱਖ (ਔਗੁਣਾਂ ਨੂੰ ਹਿਰਦੇ ਵਿਚੋਂ) ਪੁੱਟ ਕੇ (ਸ਼ੁਭ ਗੁਣਾਂ ਨੂੰ ਹਿਰਦੇ ਵਿਚ) ਟਿਕਾਉਂਦੇ ਹਨ।
ਉਹ ਮਨੁੱਖ ਸੰਸਾਰ ਵਿਚ ਸੁਖ ਮਾਣਦੇ ਹਨ, (ਕਾਮਾਦਿਕ) ਵੈਰੀਆਂ ਦੇ ਵਿਚ ਨਿਰਭੈਤਾ ਦਾ ਬਸਤ੍ਰ ਪਾਈ ਰੱਖਦੇ ਹਨ (ਭਾਵ, ਨਿਰਭੈ ਰਹਿੰਦੇ ਹਨ)।
ਜਾਲਪ ਕਵੀ ਆਖਦਾ ਹੈ ਕਿ "ਜਿਨ੍ਹਾਂ ਮਨੁੱਖਾਂ ਉਤੇ ਗੁਰੂ ਅਮਰਦਾਸ ਜੀ ਪ੍ਰਸੰਨ ਹਨ, ਉਹ ਮਨੁੱਖ ਸਫਲ ਹਨ (ਭਾਵ, ਉਹਨਾਂ ਦਾ ਜਨਮ ਸਫਲਾ ਹੈ)" ॥੨॥੧੧॥
(ਹੇ ਗੁਰੂ ਅਮਰਦਾਸ!) ਤੂੰ ਇਕ ਅਕਾਲ ਪੁਰਖ ਨੂੰ ਹੀ ਪੜ੍ਹਿਆ ਹੈ, ਤੂੰ (ਆਪਣੇ) ਮਨ ਵਿਚ ਇੱਕ ਨੂੰ ਹੀ ਸਿਮਰਿਆ ਹੈ, ਅਤੇ ਇਹੀ ਨਿਸਚੇ ਕੀਤਾ ਹੈ ਕਿ ਅਕਾਲ ਪੁਰਖ ਆਪ ਹੀ ਆਪ ਹੈ (ਭਾਵ, ਕੋਈ ਦੂਜਾ ਉਸ ਜਿਹਾ ਨਹੀਂ ਹੈ);
(ਤੇਰੀ) ਦ੍ਰਿਸ਼ਟੀ ਵਿਚ, (ਤੇਰੇ) ਬਚਨ ਵਿਚ, ਅਤੇ (ਤੇਰੇ) ਮੂੰਹ ਵਿਚ ਕੇਵਲ ਅਕਾਲ ਪੁਰਖ ਹੀ ਅਕਾਲ ਪੁਰਖ ਹੈ, ਤੂੰ ਦੂਜਾ-ਪਨ ਨੂੰ (ਭਾਵ, ਇਸ ਖ਼ਿਆਲ ਨੂੰ ਕਿ ਅਕਾਲ ਪੁਰਖ ਤੋਂ ਬਿਨਾਂ ਕੋਈ ਹੋਰ ਭੀ ਦੂਜਾ ਹੈ) ਆਪਣੇ ਹਿਰਦੇ ਵਿਚ ਜਾਤਾ ਹੀ ਨਹੀਂ ਹੈ।
ਉਸ ਇੱਕ ਪਰਮਾਤਮਾ ਨੂੰ, (ਹੇ ਗੁਰੂ ਅਮਰਦਾਸ!) ਤੂੰ ਸੁਫ਼ਨੇ ਵਿਚ ਭੀ ਅਤੇ ਜਾਗਦਿਆਂ ਭੀ (ਸਿਮਰਦਾ ਹੈਂ), ਤੂੰ ਉਸ ਇੱਕ ਵਿਚ ਹੀ (ਸਦਾ) ਲੀਨ ਰਹਿੰਦਾ ਹੈਂ,
ਜੋ ਅਕਾਲ ਪੁਰਖ ਤ੍ਰੀਹਾਂ (ਦਿਨਾਂ ਵਿਚ, ਭਾਵ, ਮਹੀਨੇ ਸਾਲ ਸਦੀਆਂ ਜੁਗਾਂ ਵਿਚ ਸਦਾ ਹਰ ਸਮੇਂ) ਵਿਚ ਇਕੋ ਹੀ ਹੈ, ਜੋ ਅਕਾਲ ਪੁਰਖ ਪੰਜਾਂ ਤੱਤਾਂ ਦੇ ਸਮੂਹ ਵਿਚ (ਭਾਵ, ਸਾਰੇ ਜਗਤ ਵਿਚ) ਪਰਗਟ ਹੈ, ਜੋ ਅਬਿਨਾਸ਼ੀ ਪ੍ਰਭੂ ਪੈਂਤੀ (ਅੱਖਰਾਂ ਵਿਚ, ਭਾਵ, ਸਾਰੀ ਹੀ ਬਾਣੀ ਵਿਚ ਜੋ ਇਹਨਾਂ ਅੱਖਰਾਂ ਦੁਆਰਾ ਲਿਖਤ ਵਿਚ ਆਈ ਹੈ) ਮੌਜੂਦ ਹੈ।
ਜਿਸ ਇੱਕ ਹਰੀ ਤੋਂ ਲੱਖਾਂ ਜੀਵ ਬਣੇ ਹਨ, ਅਤੇ ਜੋ ਇਹਨਾਂ ਲੱਖਾਂ ਜੀਆਂ ਦੀ ਸਮਝ ਤੋਂ ਪਰੇ ਹੈ, ਉਸ ਇੱਕ ਨੂੰ (ਹੇ ਗੁਰੂ ਅਮਰਦਾਸ!) ਤੂੰ ਇੱਕ (ਅਦੁਤੀ) ਕਰਕੇ ਹੀ ਵਰਣਨ ਕੀਤਾ ਹੈ।
ਜਾਲਪ ਭੱਟ ਆਖਦਾ ਹੈ ਕਿ ਹੇ ਗੁਰੂ ਅਮਰਦਾਸ! ਤੂੰ ਇੱਕ ਅਕਾਲ ਪੁਰਖ ਨੂੰ ਹੀ ਮੰਗਦਾ ਹੈਂ ਅਤੇ ਇੱਕ ਨੂੰ ਹੀ ਮੰਨਦਾ ਹੈਂ ॥੩॥੧੨॥
ਜਿਹੜੀ ਮੱਤ ਜੈਦੇਵ ਨੇ ਸਿੱਖੀ, ਜਿਹੜੀ ਮੱਤ ਨਾਮਦੇਵ ਵਿਚ ਸਮਾਈ ਹੋਈ ਸੀ,
ਜੋ ਮੱਤ ਤ੍ਰਿਲੋਚਨ ਦੇ ਹਿਰਦੇ ਵਿਚ ਸੀ, ਜਿਹੜੀ ਮੱਤ ਕਬੀਰ ਭਗਤ ਨੇ ਸਮਝੀ ਸੀ,
ਜਿਸ ਮੱਤ ਦਾ ਸਦਕਾ ਰੁਕਮਾਂਗਦ ਦੀ ਕਾਰ ਇਹ ਸੀ (ਕਿ ਆਪ ਜਪਦਾ ਸੀ ਤੇ ਹੋਰਨਾਂ ਨੂੰ ਆਖਦਾ ਸੀ) ਹੇ ਭਾਈ! ਨਿੱਤ ਰਾਮ ਨੂੰ ਸਿਮਰੋ,
ਜਿਸ ਮੱਤ ਦੁਆਰਾ ਅੰਬਰੀਕ ਤੇ ਪ੍ਰਹਲਾਦ ਨੇ ਗੋਬਿੰਦ ਦੀ ਸਰਨ ਪੈ ਕੇ ਉੱਚੀ ਆਤਮਕ ਅਵਸਥਾ ਲੱਭੀ ਸੀ,
(ਹੇ ਗੁਰੂ ਅਮਰਦਾਸ!) ਜਲ੍ਯ੍ਯ (ਆਖਦਾ ਹੈ) ਤੂੰ ਉਸ ਮੱਤ ਦੀ ਜੁਗਤੀ ਜਾਣ ਲਈ ਹੈ ਤੂੰ ਲੋਭ ਕ੍ਰੋਧ ਤੇ ਤ੍ਰਿਸਨਾ ਤਿਆਗ ਦਿੱਤੇ ਹਨ।
ਗੁਰੂ ਅਮਰਦਾਸ ਅਕਾਲ ਪੁਰਖ ਦਾ ਪਿਆਰਾ ਭਗਤ ਹੈ। ਮੈਂ (ਉਸ ਦਾ) ਦਰਸ਼ਨ ਦੇਖ ਕੇ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਦਾ ਹਾਂ ॥੪॥੧੩॥
(ਆਓ) ਗੁਰੂ ਅਮਰਦਾਸ (ਜੀ ਦੇ ਚਰਨਾਂ) ਨੂੰ ਪਰਸੀਏ, (ਗੁਰੂ ਅਮਰਦਾਸ ਦੇ ਚਰਨ ਪਰਸਨ ਨਾਲ) ਧਰਤੀ ਦੇ ਪਾਪ ਦੂਰ ਹੋ ਜਾਂਦੇ ਹਨ।
ਗੁਰੂ ਅਮਰਦਾਸ ਜੀ ਨੂੰ ਪਰਸੀਏ, (ਗੁਰੂ ਅਮਰਦਾਸ ਦੇ ਚਰਨ ਪਰਸਨ ਨੂੰ) ਸਿਧ ਤੇ ਸਾਧਿਕ ਲੋਚਦੇ ਹਨ।
ਗੁਰੂ ਅਮਰਦਾਸ (ਜੀ ਦੇ ਚਰਨਾਂ) ਨੂੰ ਪਰਸੀਏ, (ਇਸ ਤਰ੍ਹਾਂ ਪਰਮਾਤਮਾ ਵਾਲਾ) ਧਿਆਨ ਪ੍ਰਾਪਤ ਹੁੰਦਾ ਹੈ (ਭਾਵ, ਪਰਮਾਤਮਾ ਵਿਚ ਬ੍ਰਿਤੀ ਜੁੜਦੀ ਹੈ) ਤੇ (ਜਨਮ ਮਰਨ ਦੇ) ਸਫ਼ਰ ਮੁੱਕ ਜਾਂਦੇ ਹਨ।
ਗੁਰੂ ਅਮਰਦਾਸ ਜੀ ਨੂੰ ਪਰਸੀਏ, (ਇਸ ਤਰ੍ਹਾਂ) ਨਿਰਭਉ ਅਕਾਲ ਪੁਰਖ ਮਿਲ ਪੈਂਦਾ ਹੈ ਤੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।