ਉਸ ਨੇ ਇੰਜ ਸਾਰੇ ਜੀਵ ਜੰਤੂ ਨਰਦਾਂ ਬਣਾਈਆਂ ਹੋਈਆਂ ਹਨ ਤੇ ਪ੍ਰਭੂ ਆਪ ਹੀ ਪਾਸੇ ਸੁੱਟਦਾ ਹੈ (ਇੰਜ ਕਈ ਨਰਦਾਂ ਪੁੱਗਦੀਆਂ ਜਾਂਦੀਆਂ ਹਨ, ਕਈ ਉਹਨਾਂ ਚੌਹਾਂ ਖ਼ਾਨਿਆਂ ਦੇ ਗੇੜ ਵਿਚ ਹੀ ਪਈਆਂ ਰਹਿੰਦੀਆਂ ਹਨ) ॥੨੬॥
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦਾ ਡਰ ਟਿਕ ਜਾਂਦਾ ਹੈ ਉਹ ਪ੍ਰਭੂ ਨੂੰ ਢੂੰਡਦੇ ਹਨ ਤੇ (ਆਪਣੇ ਜਤਨਾਂ ਦਾ) ਫਲ ਹਾਸਲ ਕਰ ਲੈਂਦੇ ਹਨ।
ਪਰ (ਪੜ੍ਹੀ ਹੋਈ ਵਿੱਦਿਆ ਦੇ ਆਸਰੇ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ) ਜੇਹੜੇ ਮੂਰਖ ਬੰਦੇ ਆਪਣੇ ਮਨ ਦੇ ਪਿਛੇ ਤੁਰਦੇ ਹਨ, ਉਹ ਹੋਰ ਹੋਰ ਪਾਸੇ ਭਟਕਦੇ ਹਨ, ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹਨਾਂ ਨੂੰ ਚੌਰਾਸੀ ਲੱਖ ਜੂਨਾਂ ਦਾ ਗੇੜ ਨਸੀਬ ਹੁੰਦਾ ਹੈ ॥੨੭॥
ਮਾਇਆ ਦਾ ਮੋਹ ਮਨੁੱਖ ਦੀ ਆਤਮਕ ਮੌਤ (ਦਾ ਮੂਲ ਹੁੰਦਾ) ਹੈ ਜਦੋਂ ਮੌਤ ਸਿਰ ਤੇ ਆਉਂਦੀ ਹੈ, ਤਦੋਂ ਪਰਮਾਤਮਾ ਨੂੰ ਯਾਦ ਕਰਨ ਦਾ ਖ਼ਿਆਲ ਆਉਂਦਾ ਹੈ।
ਜਿਤਨਾ ਚਿਰ ਜੀਉਂਦਾ ਰਿਹਾ ਹੋਰ ਗੱਲਾਂ ਹੀ ਪੜ੍ਹਦਾ ਰਿਹਾ, ਨਾਹ ਮੌਤ ਚੇਤੇ ਆਈ ਨਾਹ ਮਧੁਸੂਦਨੁ (ਪਰਮਾਤਮਾ) ਚੇਤੇ ਆਇਆ ॥੨੮॥
ਉਸ ਮਨੁੱਖ ਨੂੰ ਮੁੜ ਕਦੇ ਜਨਮ-ਮਰਨ ਦਾ ਗੇੜ ਨਹੀਂ ਮਿਲਦਾ, ਜੋ ਅਸਲੀਅਤ ਸਮਝ ਜਾਵੇ,
ਤੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਹਰ ਥਾਂ ਵੇਖੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੇ, ਪਰਮਾਤਮਾ ਨੂੰ ਸਰਬ-ਵਿਆਪਕ ਸਮਝੇ, ਅਤੇ ਪਰਮਾਤਮਾ ਨਾਲ ਹੀ ਡੂੰਘੀ ਜਾਣ-ਪਛਾਣ ਪਾਏ ॥੨੯॥
ਜਿਤਨੇ ਭੀ ਜੀਵ (ਸ੍ਰਿਸ਼ਟੀ ਵਿਚ ਪਰਮਾਤਮਾ ਨੇ) ਪੈਦਾ ਕੀਤੇ ਹੋਏ ਹਨ, ਉਹਨਾਂ ਸਭਨਾਂ ਦੇ ਅੰਦਰ ਪ੍ਰਭੂ ਆਪ ਮੌਜੂਦ ਹੈ।
ਜੀਵ ਪੈਦਾ ਕਰ ਕੇ ਸਭਨਾਂ ਨੂੰ ਪਰਮਾਤਮਾ ਨੇ ਮਾਇਆ ਦੀ ਕਿਰਤ-ਕਾਰ ਵਿਚ ਲਾਇਆ ਹੋਇਆ ਹੈ। ਜਿਨ੍ਹਾਂ ਉਤੇ ਉਸ ਦੀ ਮੇਹਰ ਹੁੰਦੀ ਹੈ, ਉਹੀ ਉਸ ਦਾ ਨਾਮ ਸਿਮਰਦੇ ਹਨ ॥੩੦॥
ਜਿਸ ਪਰਮਾਤਮਾ ਨੇ (ਆਪਣੀ ਰਚੀ ਸ੍ਰਿਸ਼ਟੀ) ਮਾਇਆ ਦੀ ਕਿਰਤ-ਕਾਰ ਵਿਚ ਲਾਈ ਹੋਈ ਹੈ, ਜਿਸ ਨੇ (ਜੀਵਾਂ ਵਾਸਤੇ) ਮਾਇਆ ਦਾ ਮੋਹ ਮਿੱਠਾ ਬਣਾ ਦਿੱਤਾ ਹੈ,
ਉਸੇ ਦੀ ਹੀ ਰਜ਼ਾ ਵਿਚ ਉਸ ਦਾ ਹੁਕਮ ਵਰਤਦਾ ਹੈ, ਤੇ ਜੀਵਾਂ ਨੂੰ ਖਾਣ ਪੀਣ ਦੇ ਪਦਾਰਥ (ਭਾਵ, ਸੁਖ) ਅਤੇ ਉਸੇ ਤਰ੍ਹਾਂ ਦੁਖ ਭੀ ਸਹਣ ਨੂੰ ਮਿਲਦੇ ਹਨ ॥੩੧॥
ਪਰਮਾਤਮਾ ਪਰਮੇਸਰ ਆਪ ਹੀ ਹੈ ਜਿਸ ਨੇ ਤਮਾਸ਼ਾ ਵੇਖਣ ਵਾਸਤੇ ਇਹ ਜਗਤ ਰਚਿਆ ਹੈ,
ਹਰੇਕ ਜੀਵ ਦੀ ਚੰਗੀ ਸੰਭਾਲ ਕਰਦਾ ਹੈ, (ਹਰੇਕ ਦੇ ਦਿਲ ਦੀ) ਸਭ ਗੱਲ ਜਾਣਦਾ ਹੈ, ਅਤੇ ਅੰਦਰ ਬਾਹਰ ਹਰ ਥਾਂ ਵਿਆਪਕ ਹੈ ॥੩੨॥
ਹੇ ਪ੍ਰਾਣੀ! ਤੂੰ ਝਗੜੇ ਆਦਿਕ ਵਿੱਚ ਕਿਉਂ ਲਗਾ ਹੋਇਆ ਹੈਂ, ਉਸ ਪਰਮਾਤਮਾ ਨੂੰ ਸਿਮਰੋ ਜੋ ਸਦਾ ਕਾਇਮ ਰਹਿਣ ਵਾਲਾ ਹੈ!
ਉਸੇ ਨੂੰ ਸਿਮਰੋ, ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਹੋਏ ਰਹੋ! (ਉਹੀ ਮਨੁੱਖ ਅਸਲੀ ਪੜ੍ਹਿਆ ਪੰਡਿਤ ਹੈ ਜਿਸ ਨੇ) ਉਸ ਪਰਮਾਤਮਾ (ਦੀ ਯਾਦ) ਤੋਂ (ਆਪਣੀ ਹਉਮੈ ਨੂੰ) ਸਦਕੇ ਕਰ ਦਿੱਤਾ ਹੈ ॥੩੩॥
ਜਿਸ ਪਰਮਾਤਮਾ ਨੇ (ਸ੍ਰਿਸ਼ਟੀ ਦੇ) ਜੀਵ ਪੈਦਾ ਕਰ ਕੇ ਸਭਨਾਂ ਨੂੰ ਰਿਜ਼ਕ ਅਪੜਾਇਆ ਹੋਇਆ ਹੈ, (ਉਸ ਤੋਂ ਬਿਨਾ) ਕੋਈ ਹੋਰ ਦਾਤਾਂ ਦੇਣ ਵਾਲਾ ਨਹੀਂ ਹੈ।
(ਹੇ ਮਨ!) ਉਸੇ ਹਰੀ ਦਾ ਨਾਮ ਸਿਮਰਦੇ ਰਹੋ, ਉਸ ਹਰੀ ਦੇ ਨਾਮ ਵਿਚ ਸਦਾ ਟਿਕੇ ਰਹੋ। (ਉਹੀ ਹੈ ਪੜ੍ਹਿਆ ਪੰਡਿਤ ਜਿਸ ਨੇ) ਹਰ ਵੇਲੇ ਹਰੀ-ਨਾਮ ਸਿਮਰਨ ਦਾ ਲਾਭ ਖੱਟਿਆ ਹੈ ॥੩੪॥
ਜਿਸ ਪਰਮਾਤਮਾ ਨੇ (ਇਹ ਸਾਰੀ ਸ੍ਰਿਸ਼ਟੀ) ਆਪ ਪੈਦਾ ਕੀਤੀ ਹੋਈ ਹੈ, ਉਹ ਜੋ ਕੁਝ ਕਰਨਾ ਠੀਕ ਸਮਝਦਾ ਹੈ ਉਹੀ ਕੁਝ ਕਰੀ ਜਾ ਰਿਹਾ ਹੈ।
ਪਰਮਾਤਮਾ ਆਪ ਸਭ ਕੁਝ ਕਰਦਾ ਹੈ, ਆਪ ਹੀ ਸਭ ਕੁਝ ਜੀਵਾਂ ਪਾਸੋਂ ਕਰਾਂਦਾ ਹੈ, (ਹਰੇਕ ਦੇ ਦਿਲ ਦੀ ਭਾਵਨਾ) ਆਪ ਹੀ ਜਾਣਦਾ ਹੈ; ਕਵੀ ਨਾਨਕ ਇਹ ਕਹਿੰਦਾ ਹੈ ॥੩੫॥੧॥
ਰਾਗ ਆਸਾ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਪਟੀ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਾਰਾ ਜਗਤ (ਜੋ) ਹੋਂਦ ਵਿਚ ਆਇਆ ਹੋਇਆ ਹੈ, (ਇਸ ਦੇ ਸਿਰ ਉਤੇ) ਮੌਤ (ਭੀ) ਮੌਜੂਦ ਹੈ,
ਪਰ ਜੀਵ (ਮੌਤ ਨੂੰ ਭੁਲਾ ਕੇ) ਔਗੁਣ ਪੈਦਾ ਕਰਨ ਵਾਲੀਆਂ ਗੱਲਾਂ ਪੜ੍ਹ ਕੇ ਗੁਣ ਵਿਸਾਰ ਦੇਂਦੇ ਹਨ, ਤੇ ਪਾਪ ਕਮਾਂਦੇ ਰਹਿੰਦੇ ਹਨ ॥੧॥
ਹੇ ਮਨ! (ਸਿਰਫ਼) ਅਜੇਹਾ ਲੇਖਾ ਪੜ੍ਹਨ ਦਾ ਤੈਨੂੰ ਕੋਈ ਲਾਭ ਨਹੀਂ ਹੋ ਸਕਦਾ,
ਜਿਸ ਵਿਚ ਰੁੱਝਣ ਨਾਲ ਕੀਤੇ ਅਮਲਾਂ ਦਾ ਹਿਸਾਬ ਦੇਣਾ ਤੇਰੇ ਸਿਰ ਉਤੇ ਟਿਕਿਆ ਹੀ ਰਿਹਾ ॥੧॥ ਰਹਾਉ ॥
(ਹੇ ਮਨ!) ਤੂੰ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਤੇ ਤੂੰ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ।
ਹੇ ਮੂਰਖ! (ਪ੍ਰਭੂ ਨੂੰ ਭੁਲਾ ਕੇ) ਦਿਨ ਰਾਤ ਤੂੰ (ਆਤਮਕ ਜੀਵਨ ਵਿਚ) ਕਮਜ਼ੋਰ ਹੋ ਰਿਹਾ ਹੈਂ, ਜਦੋਂ ਜਮ ਨੇ (ਇਸ ਖੁਨਾਮੀ ਦੇ ਕਾਰਨ) ਫੜ ਲਿਆ, ਤਾਂ ਉਸ ਤੋਂ ਖ਼ਲਾਸੀ ਕਿਵੇਂ ਹੋਵੇਗੀ? ॥੨॥
ਤੂੰ (ਜੀਵਨ ਦਾ ਸਹੀ ਰਸਤਾ) ਨਹੀਂ ਸਮਝਦਾ, ਇਸੇ ਭੁਲੇਖੇ ਵਿਚ ਕੁਰਾਹੇ ਪੈ ਕੇ ਤੂੰ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਰਿਹਾ ਹੈਂ।
(ਆਤਮਕ ਜੀਵਨ ਦਾ ਰਸਤਾ ਦੱਸਣ ਵਾਲੇ ਪਾਂਧੇ ਦੇ) ਗੁਣ ਤੇਰੇ ਵਿਚ ਨਹੀਂ ਹਨ, (ਫਿਰ ਭੀ) ਤੂੰ ਆਪਣਾ ਨਾਮ ਪਾਂਧਾ ਰਖਾਇਆ ਹੋਇਆ ਹੈ ਤੇ ਤੂੰ ਆਪਣੇ ਚਾਟੜਿਆਂ ਨੂੰ ਜੀਵਨ-ਰਾਹ ਸਿਖਾਣ ਦੀ ਜ਼ਿੰਮੇਵਾਰੀ ਦਾ ਭਾਰ ਆਪਣੇ ਉਤੇ ਚੁੱਕਿਆ ਹੋਇਆ ਹੈ ॥੩॥
ਹੇ ਮੂਰਖ! (ਨਿਰੇ ਮਾਇਕ ਲੇਖੇ ਪਤ੍ਰੇ ਨੇ ਆਤਮਕ ਜੀਵਨ ਸਿਖਲਾਣ ਵਾਲੀ) ਤੇਰੀ ਅਕਲ ਖੋਹ ਲਈ ਹੈ, ਅਖ਼ੀਰ ਵੇਲੇ ਜਦੋਂ ਇਥੋਂ ਤੁਰਨ ਲਗੋਂ, ਤਾਂ ਅਫ਼ਸੋਸ ਕਰੇਂਗਾ।
(ਹੁਣ ਇਸ ਵੇਲੇ) ਤੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਸਾਂਝ ਨਹੀਂ ਪਾਂਦਾ, (ਸਿੱਟਾ ਇਹ ਨਿਕਲੇਗਾ ਕਿ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ ॥੪॥
ਹੇ ਪੰਡਿਤ! ਤੇਰੇ ਆਪਣੇ ਮੱਥੇ ਉਤੇ ਜੋ (ਮਾਇਆ ਵਾਲਾ) ਲੇਖ ਲਿਖਿਆ ਹੋਇਆ ਹੈ, ਪਹਿਲਾਂ ਤੂੰ ਉਸ ਲੇਖ ਨੂੰ ਪੜ੍ਹ ਤੇ ਹੋਰਨਾਂ (ਚਾਟੜਿਆਂ) ਨੂੰ ਭੀ ਨਿਰੀ ਮਾਇਆ ਦਾ ਲੇਖਾ-ਪਤ੍ਰਾ ਨਾਹ ਸਿਖਾਲ।