ਹੇ ਪ੍ਰਭੂ! ਨਾਨਕ ਉੱਤੇ ਮਿਹਰ ਕਰ, (ਨਾਨਕ ਦੀਆਂ) ਅੱਖਾਂ (ਹਰ ਥਾਂ) ਤੇਰਾ ਹੀ ਦਰਸਨ ਕਰਦੀਆਂ ਰਹਿਣ ॥੧॥
ਹੇ (ਮੇਰੇ) ਪ੍ਰੀਤਮ ਪ੍ਰਭੂ! ਹੇ ਅਬਿਨਾਸੀ ਹਰੀ! (ਜੇ ਮੈਨੂੰ) ਕ੍ਰੋੜਾਂ ਕੰਨ ਦਿੱਤੇ ਜਾਣ, ਤਾਂ (ਉਹਨਾਂ ਨਾਲ) ਤੇਰੇ ਗੁਣ ਸੁਣੇ ਜਾ ਸਕਣ।
ਹੇ ਭਾਈ! (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਸੁਣ ਕੇ ਇਹ ਮਨ ਪਵਿੱਤਰ ਹੋ ਜਾਂਦਾ ਹੈ, ਅਤੇ (ਆਤਮਕ) ਮੌਤ ਦੀ ਫਾਹੀ ਕੱਟੀ ਜਾਂਦੀ ਹੈ।
ਅਬਿਨਾਸੀ ਪ੍ਰਭੂ ਦਾ ਨਾਮ ਸਿਮਰ ਕੇ ਜਮ ਦੀ ਫਾਹੀ ਕੱਟੀ ਜਾਂਦੀ ਹੈ (ਅੰਤਰ ਆਤਮੇ) ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਜਾਂਦੀਆਂ ਹਨ, ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ।
ਹੇ ਭਾਈ! ਦਿਨ ਰਾਤ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸੁਰਤ ਟਿਕੀ ਰਹਿੰਦੀ ਹੈ।
ਪ੍ਰਭੂ ਦਾ ਨਾਮ ਚਿੱਤ ਵਿਚ ਵਸਾਇਆਂ ਸਾਰੇ ਪਾਪ ਸਾਰੇ ਦੁੱਖ ਸੜ ਜਾਂਦੇ ਹਨ, ਮਨ ਦੀ ਖੋਟੀ ਮਤਿ ਨਾਸ ਹੋ ਜਾਂਦੀ ਹੈ।
ਨਾਨਕ ਆਖਦਾ ਹੈ- ਹੇ ਪ੍ਰਭੂ! ਜੇ ਤੂੰ ਮਿਹਰ ਕਰੇਂ, ਤਾਂ ਤੇਰੇ ਗੁਣ (ਇਹਨਾਂ ਕੰਨਾਂ ਨਾਲ) ਸੁਣੇ ਜਾਣ ॥੨॥
ਹੇ ਪ੍ਰਭੂ (ਜਿਨ੍ਹਾਂ ਉਤੇ ਤੇਰੀ ਮਿਹਰ ਹੁੰਦੀ ਹੈ ਉਹਨਾਂ ਜੀਵਾਂ ਦੇ) ਕ੍ਰੋੜਾਂ ਹੱਥ ਤੇਰੀ ਟਹਲ ਕਰ ਰਹੇ ਹਨ, (ਉਹਨਾਂ ਜੀਵਾਂ ਦੇ ਕ੍ਰੋੜਾਂ) ਪੈਰ ਤੇਰੇ ਰਸਤੇ ਉਤੇ ਤੁਰ ਰਹੇ ਹਨ।
ਹੇ ਭਾਈ! ਸੰਸਾਰ-ਸਮੁੰਦਰ (ਤੋਂ ਪਾਰ ਲੰਘਣ ਲਈ) ਪਰਮਾਤਮਾ ਦੀ ਭਗਤੀ (ਜੀਵਾਂ ਵਾਸਤੇ) ਬੇੜੀ ਹੈ, ਜਿਹੜਾ ਜੀਵ (ਇਸ ਬੇੜੀ ਵਿਚ) ਸਵਾਰ ਹੁੰਦਾ ਹੈ, ਉਸ ਨੂੰ (ਪ੍ਰਭੂ) ਪਾਰ ਲੰਘਾ ਦੇਂਦਾ ਹੈ।
ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ, ਉਸ ਦੀਆਂ ਸਾਰੀਆਂ ਮੁਰਾਦਾਂ ਪ੍ਰਭੂ ਪੂਰੀਆਂ ਕਰ ਦੇਂਦਾ ਹੈ।
(ਉਸ ਦੇ ਅੰਦਰੋਂ) ਵੱਡੇ ਵੱਡੇ ਵਿਕਾਰ ਦੂਰ ਹੋ ਜਾਂਦੇ ਹਨ (ਉਸ ਦੇ ਅੰਦਰ ਸੁਖ ਪੈਦਾ ਹੋ ਜਾਂਦੇ ਹਨ (ਮਾਨੋ) ਇਕ-ਰਸ ਵਾਜੇ ਵੱਜ ਪੈਂਦੇ ਹਨ।
(ਉਸ ਮਨੁੱਖ ਨੇ) ਸਾਰੀਆਂ ਮਨ-ਮੰਗੀਆਂ ਮੁਰਾਦਾਂ ਹਾਸਲ ਕਰ ਲਈਆਂ। (ਹੇ ਪ੍ਰਭੂ!) ਤੇਰੀ ਇਸ ਕੁਦਰਤ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
ਨਾਨਕ ਆਖਦਾ ਹੈ- ਹੇ ਪ੍ਰਭੂ! (ਮੇਰੇ ਉਤੇ ਭੀ) ਮਿਹਰ ਕਰ, (ਮੇਰਾ) ਮਨ ਸਦਾ ਤੇਰੇ ਰਸਤੇ ਉੱਤੇ ਤੁਰਦਾ ਰਹੇ ॥੩॥
ਹੇ ਭਾਈ! ਨਾਮ ਵਿਚ ਟਿਕੇ ਰਹਿਣਾ ਹੀ ਉਸ ਮਨੁੱਖ ਦੇ ਵਾਸਤੇ ਬਖ਼ਸ਼ਸ਼ ਹੈ, ਇਹੀ (ਉਸ ਦੇ ਵਾਸਤੇ) ਵਡਿਆਈ ਹੈ, ਇਹੀ ਉਸ ਦੇ ਵਾਸਤੇ ਧਨ ਹੈ, ਇਹੀ ਉਸ ਦੇ ਵਾਸਤੇ ਵੱਡੀ ਕਿਸਮਤ ਹੈ।
ਇਹੀ ਹੈ ਉਸ ਦੇ ਲਈ ਦੁਨੀਆ ਦਾ ਰੰਗ-ਤਮਾਸ਼ਾ ਅਤੇ ਸਾਰੇ ਸੁਆਦਲੇ ਪਦਾਰਥਾਂ ਦਾ ਭੋਗਣਾ, (ਜੋ ਮਨੁੱਖ ਦਾ) ਮਨ ਪਰਮਾਤਮਾ ਦੇ ਚਰਨਾਂ ਵਿਚ ਜੁੜ ਜਾਂਦਾ ਹੈ,
(ਜੋ ਉਸ ਦਾ) ਮਨ ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ, ਜਗਤ ਦੇ ਮੂਲ ਗੋਪਾਲ ਦੀ ਸਰਨੀਂ ਪਿਆ ਰਹਿੰਦਾ ਹੈ।
ਹੇ ਮੇਰੇ ਪ੍ਰਭੂ! ਹੇ ਮੇਰੇ ਠਾਕੁਰ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹਰੇਕ ਦਾਤ (ਅਸੀਂ ਜੀਵਾਂ ਨੂੰ) ਤੇਰੀ ਹੀ ਬਖ਼ਸ਼ੀ ਹੋਈ ਹੈ।
ਹੇ ਮੇਰੇ ਪ੍ਰੀਤਮ! ਹੇ ਸੁਖਾਂ ਦੇ ਸਮੁੰਦਰ! (ਤੇਰੀ ਹੀ ਮਿਹਰ ਨਾਲ) ਮੈਂ ਗੁਣ-ਹੀਨ ਦਾ ਮਨ ਸੰਤ ਜਨਾਂ ਦੀ ਸੰਗਤਿ ਵਿਚ (ਰਹਿ ਕੇ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪਿਆ ਹੈ।
ਨਾਨਕ ਆਖਦਾ ਹੈ- ਹੇ ਪ੍ਰਭੂ! (ਜਦੋਂ) ਤੂੰ ਮਿਹਰ ਕੀਤੀ, ਤਾਂ (ਮੇਰਾ) ਮਨ (ਤੇਰੇ) ਸੋਹਣੇ ਚਰਨਾਂ ਵਿਚ ਲੀਨ ਹੋ ਗਿਆ ॥੪॥੩॥੬॥
ਹੇ ਭਾਈ! (ਮਨੁੱਖ ਦਾ ਇਹ ਸਰੀਰ-) ਘਰ ਪਰਮਾਤਮਾ ਨੇ ਨਾਮ ਜਪਣ ਲਈ ਬਣਾਇਆ ਹੈ, (ਇਸ ਘਰ ਵਿਚ) ਸੰਤ-ਜਨ ਭਗਤ-ਜਨ (ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।
ਆਪਣੇ ਮਾਲਕ-ਪ੍ਰਭੂ (ਦਾ ਨਾਮ) ਹਰ ਵੇਲੇ ਸਿਮਰ ਸਿਮਰ ਕੇ (ਸੰਤ ਜਨ ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰਾ ਲੈਂਦੇ ਹਨ।
ਹੇ ਭਾਈ! (ਇਸ ਸਰੀਰ-ਘਰ ਵਿਚ ਸੰਤ ਜਨਾਂ ਨੇ) ਪਰਮਾਤਮਾ ਦੀ ਪਵਿੱਤਰ ਸਿਫ਼ਤਿ-ਸਾਲਾਹ ਦੀ ਬਾਣੀ ਗਾ ਕੇ, ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕੀਤਾ ਹੈ।
(ਇਸ ਸਰੀਰ-ਘਰ ਵਿਚ ਸੰਤ-ਜਨਾਂ ਨੇ) ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਹੈ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਪ੍ਰਭੂ ਦੀ ਅਤਿ ਮਿੱਠੀ ਸਿਫ਼ਤਿ-ਸਾਲਾਹ ਕੀਤੀ ਹੈ ਜੋ ਆਤਮਕ ਅਡੋਲਤਾ ਪੈਦਾ ਕਰਦੀ ਹੈ।
(ਉਸ ਦੇ ਸਰੀਰ-ਘਰ ਵਿਚ ਉਹ) ਸ਼ੁਭ ਸੰਜੋਗ ਆ ਬਣਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਮੁਹੂਰਤ ਆ ਬਣਦਾ ਹੈ ਜਦੋਂ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ ਰੱਖੀ ਜਾਂਦੀ ਹੈ।
ਹੇ ਦਾਸ ਨਾਨਕ! (ਜਿਸ ਮਨੁੱਖ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ (ਉਸ ਦੇ ਅੰਦਰ) ਤਕੜੀ ਆਤਮਕ ਤਾਕਤ ਪੈਦਾ ਹੋ ਜਾਂਦੀ ਹੈ ॥੧॥
ਹੇ ਭਾਈ! (ਸਿਫ਼ਤਿ-ਸਾਲਾਹ ਦੀ 'ਅਬਿਚਲ ਨੀਵ' ਦੀ ਬਰਕਤਿ ਨਾਲ ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਆ ਵੱਸਦਾ ਹੈ (ਉਸ ਦੇ ਸਰੀਰ-ਮੰਦਰ ਵਿਚ ਆਤਮਕ) ਆਨੰਦ ਦੇ ਸਦਾ (ਮਾਨੋ,) ਵਾਜੇ ਵੱਜਦੇ ਰਹਿੰਦੇ ਹਨ।
(ਉਸ ਦੇ ਸਰਰਿ-ਘਰ ਵਿਚੋਂ) ਸਾਰੇ ਭਰਮ ਡਰ ਝੂਠ ਨਾਸ ਹੋ ਜਾਂਦੇ ਹਨ, ਗੁਰੂ ਦੇ ਸਨਮੁਖ ਰਹਿ ਕੇ ਸਦਾ-ਥਿਰ ਹਰਿ-ਨਾਮ ਸਿਮਰਨਾ (ਉਸ ਮਨੁੱਖ ਦਾ) ਸ਼੍ਰੇਸ਼ਟ ਕਰਤੱਬ ਬਣ ਜਾਂਦਾ ਹੈ।
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਉਹ ਮਨੁੱਖ ਸਦਾ ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।
ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪਣਾ (ਪਿਆਰਾ) ਬਣਾ ਲਿਆ, ਸਾਰੇ ਸੁਖ ਉਸ ਦੇ ਅੰਦਰ ਆ ਇਕੱਠੇ ਹੋਏ।
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਦੇ (ਹਿਰਦੇ-) ਘਰ ਵਿਚ (ਮਾਨੋ, ਧਰਤੀ ਦੇ) ਨੌ ਹੀ ਖ਼ਜ਼ਾਨਿਆਂ ਦੇ ਭੰਡਾਰੇ ਭਰ ਜਾਂਦੇ ਹਨ।
ਹੇ ਨਾਨਕ! ਜਿਸ ਦਾਸ ਦੇ ਪੂਰੇ ਭਾਗ ਜਾਗ ਪੈਂਦੇ ਹਨ, ਉਸ ਨੂੰ ਪਰਮਾਤਮਾ ਕਦੇ ਨਹੀਂ ਭੁੱਲਦਾ ॥੨॥
ਹੇ ਭਾਈ! ਪ੍ਰਭੂ-ਪਾਤਿਸ਼ਾਹ ਨੇ (ਜਿਸ ਮਨੁੱਖ ਦੇ ਸਿਰ ਉਤੇ) ਆਪਣਾ ਹੱਥ ਰੱਖਿਆ, (ਉਸ ਦੇ ਅੰਦਰੋਂ ਵਿਕਾਰਾਂ ਦੀ) ਸਾਰੀ ਸੜਨ ਨਾਸ ਹੋ ਗਈ।
(ਉਸ ਦੇ ਅੰਦਰੋਂ) ਦੁੱਖਾਂ ਦਾ ਵਿਕਾਰਾਂ ਦਾ ਅੱਡਾ ਹੀ ਢਹਿ ਗਿਆ, ਉਸ ਮਨੁੱਖ ਦਾ ਜੀਵਨ-ਮਨੋਰਥ ਕਾਮਯਾਬ ਹੋ ਗਿਆ।
ਹਰੀ ਪ੍ਰਭੂ ਨੇ ਹੁਕਮ ਦੇ ਦਿੱਤਾ (ਤੇ, ਉਸ ਮਨੁੱਖ ਦੇ ਅੰਦਰੋਂ ਮਾਇਆ) ਬਲਾ (ਦਾ ਪ੍ਰਭਾਵ) ਮੁੱਕ ਗਿਆ, ਸਦਾ-ਥਿਰ ਹਰਿ-ਨਾਮ ਸਿਮਰਨ ਦਾ ਧਰਮ ਪੁੰਨ (ਉਸ ਦੇ ਅੰਦਰ) ਵਧਣਾ ਸ਼ੁਰੂ ਹੋ ਗਿਆ।