ਉਸ ਸਿਰਜਣਹਾਰ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ (ਸਿਮਰਨ ਦੀ) ਘਾਲ-ਕਮਾਈ ਸਫਲ ਹੋ ਜਾਂਦੀ ਹੈ ॥੩॥
ਹੇ ਭਾਈ! ਨਾਨਕ ਨੇ (ਤਾਂ) ਗੁਰੂ ਦੀ ਸੰਗਤਿ ਵਿਚ ਰਹਿ ਕੇ ਆਤਮਕ ਆਨੰਦ ਮਾਣਿਆ ਹੈ,
(ਗੁਰੂ ਦੀ ਕਿਰਪਾ ਨਾਲ) ਪਰਮਾਤਮਾ (ਨਾਨਕ ਦੇ) ਹਿਰਦੇ ਵਿਚ ਆ ਵੱਸਿਆ ਹੈ, ਪੂਰੇ ਗੁਰੂ ਨੇ ਲਿਆ ਕੇ ਵਸਾ ਦਿੱਤਾ ਹੈ ॥੪॥੧੨॥੧੭॥
ਹੇ ਭਾਈ! ਪੂਰੇ ਗੁਰੂ ਦੀ ਸਰਨ ਪਿਆਂ ਸਾਰੇ ਖ਼ਜ਼ਾਨਿਆਂ ਦਾ ਮਾਲਕ ਪ੍ਰਭੂ ਮਿਲ ਪੈਂਦਾ ਹੈ ॥੧॥ ਰਹਾਉ ॥
(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਣ ਨਾਲ ਮਨੁੱਖ ਆਤਮਕ ਜੀਵਨ ਲੱਭ ਲੈਂਦੇ ਹਨ।
ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਤਮਕ ਮੌਤ ਸਹੇੜ ਕੇ ਦੁਖੀ ਹੁੰਦੇ ਹਨ ॥੧॥
(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ) ਹਰਿ-ਨਾਮ (ਹਰ ਥਾਂ ਉਸ ਦਾ) ਰਾਖਾ ਬਣਦਾ ਹੈ।
ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਵਿਚਾਰਾ (ਉਸ ਦੀ ਨਿੰਦਾ ਆਦਿਕ ਕਰਨ ਵਾਸਤੇ) ਪਿਆ ਝਖਾਂ ਮਾਰੇ (ਉਸ ਦਾ ਕੁਝ ਵਿਗਾੜ ਨਹੀਂ ਸਕਦਾ) ॥੨॥
ਅਨੇਕਾਂ ਬੰਦੇ (ਹਰਿ-ਨਾਮ ਸਿਮਰਨ ਵਾਲੇ ਮਨੁੱਖ ਦੀ) ਨਿੰਦਾ ਕਰ ਕਰ ਕੇ (ਸਗੋਂ) ਖਿੱਝਦੇ (ਹੀ) ਹਨ।
(ਆਤਮਕ) ਮੌਤ ਦੀ ਫਾਹੀ ਉਹਨਾਂ ਦੇ ਗਲ ਵਿਚ ਉਹਨਾਂ ਦੇ ਪੈਰਾਂ ਵਿਚ ਪਈ ਰਹਿੰਦੀ ਹੈ, ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ ॥੩॥
ਹੇ ਨਾਨਕ! (ਬੇ-ਸ਼ੱਕ) ਆਖ-ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ,
ਜਮ ਭੀ ਉਹਨਾਂ ਦੇ ਨੇੜੇ ਨਹੀਂ ਢੁਕ ਸਕਦਾ ॥੪॥੧੩॥੧੮॥
ਰਾਗ ਬਿਲਾਵਲੁ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਉਹ ਕੇਹੜੇ ਮੁਹੂਰਤ ਹਨ ਜਦੋਂ ਮੈਂ ਆਪਣੇ ਪ੍ਰਭੂ ਨੂੰ ਮਿਲ ਸਕਾਂ?
(ਉਹ ਲਗਨ ਮੁਹੂਰਤ ਤਾਂ ਹਰ ਵੇਲੇ ਹੀ ਹਨ) ਇਕ ਇਕ ਪਲ, ਅੱਖ ਝਮਕਣ ਜਿਤਨਾ ਸਮਾ ਭਰ ਭੀ ਸਦਾ ਹੀ ਹਰਿ-ਨਾਮ ਜਪਣ ਨਾਲ (ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ) ॥੧॥
ਹੇ ਭਾਈ! (ਉਹ ਕੇਹੜੀ ਸੁਮਤਿ ਹੈ ਜਿਸ ਦੀ ਰਾਹੀਂ) ਮੈਂ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਹਰ ਵੇਲੇ ਧਿਆਨ ਧਰਦਾ ਰਹਾਂ?
ਉਹ ਕੇਹੜੀ ਸੁਚੱਜੀ ਮਤਿ ਹੈ ਜਿਸ ਦੀ ਬਰਕਤ ਨਾਲ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਮਿਲ ਸਕਾਂ? ॥੧॥ ਰਹਾਉ ॥
(ਪਰ, ਪ੍ਰਭੂ ਦੀ ਆਪਣੀ ਹੀ ਮੇਹਰ ਹੋਵੇ, ਤਾਂ ਹੀ ਸਿਮਰਨ ਹੋ ਸਕਦਾ ਹੈ। ਇਸ ਵਾਸਤੇ ਉਸ ਦੇ ਦਰ ਤੇ ਸਦਾ ਅਰਦਾਸ ਕਰੀਏ-) ਹੇ ਮੇਰੇ ਪ੍ਰਭੂ! (ਮੇਰੇ ਉਤੇ) ਇਹੋ ਜਿਹੀ ਮੇਹਰ ਕਰ,
ਕਿ, ਹੇ ਹਰੀ! ਮੈਨੂੰ ਨਾਨਕ ਨੂੰ ਤੇਰਾ ਨਾਮ ਕਦੇ ਭੀ ਨਾਹ ਭੁੱਲੇ ॥੨॥੧॥੧੯॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੇ ਆਪਣੇ) ਹਿਰਦੇ ਵਿਚ ਪ੍ਰਭੂ ਦੇ ਸੋਹਣੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ,
ਉਸ ਦੇ ਸਾਰੇ ਰੋਗ ਦੂਰ ਹੋ ਗਏ, ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ ॥੧॥
ਹੇ ਭਾਈ! ਗੁਰੂ ਨੇ (ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ) ਦਾਤ ਦੇ ਦਿੱਤੀ, ਉਸ ਦਾ ਸਾਰਾ ਦੁੱਖ ਭੀ ਗੁਰੂ ਨੇ ਦੂਰ ਕਰ ਦਿੱਤਾ।
ਉਸ ਮਨੁੱਖ ਦੀ ਜ਼ਿੰਦਗੀ ਕਾਮਯਾਬ ਹੋ ਗਈ, (ਲੋਕ ਪਰਲੋਕ ਵਿਚ) ਉਸ ਦਾ ਜੀਵਨ ਕਬੂਲ ਹੋ ਗਿਆ ॥੧॥ ਰਹਾਉ ॥
ਬੇਅੰਤ ਗੁਣਾਂ ਦੇ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ।
ਨਾਨਕ ਆਖਦਾ ਹੈ- ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਵਾਲਾ ਮਨੁੱਖ ਪ੍ਰਭੂ ਦੇ ਗੁਣਾਂ ਨੂੰ ਚੇਤੇ ਕਰ ਕਰ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੨॥੨॥੨੦॥
ਹੇ ਭਾਈ! ਪੂਰੇ ਗੁਰੂ ਨੇ, ਸਤਿਗੁਰੂ ਨੇ (ਹਰਿ-ਨਾਮ ਦੀ ਦਾਤ ਦੇ ਕੇ ਜਿਸ ਮਨੁੱਖ ਦੇ ਹਿਰਦੇ ਵਿਚ) ਠੰਡ ਵਰਤਾ ਦਿੱਤੀ,
ਉਸ ਦੇ ਅੰਦਰ ਸਾਰੇ ਸੁਖ ਪੈਦਾ ਹੋ ਗਏ (ਮਾਨੋ, ਉਸ ਦੇ ਅੰਦਰ) ਇਕ-ਰਸ ਸਾਰੇ ਵਾਜੇ ਵੱਜਣ ਲੱਗ ਪਏ ॥੧॥ ਰਹਾਉ ॥
ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਉਸ ਦੇ ਮਨੁੱਖ ਸਾਰੇ ਪਾਪ ਨਾਸ ਹੋ ਗਏ,
(ਜਿਸ ਨੇ ਗੁਰੂ ਦੀ ਕਿਰਪਾ ਨਾਲ ਹਰਿ-ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਉਸ ਦੇ ਸਾਰੇ) ਦੁੱਖ ਕਲੇਸ਼ ਦੂਰ ਹੋ ਗਏ ॥੧॥
(ਨਾਮ ਦੀ ਬਰਕਤਿ ਨਾਲ) ਸੋਹਣੇ (ਬਣ ਚੁਕੇ) ਹੇ ਮੇਰੇ ਗਿਆਨ-ਇੰਦ੍ਰਿਓ! ਤੁਸੀਂ ਹੁਣ ਰਲ ਕੇ (ਸਤਸੰਗ ਮਨਾ ਕੇ ਆਪਣੇ ਅੰਦਰ) ਆਤਮਕ ਆਨੰਦ ਪੈਦਾ ਕਰੋ।
ਗੁਰੂ ਨਾਨਕ ਨੇ (ਮੈਨੂੰ ਤਾਪ ਪਾਪ ਸੰਤਾਪ ਤੋਂ ਬਚਾ ਕੇ) ਮੇਰੀ ਇੱਜ਼ਤ ਰੱਖ ਲਈ ਹੈ ॥੨॥੩॥੨੧॥
(ਹੇ ਪ੍ਰਭੂ! ਇਸ ਸੰਸਾਰ-ਸਮੁੰਦਰ ਵਿਚ ਫਸ ਕੇ ਜੀਵ) ਅਪਣੱਤ ਦੇ ਮਦ ਵਿਚ, ਮੋਹ ਦੇ ਨਸ਼ੇ ਵਿਚ, ਠੱਗੀ-ਚਾਲਾਕੀ ਦੇ ਮਦ ਵਿਚ ਮਸਤ ਰਹਿੰਦਾ ਹੈ। ਮਾਇਆ ਦੇ ਮੋਹ ਦੇ ਜਕੜ ਨਾਲ ਬੱਝਾ ਹੋਇਆ ਜੀਵ ਬੜੇ ਡਰਾਉਣੇ ਜੀਵਨ ਵਾਲਾ ਬਣ ਜਾਂਦਾ ਹੈ।
ਹਰ ਰੋਜ਼ ਵਿਕਾਰ ਕਰਦਿਆਂ ਇਸ ਦੀ ਉਮਰ ਘਟਦੀ ਜਾਂਦੀ ਹੈ, ਇਹ ਜਮ ਦੀ ਫਾਹੀ ਵਿਚ ਜਮ ਦੇ ਜਾਲ ਵਿਚ ਸਦਾ ਫਸਿਆ ਰਹਿੰਦਾ ਹੈ ॥੧॥
ਦੀਨਾਂ ਉਤੇ ਦਇਆ ਕਰਨ ਵਾਲੇ ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।
ਇਹ (ਸੰਸਾਰ-) ਸਮੁੰਦਰ ਬਹੁਤ ਵੱਡਾ ਹੈ, (ਇਸ ਵਿਚੋਂ ਪਾਰ ਲੰਘਣਾ) ਬੜਾ ਔਖਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੀ ਸੰਗਤਿ ਵਿਚ (ਰੱਖ ਕੇ) ਮੈਨੂੰ ਗੁਰੂ ਦੀ ਚਰਨ-ਧੂੜ ਦੇ ਕੇ ਇਸ ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈ ॥੧॥ ਰਹਾਉ ॥
ਹੇ ਸਾਰੇ ਸੁਖ ਦੇਣ ਵਾਲੇ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ ਸੁਆਮੀ! (ਜੀਵਾਂ ਨੂੰ ਮਿਲੇ ਹੋਏ) ਇਹ ਜਿੰਦ ਤੇ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ।
ਹੇ ਨਾਨਕ ਦੇ ਪ੍ਰਭੂ! ਹੇ ਸਦਾ ਕਿਰਪਾਲ ਪ੍ਰਭੂ! ਹੇ ਪਰਮੇਸਰ! (ਜੀਵ ਮਾਇਆ ਵਿਚ ਭਟਕ ਰਹੇ ਹਨ, ਜੀਵਾਂ ਦੇ ਇਹ) ਭਟਕਣਾ ਦੇ ਬੰਧਨ ਕੱਟ ਦੇਹ ॥੨॥੪॥੨੨॥
(ਹੇ ਭਾਈ! ਇਹ ਯਕੀਨ ਜਾਣੋ ਕਿ) ਪਰਮਾਤਮਾ ਆਪਣਾ ਮੁੱਢ-ਕਦੀਮਾਂ ਦਾ (ਭਗਤਿ-ਵਛਲ ਹੋਣ ਦਾ) ਸੁਭਾਉ ਸਦਾ ਚੇਤੇ ਰੱਖਦਾ ਹੈ, ਉਹਨਾਂ (ਭਗਤ ਜਨਾਂ) ਨੂੰ ਹਰੇਕ ਕਿਸਮ ਦਾ ਸੁਖ-ਆਨੰਦ ਦੇਂਦਾ ਹੈ।
ਆਪਣੇ ਸੰਤ ਜਨਾਂ ਉਤੇ ਸਦਾ ਦਇਆਵਾਨ ਰਹਿੰਦਾ ਹੈ, ਉਹਨਾਂ ਦੇ ਸਾਰੇ ਪਰਵਾਰ (ਸਾਰੇ ਗਿਆਨ-ਇੰਦ੍ਰੇ ਭੀ) ਆਨੰਦ-ਭਰਪੂਰ ਰਹਿੰਦੇ ਹਨ ॥੧॥
(ਹੇ ਭਾਈ! ਲੋਕ ਤਾਂ ਦੇਵੀ ਆਦਿਕ ਦੀ ਪੂਜਾ ਦੀ ਕੋਈ ਪ੍ਰੇਰਨਾ ਕਰਦੇ ਸਨ। ਪਰ ਵੇਖੋ, ਹਰਿਗੋਬਿੰਦ ਨੂੰ ਚੀਚਕ ਦੇ ਤਾਪ ਤੋਂ ਅਰੋਗਤਾ ਦੇਣ ਵਾਲਾ ਇਹ ਵੱਡਾ) ਕੰਮ (ਮੇਰੇ) ਸਤਿਗੁਰੂ ਨੇ ਆਪ ਹੀ ਸਿਰੇ ਚਾੜ੍ਹ ਦਿੱਤਾ ਹੈ।