ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਤੂੰ ਗੁਰੂ ਦੀ ਕਿਰਪਾ ਨਾਲ ਵੇਖ, ਪਰਮਾਤਮਾ ਦਾ ਘਰ ਤੇਰੇ ਨਾਲ ਹੈ (ਤੇਰੇ ਅੰਦਰ ਹੀ ਹੈ।
ਇਸ) 'ਹਰਿ ਮੰਦਰ' ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੱਭਿਆ ਜਾ ਸਕਦਾ ਹੈ (ਗੁਰੂ ਦੇ ਸ਼ਬਦ ਵਿਚ ਜੁੜ, ਅਤੇ) ਪਰਮਾਤਮਾ ਦਾ ਨਾਮ ਆਪਣੇ ਅੰਦਰ ਸਾਂਭ ਕੇ ਰੱਖ ॥੧॥
ਹੇ ਮੇਰੇ ਮਨ! (ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਵਿਚ ਰੰਗਿਆ ਜਾਂਦਾ ਹੈ (ਉਸ ਦੇ ਮਨ ਨੂੰ ਪਰਮਾਤਮਾ ਦੀ ਭਗਤੀ ਦਾ) ਰੰਗ ਚੜ੍ਹ ਜਾਂਦਾ ਹੈ।
ਉਸ ਨੂੰ ਸਦਾ-ਥਿਰ ਪ੍ਰਭੂ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਸੋਭਾ ਸਦਾ ਲਈ (ਲੋਕ ਪਰਲੋਕ ਵਿਚ) ਖਿਲਰ ਜਾਂਦੀ ਹੈ। (ਉਸ ਮਨੁੱਖ ਦਾ ਸਰੀਰ) ਪਰਮਾਤਮਾ ਦਾ ਕਦੇ ਨਾਹ ਡੋਲਣ ਵਾਲਾ ਘਰ ਬਣ ਜਾਂਦਾ ਹੈ (ਉਸ ਦਾ ਸਰੀਰ ਅਜਿਹਾ 'ਹਰਿ ਮੰਦਰ' ਬਣ ਜਾਂਦਾ ਹੈ ਜਿਸ ਨੂੰ ਵਿਕਾਰਾਂ ਦਾ ਝੱਖੜ ਹਿਲਾ ਨਹੀਂ ਸਕਦਾ) ॥੧॥ ਰਹਾਉ ॥
(ਮਨੁੱਖ ਦਾ) ਇਹ ਸਰੀਰ 'ਹਰਿ-ਮੰਦਰ' ਹੈ (ਪਰ ਇਹ ਭੇਤ ਸਤਿਗੁਰੂ ਦੀ ਬਖ਼ਸ਼ੀ) ਆਤਮਕ ਜੀਵਨ ਦੀ ਕੀਮਤੀ ਸੂਝ ਦੀ ਰਾਹੀਂ ਖੁਲ੍ਹਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਜਗਤ ਦੇ) ਮੂਲ (ਪਰਮਾਤਮਾ) ਨਾਲ ਸਾਂਝ ਨਹੀਂ ਪਾਂਦੇ (ਇਸ ਵਾਸਤੇ ਉਹ ਸਮਝਦੇ ਹਨ ਕਿ) ਮਨੁੱਖ ਦੇ ਅੰਦਰ 'ਹਰਿ-ਮੰਦਰ' ਨਹੀਂ ਹੋ ਸਕਦਾ ॥੨॥
(ਇਹ ਮਨੁੱਖਾ ਸਰੀਰ) 'ਹਰਿ-ਮੰਦਰ' ਪ੍ਰਭੂ ਜੀ ਨੇ ਆਪ ਬਣਾਇਆ ਹੈ (ਅਤੇ ਆਪਣੇ) ਹੁਕਮ ਨਾਲ ਸਜਾ ਰੱਖਿਆ ਹੈ।
ਧੁਰ ਦਰਗਾਹ ਤੋਂ (ਹਰੇਕ ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਜਿਹੜਾ) ਲੇਖ (ਹਰੇਕ ਸਰੀਰ-ਹਰਿ-ਮੰਦਰ ਵਿਚ) ਲਿਖਿਆ ਜਾਂਦਾ ਹੈ ਉਸ ਲੇਖ ਅਨੁਸਾਰ ਹਰੇਕ ਪ੍ਰਾਣੀ ਨੂੰ ਤੁਰਨਾ ਪੈਂਦਾ ਹੈ। ਕੋਈ ਮਨੁੱਖ (ਆਪਣੇ ਕਿਸੇ ਉੱਦਮ ਨਾਲ ਉਸ ਲੇਖ ਨੂੰ) ਮਿਟਾਣ ਜੋਗਾ ਨਹੀਂ ਹੈ ॥੩॥
(ਗੁਰੂ ਦੇ ਸ਼ਬਦ ਦੀ ਰਾਹੀਂ) ਸਦਾ-ਥਿਰ ਹਰਿ-ਨਾਮ ਵਿਚ (ਜਿਸ ਮਨੁੱਖ ਨੇ) ਪਿਆਰ ਪਾਇਆ, ਉਸ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਆਤਮਕ ਆਨੰਦ ਪ੍ਰਾਪਤ ਕੀਤਾ।
(ਉਸ ਮਨੁੱਖ ਦਾ ਸਰੀਰ-) ਹਰਿ-ਮੰਦਰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੋਹਣਾ ਬਣ ਗਿਆ, (ਉਹ ਹਰਿ-ਮੰਦਰ) ਬੇਅੰਤ ਪ੍ਰਭੂ (ਦੇ ਨਿਵਾਸ) ਵਾਸਤੇ (ਮਾਨੋ) ਸੋਨੇ ਦਾ ਕਿਲ੍ਹਾ ਬਣ ਗਿਆ ॥੪॥
ਇਹ ਸਾਰਾ ਸੰਸਾਰ ਭੀ 'ਹਰਿ-ਮੰਦਰ' ਹੀ ਹੈ (ਪਰਮਾਤਮਾ ਦੇ ਰਹਿਣ ਦਾ ਘਰ ਹੈ)। ਪਰ ਗੁਰੂ (ਦੀ ਸਰਨ) ਤੋਂ ਬਿਨਾ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ ਬਣਿਆ ਰਹਿੰਦਾ ਹੈ (ਤੇ, ਜੀਵਾਂ ਨੂੰ ਇਸ ਭੇਤ ਦੀ ਸਮਝ ਨਹੀਂ ਪੈਂਦੀ)।
ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ, ਆਤਮਕ ਜੀਵਨ ਵਲੋਂ ਅੰਨ੍ਹੇ ਹੋਏ ਹੋਏ ਮੂਰਖ ਮਨੁੱਖ (ਪਰਮਾਤਮਾ ਤੋਂ ਬਿਨਾ) ਹੋਰ ਨਾਲ ਪਿਆਰ ਪਾ ਕੇ ਉਸ ਨੂੰ ਪੂਜਦੇ-ਸਤਕਾਰਦੇ ਰਹਿੰਦੇ ਹਨ ॥੫॥
ਜਿੱਥੇ (ਪਰਮਾਤਮਾ ਦੀ ਦਰਗਾਹ ਵਿਚ ਮਨੁੱਖ ਪਾਸੋਂ ਉਸ ਦੇ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ (ਮਨੁੱਖ ਦੇ ਨਾਲ) ਨਾਹ (ਇਹ) ਸਰੀਰ ਜਾਂਦਾ ਹੈ ਨਾਹ (ਉੱਚੀ ਨੀਵੀਂ) ਜਾਤਿ ਜਾਂਦੀ ਹੈ।
(ਜਿਹੜੇ ਮਨੁੱਖ) ਸਦਾ-ਥਿਰ ਹਰਿ-ਨਾਮ ਵਿਚ ਰੰਗੇ ਰਹਿੰਦੇ ਹਨ, ਉਹ (ਉਥੇ ਲੇਖਾ ਹੋਣ ਸਮੇ) ਸੁਰਖ਼ਰੂ ਹੋ ਜਾਂਦੇ ਹਨ, (ਜਿਹੜੇ) ਮਾਇਆ ਦੇ ਪਿਆਰ ਵਿਚ (ਹੀ ਜ਼ਿੰਦਗੀ ਦੇ ਦਿਨ ਗੁਜ਼ਾਰ ਜਾਂਦੇ ਹਨ, ਉਹ ਉਥੇ) ਦੁਖੀ ਹੁੰਦੇ ਹਨ ॥੬॥
(ਇਸ ਸਰੀਰ-) 'ਹਰਿ-ਮੰਦਰ' ਵਿਚ ਪਰਮਾਤਮਾ ਦਾ ਨਾਮ (ਮਨੁੱਖ ਵਾਸਤੇ) ਖ਼ਜ਼ਾਨਾ ਹੈ, ਪਰ ਮੂਰਖ ਬੰਦੇ (ਇਹ ਗੱਲ) ਨਹੀਂ ਸਮਝਦੇ।
ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝ ਲਿਆ, ਉਹਨਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ ਲਿਆ ॥੭॥
ਜਿਹੜੇ ਮਨੁੱਖ (ਗੁਰੂ ਦੀ ਰਾਹੀਂ ਪਰਮਾਤਮਾ ਨਾਲ) ਪਿਆਰ ਬਣਾ ਕੇ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਮਨੁੱਖ ਗੁਰੂ ਪਾਸੋਂ ਗੁਰੂ ਦੀ ਬਾਣੀ (ਦੀ ਕਦਰ) ਸਮਝ ਲੈਂਦੇ ਹਨ।
ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿ ਕੇ ਸੁੱਚੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ॥੮॥
(ਇਹ ਮਨੁੱਖਾ ਸਰੀਰ) 'ਹਰਿ-ਮੰਦਰ' ਪਰਮਾਤਮਾ (ਦੇ ਨਾਮ-ਵੱਖਰ) ਦਾ ਹੱਟ ਹੈ, ਇਸ (ਹੱਟ) ਨੂੰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸਜਾ ਕੇ ਰੱਖਿਆ ਜਾ ਸਕਦਾ ਹੈ।
ਇਸ (ਸਰੀਰ ਹੱਟ) ਵਿਚ ਪਰਮਾਤਮਾ ਦਾ ਨਾਮ-ਸੌਦਾ (ਮਿਲ ਸਕਦਾ) ਹੈ। (ਪਰ ਸਿਰਫ਼) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ ਆਪਣੇ ਜੀਵਨ ਨੂੰ) ਸੋਹਣਾ ਬਣਾ ਕੇ (ਇਹ ਸੌਦਾ) ਲੈਂਦੇ ਹਨ ॥੯॥
(ਜਿਹੜਾ ਮਨੁੱਖ) ਮਾਇਆ ਦੇ ਮੋਹ ਵਿਚ (ਫਸ ਕੇ ਆਤਮਕ ਜੀਵਨ ਦੀ ਰਾਸਿ-ਪੂੰਜੀ) ਲੁਟਾ ਬੈਠਦਾ ਹੈ, (ਉਸ ਦਾ) ਮਨ (ਇਸ ਸਰੀਰ-) ਹਰਿ-ਮੰਦਰ ਵਿਚ ਲੋਹਾ (ਹੀ ਬਣਿਆ ਰਹਿੰਦਾ) ਹੈ।
(ਪਰ, ਹਾਂ) ਜੇ ਗੁਰੂ-ਪਾਰਸ ਮਿਲ ਪਏ (ਤਾਂ ਲੋਹੇ ਵਰਗਾ ਨਿਕੰਮਾ ਬਣਿਆ ਉਸ ਦਾ ਮਨ) ਸੋਨਾ ਹੋ ਜਾਂਦਾ ਹੈ (ਫਿਰ ਉਹ ਇਤਨੇ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ ਕਿ ਉਸ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ ॥੧੦॥
(ਇਸ ਸਰੀਰ-) 'ਹਰਿ-ਮੰਦਰ' ਵਿਚ ਪਰਮਾਤਮਾ (ਆਪ) ਵੱਸਦਾ ਹੈ, ਉਹ ਪਰਮਾਤਮਾ ਸਭ ਜੀਵਾਂ ਵਿਚ ਹੀ ਇਕ-ਰਸ ਵੱਸ ਰਿਹਾ ਹੈ।
ਹੇ ਨਾਨਕ! (ਸਰਬ-ਨਿਵਾਸੀ ਪ੍ਰਭੂ ਦੇ ਨਾਮ ਦਾ ਸੌਦਾ) ਗੁਰੂ ਦੀ ਰਾਹੀਂ ਵਣਜਿਆ ਜਾ ਸਕਦਾ ਹੈ। ਇਹ ਸੌਦਾ ਸਦਾ ਕਾਇਮ ਰਹਿਣ ਵਾਲਾ ਸੌਦਾ ਹੈ ॥੧੧॥੧॥
ਜਿਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਪਰਮਾਤਮਾ ਦੇ ਪਿਆਰ ਵਿਚ ਟਿਕ ਕੇ (ਕਾਮਾਦਿਕ ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ, ਉਹ ਬੰਦੇ ਹੀ (ਆਪਣੇ ਮਨ ਤੋਂ) ਹਉਮੈ ਦੀ ਮੈਲ ਲਾਹ ਕੇ (ਅਸਲ) ਜਾਗਰੇ ਕਰਦੇ ਹਨ।
(ਅਜਿਹੇ ਮਨੁੱਖ) ਸਦਾ ਸੁਚੇਤ ਰਹਿੰਦੇ ਹਨ, ਆਪਣਾ ਹਿਰਦਾ-ਘਰ (ਵਿਕਾਰ ਦੀ ਮਾਰ ਤੋਂ) ਬਚਾ ਰੱਖਦੇ ਹਨ (ਇਹਨਾਂ ਕਾਮਾਦਕਿ) ਪੰਜ ਚੋਰਾਂ ਨੂੰ (ਆਪਣੇ ਅੰਦਰੋਂ) ਮਾਰ ਕੇ ਕੱਢ ਦੇਂਦੇ ਹਨ ॥੧॥
ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ।
ਹੇ ਮਨ! (ਹੋਰ ਹੋਰ ਪੂਜਾ ਦੇ ਕਰਮ ਛੱਡ ਕੇ) ਉਹੀ ਕਰਮ ਕਰਿਆ ਕਰ, ਜਿਸ ਰਸਤੇ ਪਿਆਂ ਪਰਮਾਤਮਾ ਦਾ ਮਿਲਾਪ ਹੋ ਸਕੇ ॥੧॥ ਰਹਾਉ ॥
ਗੁਰੂ ਦੀ ਸਰਨ ਪਿਆਂ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ (ਮਨੁੱਖ ਦੇ ਅੰਦਰੋਂ) ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ।
ਆਤਮਕ ਅਡੋਲਤਾ ਵਿਚ ਪਰਮਾਤਮਾ ਦੇ ਗੁਣ ਗਾ ਗਾ ਕੇ ਪਰਮਾਤਮਾ ਦਾ ਨਾਮ ਸਦਾ ਲਈ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ ॥੨॥
ਗੁਰੂ ਦੀ ਮੱਤ ਉੱਤੇ ਤੁਰ ਕੇ (ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ, ਉਹਨਾਂ ਦੇ ਮੂੰਹ (ਲੋਕ ਪਰਲੋਕ ਵਿਚ) ਸੋਹਣੇ ਹੋ ਜਾਂਦੇ ਹਨ।
(ਉਹਨਾਂ ਨੂੰ) ਇਸ ਲੋਕ ਅਤੇ ਪਰਲੋਕ ਵਿਚ ਬਹੁਤ ਆਨੰਦ ਮਿਲਦਾ ਹੈ, ਪਰਮਾਤਮਾ ਦਾ ਨਾਮ ਸਦਾ ਜਪ ਕੇ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੩॥