ਹੇ ਭਾਈ! ਪ੍ਰਭੂ ਸਾਰੇ ਰਸਾਂ ਦਾ ਘਰ ਹੈ ਉਸ ਦੇ ਚਰਨ ਸੇਵ ਕੇ (ਮਨੁੱਖ) ਜੋ ਕੁਝ (ਉਸ ਦੇ ਦਰ ਤੋਂ) ਮੰਗਦੇ ਹਨ, ਉਹੀ ਕੁਝ ਪ੍ਰਾਪਤ ਕਰ ਲੈਂਦੇ ਹਨ,
(ਨਿਰਾ ਇਹੀ ਨਹੀਂ, ਪ੍ਰਭੂ ਦੀ ਸੇਵਾ-ਭਗਤੀ ਕਰਨ ਵਾਲੇ ਮਨੁੱਖ) ਜਨਮ ਅਤੇ ਮੌਤ ਦੋਹਾਂ ਤੋਂ ਬਚ ਜਾਂਦੇ ਹਨ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੧॥
ਹੇ ਭਾਈ! ਖੋਜ ਕਰਦਿਆਂ ਕਰਦਿਆਂ ਪ੍ਰਭੂ ਦੇ ਦਾਸ ਅਸਲੀਅਤ ਵਿਚਾਰ ਲੈਂਦੇ ਹਨ, ਅਤੇ ਪ੍ਰਭੂ ਦੇ ਹੀ ਆਸਰੇ ਰਹਿੰਦੇ ਹਨ।
ਹੇ ਨਾਨਕ! (ਆਖ-ਹੇ ਭਾਈ!) ਜੇ ਤੂੰ ਕਦੇ ਨਾਹ ਮੁੱਕਣ ਵਾਲਾ ਸੁਖ ਲੋੜਦਾ ਹੈਂ, ਤਾਂ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ ॥੨॥੫॥੧੦॥
ਹੇ ਭਾਈ! ਜਦੋਂ ਗੁਰੂ ਕਿਰਪਾ ਕਰਦਾ ਹੈ ਤਾਂ ਨਿੰਦਾ ਦੇ ਸੁਭਾਵ ਵਾਲਾ ਮਨੁੱਖ (ਨਿੰਦਾ ਕਰਨ ਤੋਂ) ਹਟ ਜਾਂਦਾ ਹੈ।
(ਜਿਸ ਨਿੰਦਕ ਉਤੇ) ਪ੍ਰਭੂ ਪਰਮਾਤਮਾ ਜੀ ਦਇਆਵਾਨ ਹੋ ਜਾਂਦੇ ਹਨ, ਕਲਿਆਣ-ਸਰੂਪ ਹਰਿ ਦੇ ਨਾਮ-ਤੀਰ ਨਾਲ (ਗੁਰੂ ਉਸ ਦਾ) ਸਿਰ ਕੱਟ ਦੇਂਦਾ ਹੈ (ਉਸ ਦੀ ਹਉਮੈ ਨਾਸ ਕਰ ਦੇਂਦਾ ਹੈ) ॥੧॥ ਰਹਾਉ ॥
(ਹੇ ਭਾਈ! ਜਿਸ ਮਨੁੱਖ ਉਤੇ ਗੁਰੂ ਪ੍ਰਭੂ ਦਇਆਵਾਨ ਹੁੰਦੇ ਹਨ) ਉਸ ਮਨੁੱਖ ਨੂੰ ਆਤਮਕ ਮੌਤ, ਮਾਇਆ ਦਾ ਜਾਲ, ਮੌਤ ਦਾ ਡਰ (ਕੋਈ ਭੀ) ਤੱਕ ਭੀ ਨਹੀਂ ਸਕਦਾ, (ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਸਦਾ-ਥਿਰ ਹਰਿ-ਨਾਮ ਸਿਮਰਨ ਵਾਲਾ ਰਸਤਾ ਮੱਲ ਲੈਂਦਾ ਹੈ।
ਉਹ ਮਨੁੱਖ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ-ਧਨ ਖੱਟ ਲੈਂਦਾ ਹੈ। ਆਪ ਵਰਤਿਆਂ, ਹੋਰਨਾਂ ਨੂੰ ਵੰਡਦਿਆਂ ਇਹ ਧਨ ਰਤਾ ਭੀ ਨਹੀਂ ਮੁੱਕਦਾ ॥੧॥
ਹੇ ਭਾਈ! (ਜਿਸ ਨਿੰਦਾ-ਸੁਭਾਵ ਕਰ ਕੇ, ਜਿਸ ਆਪਾ-ਭਾਵ ਕਰ ਕੇ, ਨਿੰਦਕ ਸਦਾ) ਦੁੱਖੀ ਹੁੰਦਾ ਰਹਿੰਦਾ ਸੀ, (ਪ੍ਰਭੂ ਦੇ ਦਇਆਲ ਹੋਇਆਂ, ਗੁਰੂ ਦੀ ਕਿਰਪਾ ਨਾਲ) ਇਕ ਛਿਨ ਵਿਚ ਹੀ ਉਸ ਸੁਭਾਵ ਦਾ ਨਾਮ-ਨਿਸ਼ਾਨ ਹੀ ਮਿਟ ਜਾਂਦਾ ਹੈ।
(ਇਸ ਅਸਚਰਜ ਤਬਦੀਲੀ ਨੂੰ) ਸਾਰਾ ਜਗਤ ਹੈਰਾਨ ਹੋ ਹੋ ਕੇ ਵੇਖਦਾ ਹੈ। ਦਾਸ ਨਾਨਕ ਇਹ ਅਗੰਮੀ ਰੱਬੀ ਖੇਡ ਬਿਆਨ ਕਰਦਾ ਹੈ ॥੨॥੬॥੧੧॥
ਹੇ ਸ਼ੂਮ! (ਸੁਆਸਾਂ ਦੀ ਪੂੰਜੀ ਸਿਮਰਨ ਵਾਲੇ ਪਾਸੇ ਨਾਹ ਖ਼ਰਚਣ ਦੇ ਕਾਰਨ ਤੇਰਾ) ਮਨ ਤੇ ਸਰੀਰ ਪਾਪਾਂ ਨਾਲ ਭਰੇ ਪਏ ਹਨ।
ਹੇ ਸ਼ੂਮ! ਸਾਧ ਸੰਗਤਿ ਵਿਚ ਟਿਕ ਕੇ ਮਾਲਕ-ਪ੍ਰਭੂ ਦਾ ਭਜਨ ਕਰਿਆ ਕਰ। ਸਿਰਫ਼ ਉਹ ਪ੍ਰਭੂ ਹੀ ਇਹਨਾਂ ਪਾਪਾਂ ਉਤੇ ਪਰਦਾ ਪਾਣ ਦੇ ਸਮਰਥ ਹੈ ॥੧॥ ਰਹਾਉ ॥
ਹੇ ਸ਼ੂਮ! (ਸਿਮਰਨ ਤੋਂ ਸੁੰਞਾ ਰਹਿਣ ਦੇ ਕਾਰਨ ਤੇਰੇ ਸਰੀਰ-) ਜਹਾਜ਼ ਵਿਚ ਅਨੇਕਾਂ ਛੇਕ ਪੈ ਗਏ ਹਨ, (ਸਿਮਰਨ ਤੋਂ ਬਿਨਾ ਕਿਸੇ ਭੀ ਹੋਰ ਤਰੀਕੇ ਨਾਲ) ਇਹ ਛੇਕ ਬੰਦ ਨਹੀਂ ਕੀਤੇ ਜਾ ਸਕਦੇ।
ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ (ਸਰੀਰ) ਜਹਾਜ਼ ਹੈ, ਉਸ ਦੀ ਆਰਾਧਨਾ ਕਰਿਆ ਕਰ। ਉਸ ਦੀ ਸੰਗਤਿ ਵਿਚ ਖੋਟੇ (ਹੋ ਚੁਕੇ ਗਿਆਨ-ਇੰਦ੍ਰੇ) ਖਰੇ ਹੋ ਜਾਣਗੇ ॥੧॥
ਪਰ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਪਹਾੜ ਚੁੱਕਣੇ ਚਾਹੁੰਦਾ ਹੈ (ਨਿਰੀਆਂ ਗੱਲਾਂ ਨਾਲ) ਉਹ ਪਹਾੜ ਉੱਥੇ ਦੇ ਉੱਥੇ ਹੀ ਧਰੇ ਰਹਿ ਜਾਂਦੇ ਹਨ।
ਹੇ ਨਾਨਕ! (ਆਖ-) ਹੇ ਪ੍ਰਭੂ! (ਇਹਨਾਂ ਛਿਦ੍ਰਾਂ ਤੋਂ ਬਚਣ ਵਾਸਤੇ ਅਸਾਂ ਜੀਵਾਂ ਵਿਚ) ਕੋਈ ਜ਼ੋਰ ਨਹੀਂ ਕੋਈ ਤਾਕਤ ਨਹੀਂ। ਅਸੀਂ ਤੇਰੀ ਸਰਨ ਆ ਪਏ ਹਾਂ, ਸਾਨੂੰ ਤੂੰ ਆਪ ਬਚਾ ਲੈ ॥੨॥੭॥੧੨॥
ਹੇ ਭਾਈ! ਮੈਂ ਤਾਂ ਆਪਣੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਧਿਆਨ ਧਰਦਾ ਰਹਿੰਦਾ ਹਾਂ।
ਪਰਮਾਤਮਾ ਦਾ ਨਾਮ (ਇਕ ਐਸੀ) ਦਵਾਈ ਹੈ ਜੇਹੜੀ (ਮਨੁੱਖ ਦੇ ਅੰਦਰੋਂ) ਕ੍ਰੋਧ ਅਤੇ ਅਹੰਕਾਰ (ਆਦਿਕ ਰੋਗ) ਪੂਰੀ ਤਰ੍ਹਾਂ ਕੱਢ ਦੇਂਦੀ ਹੈ (ਜਿਵੇਂ ਦਵਾਈ ਸਰੀਰ ਵਿਚੋਂ ਗਰਮੀ ਤੇ ਵਾਈ ਦੇ ਰੋਗ ਦੂਰ ਕਰਦੀ ਹੈ) ॥੧॥ ਰਹਾਉ ॥
ਹੇ ਭਾਈ! ਪਰਮਾਤਮਾ (ਦਾ ਨਾਮ ਮਨੁੱਖ ਦੇ ਅੰਦਰੋਂ ਆਧਿ ਵਿਆਧਿ ਉਪਾਧਿ) ਤਿੰਨੇ ਹੀ ਤਾਪ ਦੂਰ ਕਰਨ ਵਾਲਾ ਹੈ, ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਅਤੇ ਸੁਖਾਂ ਦਾ ਸਰਮਾਇਆ ਹੈ।
ਜਿਸ ਮਨੁੱਖ ਦੀ ਅਰਦਾਸ ਸਦਾ ਪ੍ਰਭੂ ਦੇ ਦਰ ਤੇ ਜਾਰੀ ਰਹਿੰਦੀ ਹੈ, ਉਸ ਦੇ ਜੀਵਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀ ਆਉਂਦੀ ॥੧॥
ਹੇ ਭਾਈ! ਇਕ ਪਰਮਾਤਮਾ ਹੀ ਜਗਤ ਦਾ ਮੂਲ ਹੈ, (ਜੀਵਾਂ ਦੇ ਰੋਗ ਦੂਰ ਕਰਨ ਵਾਲਾ) ਹਕੀਮ ਹੈ। ਇਹ ਪ੍ਰਭੂ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਨਾਨਕ! ਜੇਹੜੇ ਮਨੁੱਖ ਆਪਣੇ ਅੰਦਰੋਂ ਚਤੁਰਾਈ ਦੂਰ ਕਰ ਦੇਂਦੇ ਹਨ, ਸਾਰੇ ਸੁਖ ਦੇਣ ਵਾਲਾ ਪਰਮਾਤਮਾ ਉਹਨਾਂ ਨੂੰ ਮਿਲ ਪੈਂਦਾ ਹੈ, ਉਹਨਾਂ (ਦੀ ਜ਼ਿੰਦਗੀ) ਦਾ ਸਹਾਰਾ ਬਣ ਜਾਂਦਾ ਹੈ ॥੨॥੮॥੧੩॥
ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰ।
(ਜਿਸ ਭੀ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ) ਮਾਲਕ-ਪ੍ਰਭੂ ਨੇ ਆਪਣੀ ਮਿਹਰ ਕਰ ਕੇ (ਉਸ ਦੀ ਸੁੰਞੀ ਪਈ ਹਿਰਦਾ-ਨਗਰੀ ਨੂੰ ਸੋਹਣੇ ਆਤਮਕ ਗੁਣਾਂ ਨਾਲ) ਆਪ ਵਸਾ ਦਿੱਤਾ ॥੧॥ ਰਹਾਉ ॥
ਹੇ ਭਾਈ! ਜਿਸ ਪ੍ਰਭੂ ਦੇ ਅਸੀਂ ਪੈਦਾ ਕੀਤੇ ਹੋਏ ਹਾਂ, ਉਹ ਪ੍ਰਭੂ (ਉਹਨਾਂ ਮਨੁੱਖਾਂ ਦੀ) ਆਪ ਸੰਭਾਲ ਕਰਦਾ ਹੈ (ਜੇਹੜੇ ਉਸ ਦਾ ਨਾਮ ਜਪਦੇ ਹਨ, ਉਹਨਾਂ ਦੇ ਸਾਰੇ) ਚਿੰਤਾ-ਫ਼ਿਕਰ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ।
ਪਰਮਾਤਮਾ ਆਪਣੇ ਹੱਥ ਦੇ ਕੇ ਆਪਣੇ ਸੇਵਕਾਂ ਨੂੰ (ਚਿੰਤਾ-ਫ਼ਿਕਰਾਂ ਤੋਂ ਦੁੱਖਾਂ-ਕਲੇਸ਼ਾਂ ਤੋਂ) ਆਪ ਬਚਾਂਦਾ ਹੈ, ਉਹਨਾਂ ਦਾ ਮਾਂ ਪਿਉ ਬਣਿਆ ਰਹਿੰਦਾ ਹੈ ॥੧॥
ਹੇ ਭਾਈ! ਪਰਮਾਤਮਾ ਸਾਰੇ ਹੀ ਜੀਵਾਂ ਉਤੇ ਮਿਹਰ ਕਰਨ ਵਾਲਾ ਹੈ, ਉਹ ਖ਼ਸਮ ਪ੍ਰਭੂ ਸਭਨਾਂ ਉਤੇ ਦਇਆ ਕਰਦਾ ਹੈ।
ਹੇ ਨਾਨਕ! (ਆਖ-) ਮੈਂ ਉਸ ਪ੍ਰਭੂ ਦੀ ਸਰਨ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੇ, ਜਿਸ ਦਾ ਤੇਜ-ਪ੍ਰਤਾਪ ਬਹੁਤ ਹੈ ॥੨॥੯॥੧੪॥
ਹੇ ਮਾਲਕ-ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ, ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ)।
ਹੇ ਕ੍ਰੋੜਾਂ ਭੁੱਲਾਂ ਨਾਸ ਕਰਨ ਦੇ ਸਮਰਥ ਦਾਤਾਰ! ਤੈਥੋਂ ਬਿਨਾ ਹੋਰ ਕੌਣ ਮੈਨੂੰ ਭੁੱਲਾਂ ਤੋਂ ਬਚਾ ਸਕਦਾ ਹੈ? ॥੧॥ ਰਹਾਉ ॥
ਹੇ ਭਾਈ! ਕਈ ਤਰੀਕਿਆਂ ਨਾਲ ਖੋਜ ਕਰ ਕਰ ਕੇ ਮੈਂ ਸਾਰੀਆਂ ਗੱਲਾਂ ਵਿਚਾਰੀਆਂ ਹਨ (ਤੇ, ਇਸ ਨਤੀਜੇ ਉਤੇ ਅੱਪੜਿਆ ਹਾਂ, ਕਿ)
ਗੁਰੂ ਦੀ ਸੰਗਤਿ ਵਿਚ ਟਿਕਿਆਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ, ਅਤੇ ਮਾਇਆ ਦੇ (ਮੋਹ ਦੇ) ਬੰਧਨ ਵਿਚ ਫਸ ਕੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਜਾਈਦੀ ਹੈ ॥੧॥