ਪ੍ਰਭੂ ਆਪ ਹੀ ਕਿਸੇ ਰਤਨ-ਜੀਵ ਨੂੰ ਕਸਵੱਟੀ ਤੇ ਲਾ ਕੇ ਪਰਵਾਨ ਕਰਦਾ ਹੈ, ਤੇ, ਪ੍ਰਭੂ ਆਪ ਹੀ ਜਗਤ ਦੀ ਵਣਜ-ਵਪਾਰ ਦੀ ਕਾਰ ਚਲਾ ਰਿਹਾ ਹੈ (ਰਤਨ ਦੇਂਦਾ ਹੈ ਤੇ ਰਤਨ ਲੈਂਦਾ ਹੈ) ॥੮॥
ਪਰਮਾਤਮਾ ਆਪ ਹੀ ਧਨਖ ਹੈ (ਆਪ ਹੀ ਤੀਰ ਹੈ) ਆਪ ਹੀ ਤੀਰ-ਅੰਦਾਜ਼ ਹੈ।
ਆਪ ਹੀ ਸੁਚੱਜਾ ਸੋਹਣਾ ਤੇ ਸਿਆਣਾ ਹੈ।
ਹਰ ਥਾਂ ਬੋਲਣ ਵਾਲਾ ਸੁਣਨ ਵਾਲਾ ਉਹੀ ਆਪ ਹੀ ਹੈ ਜਿਸ ਨੇ ਇਹ ਜਗਤ-ਰਚਨਾ ਰਚੀ ਹੈ ॥੯॥
ਹਵਾ (ਜੋ ਸਰੀਰਾਂ ਲਈ ਇਉਂ ਹੈ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਵਾਸਤੇ ਹੈ) ਪ੍ਰਭੂ ਆਪ ਹੀ ਹੈ।
ਪਾਣੀ (ਜੋ ਸਭ ਜੀਵਾਂ ਦਾ) ਪਿਉ (ਹੈ, ਇਹ ਭੀ) ਪ੍ਰਭੂ ਆਪ ਹੀ ਹੈ। ਧਰਤੀ (ਜੇਹੜੀ ਇਸ ਵਾਸਤੇ ਜੀਵਾਂ ਦੀ) ਮਾਂ ਅਖਵਾਣ-ਜੋਗ ਹੈ ਕਿ ਇਹ ਮਾਂ ਵਾਂਗ ਸਭ ਚੀਜ਼ਾਂ ਨੂੰ ਆਪਣੇ ਪੇਟ ਵਿਚ ਰਖਦੀ ਹੈ ਤੇ ਪੇਟ ਵਿਚੋਂ ਪੈਦਾ ਕਰਦੀ ਹੈ-ਇਹ ਭੀ ਪਰਮਾਤਮਾ ਆਪ ਹੀ ਹੈ (ਕਿਉਂਕਿ ਸਭ ਕੁਝ ਪਰਮਾਤਮਾ ਨੇ ਆਪਣੇ ਆਪ ਤੋਂ ਪਰਗਟ ਕੀਤਾ ਹੈ)।
ਦਿਨ ਤੇ ਰਾਤ (ਜੋ ਜੀਵਾਂ ਵਾਸਤੇ) ਦੋਵੇਂ ਖਿਡਾਵੀ ਤੇ ਖਿਡਾਵਾ ਹਨ (ਤੇ ਇਹਨਾਂ ਦੇ ਪ੍ਰਭਾਵ ਵਿਚ) ਜਗਤ ਖੇਡ ਰਿਹਾ ਹੈ, ਇਹ ਭੀ ਉਹ ਆਪ ਹੀ ਹੈ, ਇਹ ਸਾਰੀ ਖੇਡ ਉਹ ਆਪ ਹੀ ਖੇਡ ਰਿਹਾ ਹੈ ॥੧੦॥
ਹੇ ਪ੍ਰਭੂ! ਤੂੰ ਆਪ ਹੀ ਮੱਛੀ ਹੈਂ ਤੇ ਆਪ ਹੀ (ਮੱਛੀ ਨੂੰ ਫਸਾਣ ਵਾਲਾ) ਜਾਲ ਹੈਂ;
ਤੂੰ ਆਪ ਹੀ ਗਾਂ ਹੈ ਤੇ ਆਪ ਹੀ ਗਾਈਆਂ ਦਾ ਰਾਖਾ ਹੈਂ।
ਸਾਰੇ ਜੀਵਾਂ ਵਿਚ ਸਾਰੇ ਜਗਤ ਵਿਚ ਤੇਰੀ ਹੀ ਜੋਤਿ ਮੌਜੂਦ ਹੈ। ਜਗਤ ਵਿਚ ਉਹੀ ਕੁਝ ਵਰਤ ਰਿਹਾ ਹੈ ਜਿਵੇਂ ਪ੍ਰਭੂ ਨੇ ਹੁਕਮ ਕੀਤਾ ਹੈ (ਹੁਕਮ ਕਰ ਰਿਹਾ ਹੈ) ॥੧੧॥
(ਮਾਇਆ ਤੋਂ ਨਿਰਲੇਪ ਹੋਣ ਕਰਕੇ) ਪ੍ਰਭੂ ਆਪ ਹੀ ਜੋਗੀ ਹੈ, (ਤੇ ਸਾਰੇ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ (ਸਾਰੇ ਪਦਾਰਥਾਂ ਨੂੰ) ਭੋਗਣ ਵਾਲਾ ਹੈ।
ਸਭ ਤੋਂ ਵੱਡੇ ਸੰਜੋਗ (ਮਿਲਾਪ) ਦੇ ਕਾਰਨ (ਸਭ ਜੀਵਾਂ ਵਿਚ ਰਮਿਆ ਹੋਣ ਕਰਕੇ) ਪ੍ਰਭੂ ਆਪ ਹੀ ਸਾਰੇ ਰਸ ਮਾਣ ਰਿਹਾ ਹੈ।
ਪ੍ਰਭੂ ਆਪ ਹੀ ਉਜਾੜ ਵਿਚ ਰਹਿਣ ਵਾਲਾ ਹੈ, ਪ੍ਰਭੂ ਆਪ ਨਿਰ-ਆਕਾਰ ਹੈ, ਉਸ ਨੂੰ ਕਿਸੇ ਤੋਂ ਡਰ ਨਹੀਂ। ਉਹ ਆਪ ਹੀ ਆਪਣੇ ਸਰੂਪ ਵਿਚ ਸੁਰਤ ਜੋੜਨ ਵਾਲਾ ਹੈ ॥੧੨॥
ਹੇ ਪ੍ਰਭੂ! ਚੌਹਾਂ ਖਾਣੀਆਂ ਦੇ ਜੀਵ ਤੇ ਉਹਨਾਂ ਦੀਆਂ ਬੋਲੀਆਂ ਭੀ ਤੇਰੇ ਵਿਚ ਹੀ ਸਮਾ ਜਾਂਦੀਆਂ ਹਨ।
ਜਗਤ ਵਿਚ ਜੋ ਕੁਝ ਦਿੱਸ ਰਿਹਾ ਹੈ ਉਹ ਜੰਮਣ ਮਰਨ ਦੇ ਗੇੜ ਵਿਚ ਹੈ।
ਜਿਨ੍ਹਾਂ ਬੰਦਿਆਂ ਨੂੰ ਸਤਿਗੁਰੂ ਨੇ (ਸਹੀ ਜੀਵਨ ਦੀ) ਸੂਝ ਦਿੱਤੀ ਹੈ ਉਹੀ ਕਦੇ ਘਾਟਾ ਨਾਹ ਖਾਣ ਵਾਲੇ ਸ਼ਾਹ ਹਨ ਤੇ ਵਪਾਰੀ ਹਨ ॥੧੩॥
ਹੇ ਪ੍ਰਭੂ! (ਤੇਰਾ ਰੂਪ) ਪੂਰਾ ਸਤਿਗੁਰੂ (ਤੇਰੀ ਸਿਫ਼ਤ-ਸਾਲਾਹ ਦੀ) ਬਾਣੀ (ਤੇਰੇ ਪੈਦਾ ਕੀਤੇ ਜੀਵਾਂ ਨੂੰ) ਸਮਝਾਂਦਾ ਹੈ।
ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ (ਆਪਣੀ ਸਾਰੀ ਰਚਨਾ ਵਿਚ) ਹਰ ਥਾਂ ਮੌਜੂਦ ਹੈਂ।
ਕੋਈ ਜੀਵ ਤੇਰੇ ਹੁਕਮ ਨੂੰ ਮੋੜ ਨਹੀਂ ਸਕਦਾ, (ਇਤਨੇ ਵੱਡੇ ਖਲਜਗਨ ਦਾ ਮਾਲਕ ਹੋ ਕੇ ਭੀ) ਤੂੰ ਸਦਾ ਬੇ-ਫ਼ਿਕਰ ਹੈਂ। (ਪਰਮਾਤਮਾ ਆਪਣੇ ਪੈਦਾ ਕੀਤੇ ਜੀਵਾਂ ਵਾਸਤੇ ਸਭ ਕੁਝ ਕਰਦਾ ਹੈ, ਪਰ) ਉਸ ਨੂੰ (ਆਪਣੇ ਵਾਸਤੇ) ਕੋਈ ਰਤਾ ਭਰ ਭੀ ਲਾਲਚ ਨਹੀਂ ਹੈ ॥੧੪॥
ਜਨਮ ਤੇ ਮਰਨ ਉਸ ਮਨੁੱਖ ਦੇ ਨੇੜੇ ਨਹੀਂ ਢੁਕਦੇ (ਉਸ ਨੂੰ ਵੇਖ ਕੇ ਝੱਲੇ ਹੋ ਜਾਂਦੇ ਹਨ, ਸਹਮ ਜਾਂਦੇ ਹਨ),
(ਜੇਹੜਾ ਮਨੁੱਖ) ਆਪਣੇ ਹਿਰਦੇ ਵਿਚ ਉਸ ਦੀ ਸਿਫ਼ਤ-ਸਾਲਾਹ ਦੀ ਬਾਣੀ ਵਸਾਂਦਾ ਹੈ ਤੇ ਆਤਮਕ ਅਡੋਲਤਾ ਦਾ ਰਸ ਮਾਣਦਾ ਹੈ।
(ਪ੍ਰਭੂ ਦੀ ਬਖ਼ਸ਼ੀ ਹੋਈ ਪ੍ਰਭੂ-ਚਰਨਾਂ ਦੀ) ਪ੍ਰੀਤ ਦੀ ਰਾਹੀਂ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੀ ਭਗਤੀ ਪਿਆਰੀ ਲੱਗਣ ਲੱਗ ਪੈਂਦੀ ਹੈ, ਉਸ ਨੂੰ ਪ੍ਰਭੂ (ਆਪ ਹੀ ਵਿਕਾਰਾਂ ਤੋਂ) ਖ਼ਲਾਸੀ ਦੇਣ ਵਾਲਾ ਹੈ ਆਪ ਹੀ (ਮਾਇਆ ਦੀ ਤ੍ਰਿਸ਼ਨਾ ਤੋਂ) ਤ੍ਰਿਪਤੀ ਦੇਣ ਵਾਲਾ ਹੈ, ਤੇ ਆਪ ਹੀ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈ ॥੧੫॥
ਹੇ ਪ੍ਰਭੂ! (ਇਤਨਾ ਬੇਅੰਤ ਜਗਤ ਰਚ ਕੇ) ਤੂੰ ਆਪ (ਇਸ ਦੇ ਮੋਹ ਤੋਂ) ਨਿਰਲੇਪ ਹੈਂ। ਹੇ ਪ੍ਰਭੂ! (ਤੇਰੇ ਰੂਪ) ਗੁਰੂ ਦੀ ਰਾਹੀਂ ਹੀ ਤੇਰੇ ਨਾਲ ਜਾਣ-ਪਛਾਣ ਹੋ ਸਕਦੀ ਹੈ।
(ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਸਭ ਤੇਰੇ ਵਿਚ ਹੀ ਲੀਨ ਹੋ ਜਾਂਦਾ ਹੈ।
ਗ਼ਰੀਬ ਨਾਨਕ ਤੇਰੇ ਦਰ ਤੋਂ (ਨਾਮ ਦਾ) ਖ਼ੈਰ ਮੰਗਦਾ ਹੈ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਦੇਹ, ਇਹੀ ਮੇਰੇ ਵਾਸਤੇ ਸਭ ਤੋਂ ਉੱਚੀ ਇੱਜ਼ਤ ਹੈ ॥੧੬॥੧॥
(ਸਾਰਾ ਜਗਤ ਪ੍ਰਭੂ ਦੇ ਆਪਣੇ ਆਪੇ ਤੋਂ ਪਰਗਟ ਹੋਇਆ ਹੈ, ਇਸ ਵਾਸਤੇ ਪ੍ਰਭੂ) ਆਪ ਹੀ ਧਰਤੀ ਹੈ ਆਪ ਹੀ ਧਰਤੀ ਦਾ ਆਸਰਾ ਹੈ, ਆਪ ਹੀ ਅਕਾਸ਼ ਹੈ।
ਪ੍ਰਭੂ ਆਪ ਹੀ ਆਪਣੇ ਸਦਾ-ਥਿਰ ਰਹਿਣ ਵਾਲੇ ਗੁਣਾਂ ਦਾ ਪਰਕਾਸ਼ ਕਰਨ ਵਾਲਾ ਹੈ।
ਆਪ ਹੀ ਜਤੀ ਹੈ, ਆਪ ਹੀ ਦਾਨੀ ਹੈ, ਆਪ ਹੀ ਸੰਤੋਖੀ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਜਤ ਸਤ ਸੰਤੋਖ ਦੇ ਅਭਿਆਸ ਦੀ) ਕਾਰ ਕਮਾਣ ਵਾਲਾ ਹੈ ॥੧॥
ਜਿਸ ਕਰਤਾਰ ਦਾ ਇਹ ਰਚਿਆ ਸੰਸਾਰ ਹੈ ਉਹ ਇਸ ਨੂੰ ਰਚ ਰਚ ਕੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ।
ਕੋਈ ਜੀਵ ਉਸ ਪਰਮਾਤਮਾ ਦੇ ਸਦਾ-ਥਿਰ ਰਹਿਣ ਵਾਲੇ ਹੁਕਮ ਨੂੰ ਉਲੰਘ ਨਹੀਂ ਸਕਦਾ।
(ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਜੀਵਾਂ ਪਾਸੋਂ (ਆਪਣੇ ਹੁਕਮ ਅਨੁਸਾਰ ਕੰਮ) ਕਰਵਾ ਰਿਹਾ ਹੈ। ਆਪ ਹੀ (ਜਿਨ੍ਹਾਂ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਹਨਾਂ ਨੂੰ) ਆਦਰ ਦੇ ਰਿਹਾ ਹੈ ॥੨॥
(ਪ੍ਰਭੂ ਦੀ ਆਪਣੀ ਰਜ਼ਾ ਵਿਚ ਹੀ) ਭਰਮਾ ਦੇਣ ਵਾਲੇ ਪੰਜ ਕਾਮਾਦਿਕ ਚੋਰ (ਜੀਵਾਂ ਦੇ) ਮਨ ਮੋਹ ਲੈਂਦੇ ਹਨ।
(ਜਿਨ੍ਹਾਂ ਦੇ ਮਨ ਕਾਮਾਦਿਕ ਮੋਹ ਲੈਂਦੇ ਹਨ) ਉਹ ਪਰਾਏ ਘਰ ਤੱਕਦੇ ਹਨ, ਆਪਣੇ ਹਿਰਦੇ-ਘਰ ਨੂੰ ਨਹੀਂ ਖੋਜਦੇ।
(ਵਿਕਾਰਾਂ ਵਿਚ ਫਸੇ ਹੋਇਆਂ ਦਾ ਆਖ਼ਰ) ਸਰੀਰ ਸ਼ਹਿਰ ਢਹਿ ਪੈਂਦਾ ਹੈ, ਢਹਿ ਕੇ ਢੇਰੀ ਹੋ ਜਾਂਦਾ ਹੈ; ਗੁਰੂ ਦੇ ਸ਼ਬਦ ਤੋਂ ਵਾਂਜੇ ਰਹਿਣ ਕਰਕੇ ਉਹਨਾਂ ਦੀ ਇੱਜ਼ਤ ਖੋਹੀ ਜਾਂਦੀ ਹੈ ॥੩॥
(ਹੇ ਪ੍ਰਭੂ! ਤੇਰੀ ਮੇਹਰ ਨਾਲ ਜੇਹੜਾ ਮਨੁੱਖ) ਗੁਰੂ ਤੋਂ ਗਿਆਨ ਹਾਸਲ ਕਰਦਾ ਹੈ ਉਸ ਨੂੰ ਤੂੰ ਤਿੰਨਾਂ ਭਵਨਾਂ ਵਿਚ ਵਿਆਪਕ ਦਿੱਸ ਪੈਂਦਾ ਹੈਂ,
ਉਹ ਮਨੁੱਖ ਮਨ ਦੇ ਮਾਇਕ ਫੁਰਨੇ ਮਾਰ ਕੇ ਮਨ ਨਾਲ ਹੀ ਟਾਕਰਾ ਕਰਦਾ ਹੈ (ਤੇ ਇਸ ਨੂੰ ਵੱਸ ਵਿਚ ਰੱਖਦਾ ਹੈ)।
ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਸਿਮਰਦੇ ਹਨ ਉਹ ਤੇਰੇ ਵਰਗੇ ਹੋ ਜਾਂਦੇ ਹਨ, ਤੂੰ ਕਿਸੇ ਤੋਂ ਨਾ ਡਰਨ ਵਾਲਾ ਉਹਨਾਂ ਦਾ ਸਦਾ ਦਾ ਸਾਥੀ ਬਣ ਜਾਂਦਾ ਹੈਂ ॥੪॥
(ਸਾਰੀ ਸ੍ਰਿਸ਼ਟੀ ਪ੍ਰਭੂ ਦੇ ਆਪਣੇ ਆਪੇ ਤੋਂ ਪਰਗਟ ਹੋਣ ਕਰਕੇ) ਪ੍ਰਭੂ ਆਪ ਹੀ ਸੁਰਗ-ਲੋਕ ਹੈ, ਆਪ ਹੀ ਮਾਤ-ਲੋਕ ਹੈ, ਆਪ ਹੀ ਪਤਾਲ-ਲੋਕ ਹੈ।
ਆਪ ਹੀ ਨਿਰਾ ਚਾਨਣ ਹੀ ਚਾਨਣ ਹੈ ਤੇ ਸਭ ਦਾ ਵੱਡਾ ਹੈ।
ਭਿਆਨਕ ਤੇ ਡਰਾਉਣੀਆਂ ਜਟਾਂ ਧਾਰਨ ਵਾਲਾ ਭੀ ਆਪ ਹੀ ਹੈ। ਫਿਰ ਭੀ ਉਸ ਦਾ ਨਾਹ ਕੋਈ ਖ਼ਾਸ ਰੂਪ ਹੈ ਨਾਹ ਕੋਈ ਖ਼ਾਸ ਚਿਹਨ-ਚੱਕ੍ਰ ਹੈ ॥੫॥
ਨਾਹ ਹੀ ਹਿੰਦੂ ਧਰਮ ਦੀਆਂ ਵੇਦ ਆਦਿਕ ਧਰਮ-ਪੁਸਤਕਾਂ ਨੇ ਤੇ ਨਾਹ ਹੀ ਸ਼ਾਮੀ ਮਤਾਂ ਦੀਆਂ ਕੁਰਾਨ ਆਦਿਕ ਕਿਤਾਬਾਂ ਨੇ ਪਰਮਾਤਮਾ ਦੀ ਹਸਤੀ ਦੀ ਡੂੰਘਾਈ ਨੂੰ ਸਮਝਿਆ ਹੈ।
ਉਸ ਪਰਮਾਤਮਾ ਦੀ ਨਾਹ ਕੋਈ ਮਾਂ, ਨਾਹ ਉਸ ਦੇ ਕੋਈ ਖ਼ਾਸ ਪੁੱਤਰ ਤੇ ਨਾਹ ਕੋਈ ਭਰਾ ਹਨ।
ਵੱਡੇ ਵੱਡੇ ਪਹਾੜ ਆਦਿਕ ਪੈਦਾ ਕਰ ਕੇ (ਜਦੋਂ ਚਾਹੇ) ਸਾਰੇ ਹੀ ਆਪਣੇ ਵਿਚ ਲੀਨ ਕਰ ਲੈਂਦਾ ਹੈ। ਉਸ ਦਾ ਸਰੂਪ ਬਿਆਨ ਤੋਂ ਪਰੇ ਹੈ, ਬਿਆਨ ਕੀਤਾ ਨਹੀਂ ਜਾ ਸਕਦਾ ॥੬॥
(ਪਰਮਾਤਮਾ ਤੋਂ ਖੁੰਝ ਕੇ) ਅਨੇਕਾਂ (ਦੇਵੀ ਦੇਵਤਿਆਂ ਨੂੰ) ਮੈਂ ਆਪਣੇ ਮਿੱਤਰ ਬਣਾ ਬਣਾ ਕੇ ਹਾਰ ਗਈ ਹਾਂ,
(ਮੇਰੇ ਅੰਦਰੋਂ) ਕੋਈ (ਅਜੇਹਾ ਮਿੱਤਰ) ਮੇਰੇ ਔਗੁਣ ਦੂਰ ਨਹੀਂ ਕਰ ਸਕਿਆ।
ਉਹ ਪਰਮਾਤਮਾ ਹੀ ਸਾਰੇ ਦੇਵਤਿਆਂ ਤੇ ਮਨੁੱਖਾਂ ਦਾ ਖਸਮ ਹੈ, ਉਹੀ ਸਭਨਾਂ ਜੀਵਾਂ ਦੇ ਸਿਰ ਉਤੇ ਮਾਲਕ ਹੈ। ਪਿਆਰ ਦੀ ਰਾਹੀਂ ਜਿਸ ਬੰਦੇ ਨੂੰ ਉਹ ਮਿਲ ਪੈਂਦਾ ਹੈ ਉਸ ਦਾ (ਪਾਪਾਂ ਵਿਕਾਰਾਂ ਦਾ ਸਾਰਾ) ਸਹਮ ਦੂਰ ਹੋ ਜਾਂਦਾ ਹੈ ॥੭॥
ਹੇ ਪ੍ਰਭੂ! ਔਝੜੇ ਕੁਰਾਹੇ ਪਏ ਬੰਦਿਆਂ ਨੂੰ ਤੂੰ ਆਪ ਹੀ ਸਹੀ ਜੀਵਨ-ਰਾਹ ਤੇ ਪਾਂਦਾ ਹੈਂ।
ਤੂੰ ਆਪ ਹੀ ਕੁਰਾਹੇ ਪਾ ਕੇ ਫਿਰ ਆਪ ਹੀ (ਸਿੱਧੇ ਰਾਹ ਦੀ) ਸਮਝ ਬਖ਼ਸ਼ਦਾ ਹੈਂ।
(ਔਝੜ ਤੋਂ ਬਚਣ ਲਈ) ਤੇਰੇ ਨਾਮ ਤੋਂ ਬਿਨਾ ਮੈਨੂੰ ਕੋਈ ਹੋਰ ਵਸੀਲਾ ਦਿੱਸਦਾ ਨਹੀਂ। ਤੇਰਾ ਨਾਮ ਸਿਮਰਿਆਂ ਹੀ ਪਤਾ ਲੱਗਦਾ ਹੈ ਕਿ ਤੂੰ ਕਿਹੋ ਜਿਹਾ (ਦਇਆਲ) ਹੈਂ, ਅਤੇ ਕੇਡਾ ਵੱਡਾ (ਬੇਅੰਤ) ਹੈਂ ॥੮॥