ਜਵਾਨੀ, ਧਨ, ਤਾਕਤ ਦੇ ਨਸ਼ੇ ਵਿਚ ਜਗਤ ਦਿਨ ਰਾਤ ਝੱਲਾ ਹੋਇਆ ਰਹਿੰਦਾ ਹੈ ॥੧॥
ਜੇਹੜਾ ਪਰਮਾਤਮਾ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਜੇਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਜਗਤ ਉਸ ਨਾਲ ਆਪਣਾ ਮਨ ਨਹੀਂ ਜੋੜਦਾ।
ਹੇ ਦਾਸ ਨਾਨਕ! (ਆਖ-) ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਸਾਂਝ ਪਾਈ ਹੈ ॥੨॥੨॥
ਹੇ ਭਾਈ! ਮੈਂ ਸਮਝਦਾ ਹਾਂ ਕਿ ਉਸ ਜੋਗੀ ਨੂੰ (ਸਹੀ) ਜੀਵਨ-ਜਾਚ (ਅਜੇ) ਨਹੀਂ ਆਈ,
ਜਿਸ (ਜੋਗੀ) ਦੇ ਹਿਰਦੇ ਵਿਚ ਮੈਂ ਲੋਭ ਮਾਇਆ ਦੇ ਮੋਹ ਅਤੇ ਮਮਤਾ (ਦੀਆਂ ਲਹਰਾਂ ਉੱਠ ਰਹੀਆਂ) ਵੇਖਦਾ ਹਾਂ ॥੧॥ ਰਹਾਉ ॥
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਾਈ ਨਿੰਦਿਆ ਨਹੀਂ ਹੈ, ਪਰਾਈ ਖ਼ੁਸ਼ਾਮਦ ਨਹੀਂ ਹੈ, ਜਿਸ ਨੂੰ ਸੋਨਾ ਲੋਹਾ ਇਕੋ ਜਿਹੇ ਦਿੱਸਦੇ ਹਨ,
ਜੇਹੜਾ ਮਨੁੱਖ ਖ਼ੁਸ਼ੀ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ; ਉਸ ਨੂੰ ਹੀ ਜੋਗੀ ਆਖ ॥੧॥
(ਹੇ ਭਾਈ!) ਇਹ ਸਦਾ ਭਟਕਦਾ ਰਹਿਣ ਵਾਲਾ ਮਨ ਦਸੀਂ ਦੌੜਦਾ ਫਿਰਦਾ ਹੈ। ਜਿਸ ਮਨੁੱਖ ਨੇ ਇਸ ਨੂੰ ਅਡੋਲ ਕਰ ਕੇ ਟਿਕਾ ਲਿਆ ਹੈ,
ਨਾਨਕ ਆਖਦਾ ਹੈ- ਜੇਹੜਾ ਮਨੁੱਖ ਇਸ ਕਿਸਮ ਦਾ ਹੈ, ਸਮਝ ਲੈ ਕਿ ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ ਗਈ ਹੈ ॥੨॥੩॥
ਹੇ ਭਾਈ! ਹੁਣ ਮੈਂ ਕੇਹੜਾ ਜਤਨ ਕਰਾਂ?
ਜਿਸ ਤਰ੍ਹਾਂ (ਮੇਰੇ) ਮਨ ਦਾ ਸਹਮ ਮੁੱਕ ਜਾਏ, ਅਤੇ, ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ ॥੧॥ ਰਹਾਉ ॥
ਹੇ ਭਾਈ! ਮਨੁੱਖਾ ਜਨਮ ਪ੍ਰਾਪਤ ਕਰ ਕੇ ਮੈਂ ਕੋਈ ਭਲਾਈ ਨਹੀਂ ਕੀਤੀ, ਇਸ ਵਾਸਤੇ ਮੈਂ ਬਹੁਤ ਡਰਦਾ ਰਹਿੰਦਾ ਹਾਂ।
ਮੈਂ (ਆਪਣੀ) ਜਿੰਦ ਵਿਚ (ਹਰ ਵੇਲੇ) ਇਹੀ ਚਿੰਤਾ ਕਰਦਾ ਰਹਿੰਦਾ ਹਾਂ ਕਿ ਮੈਂ ਆਪਣੇ ਮਨ ਨਾਲ, ਬਚਨ ਨਾਲ, ਕਰਮ ਨਾਲ (ਕਦੇ ਭੀ) ਪਰਮਾਤਮਾ ਦੇ ਗੁਣ ਨਹੀਂ ਗਾਂਦਾ ਰਿਹਾ ॥੧॥
ਹੇ ਭਾਈ! ਗੁਰੂ ਦੀ ਮਤਿ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਦੀ ਕੁਝ ਭੀ ਸੂਝ ਪੈਦਾ ਨਹੀਂ ਹੋਈ, ਮੈਂ ਪਸ਼ੂ ਵਾਂਗ (ਨਿੱਤ) ਆਪਣਾ ਢਿੱਡ ਭਰ ਲੈਂਦਾ ਹਾਂ।
ਨਾਨਕ ਆਖਦਾ ਹੈ- ਹੇ ਪ੍ਰਭੂ! ਮੈਂ ਵਿਕਾਰੀ ਤਦੋਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹਾਂ ਜੇ ਤੂੰ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਚੇਤੇ ਰੱਖੇ ॥੨॥੪॥੯॥੯॥੧੩॥੫੮॥੪॥੯੩॥
ਰਾਗ ਧਨਾਸਰੀ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ।
ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ।
ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ।
(ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ ॥੧॥
ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ?
(ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ) ॥੧॥ ਰਹਾਉ ॥
ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵੀਚਾਰ ਨਾਲ (ਜੀਵਨ-ਸਫ਼ਰ ਵਿਚ) ਪੈਰ ਰੱਖਦਾ ਹੈ।
ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ।
ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾ ਦੇਂਦਾ ਹੈ।
ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ ॥੨॥
(ਜਿਵੇਂ) ਹੰਸ ਮਾਨਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ,
(ਤਿਵੇਂ ਜੇਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ) ਪ੍ਰੇਮ ਭਗਤੀ ਦੀ ਬਰਕਤਿ ਨਾਲ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਜਾਂਦਾ ਹੈ।
ਜੇਹੜਾ ਗੁਰਸਿੱਖ-ਹੰਸ ਗੁਰੂ-ਸਰੋਵਰ ਵਿਚ ਟਿਕਦਾ ਹੈ, ਉਸ ਦੇ ਅੰਦਰ ਗੁਰੂ-ਸਰੋਵਰ ਆਪਣਾ ਆਪ ਪਰਗਟ ਕਰਦਾ ਹੈ (ਉਸ ਸਿੱਖ ਦੇ ਅੰਦਰ ਗੁਰੂ ਵੱਸ ਪੈਂਦਾ ਹੈ)-
ਇਹ ਕਥਾ ਅਕੱਥ ਹੈ (ਭਾਵ, ਇਸ ਆਤਮਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਸਿਰਫ਼ ਇਹ ਕਹਿ ਸਕਦੇ ਹਾਂ ਕਿ) ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ (ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ ॥੩॥
ਜੇਹੜਾ ਕੋਈ ਵਿਰਲਾ ਪ੍ਰਭੂ-ਚਰਨਾਂ ਵਿਚ ਜੁੜਿਆ ਬੰਦਾ ਅਫੁਰ ਅਵਸਥਾ ਵਿਚ ਟਿਕਦਾ ਹੈ,
ਉਸ ਦੇ ਅੰਦਰ ਇਸਤ੍ਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ (ਭਾਵ, ਉਸ ਦੇ ਅੰਦਰ ਕਾਮ ਚੇਸ਼ਟਾ ਜ਼ੋਰ ਨਹੀਂ ਪਾਂਦੀ)। ਦੱਸੋ, ਕੋਈ ਇਹ ਸੰਕਲਪ ਕਰ ਭੀ ਕਿਵੇਂ ਸਕਦਾ ਹੈ?
ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਵਿਆਪਕ ਹੈ,
ਅਤੇ ਦੇਵਤੇ ਮਨੁੱਖ ਨਾਥ ਆਦਿਕ ਸਭ ਜਿਸ ਸਦਾ-ਥਿਰ ਦੀ ਸਰਨ ਲਈ ਰੱਖਦੇ ਹਨ ॥੪॥
(ਗੁਰਮੁਖ-ਹੰਸ ਗੁਰੂ-ਸਾਗਰ ਵਿਚ ਟਿਕ ਕੇ ਉਸ ਪ੍ਰਾਨਪਤਿ-ਪ੍ਰਭੂ ਨੂੰ ਮਿਲਦਾ ਹੈ) ਜੋ ਆਤਮਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ।
ਗੁਰਮੁਖ ਉਸ ਦੀ ਭਗਤੀ ਦੀ ਰਾਹੀਂ ਅਤੇ ਉਸ ਦੇ ਗੁਣਾਂ ਦੀ ਵਿਚਾਰ ਦੀ ਰਾਹੀਂ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ।
ਉਹ ਪ੍ਰਭੂ (ਆਪਣੇ ਸੇਵਕਾਂ ਦੀ) ਭਗਤੀ ਨਾਲ ਪ੍ਰੇਮ ਕਰਦਾ ਹੈ, ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ।
ਗੁਰਮੁਖਿ ਹਉਮੈ ਮਾਰ ਕੇ ਅਤੇ (ਸਾਧ ਸੰਗਤਿ ਵਿਚ) ਟਿਕ ਕੇ ਉਸ ਆਨੰਦ-ਮੂਲ ਪ੍ਰਭੂ (ਦੇ ਚਰਨਾਂ) ਵਿਚ ਜੁੜਦੇ ਹਨ ॥੫॥
ਅਨੇਕਾਂ ਹੋਰ ਹੋਰ ਜਤਨ ਕਰਨ ਕਰਕੇ (ਸਹੇੜੀ ਹੋਈ) ਆਤਮਕ ਮੌਤ ਉਸ ਨੂੰ (ਸਦਾ) ਦੁਖੀ ਕਰਦੀ ਹੈ।
ਉਹ (ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ) ਆਤਮਕ ਮੌਤ (ਦਾ ਲੇਖ ਹੀ ਆਪਣੇ ਮੱਥੇ ਉਤੇ) ਲਿਖਾ ਕੇ ਇਸ ਜਗਤ ਵਿਚ ਆਇਆ (ਤੇ ਇਥੇ ਭੀ ਆਤਮਕ ਮੌਤ ਹੀ ਵਿਹਾਝਦਾ ਰਿਹਾ)।