ਦਿੱਸਦੇ ਅਣਦਿੱਸਦੇ ਸਾਰੇ ਜੀਵ-ਜੰਤੂ ਜਿਸ ਪਰਮਾਤਮਾ ਦਾ ਆਰਾਧਨ ਕਰਦੇ ਹਨ, ਹਵਾ ਪਾਣੀ ਦਿਨ ਰਾਤ ਜਿਸ ਨੂੰ ਧਿਆਉਂਦੇ ਹਨ;
(ਬੇਅੰਤ) ਤਾਰੇ ਚੰਦਰਮਾ ਅਤੇ ਸੂਰਜ ਜਿਸ ਪਰਮਾਤਮਾ ਦਾ ਧਿਆਨ ਧਰਦੇ ਹਨ, ਧਰਤੀ ਜਿਸ ਦੀ ਸਿਫ਼ਤਿ-ਸਾਲਾਹ ਕਰਦੀ ਹੈ,
ਸਾਰੀਆਂ ਖਾਣੀਆਂ ਤੇ ਸਾਰੀਆਂ ਬੋਲੀਆਂ (ਦਾ ਹਰੇਕ ਜੀਵ) ਜਿਸ ਪਰਮਾਤਮਾ ਦਾ ਸਦਾ ਹੀ ਧਿਆਨ ਧਰ ਰਿਹਾ ਹੈ,
ਸਤਾਈ ਸਿਮ੍ਰਿਤੀਆਂ, ਅਠਾਰਾਂ ਪੁਰਾਣ, ਚਾਰ ਵੇਦ, ਛੇ ਸ਼ਾਸਤ੍ਰ ਜਿਸ ਪਰਮਾਤਮਾ ਨੂੰ ਜਪਦੇ ਰਹਿੰਦੇ ਹਨ,
ਉਸ ਪਤਿਤ-ਪਾਵਨ ਪ੍ਰਭੂ ਨੂੰ ਉਸ ਭਗਤਿ-ਵਛਲ ਹਰੀ ਨੂੰ, ਹੇ ਨਾਨਕ! ਸਦਾ ਕਾਇਮ ਰਹਿਣ ਵਾਲੀ ਸਾਧ ਸੰਗਤਿ ਦੀ ਰਾਹੀਂ ਹੀ ਮਿਲ ਸਕੀਦਾ ਹੈ ॥੩॥
ਜਿਤਨੀ ਸ੍ਰਿਸ਼ਟੀ ਦੀ ਸੂਝ ਪ੍ਰਭੂ ਨੇ ਮੈਨੂੰ ਦਿੱਤੀ ਹੈ ਉਤਨੀ ਮੇਰੀ ਜੀਭ ਨੇ ਬਿਆਨ ਕਰ ਦਿੱਤੀ ਹੈ (ਕਿ ਇਤਨੀ ਸ੍ਰਿਸ਼ਟੀ ਪਰਮਾਤਮਾ ਦੀ ਸੇਵਾ-ਭਗਤੀ ਕਰ ਰਹੀ ਹੈ)।
ਪਰ ਹੋਰ ਜਿਤਨੀ ਲੁਕਾਈ ਦਾ ਮੈਨੂੰ ਪਤਾ ਨਹੀਂ ਜੇਹੜੀ ਉਹ ਲੁਕਾਈ ਪ੍ਰਭੂ ਦੀ ਸੇਵਾ-ਭਗਤੀ ਕਰਦੀ ਹੈ ਉਹ ਮੈਥੋਂ ਗਿਣੀ ਨਹੀਂ ਜਾ ਸਕਦੀ।
ਉਹ ਪਰਮਾਤਮਾ ਅਦ੍ਰਿਸ਼ਟ ਹੈ, ਉਸ ਦੇ ਗੁਣ ਗਿਣੇ ਨਹੀਂ ਜਾ ਸਕਦੇ, ਉਹ (ਮਾਨੋ) ਬੇਅੰਤ ਡੂੰਘਾ ਸਮੁੰਦਰ ਹੈ, ਉਹ ਸਭ ਦਾ ਮਾਲਕ ਹੈ, ਸਭ ਜੀਵਾਂ ਦੇ ਅੰਦਰ ਭੀ ਹੈ ਤੇ ਸਭ ਤੋਂ ਵੱਖਰਾ ਭੀ ਹੈ।
ਸਾਰੇ ਜੀਵ-ਜੰਤ ਉਸ (ਦੇ ਦਰ) ਦੇ ਮੰਗਤੇ ਹਨ, ਉਹ ਇਕ ਸਭ ਨੂੰ ਦਾਤਾਂ ਦੇਣ ਵਾਲਾ ਹੈ, ਉਹ ਕਿਸੇ ਵੀ ਜੀਵ ਤੋਂ ਦੂਰ ਨਹੀਂ ਹੈ ਉਹ ਸਭ ਦੇ ਨਾਲ ਵੱਸਦਾ ਹੈ ਤੇ ਪਰਤੱਖ ਹੈ।
ਉਹ ਪਰਮਾਤਮਾ ਆਪਣੇ ਭਗਤਾਂ ਦੇ ਵੱਸ ਵਿੱਚ ਹੈ, ਜੇਹੜੇ ਜੀਵ ਉਸ ਨੂੰ ਮਿਲ ਪੈਂਦੇ ਹਨ ਉਹਨਾਂ ਦੀ ਵਡਿਆਈ ਮੈਂ ਕਿਤਨੀ ਕੁ ਬਿਆਨ ਕਰਾਂ? (ਬਿਆਨ ਨਹੀਂ ਕੀਤੀ ਜਾ ਸਕਦੀ)।
(ਜੇ ਉਸ ਦੀ ਮੇਹਰ ਹੋਵੇ ਤਾਂ) ਨਾਨਕ (ਉਸ ਦੇ ਭਗਤ-ਜਨਾਂ ਦੇ) ਚਰਨਾਂ ਉੱਤੇ ਆਪਣਾ ਸਿਰ ਰੱਖੀ ਰੱਖੇ ॥੪॥੨॥੫॥
ਹੇ ਵੱਡੇ ਭਾਗਾਂ ਵਾਲਿਓ! ਉਸ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰਦੇ ਰਹੋ (ਉਸ ਦੇ ਸਿਮਰਨ ਦਾ ਸਦਾ) ਉੱਦਮ ਕਰਦੇ ਰਹੋ,
ਹੇ ਨਾਨਕ! (ਆਖ-) ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਸੁਖ ਮਿਲ ਜਾਂਦੇ ਹਨ, ਤੇ ਹਰੇਕ ਕਿਸਮ ਦਾ ਦੁੱਖ ਦਰਦ ਭਟਕਣਾ ਦੂਰ ਹੋ ਜਾਂਦਾ ਹੈ ॥੧॥
ਛੰਤ।
ਹੇ ਵਡਭਾਗੀਹੋ! ਗੋਬਿੰਦ ਦਾ ਨਾਮ ਜਪਦਿਆਂ (ਕਦੇ) ਆਲਸ ਨਹੀਂ ਕਰਨਾ ਚਾਹੀਦਾ,
ਗੁਰੂ ਦੀ ਸੰਗਤਿ ਵਿਚ ਮਿਲਿਆਂ (ਤੇ ਹਰਿ-ਨਾਮ ਜਪਿਆਂ) ਜਮ ਦੀ ਪੁਰੀ ਵਿਚ ਨਹੀਂ ਜਾਣਾ ਪੈਂਦਾ।
ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਦੁੱਖ ਕੋਈ ਦਰਦ ਕੋਈ ਡਰ ਆਪਣਾ ਜੋਰ ਨਹੀਂ ਪਾ ਸਕਦਾ, ਸਦਾ ਸੁਖੀ ਰਹੀਦਾ ਹੈ।
ਹਰੇਕ ਸਾਹ ਦੇ ਨਾਲ ਪਰਮਾਤਮਾ ਦੀ ਅਰਾਧਨਾ ਕਰਦਾ ਰਹੁ, ਉਸ ਪ੍ਰਭੂ ਨੂੰ ਆਪਣੇ ਮਨ ਵਿਚ ਸਿਮਰ, ਆਪਣੇ ਮੂੰਹ ਨਾਲ (ਉਸ ਦਾ ਨਾਮ) ਉਚਾਰ।
ਹੇ ਕਿਰਪਾ ਦੇ ਸੋਮੇ! ਹੇ ਦਇਆ ਦੇ ਘਰ! ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਮੇਰੇ ਉਤੇ) ਦਇਆ ਕਰ (ਮੈਨੂੰ ਨਾਨਕ ਨੂੰ ਆਪਣੀ) ਸੇਵਾ-ਭਗਤੀ ਵਿਚ ਜੋੜ।
ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ, ਤੇਰੇ ਚਰਨਾਂ ਦਾ ਧਿਆਨ ਧਰਦਾ ਹੈ। ਗੋਬਿੰਦ ਦਾ ਨਾਮ ਜਪਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ॥੧॥
ਨਿਰਲੇਪ ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿੱਤਰ ਕਰਨ ਵਾਲਾ ਹੈ।
ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ (ਇਕ ਐਸਾ) ਸੁਰਮਾ ਹੈ (ਜੋ ਮਨ ਦੀ) ਭਟਕਣਾ ਦੇ ਹਨੇਰੇ ਦਾ ਨਾਸ ਕਰ ਦੇਂਦਾ ਹੈ।
ਗੁਰੂ ਦੇ ਦਿੱਤੇ ਗਿਆਨ ਦਾ ਸੁਰਮਾ (ਇਹ ਸਮਝ ਪੈਦਾ ਕਰ ਦੇਂਦਾ ਹੈ ਕਿ) ਪਰਮਾਤਮਾ ਨਿਰਲੇਪ (ਹੁੰਦਿਆਂ ਭੀ) ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵਿਆਪਕ ਹੈ।
ਜਿਸ ਦੇ ਹਿਰਦੇ ਵਿਚ ਉਹ ਪ੍ਰਭੂ ਅੱਖ ਦੇ ਫਰਕਣ ਜਿੰਨੇ ਸਮੇਂ ਲਈ ਭੀ ਵੱਸਦਾ ਹੈ ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ।
ਪਰਮਾਤਮਾ ਅਥਾਹ ਗਿਆਨ ਦਾ ਮਾਲਕ ਹੈ, ਸਭ ਕੁਝ ਕਰਨ ਜੋਗਾ ਹੈ, ਸਭ ਦਾ ਮਾਲਕ ਹੈ, ਸਭ ਦਾ ਡਰ ਨਾਸ ਕਰਨ ਵਾਲਾ ਹੈ।
ਨਾਨਕ ਬੇਨਤੀ ਕਰਦਾ ਹੈ ਉਸ ਦੇ ਚਰਨਾਂ ਦਾ ਧਿਆਨ ਧਰਦਾ ਹੈ (ਤੇ ਆਖਦਾ ਹੈ ਕਿ) ਨਿਰਲੇਪ ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਵਿਕਾਰਾਂ ਵਿੱਚ ਡੁੱਬੇ ਜੀਵਾਂ ਨੂੰ ਪਵਿਤ੍ਰ ਕਰਨ ਵਾਲਾ ਹੈ ॥੨॥
ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਦਇਆ ਦੇ ਸੋਮੇ! ਹੇ ਕਿਰਪਾ ਦੇ ਖ਼ਜ਼ਾਨੇ! ਮੈਂ ਤੇਰੀ ਓਟ ਲਈ ਹੈ।
ਮੈਨੂੰ ਤੇਰੇ ਹੀ ਚਰਨਾਂ ਦਾ ਸਹਾਰਾ ਹੈ। ਤੇਰੀ ਸਰਨ ਵਿਚ ਹੀ ਰਹਿਣਾ ਮੇਰੇ ਜੀਵਨ ਦੀ ਕਾਮਯਾਬੀ ਹੈ।
ਹੇ ਹਰੀ! ਹੇ ਸੁਆਮੀ! ਹੇ ਜਗਤ ਦੇ ਮੂਲ! ਤੇਰੇ ਚਰਨਾਂ ਦਾ ਆਸਰਾ ਵਿਕਾਰਾਂ ਵਿਚ ਡਿੱਗੇ ਹੋਏ ਬੰਦਿਆਂ ਨੂੰ ਬਚਾਣ-ਜੋਗਾ ਹੈ, ਸੰਸਾਰ-ਸਮੁੰਦਰ ਦੇ ਜਨਮ-ਮਰਨ ਦੇ ਘੁੰਮਣ-ਘੇਰ ਵਿਚੋਂ ਪਾਰ ਲੰਘਾਣ ਜੋਗਾ ਹੈ।
ਤੇਰਾ ਨਾਮ ਸਿਮਰ ਕੇ ਅਨੇਕਾਂ ਬੰਦੇ (ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘ ਰਹੇ ਹਨ।
ਹੇ ਪ੍ਰਭੂ! ਜਗਤ-ਰਚਨਾ ਦੇ ਆਰੰਭ ਵਿਚ ਭੀ ਤੂੰ ਹੀ ਹੈਂ, ਅੰਤ ਵਿਚ ਭੀ ਤੂੰ ਹੀ (ਅਸਥਿਰ) ਹੈਂ। ਬੇਅੰਤ ਜੀਵ ਤੇਰੀ ਭਾਲ ਕਰ ਰਹੇ ਹਨ। ਤੇਰੇ ਸੰਤ ਜਨਾਂ ਦੀ ਸੰਗਤਿ ਹੀ ਇਕ ਐਸਾ ਤਰੀਕਾ ਹੈ ਜਿਸ ਨਾਲ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ ਬਚ ਸਕੀਦਾ ਹੈ।
ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ, ਤੇਰੇ ਚਰਨਾਂ ਦਾ ਧਿਆਨ ਧਰਦਾ ਹੈ। ਹੇ ਗੋਪਾਲ! ਹੇ ਦਇਆਲ! ਹੇ ਕ੍ਰਿਪਾ ਦੇ ਖ਼ਜ਼ਾਨੇ! ਮੈਂ ਤੇਰਾ ਪੱਲਾ ਫੜਿਆ ਹੈ ॥੩॥
ਪਰਮਾਤਮਾ ਆਪਣੀ ਭਗਤੀ (ਦੇ ਕਾਰਨ ਆਪਣੇ ਭਗਤਾਂ) ਨਾਲ ਪਿਆਰ ਕਰਨ ਵਾਲਾ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਸ ਨੇ ਆਪ ਹੀ ਬਣਾਇਆ ਹੋਇਆ ਹੈ।
ਜਿੱਥੇ ਜਿੱਥੇ (ਉਸ ਦੇ) ਸੰਤ (ਉਸ ਦਾ) ਆਰਾਧਨ ਕਰਦੇ ਹਨ ਉੱਥੇ ਉੱਥੇ ਉਹ ਜਾ ਦਰਸ਼ਨ ਦੇਂਦਾ ਹੈ।
ਪਰਮਾਤਮਾ ਨੇ ਆਪ ਹੀ (ਆਪਣੇ ਭਗਤ ਆਪਣੇ ਚਰਨਾਂ ਵਿਚ) ਲੀਨ ਕੀਤੇ ਹੋਏ ਹਨ, ਆਤਮਕ ਅਡੋਲਤਾ ਵਿਚ ਤੇ ਪ੍ਰੇਮ ਵਿਚ ਟਿਕਾਏ ਹੋਏ ਹਨ, ਆਪਣੇ ਭਗਤਾਂ ਦੇ ਸਾਰੇ ਕੰਮ ਪ੍ਰਭੂ ਆਪ ਹੀ ਸਵਾਰਦਾ ਹੈ।
ਭਗਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਹਰਿ-ਮਿਲਾਪ ਦੀ ਖ਼ੁਸ਼ੀ ਦੇ ਗੀਤ ਗਾਂਦੇ ਹਨ, ਆਤਮਕ ਆਨੰਦ ਮਾਣਦੇ ਹਨ, ਤੇ ਆਪਣੇ ਸਾਰੇ ਦੁੱਖ ਭੁਲਾ ਲੈਂਦੇ ਹਨ।