ਉਹ ਮਨੁੱਖ ਹਰ ਰੋਜ਼ ਹਰ ਵੇਲੇ ਪਰਮਾਤਮਾ ਦੇ ਡਰ-ਅਦਬ ਵਿਚ ਟਿਕਿਆ ਰਹਿੰਦਾ ਹੈ, ਤੇ ਉਸ ਡਰ-ਅਦਬ ਦੀ ਬਰਕਤਿ ਨਾਲ ਆਪਣੇ ਮਨ ਨੂੰ ਮਾਰ ਕੇ (ਵਿਕਾਰਾਂ ਵਲੋਂ ਮਾਰ ਕੇ ਵਿਕਾਰਾਂ ਵਲ ਦੀ) ਦੌੜ-ਭੱਜ ਦੂਰ ਕਰੀ ਰੱਖਦਾ ਹੈ ॥੫॥
ਜਿਸ ਮਨੁੱਖ ਨੇ (ਆਪਣੇ ਮਨ ਦੀ ਵਿਕਾਰਾਂ ਵਲ ਦੀ) ਦੌੜ-ਭੱਜ ਮੁਕਾ ਲਈ, ਉਸ ਨੇ ਸਦਾ ਆਤਮਕ ਆਨੰਦ ਮਾਣਿਆ।
ਗੁਰੂ ਦੀ ਕਿਰਪਾ ਨਾਲ ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ।
ਜੀਵਨ ਨੂੰ ਪਵਿੱਤ੍ਰ ਕਰਨ ਵਾਲੀ ਗੁਰਬਾਣੀ ਦੀ ਸਹਾਇਤਾ ਨਾਲ ਉਸ ਦਾ ਮਨ ਪਵਿੱਤ੍ਰ ਹੋ ਗਿਆ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੬॥
(ਪੰਡਿਤ) ਵੈਦ ਸ਼ਾਸਤ੍ਰ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕ) ਹੋਰਨਾਂ ਨੂੰ ਪੜ੍ਹ ਪੜ੍ਹ ਕੇ ਸੁਣਾਂਦਾ ਰਹਿੰਦਾ ਹੈ,
ਪਰ ਆਪ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਉਹ ਅਸਲੀਅਤ ਨੂੰ ਨਹੀਂ ਸਮਝਦਾ।
ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਉਹ ਆਤਮਕ ਆਨੰਦ ਨਹੀਂ ਮਾਣ ਸਕਦਾ, ਦੁੱਖ ਹੀ ਦੁੱਖ (ਪੈਦਾ ਕਰਨ ਵਾਲੀ) ਕਮਾਈ ਕਰਦਾ ਰਹਿੰਦਾ ਹੈ ॥੭॥
(ਪਰ ਇਹ ਸਾਰੀ ਖੇਡ ਪਰਮਾਤਮਾ ਦੇ ਆਪਣੇ ਹੱਥ ਵਿਚ ਹੈ। ਸਭ ਜੀਵਾਂ ਵਿਚ ਵਿਆਪਕ ਹੋ ਕੇ ਪਰਮਾਤਮਾ) ਆਪ ਹੀ (ਸਭ ਕੁਝ) ਕਰਦਾ ਹੈ। ਕਿਸ ਨੂੰ ਕੋਈ ਆਖ ਸਕਦਾ ਹੈ (ਕਿ ਤੂੰ ਕੁਰਾਹੇ ਜਾ ਰਿਹਾ ਹੈਂ)?
ਕਿਸੇ ਨੂੰ ਸਮਝਾਣ ਦੀ ਲੋੜ ਤਦੋਂ ਹੀ ਪੈ ਸਕਦੀ ਹੈ, ਜੇ ਉਹ (ਆਪ) ਕੁਰਾਹੇ ਪਿਆ ਹੋਇਆ ਹੋਵੇ।
ਹੇ ਨਾਨਕ! ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ, ਉਹ ਆਪ ਹੀ (ਸਰਬ-ਵਿਆਪਕ ਹੋ ਕੇ ਆਪਣੇ) ਨਾਮ ਵਿਚ ਹੀ ਲੀਨ ਹੋ ਸਕਦਾ ਹੈ ॥੮॥੭॥੮॥
ਪ੍ਰਭੂ ਆਪ ਹੀ (ਜਿਨ੍ਹਾਂ ਮਨੁੱਖਾਂ ਨੂੰ) ਆਤਮਕ ਅਡੋਲਤਾ ਦੇ (ਰੰਗ) ਵਿਚ ਰੰਗਦਾ ਹੈ,
ਸ੍ਰੇਸ਼ਟ ਪਿਆਰ (ਦੇ ਰੰਗ) ਵਿਚ ਰੰਗਦਾ ਹੈ, ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿਚ (ਜੋੜ ਕੇ ਇਹ) ਰੰਗ ਚਾੜ੍ਹਦਾ ਹੈ,
ਉਹਨਾਂ ਦਾ ਮਨ ਰੰਗਿਆ ਜਾਂਦਾ ਹੈ ਉਹਨਾਂ ਦਾ ਸਰੀਰ ਰੰਗਿਆ ਜਾਂਦਾ ਹੈ, ਉਹਨਾਂ ਦੀ ਜੀਭ (ਨਾਮ-) ਰੰਗ ਵਿਚ ਗੂੜ੍ਹੀ ਲਾਲ ਹੋ ਜਾਂਦੀ ਹੈ। ਗੁਰੂ ਉਹਨਾਂ ਨੂੰ ਪ੍ਰਭੂ ਦੇ ਡਰ-ਅਦਬ ਵਿਚ ਰੱਖ ਕੇ ਪ੍ਰਭੂ ਦੇ ਪਿਆਰ ਵਿਚ ਜੋੜ ਕੇ ਨਾਮ-ਰੰਗ ਚਾੜ੍ਹਦਾ ਹੈ ॥੧॥
ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੋ ਉਸ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ ਜਿਸ ਨੂੰ ਕਿਸੇ ਦਾ ਡਰ ਖ਼ਤਰਾ ਨਹੀਂ।
ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਨਿਰਭਉ ਪਰਮਾਤਮਾ ਦਾ ਧਿਆਨ ਧਰਿਆ ਹੈ, ਪਰਮਾਤਮਾ ਉਹਨਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਜ਼ਹਰ-ਰੂਪ ਸੰਸਾਰ-ਸੰਮੁਦਰ ਤੋਂ ਪਾਰ ਲੰਘਾ ਲੈਂਦਾ ਹੈ (ਭਾਵ, ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ ਜਿਸ ਦਾ ਮੋਹ ਆਤਮਕ ਜੀਵਨ ਵਾਸਤੇ ਜ਼ਹਰ ਵਰਗਾ ਹੈ) ॥੧॥ ਰਹਾਉ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਚਤੁਰਾਈਆਂ ਕਰਦੇ ਹਨ (ਤੇ ਆਖਦੇ ਹਨ ਕਿ ਅਸੀਂ ਤੀਰਥ-ਇਸ਼ਨਾਨ ਆਦਿਕ ਪੁੰਨ-ਕਰਮ ਕਰਦੇ ਹਾਂ[)
(ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਬਾਹਰੋਂ ਕਿਤਨਾ ਭੀ ਪਵਿਤ੍ਰ ਕਰਮ ਕਰਨ ਵਾਲਾ ਹੋਵੇ (ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।
(ਉਹ ਜਗਤ ਵਿਚ ਆਤਮਕ ਜੀਵਨ ਵਲੋਂ) ਜਿਹੋ ਜਿਹਾ (ਖ਼ਾਲੀ ਆਉਂਦਾ ਹੈ ਉਹੋ ਜਿਹਾ (ਖ਼ਾਲੀ) ਹੀ ਚਲਾ ਜਾਂਦਾ ਹੈ (ਜਗਤ ਵਿਚ) ਔਗੁਣ ਕਰ ਕਰ ਕੇ (ਆਖ਼ਰ) ਪਛਤਾਂਦਾ ਹੀ (ਜਾਂਦਾ) ਹੈ ॥੨॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ (ਸਹੀ ਜੀਵਨ-ਜੁਗਤਿ ਬਾਰੇ) ਕੁਝ ਨਹੀਂ ਅਹੁੜਦਾ[
(ਪਿਛਲੇ ਜਨਮਾਂ ਵਿਚ ਮਨਮੁਖਤਾ ਦੇ ਅਧੀਨ ਕੀਤੇ ਕਰਮਾਂ ਅਨੁਸਾਰ) ਆਤਮਕ ਮੌਤ (ਦੇ ਸੰਸਕਾਰ ਆਪਣੇ ਮਨ ਦੀ ਪੱਟੀ ਉੱਤੇ) ਲਿਖਾ ਕੇ ਉਹ (ਜਗਤ ਵਿਚ) ਆਉਂਦਾ ਹੈ (ਇਥੇ ਭੀ ਉਸ ਨੂੰ) ਸਮਝ ਨਹੀਂ ਪੈਂਦੀ[
ਆਪਣੇ ਮਨ ਦੇ ਪਿੱਛੇ ਤੁਰ ਕੇ ਹੀ ਕਰਮ ਕਰਦਾ ਰਹਿੰਦਾ ਹੈ, (ਸਹੀ ਜੀਵਨ-ਜੁਗਤਿ ਦੀ ਸੂਝ) ਹਾਸਲ ਨਹੀਂ ਕਰਦਾ, ਤੇ ਪਰਮਾਤਮਾ ਦੇ ਨਾਮ ਤੋਂ ਵਾਂਜਿਆਂ ਰਹਿ ਕੇ ਮਨੁੱਖਾ ਜਨਮ ਅਜਾਈਂ ਗਵਾ ਜਾਂਦਾ ਹੈ ॥੩॥
(ਹੇ ਭਾਈ!) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਹੀ ਕਰਨ-ਜੋਗ ਕੰਮ ਹੈ, ਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ ਹੀ) ਸ੍ਰੇਸ਼ਟ (ਉੱਦਮ) ਹੈ।
ਪੂਰੇ ਗੁਰੂ ਦੀ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭਦਾ ਹੈ।
(ਗੁਰੂ ਜਿਨ੍ਹਾਂ ਨੂੰ) ਹਰ ਵੇਲੇ ਆਪਣੀ ਬਾਣੀ ਦੀ ਰਾਹੀਂ ਆਪਣੇ ਸ਼ਬਦ ਦੀ ਰਾਹੀਂ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਾਂਦਾ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ॥੪॥
ਜਿਸ ਮਨੁੱਖ ਦੀ ਜੀਭ ਪੂਰੀ ਲਗਨ ਲਾ ਕੇ ਪਰਮਾਤਮਾ ਦੇ ਨਾਮ-ਰਸ ਵਿਚ ਰੰਗੀ ਜਾਂਦੀ ਹੈ,
ਉਸ ਦਾ ਮਨ ਆਤਮਕ ਅਡੋਲਤਾ ਵਿਚ ਮਸਤ ਰਹਿੰਦਾ ਹੈ, ਉਸ ਦਾ ਸਰੀਰ ਪ੍ਰੇਮ-ਰੰਗ ਵਿਚ ਮਗਨ ਰਹਿੰਦਾ ਹੈ।
ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਿਆਰੇ ਪ੍ਰੀਤਮ ਪ੍ਰਭੂ ਨੂੰ ਮਿਲ ਪੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ ॥੫॥
ਜਿਸ ਮਨੁੱਖ ਦੇ ਹਿਰਦੇ ਵਿਚ ਲਗਨ ਹੈ, ਉਹੀ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।
ਉਹ ਗੁਰੂ ਦੇ ਸ਼ਬਦ ਵਿਚ ਜੁਝ ਕੇ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਮਗਨ ਹੋਇਆ ਰਹਿੰਦਾ ਹੈ।
ਮੈਂ ਸਦਾ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਦੱਸੀ ਕਾਰ ਵਿਚ ਆਪਣਾ ਚਿੱਤ ਲਾਇਆ ਹੋਇਆ ਹੈ ॥੬॥
ਜਿਨ੍ਹਾਂ ਦਾ ਮਨ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰ ਕੇ ਸਦਾ-ਥਿਰ ਦੀ ਯਾਦ ਵਿਚ ਗਿੱਝਿਆ ਰਹਿੰਦਾ ਹੈ,
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦਾ ਹਿਰਦਾ (ਸਿਫ਼ਤ-ਸਾਲਾਹ ਦੇ ਰਸ ਨਾਲ) ਭਿੱਜਿਆ ਰਹਿੰਦਾ ਹੈ,
ਉਹ ਸ੍ਰੇਸ਼ਟ ਅੰਤਰ ਆਤਮੇ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ। ਪ੍ਰਭੂ ਆਪ ਹੀ ਉਹਨਾਂ ਨੂੰ ਇਹ ਸਰਧਾ ਬਖ਼ਸ਼ਦਾ ਹੈ ਕਿ ਸਿਫ਼ਤ-ਸਾਲਾਹ ਦੀ ਕਾਰ ਹੀ ਸਹੀ ਜੀਵਨ-ਕਾਰ ਹੈ ॥੭॥
ਪਰ ਪ੍ਰਭੂ ਦਾ ਨਾਮ ਸਿਮਰਨ ਦੀ ਸੂਝ ਉਹੀ ਮਨੁੱਖ ਹਾਸਲ ਕਰਦਾ ਹੈ, ਜਿਸ ਉੱਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ।
ਗੁਰੂ ਦੀ ਕਿਰਪਾ ਨਾਲ (ਨਾਮ ਸਿਮਰਿਆਂ) ਉਸ ਦੀ ਹਉਮੈ ਦੂਰ ਹੋ ਜਾਂਦੀ ਹੈ।
ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਸ ਨੂੰ ਸੋਭਾ ਮਿਲਦੀ ਹੈ ॥੮॥੮॥੯॥
ਜੇ (ਮਨੁੱਖ) ਗੁਰੂ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ-ਪਰਨਾ ਬਣਾ ਲਏ, ਤਾਂ ਉਸ ਨੂੰ ਇਹ ਭਾਰੀ ਇੱਜ਼ਤ ਮਿਲਦੀ ਹੈ,
ਕਿ ਉਹ ਪਰਮਾਤਮਾ ਉਸ ਦੇ ਮਨ ਵਿਚ ਆ ਵੱਸਦਾ ਹੈ ਜਿਸ ਨੂੰ ਦੁਨੀਆ ਵਾਲੀ ਕੋਈ ਚਿੰਤਾ ਪੋਹ ਨਹੀਂ ਸਕਦੀ।
(ਹੇ ਭਾਈ!) ਪਰਮਾਤਮਾ (ਮਾਨੋ) ਇਕ ਫਲਦਾਰ ਰੁੱਖ ਹੈ ਜਿਸ ਵਿਚੋਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੋਂਦਾ ਹੈ। ਜਿਸ ਮਨੁੱਖ ਨੇ (ਉਹ ਰਸ) ਪੀ ਲਿਆ, ਨਾਮ-ਰਸ ਨੇ ਉਸ ਦੀ (ਮਾਇਆ ਦੀ) ਤ੍ਰੇਹ ਦੂਰ ਕਰ ਦਿੱਤੀ ॥੧॥
ਮੈਂ ਸਦਕੇ ਹਾਂ ਕੁਰਬਾਨ ਹਾਂ (ਪਰਮਾਤਮਾ ਤੋਂ), ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਸਾਧ-ਸੰਗਤਿ ਵਿਚ ਮਿਲਾ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ।
ਪਰਮਾਤਮਾ ਆਪ ਹੀ ਸਾਧ ਸੰਗਤਿ ਦਾ ਮੇਲ ਕਰਦਾ ਹੈ। (ਜੇਹੜਾ ਮਨੁੱਖ ਸਾਧ ਸੰਗਤਿ ਵਿਚ ਜੁੜਦਾ ਹੈ ਉਹ) ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਂਦਾ ਹੈ ॥੧॥ ਰਹਾਉ ॥