ਦੁਨੀਆ (ਵੇਖਣ ਨੂੰ ਤਾਂ ਗੁਲਜ਼ਾਰ ਹੈ, ਪਰ ਇਸ ਦਾ ਮੋਹ ਅਸਲ ਵਿਚ) ਲੁਕਵੀਂ ਅੱਗ ਹੈ (ਜੋ ਅੰਦਰ ਹੀ ਅੰਦਰ ਮਨ ਵਿਚ ਧੁਖਦੀ ਰਹਿੰਦੀ ਹੈ; ਇਸ ਵਿਚ ਪਏ ਹੋਏ ਜੀਵਾਂ ਨੂੰ ਜ਼ਿੰਦਗੀ ਦੇ ਸਹੀ ਰਸਤੇ ਦੀ) ਕੁਝ ਸੂਝ-ਬੂਝ ਨਹੀਂ ਪੈਂਦੀ।
ਮੇਰੇ ਸਾਂਈ ਨੇ (ਮੇਰੇ ਉਤੇ) ਮੇਹਰ ਕੀਤੀ ਹੈ (ਤੇ ਮੈਨੂੰ ਇਸ ਤੋਂ ਬਚਾ ਲਿਆ ਹੈ) ਨਹੀਂ ਤਾਂ (ਬਾਕੀ ਲੋਕਾਂ ਵਾਂਗ) ਮੈਂ ਭੀ (ਇਸ ਵਿਚ) ਸੜ ਜਾਂਦਾ (ਭਾਵ, ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਮੇਹਰ ਕਰ ਕੇ ਬਚਾਂਦਾ ਹੈ, ਅਸਾਡੇ ਆਪਣੇ ਵੱਸ ਦੀ ਗੱਲ ਨਹੀਂ ਕਿ ਇਹ 'ਪੋਟਲੀ' ਸਿਰੋਂ ਲਾਹ ਕੇ ਸੁੱਟ ਦੇਈਏ) ॥੩॥
ਹੇ ਫਰੀਦ! ਜੇ ਮੈਨੂੰ ਪਤਾ ਹੋਵੇ ਕਿ (ਇਸ ਸਰੀਰ-ਰੂਪ ਭਾਂਡੇ ਵਿਚ) ਬਹੁਤ ਥੋੜ੍ਹੇ ਜਿਹੇ (ਸੁਆਸ ਰੂਪ) ਤਿਲ ਹਨ ਤਾਂ ਮੈਂ ਸੋਚ-ਸਮਝ ਕੇ (ਇਹਨਾਂ ਦਾ) ਬੁੱਕ ਭਰਾਂ (ਭਾਵ, ਬੇ-ਪਰਵਾਹੀ ਨਾਲ ਜੀਵਨ ਦੇ ਸੁਆਸ ਨਾ ਗੁਜ਼ਾਰੀ ਜਾਵਾਂ)।
ਜੇ ਮੈਨੂੰ ਸਮਝ ਆ ਜਾਏ ਕਿ (ਮੇਰਾ) ਪਤੀ (-ਪ੍ਰਭੂ) ਬਾਲ-ਸੁਭਾਵ ਵਾਲਾ ਹੈ (ਭਾਵ, ਭੋਲੇ ਸੁਭਾਵ ਨੂੰ ਪਿਆਰ ਕਰਦਾ ਹੈ) ਤਾਂ ਮੈਂ ਭੀ (ਇਸ ਦੁਨੀਆ ਵਾਲੀ 'ਪੋਟਲੀ' ਦਾ) ਮਾਣ ਛੱਡ ਦਿਆਂ ॥੪॥
(ਹੇ ਪਤੀ-ਪ੍ਰਭੂ!) ਜੇ ਮੈਨੂੰ ਸਮਝ ਹੋਵੇ ਕਿ (ਇਸ 'ਪੋਟਲੀ' ਦੇ ਕਾਰਨ ਤੇਰਾ ਫੜਿਆ ਹੋਇਆ) ਪੱਲਾ ਛਿੱਜ ਜਾਂਦਾ ਹੈ (ਭਾਵ, ਤੇਰੇ ਨਾਲੋਂ ਵਿੱਥ ਪੈ ਜਾਂਦੀ ਹੈ) ਤਾਂ ਮੈਂ (ਤੇਰੇ ਪੱਲੇ ਨਾਲ ਹੀ) ਪੱਕੀ ਗੰਢ ਪਾਵਾਂ।
(ਹੇ ਸਾਂਈਂ!) ਮੈਂ ਸਾਰਾ ਜਗਤ ਫਿਰ ਕੇ ਵੇਖ ਲਿਆ ਹੈ, ਤੇਰੇ ਵਰਗਾ (ਸਾਥੀ) ਮੈਨੂੰ ਹੋਰ ਕੋਈ ਨਹੀਂ ਲੱਭਾ ॥੫॥
ਹੇ ਫਰੀਦ! ਜੇ ਤੂੰ ਬਰੀਕ ਅਕਲ ਵਾਲਾ (ਸਮਝਦਾਰ) ਹੈਂ, ਤਾਂ ਹੋਰ ਬੰਦਿਆਂ ਦੇ ਮੰਦੇ ਕਰਮਾਂ ਦੀ ਪਛਚੋਲ ਨਾ ਕਰ;
ਆਪਣੀ ਬੁੱਕਲ ਵਿਚ ਮੂੰਹ ਪਾ ਕੇ ਵੇਖ (ਕਿ ਤੇਰੇ ਆਪਣੇ ਕਰਮ ਕੈਸੇ ਹਨ) ॥੬॥
ਹੇ ਫਰੀਦ! ਜੋ (ਮਨੁੱਖ) ਤੈਨੂੰ ਮੁੱਕੀਆਂ ਮਾਰਨ (ਭਾਵ, ਕੋਈ ਦੁੱਖ ਦੇਣ) ਉਹਨਾਂ ਨੂੰ ਤੂੰ ਪਰਤ ਕੇ ਨਾ ਮਾਰੀਂ (ਭਾਵ, ਬਦਲਾ ਨਾ ਲਈਂ, ਸਗੋਂ)
ਉਹਨਾਂ ਦੇ ਪੈਰ ਚੁੰਮ ਕੇ ਆਪਣੇ ਘਰ ਵਿਚ (ਸ਼ਾਂਤ ਅਵਸਥਾ ਵਿਚ) ਟਿਕੇ ਰਹੀਦਾ ਹੈ ॥੭॥
ਹੇ ਫਰੀਦ! ਜਦੋਂ ਤੇਰਾ (ਅਸਲ ਖੱਟੀ) ਖੱਟਣ ਦਾ ਵੇਲਾ ਸੀ ਤਦੋਂ ਤੂੰ ਦੁਨੀਆ (ਦੀ 'ਪੋਟਲੀ') ਨਾਲ ਮਸਤ ਰਿਹਾ।
(ਇਸ ਤਰ੍ਹਾਂ) ਮੌਤ ਦੀ ਨੀਂਹ ਪੱਕੀ ਹੁੰਦੀ ਗਈ, (ਭਾਵ, ਮੌਤ ਦਾ ਸਮਾਂ ਨੇੜੇ ਆਉਂਦਾ ਗਿਆ) ਜਦੋਂ ਸਾਰੇ ਸੁਆਸ ਪੂਰੇ ਹੋ ਗਏ, ਤਾਂ ਇਥੋਂ ਕੂਚ ਕਰਨਾ ਪਿਆ ॥੮॥
ਹੇ ਫਰੀਦ! ਵੇਖ ਜੋ ਕੁਝ (ਹੁਣ ਤਕ) ਹੋ ਚੁਕਿਆ ਹੈ (ਉਹ ਇਹ ਹੈ ਕਿ) ਦਾੜ੍ਹੀ ਚਿੱਟੀ ਹੋ ਗਈ ਹੈ,
ਮੌਤ ਵਾਲੇ ਪਾਸਿਓਂ ਸਮਾਂ ਨੇੜੇ ਆ ਰਿਹਾ ਹੈ, ਤੇ ਪਿਛਲਾ ਪਾਸਾ (ਜਦੋਂ ਜੰਮਿਆਂ ਸੈਂ) ਦੂਰ (ਪਿਛਾਂਹ) ਰਹਿ ਗਿਆ ਹੈ, (ਸੋ ਹੁਣ ਅੰਞਾਣਾਂ ਵਾਲੇ ਕੰਮ ਨਾਹ ਕਰ, ਤੇ ਅਗਾਂਹ ਦੀ ਤਿਆਰੀ ਲਈ ਕਮਾਈ ਕਰ) ॥੯॥
ਹੇ ਫਰੀਦ! ਵੇਖ, (ਹੁਣ ਤਕ) ਜੋ ਹੋਇਆ ਹੈ (ਉਹ ਇਹ ਹੈ ਕਿ 'ਦਾੜ੍ਹੀ ਭੂਰ' ਹੋ ਜਾਣ ਕਰਕੇ) ਦੁਨੀਆ ਦੇ ਮਿੱਠੇ ਪਦਾਰਥ (ਭੀ) ਦੁਖਦਾਈ ਲੱਗਦੇ ਹਨ (ਕਿਉਂਕਿ ਹੁਣ ਸਰੀਰਕ ਇੰਦ੍ਰੇ ਕਮਜ਼ੋਰ ਪੈ ਜਾਣ ਕਰਕੇ ਉਨ੍ਹਾਂ ਭੋਗਾਂ ਨੂੰ ਚੰਗੀ ਤਰ੍ਹਾਂ ਭੋਗ ਨਹੀਂ ਸਕਦੇ)।
ਇਹ ਦੁੱਖੜਾ ਆਪਣੇ ਸਾਈਂ ਬਾਝੋਂ ਹੋਰ ਕਿਸ ਨੂੰ ਆਖੀਏ? (ਭਾਵ, ਪ੍ਰਭੂ ਦੇ ਨਿਯਮਾਂ ਅਨੁਸਾਰ ਹੋ ਰਹੀ ਇਸ ਤਬਦੀਲੀ ਵਿਚ ਕੋਈ ਰੋਕ ਨਹੀਂ ਪਾ ਸਕਦਾ) ॥੧੦॥
ਹੇ ਫਰੀਦ! ('ਸੱਕਰ' ਦੇ 'ਵਿਸੁ' ਹੋ ਜਾਣ ਦਾ ਕਾਰਨ ਇਹ ਹੈ ਕਿ) ਅੱਖਾਂ (ਜਗਤ ਦੇ ਰੰਗ-ਤਮਾਸ਼ੇ) ਵੇਖ ਕੇ (ਹੁਣ) ਕਮਜ਼ੋਰ ਹੋ ਗਈਆਂ ਹਨ (ਜਗਤ ਦੇ ਰੰਗ-ਤਮਾਸ਼ੇ ਤਾਂ ਉਸੇ ਤਰ੍ਹਾਂ ਮੌਜੂਦ ਹਨ, ਪਰ ਅੱਖਾਂ ਵਿਚ ਹੁਣ ਵੇਖਣ ਦੀ ਸੱਤਿਆ ਨਹੀਂ ਰਹੀ), ਕੰਨ (ਦੁਨੀਆ ਦੇ ਰਾਗ-ਰੰਗ) ਸੁਣ ਸੁਣ ਕੇ (ਹੁਣ) ਬੋਲੇ ਹੋ ਗਏ ਹਨ।
(ਨਿਰਾ ਅੱਖਾਂ ਤੇ ਕੰਨ ਹੀ ਨਹੀਂ, ਸਾਰਾ) ਸਰੀਰ ਹੀ ਬਿਰਧ ਹੋ ਗਿਆ ਹੈ, ਇਸ ਨੇ ਹੋਰ ਹੀ ਰੰਗ ਵਟਾ ਲਿਆ ਹੈ (ਹੁਣ ਭੋਗ ਭੋਗਣ ਜੋਗਾ ਨਹੀਂ ਰਿਹਾ, ਤੇ ਇਸ ਹਹੁਕੇ ਦਾ ਕੋਈ ਇਲਾਜ ਨਹੀਂ ਹੈ) ॥੧੧॥
ਹੇ ਫਰੀਦ! ਕਾਲੇ ਕੇਸਾਂ ਦੇ ਹੁੰਦਿਆਂ ਜਿਨ੍ਹਾਂ ਨੇ ਪਤੀ-ਪ੍ਰਭੂ ਨਾਲ ਪਿਆਰ ਨਹੀਂ ਕੀਤਾ, ਉਨ੍ਹਾਂ ਵਿਚੋਂ ਕੋਈ ਵਿਰਲਾ ਹੀ ਧਉਲੇ ਆਇਆਂ (ਭਾਵ, ਬਿਰਧ ਉਮਰੇ) ਰੱਬ ਨੂੰ ਯਾਦ ਕਰ ਸਕਦਾ ਹੈ।
(ਹੇ ਫਰੀਦ!) ਤੂੰ ਸਾਂਈਂ ਪ੍ਰਭੂ ਨਾਲ ਪਿਆਰ ਕਰ, (ਇਹ) ਪਿਆਰ (ਨਿੱਤ) ਨਵਾਂ ਰਹੇਗਾ (ਦੁਨੀਆ ਦੀ 'ਪੋਟਲੀ' ਵਾਲਾ ਪਿਆਰ ਤਾਂ ਸਰੀਰ-'ਸਾਖ' ਪੱਕਣ ਤੇ ਟੁੱਟ ਜਾਇਗਾ) ॥੧੨॥
ਹੇ ਫਰੀਦ! ਜੇ ਕੋਈ ਬੰਦਾ ਬੰਦਗੀ ਕਰੇ, ਤਾਂ ਜੁਆਨੀ ਵਿਚ ਭੀ ਤੇ ਬੁਢੇਪੇ ਵਿਚ ਭੀ ਮਾਲਿਕ (ਮਿਲ ਸਕਦਾ) ਹੈ।
ਪਰ ਬੇਸ਼ਕ ਕੋਈ ਤਾਂਘ ਕਰ ਕੇ ਵੇਖ ਲਏ, 'ਇਹ ਪਿਆਰ' ਆਪਣਾ ਲਾਇਆ ਨਹੀਂ ਲੱਗ ਸਕਦਾ।
ਇਹ ਪਿਆਰ-ਰੂਪ ਪਿਆਲਾ ਤਾਂ ਮਾਲਿਕ ਦਾ (ਆਪਣਾ) ਹੈ, ਜਿਸ ਨੂੰ ਉਸ ਦੀ ਮਰਜ਼ੀ ਹੁੰਦੀ ਹੈ ਦੇਂਦਾ ਹੈ ॥੧੩॥
ਹੇ ਫਰੀਦ! (ਇਸ ਦਿੱਸਦੀ ਗੁਲਜ਼ਾਰ, ਪਰ ਅਸਲ ਵਿਚ, 'ਗੁਝੀ ਭਾਹਿ' ਵਿਚ ਮਸਤ ਜੀਵ ਨੂੰ ਕੁਝ ਸੁੱਝਦਾ-ਬੁੱਝਦਾ ਨਹੀਂ। ਪਿਆ ਮਾਣ ਕਰਦਾ ਹੈ। ਪਰ ਮਾਣ ਕਾਹਦਾ?) ਜਿਹੜੀਆਂ (ਸੋਹਣੀਆਂ) ਅੱਖਾਂ ਨੇ ਜਗਤ ਨੂੰ ਮੋਹ ਰੱਖਿਆ ਸੀ, ਉਹ ਅੱਖਾਂ ਮੈਂ ਭੀ ਵੇਖੀਆਂ,
(ਪਹਿਲਾਂ ਤਾਂ ਇਤਨੀਆਂ ਨਾਜ਼ਕ ਸਨ ਕਿ) ਕੱਜਲ ਦੀ ਧਾਰ ਨਹੀਂ ਸਹਾਰ ਸਕਦੀਆਂ ਸਨ, ਫਿਰ ਉਹ ਪੰਛੀਆਂ ਦੇ ਬੱਚਿਆਂ ਦਾ ਆਹਲਣਾ ਬਣੀਆਂ (ਭਾਵ, ਅਸਾਡੇ ਸਾਹਮਣੇ ਸਰੀਰਕ ਸੁੰਦਰਤਾ ਆਖ਼ਰ ਨਿੱਤ ਨਾਸ ਹੋ ਜਾਂਦੀ ਹੈ, ਇਸ ਤੇ ਮਾਣ ਕੂੜਾ ਹੈ) ॥੧੪॥
ਹੇ ਫਰੀਦ! (ਭਾਵੇਂ ਕਿਤਨਾ ਹੀ) ਪੁਕਾਰ ਪੁਕਾਰ ਕੇ ਆਖੀਏ (ਕਿਤਨਾ ਹੀ) ਨਿੱਤ ਮੱਤਾਂ ਦੇਈਏ;
ਪਰ, ਜਿਨ੍ਹਾਂ ਬੰਦਿਆਂ ਨੂੰ (ਮਨ-) ਸ਼ੈਤਾਨ ਨੇ ਵਿਗਾੜਿਆ ਹੋਇਆ ਹੈ, ਉਹ ਕਿਵੇਂ ('ਦੁਨੀ' ਵਲੋਂ) ਚਿੱਤ ਫੇਰ ਸਕਦੇ ਹਨ? ॥੧੫॥
ਹੇ ਫਰੀਦ! ਤੂੰ ਪਹੇ ਦੀ ਦੱਭ (ਵਰਗਾ) ਬਣ ਜਾ,
ਜੇ ਤੂੰ ਮਾਲਕ (-ਪ੍ਰਭੂ) ਨੂੰ ਹਰ ਥਾਂ ਭਾਲਦਾ ਹੈਂ (ਭਾਵ, ਵੇਖਣਾ ਚਾਹੁੰਦਾ ਹੈਂ)।
(ਦੱਭ ਦੇ) ਇਕ ਬੂਟੇ ਨੂੰ (ਲੋਕ) ਤੋੜਦੇ ਹਨ, ਤੇ ਕਈ ਹੋਰ ਬੂਟੇ (ਉਨ੍ਹਾਂ ਦੇ ਪੈਰਾਂ ਹੇਠ) ਲਤਾੜੇ ਜਾਂਦੇ ਹਨ।
(ਜੇ ਤੂੰ ਇਹੋ ਜਿਹਾ ਸੁਭਾਉ ਬਣਾ ਲਏਂ) ਤਾਂ ਤੂੰ ਮਾਲਕ ਦੇ ਦਰ ਤੇ ਕਬੂਲ ਹੋਵੇਂਗਾ ॥੧੬॥
ਹੇ ਫਰੀਦ! ਮਿੱਟੀ ਨੂੰ ਮਾੜਾ ਨਹੀਂ ਆਖਣਾ ਚਾਹੀਦਾ, ਮਿੱਟੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
(ਮਨੁੱਖ ਦੇ) ਪੈਰਾਂ ਹੇਠ ਹੁੰਦੀ ਹੈ, (ਪਰ ਮਨੁੱਖ ਦੇ) ਮਰਿਆਂ ਉਸ ਦੇ ਉੱਤੇ ਹੋ ਜਾਂਦੀ ਹੈ, (ਇਸੇ ਤਰ੍ਹਾਂ 'ਗ਼ਰੀਬੀ-ਸੁਭਾਵ' ਦੀ ਰੀਸ ਨਹੀਂ ਹੋ ਸਕਦੀ, 'ਗ਼ਰੀਬੀ-ਸੁਭਾਵ' ਵਾਲਾ ਬੰਦਾ ਜ਼ਿੰਦਗੀ ਵਿਚ ਭਾਵੇਂ ਸਭ ਦੀ ਵਧੀਕੀ ਸਹਾਰਦਾ ਹੈ, ਪਰ ਮਨ ਨੂੰ ਮਾਰਨ ਕਰਕੇ ਆਤਮਕ ਅਵਸਥਾ ਵਿਚ ਉਹ ਸਭ ਤੋਂ ਉੱਚਾ ਹੁੰਦਾ ਹੈ) ॥੧੭॥
ਹੇ ਫਰੀਦ! ਜੇ (ਰੱਬ ਦੀ ਬੰਦਗੀ ਕਰਦਿਆਂ ਇਵਜ਼ਾਨੇ ਵਜੋਂ ਕੋਈ ਦੁਨੀਆ ਦਾ) ਲਾਲਚ ਹੈ, ਤਾਂ (ਰੱਬ ਨਾਲ) ਅਸਲ ਪਿਆਰ ਨਹੀਂ ਹੈ। (ਜਦ ਤਕ) ਲਾਲਚ ਹੈ, ਤਦ ਤਕ ਪਿਆਰ ਝੂਠਾ ਹੈ।
ਟੁੱਟੇ ਹੋਏ ਛੱਪਰ ਉਤੇ ਮੀਂਹ ਪੈਂਦਿਆਂ ਕਦ ਤਾਂਈ ਸਮਾ ਨਿਕਲ ਸਕੇਗਾ? (ਭਾਵ, ਜਦੋਂ ਦੁਨੀਆ ਵਾਲੀ ਗ਼ਰਜ਼ ਪੂਰੀ ਨਾ ਹੋਈ, ਪਿਆਰ ਟੁੱਟ ਜਾਏਗਾ) ॥੧੮॥
ਹੇ ਫਰੀਦ! ਹਰੇਕ ਜੰਗਲ ਨੂੰ ਗਾਹਣ ਦਾ ਕੀਹ ਲਾਭ ਹੈ? ਜੰਗਲ ਵਿਚ ਕੰਡੇ ਕਿਉਂ ਲਤਾੜਦਾ ਫਿਰਦਾ ਹੈਂ?
ਰੱਬ (ਤਾਂ ਤੇਰੇ) ਹਿਰਦੇ ਵਿਚ ਵੱਸਦਾ ਹੈ, ਜੰਗਲ ਨੂੰ ਭਾਲਣ ਦਾ ਕੀ ਫ਼ਾਇਦਾ? ॥੧੯॥
ਹੇ ਫਰੀਦ! ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ (ਜਵਾਨੀ ਵੇਲੇ) ਮੈਂ ਥਲ ਤੇ ਪਹਾੜ ਗਾਹ ਆਉਂਦਾ ਰਿਹਾ,
ਪਰ ਅੱਜ (ਬੁਢੇਪੇ ਵਿਚ) ਮੈਨੂੰ ਫਰੀਦ ਨੂੰ (ਇਹ ਰਤਾ ਪਰੇ ਪਿਆ) ਲੋਟਾ ਸੈ ਕੋਹਾਂ ਤੇ ਹੋ ਗਿਆ ਹੈ (ਸੋ, ਬੰਦਗੀ ਦਾ ਵੇਲਾ ਭੀ ਜੁਆਨੀ ਹੀ ਹੈ ਜਦੋਂ ਸਰੀਰ ਕੰਮ ਦੇ ਸਕਦਾ ਹੈ) ॥੨੦॥
ਹੇ ਫਰੀਦ! (ਸਿਆਲ ਦੀਆਂ) ਲੰਮੀਆਂ ਰਾਤਾਂ ਵਿਚ (ਸਉਂ ਸਉਂ ਕੇ) ਪਾਸੇ ਧੁਖ ਉੱਠਦੇ ਹਨ (ਇਸੇ ਤਰ੍ਹਾਂ ਪਰਾਈ ਆਸ ਤੱਕਦਿਆਂ ਸਮਾ ਮੁੱਕਦਾ ਨਹੀਂ, ਪਰਾਏ ਦਰ ਤੇ ਬੈਠਿਆਂ ਅੱਕ ਜਾਈਦਾ ਹੈ)।