ਰਾਗ ਭੈਰਉ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਇਹ ਜਗਤ) ਉਸ ਕਰਤਾਰ ਨੇ ਇਕ ਤਮਾਸ਼ਾ ਰਚਿਆ ਹੋਇਆ ਹੈ,
(ਉਸ ਨੇ ਆਪ ਹੀ ਗੁਰੂ ਦੀ ਰਾਹੀਂ ਜੀਵਾਂ ਨੂੰ) ਇਕ-ਰਸ ਵਲਵਲੇ ਵਾਲਾ ਗੁਰ-ਸ਼ਬਦ ਸੁਣਾਇਆ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਹੀ ਜੀਵਨ-ਰਾਹ ਤੋਂ) ਖੁੰਝੇ ਰਹਿੰਦੇ ਹਨ, ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਪਰਮਾਤਮਾ ਆਤਮਕ ਜੀਵਨ ਦੀ) ਸੂਝ ਬਖ਼ਸ਼ ਦੇਂਦਾ ਹੈ।
ਇਹ ਸਬਬ ਕਰਤਾਰ (ਸਦਾ ਤੋਂ ਹੀ) ਬਣਾਂਦਾ ਆ ਰਿਹਾ ਹੈ ॥੧॥
(ਮੇਰੇ) ਗੁਰੂ ਦਾ ਸ਼ਬਦ ਮੇਰੇ ਅੰਦਰ ਵੱਸ ਰਿਹਾ ਹੈ, ਮੇਰੀ ਸੁਰਤ ਦਾ ਨਿਸ਼ਾਨਾ ਬਣ ਚੁਕਾ ਹੈ।
(ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਾਪਤ ਕੀਤਾ ਹੋਇਆ) ਪਰਮਾਤਮਾ ਦਾ ਨਾਮ ਮੈਂ ਕਦੇ ਨਹੀਂ ਛੱਡਾਂਗਾ ॥੧॥ ਰਹਾਉ ॥
(ਵੇਖੋ, ਪ੍ਰਹਲਾਦ ਦੇ) ਪਿਉ ਨੇ ਪ੍ਰਹਲਾਦ ਨੂੰ ਪੜ੍ਹਨ ਵਾਸਤੇ (ਪਾਠਸ਼ਾਲਾ ਵਿਚ) ਘੱਲਿਆ।
ਪ੍ਰਹਲਾਦ ਪੱਟੀ ਲੈ ਕੇ ਪਾਂਧੇ ਕੋਲ ਪਹੁੰਚਿਆ।
(ਪਾਂਧੇ ਤਾਂ ਕੁਝ ਹੋਰ ਪੜ੍ਹਾਣ ਲੱਗੇ, ਪਰ ਪ੍ਰਹਲਾਦ ਨੇ ਆਖਿਆ-) ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਕਾਰ-ਵਿਹਾਰ ਨਹੀਂ ਪੜ੍ਹਾਂਗਾ,
ਤੁਸੀਂ ਮੇਰੀ ਪੱਟੀ ਉਤੇ ਪਰਮਾਤਮਾ ਦਾ ਨਾਮ ਹੀ ਲਿਖ ਦਿਹੁ ॥੨॥
ਮਾਂ ਨੇ (ਆਪਣੇ) ਪੁੱਤਰ ਪ੍ਰਹਲਾਦ ਨੂੰ ਆਖਿਆ-
ਤੂੰ ਜਿਸ (ਹਰਿ-ਨਾਮ) ਵਿਚ ਰੁੱਝਾ ਪਿਆ ਹੈਂ ਉਹ ਨਾਹ ਪੜ੍ਹ (ਬਥੇਰਾ) ਸਮਝਾ ਰਹੀ।
(ਪਰ ਪ੍ਰਹਲਾਦ ਨੇ ਇਹੀ ਉੱਤਰ ਦਿੱਤਾ-) ਕਿਸੇ ਪਾਸੋਂ ਨਾਹ ਡਰਨ ਵਾਲਾ ਪਰਮਾਤਮਾ (ਸਦਾ) ਮੇਰੇ ਨਾਲ ਹੈ,
ਜੇ ਮੈਂ ਪਰਮਾਤਮਾ (ਦਾ ਨਾਮ) ਛੱਡ ਦਿਆਂ, ਤਾਂ ਸਾਰੀ ਕੁਲ ਨੂੰ ਹੀ ਦਾਗ਼ ਲੱਗੇਗਾ ॥੩॥
(ਪਾਂਧਿਆਂ ਨੇ ਸੋਚਿਆ ਕਿ) ਪ੍ਰਹਲਾਦ ਨੇ (ਤਾਂ) ਸਾਰੇ ਹੀ ਮੁੰਡੇ ਵਿਗਾੜ ਦਿੱਤੇ ਹਨ,
ਸਾਡਾ ਆਖਿਆ ਇਹ ਸੁਣਦਾ ਹੀ ਨਹੀਂ, ਆਪਣੇ ਕੰਮ ਠੀਕ ਕਰੀ ਜਾ ਰਿਹਾ ਹੈ,
ਸਾਰੇ ਸ਼ਹਰ ਵਿਚ ਹੀ ਇਸ ਨੇ ਪਰਮਾਤਮਾ ਦੀ ਭਗਤੀ ਲੋਕਾਂ ਦੇ ਦਿਲਾਂ ਵਿਚ ਪੱਕੀ ਕਰ ਦਿੱਤੀ ਹੈ।
ਦੁਸ਼ਟਾਂ ਦੀ ਜੁੰਡੀ ਦਾ (ਪ੍ਰਹਲਾਦ ਉੱਤੇ) ਕੋਈ ਜ਼ੋਰ ਨਹੀਂ ਸੀ ਚੱਲ ਰਿਹਾ ॥੪॥
(ਆਖ਼ਿਰ) ਸੰਡ ਨੇ ਤੇ ਅਮਰਕ ਨੇ (ਹਰਨਾਖਸ਼ ਪਾਸ) ਜਾ ਸ਼ਿਕੈਤ ਕੀਤੀ।
ਸਾਰੇ ਦੈਂਤ ਆਪਣੀ ਵਾਹ ਲਾ ਥੱਕੇ (ਪਰ ਉਹਨਾਂ ਦੀ ਪੇਸ਼ ਨ ਗਈ)।
ਆਪਣੇ ਭਗਤਾਂ ਦੀ ਲਾਜ ਉਹ ਆਪ ਹੀ ਰੱਖਦਾ ਹੈ।
ਉਸ ਦੇ ਪੈਦਾ ਕੀਤੇ ਹੋਏ ਕਿਸੇ (ਦੋਖੀ) ਦਾ ਜ਼ੋਰ ਨਹੀਂ ਚੱਲ ਸਕਦਾ ॥੫॥
ਪਿਛਲੇ ਕੀਤੇ ਕਰਮਾਂ ਦੇ ਸੰਜੋਗ ਨਾਲ ਦੈਂਤ (ਹਰਨਾਖਸ਼) ਨੇ ਰਾਜ ਚਲਾ ਲਿਆ,
(ਰਾਜ ਦੇ ਮਦ ਵਿਚ) ਉਹ ਪਰਮਾਤਮਾ ਨੂੰ (ਕੁਝ ਭੀ) ਨਹੀਂ ਸੀ ਸਮਝਦਾ (ਪਰ ਉਸ ਦੇ ਭੀ ਕੀਹ ਵੱਸ?) ਉਸ ਕਰਤਾਰ ਨੇ (ਆਪ ਹੀ) ਉਸ ਨੂੰ ਕੁਰਾਹੇ ਪਾ ਰੱਖਿਆ ਸੀ।
(ਸੋ) ਉਸ ਨੇ (ਆਪਣੇ) ਪੁੱਤਰ ਪ੍ਰਹਲਾਦ ਨਾਲ ਝਗੜਾ ਖੜਾ ਕਰ ਲਿਆ।
(ਰਾਜ ਦੇ ਮਦ ਵਿਚ) ਅੰਨ੍ਹਾ ਹੋਇਆ (ਹਰਨਾਖਸ਼ ਇਹ) ਨਹੀਂ ਸੀ ਸਮਝਦਾ (ਕਿ ਉਸ ਦੀ) ਮੌਤ ਨੇੜੇ ਆ ਗਈ ਹੈ ॥੬॥
(ਹਰਨਾਖਸ਼ ਨੇ) ਪ੍ਰਹਲਾਦ ਨੂੰ ਕੋਠੇ ਵਿਚ ਬੰਦ ਕਰਾ ਦਿੱਤਾ, ਤੇ ਦਰਵਾਜ਼ੇ ਨੂੰ ਜੰਦਰਾ ਲਵਾ ਦਿੱਤਾ।
ਪਰ ਨਿਡਰ ਬਾਲਕ ਬਿਲਕੁਲ ਨਹੀਂ ਸੀ ਡਰਦਾ, (ਉਹ ਆਖਦਾ ਸੀ-) ਮੇਰਾ ਗੁਰੂ ਮੇਰਾ ਪਰਮਾਤਮਾ ਮੇਰੇ ਹਿਰਦੇ ਵਿਚ ਵੱਸਦਾ ਹੈ।
ਪਰਮਾਤਮਾ ਦਾ ਪੈਦਾ ਕੀਤਾ ਹੋਇਆ ਜਿਹੜਾ ਮਨੁੱਖ ਪਰਮਾਤਮਾ ਨਾਲ ਬਰਾਬਰੀ ਕਰਨ ਲੱਗ ਪੈਂਦਾ ਹੈ, ਉਹ ਸਮਰਥਾ ਤੋਂ ਬਿਨਾ ਹੀ ਆਪਣਾ ਨਾਮ ਵੱਡਾ ਰਖਾ ਲੈਂਦਾ ਹੈ।
(ਹਰਨਾਖਸ਼ ਨੇ) ਪ੍ਰਭੂ ਦੇ ਭਗਤ ਨਾਲ ਝਗੜਾ ਛੇੜ ਲਿਆ। ਧੁਰ ਦਰਗਾਹ ਤੋਂ ਜੋ ਭਾਵੀ ਲਿਖੀ ਸੀ, ਉਸ ਦਾ ਵੇਲਾ ਆ ਪਹੁੰਚਿਆ ॥੭॥
ਸੋ, ਪਿਉ (ਹਰਨਾਖਸ਼) ਨੇ ਪ੍ਰਹਲਾਦ ਉੱਤੇ ਗੁਰਜ ਚੁੱਕੀ,
(ਤੇ ਆਖਣ ਲੱਗਾ-ਦੱਸ) ਕਿੱਥੇ ਹੈ ਤੇਰਾ ਜਗਦੀਸ਼? ਕਿੱਥੇ ਹੈ ਤੇਰਾ ਗੁਸਾਈਂ? (ਜਿਹੜਾ ਤੈਨੂੰ ਹੁਣ ਬਚਾਏ)।
(ਪ੍ਰਹਲਾਦ ਨੇ ਉੱਤਰ ਦਿੱਤਾ-) ਜਗਤ ਦਾ ਆਸਰਾ ਦਾਤਾਰ ਪ੍ਰਭੂ ਹੀ ਆਖ਼ਰ (ਹਰੇਕ ਜੀਵ ਦਾ ਮਦਦਗਾਰ ਬਣਦਾ ਹੈ।
ਮੈਂ ਤਾਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਮੌਜੂਦ ਹੈ ॥੮॥
(ਉਸੇ ਵੇਲੇ) ਥੰਮ੍ਹ੍ਹ ਪਾੜ ਕੇ ਪਰਮਾਤਮਾ ਨੇ ਆਪਣੇ ਆਪ ਨੂੰ ਪਰਗਟ ਕਰ ਦਿੱਤਾ,
(ਰਾਜ ਦੇ ਮਦ ਵਿਚ) ਮੱਤੇ ਹੋਏ (ਹਰਨਾਖਸ਼) ਦੈਂਤ ਨੂੰ ਮਾਰ ਮੁਕਾਇਆ।
ਭਗਤਾਂ ਦੇ ਮਨ ਵਿਚ (ਸਦਾ) ਆਨੰਦ (ਸਦਾ) ਚੜ੍ਹਦੀ ਕਲਾ ਬਣੀ ਰਹਿੰਦੀ ਹੈ।
(ਭਗਤ ਜਾਣਦੇ ਹਨ ਕਿ) ਪਰਮਾਤਮਾ ਆਪਣੇ ਭਗਤ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਦੇਂਦਾ ਹੈ ॥੯॥
ਕਰਤਾਰ ਨੇ ਆਪ ਹੀ ਜਨਮ ਮਰਨ ਦਾ ਗੇੜ ਬਣਾਇਆ ਹੈ, ਆਪ ਹੀ ਜੀਵਾਂ ਦੇ ਅੰਦਰ ਮਾਇਆ ਦਾ ਮੋਹ ਪੈਦਾ ਕੀਤਾ ਹੋਇਆ ਹੈ।
(ਜਗਤ ਵਿਚ) ਆਉਣਾ (ਜਗਤ ਤੋਂ) ਚਲੇ ਜਾਣਾ-ਇਹ ਲੇਖ ਕਰਤਾਰ ਨੇ ਆਪ ਹੀ ਹਰੇਕ ਜੀਵ ਦੇ ਮੱਥੇ ਉਤੇ ਲਿਖ ਰੱਖਿਆ ਹੈ।
(ਹਰਨਾਖਸ਼ ਦੇ ਕੀਹ ਵੱਸ?) ਪ੍ਰਹਲਾਦ ਦਾ ਕੰਮ ਸੰਵਾਰਨ ਵਾਸਤੇ ਪਰਮਾਤਮਾ ਨੇ ਆਪਣੇ ਆਪ ਨੂੰ (ਨਰਸਿੰਘ ਰੂਪ ਵਿਚ) ਪਰਗਟ ਕੀਤਾ।
(ਇਸ ਤਰ੍ਹਾਂ) ਭਗਤਾਂ ਦਾ ਬਚਨ ਪੂਰਾ ਹੋ ਗਿਆ (ਕਿ 'ਅਪੁਨੇ ਸੇਵਕ ਕਉ ਦੇ ਵਡਿਆਈ') ॥੧੦॥
ਸਾਰੇ ਦੇਵਤਿਆਂ ਨੇ ਲੱਛਮੀ ਦੀ ਵਡਿਆਈ ਕੀਤੀ,
(ਤੇ ਆਖਿਆ-) ਹੇ ਮਾਤਾ! (ਪ੍ਰੇਰਨਾ ਕਰ ਤੇ ਆਖ-ਹੇ ਪ੍ਰਭੂ!) ਨਰਸਿੰਘ ਵਾਲਾ ਰੂਪ ਦੂਰ ਕਰ।
(ਪਰ) ਲੱਛਮੀ ਭੀ ਡਰਦੀ ਸੀ, ਉਹ ਭੀ (ਨਰਸਿੰਘ ਦੇ ਨੇੜੇ) ਨਹੀਂ ਜਾ ਸਕਦੀ ਸੀ।