ਜੀਊਣ ਵਿਚੋਂ ਉਸ ਮਨੁੱਖ ਦਾ ਜੀਊਣਾ ਕਾਮਯਾਬ ਹੈ ਜਿਹੜਾ ਹਰਿ-ਨਾਮ ਸੁਣ ਕੇ ਸਦਾ ਹਰਿ-ਨਾਮ ਜਪ ਕੇ ਜੀਊਂਦਾ ਹੈ ॥੧॥ ਰਹਾਉ ॥
ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਪੀਣਾ ਚਾਹੀਦਾ ਹੈ, ਇਹ ਪੀਣ ਐਸਾ ਹੈ ਕਿ ਇਸ ਦੀ ਰਾਹੀਂ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜਿਆ ਰਹਿੰਦਾ ਹੈ ॥੧॥
ਨਾਮ-ਭੋਜਨ ਨੂੰ ਹੀ ਜਿੰਦ ਦੀ ਖ਼ੁਰਾਕ ਬਣਾਣਾ ਚਾਹੀਦਾ ਹੈ ਕਿਉਂਕਿ ਇਸ ਦੀ ਬਰਕਤਿ ਨਾਲ ਮਾਇਆ ਵਾਲੀ ਭੁੱਖ ਨਹੀਂ ਲੱਗਦੀ, ਸੰਤੋਖ ਵਿਚ ਸਦਾ ਰੱਜੇ ਰਹੀਦਾ ਹੈ ॥੨॥
ਹੇ ਜਿੰਦੇ! ਪਤੀ-ਪਰਮੇਸਰ ਦਾ ਨਾਮ-ਕੱਪੜਾ ਹੀ ਸਿਰ ਉੱਤੇ ਰੱਖ, ਫਿਰ ਕਦੇ ਸਿਰੋਂ ਨੰਗੇ ਨਹੀਂ ਹੋ ਸਕੀਦਾ ਹੈ ॥੩॥
ਮਨ ਵਿਚ ਹਰਿ-ਨਾਮ ਰਸ ਨੂੰ ਹੀ ਮਾਣਨਾ ਚਾਹੀਦਾ ਹੈ, ਸੰਤਾਂ ਦੀ ਸੰਗਤ ਵਿਚ ਰਹਿ ਕੇ ਨਾਮ-ਰਸ ਹੀ ਪੀਣਾ ਚਾਹੀਦਾ ਹੈ ॥੪॥
(ਕਿਸੇ ਸੂਈ ਦੀ ਲੋੜ ਨਹੀਂ ਪੈਂਦੀ, ਕਿਸੇ ਧਾਗੇ ਦੀ ਲੋੜ ਨਹੀਂ ਪੈਂਦੀ; ਜਿਉਂ ਜਿਉਂ ਨਾਮ ਜਪਦੇ ਰਹੀਏ) ਬਿਨਾ ਸੂਈ ਧਾਗਾ ਲਿਆਉਣ ਦੇ ਮਨ ਪਰਮਾਤਮਾ ਦੀ ਭਗਤੀ ਵਿਚ ਸੀਤਾ ਜਾਂਦਾ ਹੈ ॥੫॥
ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰਸ ਵਿਚ ਰੰਗੇ ਜਾਂਦੇ ਹਨ ਉਹ ਅਸਲ ਨਸ਼ੇ ਵਿਚ ਮਸਤ ਹਨ; ਇਹ ਨਸ਼ਾ ਮੁੜ ਕਦੇ ਭੀ ਘਟਦਾ ਨਹੀਂ ॥੬॥
ਪਰ, ਕਿਰਪਾਲ ਪ੍ਰਭੂ ਨੇ ਆਪ ਜਿਸ ਜੀਵ ਨੂੰ ਇਹ ਨਾਮ- ਦਾਤ ਦਿੱਤੀ ਉਸ ਨੂੰ ਹੀ ਸਾਰੇ ਖ਼ਜ਼ਾਨਿਆਂ ਦਾ ਮਾਲਕ (ਪ੍ਰਭੂ) ਮਿਲ ਪਿਆ ॥੭॥
ਹੇ ਨਾਨਕ! ਅਸਲ ਆਤਮਕ ਆਨੰਦ ਸੰਤ ਜਨਾਂ ਦੀ ਸੇਵਾ ਕਰਨ ਵਿਚ ਹੀ ਹੈ, ਸੰਤਾਂ ਦੇ ਚਰਨ ਧੋ ਕੇ ਪੀਣ ਵਿਚ ਹੈ (ਭਾਵ, ਗ਼ਰੀਬੀ-ਭਾਵ ਨਾਲ ਸੰਤਾਂ ਦੀ ਸੇਵਾ ਵਿਚ ਹੀ ਸੁਖ ਹੈ) ॥੮॥੩॥੬॥
ਰਾਗ ਮਾਰੂ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਅੰਜੁਲੀਆਂ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਸ ਮਨੁੱਖ ਦੇ ਘਰ ਵਿਚ ਬਹੁਤ ਮਾਇਆ ਹੁੰਦੀ ਹੈ, ਉਸ ਮਨੁੱਖ ਦੇ (ਹਿਰਦੇ-) ਘਰ ਵਿਚ (ਹਰ ਵੇਲੇ) ਚਿੰਤਾ ਰਹਿੰਦੀ ਹੈ (ਕਿ ਕਿਤੇ ਖੁੱਸ ਨਾਹ ਜਾਏ)।
ਜਿਸ ਮਨੁੱਖ ਦੇ ਘਰ ਵਿਚ ਥੋੜੀ ਮਾਇਆ ਹੈ ਉਹ ਮਨੁੱਖ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ।
ਜਿਹੜਾ ਮਨੁੱਖ ਇਹਨਾਂ ਦੋਹਾਂ ਹਾਲਤਾਂ ਤੋਂ ਬਚਿਆ ਰਹਿੰਦਾ ਹੈ, ਉਹੀ ਮਨੁੱਖ ਸੌਖਾ ਵੇਖੀਦਾ ਹੈ ॥੧॥
ਜਿਹੜਾ ਮਨੁੱਖ ਗ੍ਰਿਹਸਤ ਦੇ ਐਸ਼੍ਵਰਜ ਵਿਚ ਰੁੱਝਾ ਹੋਇਆ ਹੈ, ਉਹ (ਅਸਲ ਵਿਚ) ਨਰਕ (ਭੋਗ ਰਿਹਾ ਹੈ); ਜਿਹੜਾ ਮਨੁੱਖ (ਗ੍ਰਿਹਸਤ ਦੇ ਜੰਜਾਲਾਂ ਦਾ) ਤਿਆਗ ਕਰ ਗਿਆ ਹੈ ਉਹ ਸਦਾ ਕ੍ਰੋਧ ਦਾ ਸ਼ਿਕਾਰ ਹੋਇਆ ਰਹਿੰਦਾ ਹੈ,
ਭਾਵੇਂ ਉਸ ਨੇ ਕਈ ਤਰੀਕਿਆਂ ਨਾਲ ਸਾਰੇ ਵੇਦ-ਪਾਠ ਸੋਧੇ ਹੋਣ।
ਉਸ ਮਨੁੱਖ ਦੀ ਹੀ ਮਿਹਨਤ ਸਿਰੇ ਚੜ੍ਹਦੀ ਹੈ ਜੋ ਸਰੀਰ ਦੀ ਖ਼ਾਤਰ ਕਿਰਤ-ਕਾਰ ਕਰਦਿਆਂ ਹੀ (ਮਾਇਆ ਵਲੋਂ) ਨਿਰਲੇਪ ਰਹਿੰਦਾ ਹੈ ॥੨॥
(ਜਿਹੜਾ ਮਨੁੱਖ ਹਉਮੈ ਦੇ ਬੰਧਨਾਂ ਨਾਲ ਬੱਝਾ ਪਿਆ ਹੈ ਉਹ) ਜਾਗਦਾ ਸੁੱਤਾ ਹਰ ਵੇਲੇ ਹੀ ਭਟਕਣਾ ਵਿਚ ਪੈ ਕੇ ਖ਼ੁਆਰ ਹੁੰਦਾ ਹੈ।
ਹੇ ਮਿੱਤਰ! ਗੁਰੂ ਦੀ ਸਰਨ ਤੋਂ ਬਿਨਾ ਇਹਨਾਂ ਬੰਧਨਾਂ ਤੋਂ ਖ਼ਲਾਸੀ ਨਹੀਂ ਹੁੰਦੀ।
ਜਿਸ ਮਨੁੱਖ ਦੇ ਹਉਮੈ ਦੇ ਬੰਧਨ ਗੁਰੂ ਦੀ ਸੰਗਤ ਵਿਚ ਟਿਕ ਕੇ ਟੁੱਟ ਜਾਂਦੇ ਹਨ, ਉਹ ਹਰ ਥਾਂ ਇਕ ਪਰਮਾਤਮਾ ਨੂੰ ਹੀ ਵੇਖਦਾ ਹੈ ॥੩॥
(ਜਿਹੜਾ ਮਨੁੱਖ ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ ਧਾਰਮਿਕ) ਕਰਮ ਕਰਦਾ ਰਹਿੰਦਾ ਹੈ ਉਹ ਇਹਨਾਂ ਕਰਮਾਂ ਦੇ ਜਾਲ ਵਿਚ ਜਕੜਿਆ ਰਹਿੰਦਾ ਹੈ, ਤੇ, ਜੇ ਉਹ ਕਿਸੇ ਵੇਲੇ ਇਹ ਕਰਮ ਨਹੀਂ ਕਰਦਾ, ਤਾਂ ਕਰਮ-ਕਾਂਡੀ ਲੋਕ ਉਸ ਦੀ ਨਿੰਦਾ ਕਰਦੇ ਹਨ।
ਸੋ, ਉਸ ਦਾ ਮਨ ਮੋਹ ਵਿਚ ਡੁੱਬਾ ਰਹਿੰਦਾ ਹੈ ਚਿੰਤਾ ਨਾਲ ਨੱਪਿਆ ਰਹਿੰਦਾ ਹੈ।
ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਸੁਖ ਅਤੇ ਦੁੱਖ ਨੂੰ ਇਕੋ ਜਿਹਾ ਸਮਝਦਾ ਹੈ ਉਹ ਹਰੇਕ ਸਰੀਰ ਵਿਚ ਇਕੋ ਪ੍ਰਭੂ ਨੂੰ ਵੱਸਦਾ ਵੇਖਦਾ ਹੈ ॥੪॥
ਜਗਤ (ਦੇ ਧੰਧਿਆਂ) ਵਿਚ (ਮਨੁੱਖ ਨੂੰ ਕੋਈ ਨ ਕੋਈ) ਸਹਮ ਨੱਪੀ ਹੀ ਰੱਖਦਾ ਹੈ;
ਉਸ ਨੂੰ ਅਕੱਥ ਅਗੋਚਰ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁੱਝਦੀ ਹੀ ਨਹੀਂ।
(ਪਰ ਜੀਵ ਦੇ ਕੀਹ ਵੱਸ?) ਉਹੀ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਬਖ਼ਸ਼ਦਾ ਹੈ। ਉਸ ਮਨੁੱਖ ਨੂੰ ਪਰਮਾਤਮਾ ਬੱਚੇ ਵਾਂਗ ਪਾਲਦਾ ਹੈ ॥੫॥
(ਜਦੋਂ ਕੋਈ ਮਨੁੱਖ ਤਿਆਗੀ ਬਣ ਕੇ ਮਾਇਆ ਨੂੰ ਆਪਣੇ ਵੱਲੋਂ) ਛੱਡ ਬੈਠਦਾ ਹੈ ਤਦੋਂ (ਭੀ ਮਾਇਆ) ਖ਼ਲਾਸੀ ਨਹੀਂ ਕਰਦੀ।
ਜਦੋਂ ਕੋਈ ਮਨੁੱਖ ਮਾਇਆ ਇਕੱਠੀ ਕਰਦਾ ਜਾਂਦਾ ਹੈ ਤਦੋਂ (ਇਕੱਠੀ ਕਰਨ ਵਾਲੇ ਦੇ) ਮਨ ਵਿਚ ਡਰ ਬਣਿਆ ਰਹਿੰਦਾ ਹੈ (ਕਿ ਕਿਤੇ ਹੱਥੋਂ ਚਲੀ ਨਾਹ ਜਾਏ)।
ਇਸ ਮਾਇਆ ਦੇ ਵਿਚ ਰਹਿੰਦਿਆਂ ਹੀ ਪਰਮਾਤਮਾ ਆਪ ਜਿਸ ਮਨੁੱਖ ਦੀ ਇੱਜ਼ਤ ਰੱਖਦਾ ਹੈ, ਉਸ ਗੁਰਮੁਖ ਦੇ ਸਿਰ ਉਤੇ ਚੰਵਰ ਝੁਲਾਇਆ ਜਾਂਦਾ ਹੈ ॥੬॥
ਜਿਹੜਾ ਮਨੁੱਖ ਮਾਇਆ ਦੇ ਟਾਕਰੇ ਤੇ ਸੂਰਮਾ ਬਣਦਾ ਹੈ ਉਸੇ ਨੂੰ ਹੀ ਮਾਇਆ ਵਲੋਂ ਉਪਰਾਮਤਾ ਮਿਲਦੀ ਹੈ;
ਪਰ ਜਿਹੜਾ ਮਨੁੱਖ (ਮਾਇਆ ਤੋਂ) ਭਾਂਜ ਖਾ ਜਾਂਦਾ ਹੈ ਉਸ ਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ।
(ਸੂਰਮਾ ਮਨੁੱਖ) ਉਸੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਜਿਹੜਾ ਭਾਣਾ ਪਰਮਾਤਮਾ ਵਰਤਾਂਦਾ ਹੈ; ਉਹ ਮਨੁੱਖ ਰਜ਼ਾ ਨੂੰ ਸਮਝ ਕੇ (ਆਪਣੇ ਅੰਦਰੋਂ) ਖੋਟੀ ਮੱਤ ਨੂੰ ਸਾੜ ਦੇਂਦਾ ਹੈ ॥੭॥
ਹੇ ਪ੍ਰਭੂ! ਤੂੰ ਜਿਸ ਜਿਸ ਕੰਮ ਵਿਚ ਜੀਵਾਂ ਨੂੰ ਲਾਂਦਾ ਹੈਂ, ਉਸੇ ਉਸੇ ਕੰਮ ਵਿਚ ਜੀਵ ਲੱਗਦੇ ਹਨ।
ਪਰਮਾਤਮਾ ਆਪਣੀ ਮਰਜ਼ੀ ਦੇ ਕੰਮ ਕਰ ਕਰ ਕੇ ਆਪ ਹੀ ਉਹਨਾਂ ਨੂੰ ਵੇਖਦਾ ਹੈ।
ਹੇ ਨਾਨਕ ਨੂੰ ਸਾਰੇ ਸੁਖ ਦੇਣ ਵਾਲੇ ਪ੍ਰਭੂ! ਜੇ ਤੂੰ (ਆਪਣੇ ਨਾਮ ਦੀ ਦਾਤਿ) ਦੇਵੇਂ ਤਾਂ ਹੀ ਤੇਰਾ ਨਾਮ ਹਿਰਦੇ ਵਿਚ ਵਸਾਇਆ ਜਾ ਸਕਦਾ ਹੈ ॥੮॥੧॥੭॥
(ਜਿਵੇਂ ਸੂਰਜ ਡੁੱਬਣ ਵੇਲੇ ਅਨੇਕਾਂ ਪੰਛੀ ਕਿਸੇ ਰੁੱਖ ਉਤੇ ਆ ਇਕੱਠੇ ਹੁੰਦੇ ਹਨ, ਇਸੇ ਤਰ੍ਹਾਂ) ਇਸ ਆਕਾਸ਼-ਰੁੱਖ ਹੇਠ ਸਾਰੇ ਜੀਵ-ਜੰਤ ਆ ਇਕੱਠੇ ਹੋਏ ਹਨ,
ਕਈ ਖਰ੍ਹਵੇ ਬੋਲਦੇ ਹਨ ਕਈ ਮਿੱਠੇ ਬੋਲ ਬੋਲਦੇ ਹਨ।
ਡੁੱਬਾ ਹੋਇਆ ਸੂਰਜ ਜਦੋਂ ਆਕਾਸ਼ ਵਿਚ ਮੁੜ ਚੜ੍ਹ ਪੈਂਦਾ ਹੈ ਤਾਂ (ਪੰਛੀ ਰੁੱਖ ਉਤੋਂ) ਉੱਠ ਕੇ ਉੱਡ ਜਾਂਦੇ ਹਨ (ਤਿਵੇਂ ਹੀ) ਜਿਉਂ ਜਿਉਂ (ਜੀਵਾਂ ਦੀ) ਉਮਰ ਮੁੱਕ ਜਾਂਦੀ ਹੈ (ਪੰਛੀਆਂ ਵਾਂਗ ਇਥੋਂ ਕੂਚ ਕਰ ਜਾਂਦੇ ਹਨ) ॥੧॥
ਇਥੇ ਪਾਪ ਕਰਨ ਵਾਲੇ ਜੀਵ (ਆਪਣੇ ਆਤਮਕ ਜੀਵਨ ਦਾ ਸਰਮਾਇਆ) ਜ਼ਰੂਰ ਲੁਟਾ ਜਾਂਦੇ ਹਨ,
ਪਾਪ ਕਰਨ ਵਾਲਿਆਂ ਨੂੰ ਮੌਤ ਦਾ ਫ਼ਰਿਸ਼ਤਾ ਫੜ ਫੜ ਕੇ ਕੁਹੀ ਜਾਂਦਾ ਹੈ।