ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1367


ਕਬੀਰ ਥੋਰੈ ਜਲਿ ਮਾਛੁਲੀ ਝੀਵਰਿ ਮੇਲਿਓ ਜਾਲੁ ॥

ਹੇ ਕਬੀਰ! ਥੋੜ੍ਹੇ ਪਾਣੀ ਵਿਚ ਮੱਛੀ ਰਹਿੰਦੀ ਹੋਵੇ, ਤਾਂ ਝੀਊਰ ਆ ਕੇ ਜਾਲ ਪਾ ਲੈਂਦਾ ਹੈ (ਤਿਵੇਂ ਜੇ ਜੀਵ ਦੁਨਿਆਵੀ ਭੋਗ ਵਿੱਦਿਆ ਧਨ ਆਦਿਕ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਏ ਤਾਂ ਮਾਇਆ ਦੇ 'ਪਾਂਚਉ ਲਰਿਕਾ' ਅਸਾਨੀ ਨਾਲ ਹੀ ਗ੍ਰਸ ਲੈਂਦੇ ਹਨ)।

ਇਹ ਟੋਘਨੈ ਨ ਛੂਟਸਹਿ ਫਿਰਿ ਕਰਿ ਸਮੁੰਦੁ ਸਮੑਾਲਿ ॥੪੯॥

ਹੇ ਮੱਛੀ! ਇਸ ਟੋਏ ਵਿਚ ਰਹਿ ਕੇ ਤੂੰ ਝੀਊਰ ਦੇ ਜਾਲ ਤੋਂ ਬਚ ਨਹੀਂ ਸਕਦੀ, ਜੇ ਬਚਣਾ ਹੈ ਤਾਂ ਸਮੁੰਦਰ ਲੱਭ (ਹੇ ਜਿੰਦੇ! ਇਹਨਾਂ ਭੋਗ-ਪਦਾਰਥਾਂ ਨੂੰ ਆਸਰਾ ਬਣਾਇਆਂ ਤੂੰ ਕਾਮਾਦਿਕ ਦੀ ਮਾਰ ਤੋਂ ਬਚ ਨਹੀਂ ਸਕਦੀ; ਇਹ ਹੋਛੇ ਆਸਰੇ ਛੱਡ, ਤੇ ਪਰਮਾਤਮਾ ਨੂੰ ਲੱਭ) ॥੪੯॥

ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ ॥

ਹੇ ਕਬੀਰ! ਸਮੁੰਦਰ ਨਾਹ ਛੱਡੀਏ, ਚਾਹੇ (ਉਸ ਦਾ ਪਾਣੀ) ਬੜਾ ਹੀ ਖਾਰਾ ਹੋਵੇ;

ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ ॥੫੦॥

ਨਿੱਕੇ ਨਿੱਕੇ ਛੱਪੜਾਂ ਵਿਚ (ਜਿੰਦ ਦਾ ਆਸਰਾ) ਢੂੰਢਿਆਂ-ਕੋਈ ਨਹੀਂ ਆਖਦਾ ਕਿ ਇਹ ਕੰਮ ਚੰਗਾ ਹੈ ॥੫੦॥

ਕਬੀਰ ਨਿਗੁਸਾਂਏਂ ਬਹਿ ਗਏ ਥਾਂਘੀ ਨਾਹੀ ਕੋਇ ॥

ਹੇ ਕਬੀਰ! (ਇਹ ਸੰਸਾਰ, ਮਾਨੋ ਸਮੁੰਦਰ ਹੈ, ਜਿਸ ਵਿਚੋਂ ਦੀ ਜੀਵਾਂ ਦੇ ਜ਼ਿੰਦਗੀ ਦੇ ਬੇੜੇ ਤਰ ਕੇ ਲੰਘ ਰਹੇ ਹਨ, ਪਰ) ਜੋ ਬੇੜੇ ਨਿ-ਖਸਮੇ ਹੁੰਦੇ ਹਨ ਜਿਨ੍ਹਾਂ ਉਤੇ ਕੋਈ ਗੁਰੂ-ਮਲਾਹ ਨਹੀਂ ਹੁੰਦਾ ਉਹ ਡੁੱਬ ਜਾਂਦੇ ਹਨ।

ਦੀਨ ਗਰੀਬੀ ਆਪੁਨੀ ਕਰਤੇ ਹੋਇ ਸੁ ਹੋਇ ॥੫੧॥

ਜਿਨ੍ਹਾਂ ਬੰਦਿਆਂ ਨੇ (ਆਪਣੀ ਸਿਆਣਪ ਛੱਡ ਕੇ) ਨਿਮ੍ਰਤਾ ਤੇ ਗ਼ਰੀਬੀ ਧਾਰ ਕੇ (ਗੁਰੂ-ਮਲਾਹ ਦਾ ਆਸਰਾ ਲਿਆ ਹੈ, ਉਹ ਸੰਸਾਰ-ਸਮੁੰਦਰ ਦੀਆਂ ਠਿੱਲਾਂ ਵੇਖ ਕੇ) ਜੋ ਹੁੰਦਾ ਹੈ ਉਸ ਨੂੰ ਕਰਤਾਰ ਦੀ ਰਜ਼ਾ ਜਾਣ ਕੇ ਬੇ-ਫ਼ਿਕਰ ਰਹਿੰਦੇ ਹਨ (ਉਹਨਾਂ ਨੂੰ ਆਪਣੇ ਬੇੜੇ ਦੇ ਡੁੱਬਣ ਦਾ ਕੋਈ ਫ਼ਿਕਰ ਨਹੀਂ ਹੁੰਦਾ ਹੈ) ॥੫੧॥

ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ ॥

ਹੇ ਕਬੀਰ! (ਕਿਸੇ) ਭਗਤ ਦੀ ਕੁੱਤੀ ਭੀ ਭਾਗਾਂ ਵਾਲੀ ਜਾਣ, ਪਰ ਰੱਬ ਤੋਂ ਟੁੱਟੇ ਹੋਏ ਬੰਦੇ ਦੀ ਮਾਂ ਭੀ ਮੰਦ-ਭਾਗਣ ਹੈ;

ਓਹ ਨਿਤ ਸੁਨੈ ਹਰਿ ਨਾਮ ਜਸੁ ਉਹ ਪਾਪ ਬਿਸਾਹਨ ਜਾਇ ॥੫੨॥

ਕਿਉਂਕਿ ਉਹ ਭਗਤ ਸਦਾ ਹਰਿ-ਨਾਮ ਦੀ ਵਡਿਆਈ ਕਰਦਾ ਹੈ ਉਸ ਦੀ ਸੰਗਤ ਵਿਚ ਰਹਿ ਕੇ ਉਹ ਕੁੱਤੀ ਭੀ ਸੁਣਦੀ ਹੈ, (ਸਾਕਤ ਨਿਤ ਪਾਪ ਕਮਾਂਦਾ ਹੈ, ਉਸ ਦੇ ਕੁਸੰਗ ਵਿਚ) ਉਸ ਦੀ ਮਾਂ ਭੀ ਪਾਪਾਂ ਦੀ ਭਾਗਣ ਬਣਦੀ ਹੈ ॥੫੨॥

ਕਬੀਰ ਹਰਨਾ ਦੂਬਲਾ ਇਹੁ ਹਰੀਆਰਾ ਤਾਲੁ ॥

ਹੇ ਕਬੀਰ! ਇਹ ਜਗਤ ਇਕ ਐਸਾ ਸਰੋਵਰ ਹੈ ਜਿਸ ਵਿਚ ਬੇਅੰਤ ਮਾਇਕ ਭੋਗਾਂ ਦੀ ਹਰਿਆਵਲ ਹੈ, ਮੇਰੀ ਇਹ ਜਿੰਦ-ਰੂਪ ਹਰਨ ਕਮਜ਼ੋਰ ਹੈ (ਇਸ ਹਰਿਆਵਲ ਵਲ ਜਾਣ ਤੋਂ ਰਹਿ ਨਹੀਂ ਸਕਦਾ)।

ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥੫੩॥

ਮੇਰੀ ਜਿੰਦ ਇੱਕ-ਇਕੱਲੀ ਹੈ, (ਇਸ ਨੂੰ ਫਸਾਣ ਲਈ ਮਾਇਕ ਭੋਗ) ਲੱਖਾਂ ਸ਼ਿਕਾਰੀ ਹਨ, (ਇਹਨਾਂ ਦੀ ਮਾਰ ਤੋਂ ਆਪਣੇ ਉੱਦਮ ਨਾਲ) ਮੈਂ ਬਹੁਤਾ ਚਿਰ ਬਚ ਨਹੀਂ ਸਕਦਾ ॥੫੩॥

ਕਬੀਰ ਗੰਗਾ ਤੀਰ ਜੁ ਘਰੁ ਕਰਹਿ ਪੀਵਹਿ ਨਿਰਮਲ ਨੀਰੁ ॥

ਹੇ ਕਬੀਰ! ਜੇ ਤੂੰ ਗੰਗਾ ਦੇ ਕੰਢੇ ਉਤੇ (ਰਹਿਣ ਲਈ) ਆਪਣਾ ਘਰ ਬਣਾ ਲਏਂ, ਤੇ (ਗੰਗਾ ਦਾ) ਸਾਫ਼ ਪਾਣੀ ਪੀਂਦਾ ਰਹੇਂ,

ਬਿਨੁ ਹਰਿ ਭਗਤਿ ਨ ਮੁਕਤਿ ਹੋਇ ਇਉ ਕਹਿ ਰਮੇ ਕਬੀਰ ॥੫੪॥

ਤਾਂ ਭੀ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ ('ਲਾਖ ਅਹੇਰੀ' ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਕਬੀਰ ਤਾਂ ਇਹ ਗੱਲ ਦੱਸ ਕੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਹੈ ॥੫੪॥

ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ ॥

ਹੇ ਕਬੀਰ! (ਗੰਗਾ ਆਦਿਕ ਤੀਰਥਾਂ ਦੇ ਸਾਫ਼ ਜਲ ਦੇ ਕੰਢੇ ਰਿਹੈਸ਼ ਰੱਖਿਆਂ ਤਾਂ ਕਾਮਾਦਿਕ ਵਿਕਾਰ ਖ਼ਲਾਸੀ ਨਹੀਂ ਕਰਦੇ, ਤੇ ਨਾਹ ਹੀ ਮਨ ਪਵਿਤ੍ਰ ਹੋ ਸਕਦਾ ਹੈ, ਪਰ) ਜਦੋਂ (ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਿਆਂ) ਮੇਰਾ ਮਨ ਗੰਗਾ ਦੇ ਸਾਫ਼ ਪਾਣੀ ਵਰਗਾ ਪਵਿੱਤ੍ਰ ਹੋ ਗਿਆ,

ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥੫੫॥

ਤਾਂ ਪਰਮਾਤਮਾ ਮੈਨੂੰ ਕਬੀਰ ਕਬੀਰ ਆਖ ਕੇ ('ਵਾਜਾਂ ਮਾਰਦਾ) ਮੇਰੇ ਪਿੱਛੇ ਤੁਰਿਆ ਫਿਰੇਗਾ ॥੫੫॥

ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ ॥

ਹੇ ਕਬੀਰ! ਹਲਦੀ ਪੀਲੇ ਰੰਗ ਦੀ ਹੁੰਦੀ ਹੈ, ਚੂਨਾ ਸਫ਼ੈਦ ਹੁੰਦਾ ਹੈ (ਪਰ ਜਦੋਂ ਇਹ ਦੋਵੇਂ ਮਿਲਦੇ ਹਨ ਤਾਂ ਦੋਹਾਂ ਦਾ ਰੰਗ ਦੂਰ ਹੋ ਜਾਂਦਾ ਹੈ, ਤੇ ਲਾਲ ਰੰਗ ਪੈਦਾ ਹੋ ਜਾਂਦਾ ਹੈ; ਇਸੇ ਤਰ੍ਹਾਂ)

ਰਾਮ ਸਨੇਹੀ ਤਉ ਮਿਲੈ ਦੋਨਉ ਬਰਨ ਗਵਾਇ ॥੫੬॥

ਪਰਮਾਤਮਾ ਨਾਲ ਪਿਆਰ ਕਰਨ ਵਾਲਾ ਮਨੁੱਖ ਪਰਮਾਤਮਾ ਨੂੰ ਤਦੋਂ ਮਿਲਿਆ ਸਮਝੋ, ਜਦੋਂ ਮਨੁੱਖ ਉੱਚੀ ਨੀਵੀਂ ਦੋਵੇਂ ਜਾਤੀਆਂ (ਦਾ ਵਿਤਕਰਾ) ਮਿਟਾ ਦੇਂਦਾ ਹੈ, (ਤੇ ਉਸ ਦੇ ਅੰਦਰ ਸਭ ਜੀਵਾਂ ਵਿਚ ਇੱਕ ਪ੍ਰਭੂ ਦੀ ਜੋਤਿ ਹੀ ਵੇਖਣ ਦੀ ਸੂਝ ਪੈਦਾ ਹੋ ਜਾਂਦੀ ਹੈ) ॥੫੬॥

ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ ॥

ਹੇ ਕਬੀਰ! (ਜਦੋਂ ਹਲਦੀ ਤੇ ਚੂਨਾ ਮਿਲਦੇ ਹਨ ਤਾਂ) ਹਲਦੀ ਆਪਣਾ ਪੀਲਾ ਰੰਗ ਛੱਡ ਦੇਂਦੀ ਹੈ, ਚੂਨੇ ਦਾ ਚਿੱਟਾ ਰੰਗ ਨਹੀਂ ਰਹਿੰਦਾ, (ਇਸੇ ਤਰ੍ਹਾਂ ਸਿਮਰਨ ਦੀ ਬਰਕਤਿ ਨਾਲ ਨੀਵੀਂ ਜਾਤਿ ਵਾਲੇ ਮਨੁੱਖ ਦੇ ਅੰਦਰੋਂ ਨੀਵੀਂ ਜਾਤਿ ਵਾਲੀ ਢਹਿੰਦੀ ਕਲਾ ਮਿਟ ਜਾਂਦੀ ਹੈ, ਤੇ ਉੱਚੀ ਜਾਤਿ ਵਾਲੇ ਦੇ ਮਨ ਵਿਚੋਂ ਉੱਚਤਾ ਦਾ ਮਾਣ ਦੂਰ ਹੁੰਦਾ ਹੈ)।

ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ ॥੫੭॥

ਮੈਂ ਸਦਕੇ ਹਾਂ ਇਸ ਪ੍ਰਭੂ-ਪ੍ਰੀਤ ਤੋਂ, ਜਿਸ ਦਾ ਸਦਕਾ ਉੱਚੀ ਨੀਵੀਂ ਜਾਤਿ ਵਰਨ ਕੁਲ (ਦਾ ਫ਼ਰਕ) ਮਿਟ ਜਾਂਦਾ ਹੈ ॥੫੭॥

ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ ॥

ਹੇ ਕਬੀਰ! ਉਹ ਦਰਵਾਜ਼ਾ ਜਿਸ ਵਿਚੋਂ ਦੀ ਲੰਘ ਕੇ 'ਲਾਖ ਅਹੇਰੀ' ਅਤੇ 'ਪਾਂਚਉ ਲਰਿਕਾ' ਤੋਂ ਖ਼ਲਾਸੀ ਹੁੰਦੀ ਹੈ, ਬਹੁਤ ਭੀੜਾ ਹੈ, ਰਾਈ ਦੇ ਦਾਣੇ ਤੋਂ ਭੀ ਦਸਵਾਂ ਹਿੱਸਾ ਸਮਝੋ,

ਮਨੁ ਤਉ ਮੈਗਲੁ ਹੋਇ ਰਹਿਓ ਨਿਕਸੋ ਕਿਉ ਕੈ ਜਾਇ ॥੫੮॥

ਪਰ ਜਿਸ ਮਨੁੱਖ ਦਾ ਮਨ ਤੀਰਥ-ਇਸ਼ਨਾਨ ਅਤੇ ਉੱਚੀ ਜਾਤਿ ਵਿਚ ਜਨਮ ਲੈਣ ਦੇ ਅਹੰਕਾਰ ਨਾਲ ਮਸਤ ਹਾਥੀ ਵਰਗਾ ਬਣਿਆ ਪਿਆ ਹੈ, ਉਹ ਇਸ ਦਰਵਾਜ਼ੇ ਵਿਚੋਂ ਦੀ ਨਹੀਂ ਲੰਘ ਸਕਦਾ ॥੫੮॥

ਕਬੀਰ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥

ਹੇ ਕਬੀਰ! ਜੇ ਕੋਈ ਅਜਿਹਾ ਗੁਰੂ ਮਿਲ ਪਏ, ਜੋ ਪ੍ਰਸੰਨ ਹੋ ਕੇ (ਮਨੁੱਖ ਉਤੇ) ਮੇਹਰ ਕਰੇ,

ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੫੯॥

ਤਾਂ ਉਹ ਦਰਵਾਜ਼ਾ ਜਿਸ ਰਾਹੀਂ ਇਹਨਾਂ ਕਾਮਾਦਿਕਾਂ ਤੋਂ ਖ਼ਲਾਸੀ ਹੋ ਸਕਦੀ ਹੈ, ਖੁੱਲ੍ਹਾ ਹੋ ਜਾਂਦਾ ਹੈ, (ਗੁਰੂ-ਦਰ ਤੋਂ ਮਿਲੀ) ਅਡੋਲ ਅਵਸਥਾ ਵਿਚ ਟਿਕ ਕੇ ਫਿਰ ਬੇ-ਸ਼ੱਕ ਕਿਰਤ-ਕਾਰ ਕਰਦੇ ਫਿਰੋ ॥੫੯॥

ਕਬੀਰ ਨਾ ਮੁੋਹਿ ਛਾਨਿ ਨ ਛਾਪਰੀ ਨਾ ਮੁੋਹਿ ਘਰੁ ਨਹੀ ਗਾਉ ॥

ਹੇ ਕਬੀਰ! ਮੇਰੇ ਪਾਸ ਨਾਹ ਕੋਈ ਛੰਨ ਨਾਹ ਕੁੱਲੀ; ਨਾਹ ਮੇਰੇ ਪਾਸ ਕੋਈ ਘਰ ਨਾਹ ਗਿਰਾਂ;

ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ ਨਾਉ ॥੬੦॥

ਜਿਵੇਂ ਮੇਰੇ ਮਨ ਵਿਚ ਜਾਤਿ ਦਾ ਕੋਈ ਵਿਤਕਰਾ ਨਹੀਂ ਤਿਵੇਂ ਮਲਕੀਅਤ ਦੇ ਨਾਮਣੇ ਦੀ ਕੋਈ ਚਾਹ ਨਹੀਂ (ਜੇ ਜਾਤਿ-ਅਭਿਮਾਨ ਤੇ ਮਾਇਆ ਦੀ ਮਮਤਾ ਛੱਡ ਦੇਈਏ ਤਾਂ) ਸ਼ਾਇਦ ਪਰਮਾਤਮਾ (ਅਸਾਡੀ) ਵਾਤ ਪੁੱਛ ਲਏ ॥੬੦॥

ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥

ਹੇ ਕਬੀਰ! ਮੇਰੇ ਅੰਦਰ ਤਾਂਘ ਹੈ ਕਿ ਮੈਂ ਆਪਾ-ਭਾਵ ਮਿਟਾ ਦਿਆਂ, ਮਮਤਾ ਮੁਕਾ ਦਿਆਂ; ਪਰ ਇਹ ਆਪਾ-ਭਾਵ ਤਦੋਂ ਹੀ ਮਿਟ ਸਕਦਾ ਹੈ ਜੇ ਪ੍ਰਭੂ ਦੇ ਦਰ ਤੇ ਡਿੱਗ ਪਈਏ,

ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥

(ਇਸ ਤਰ੍ਹਾਂ ਕੋਈ ਅਜਬ ਗੱਲ ਨਹੀਂ ਕਿ ਮੇਹਰ ਕਰ ਕੇ ਉਹ ਬਖ਼ਸ਼ਿੰਦ) ਪ੍ਰਭੂ ਕਦੇ ਪੁੱਛ ਹੀ ਬਹੇ ਕਿ ਮੇਰੇ ਦਰਵਾਜ਼ੇ ਉਤੇ ਕੌਣ ਡਿੱਗ ਪਿਆ ਹੈ ॥੬੧॥

ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥

ਹੇ ਕਬੀਰ! ਇਹ ਮੇਰੀ ਹਿੰਮਤ ਨਹੀਂ ਸੀ ਕਿ ਕਾਮਾਦਿਕ 'ਲਾਖ ਅਹੇਰੀ' ਦੀ ਮਾਰ ਤੋਂ ਬਚ ਕੇ ਮੈਂ ਪ੍ਰਭੂ-ਚਰਨਾਂ ਵਿਚ ਜੁੜ ਸਕਦਾ; ਅਗਾਂਹ ਨੂੰ ਭੀ ਮੇਰੇ ਵਿਚ ਇਹ ਤਾਕਤ ਨਹੀਂ ਆ ਸਕਦੀ ਕਿ ਖ਼ੁਦ ਇਹਨਾਂ ਵਿਕਾਰਾਂ ਦਾ ਟਾਕਰਾ ਕਰਾਂ, ਮੇਰਾ ਇਹ ਸਰੀਰ ਇਤਨੇ ਜੋਗਾ ਹੈ ਹੀ ਨਹੀਂ।

ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥੬੨॥

ਅਸਲ ਗੱਲ ਇਹ ਹੈ ਕਿ ਕਾਮਾਦਿਕਾਂ ਨੂੰ ਜਿੱਤ ਕੇ ਜੋ ਥੋੜ੍ਹੀ-ਬਹੁਤ ਭਗਤੀ ਮੈਥੋਂ ਹੋਈ ਹੈ ਇਹ ਸਭ ਕੁਝ ਪ੍ਰਭੂ ਨੇ ਆਪ ਕੀਤਾ ਹੈ ਤੇ (ਉਸ ਦੀ ਮੇਹਰ ਨਾਲ) ਕਬੀਰ (ਭਗਤ) ਮਸ਼ਹੂਰ ਹੋ ਗਿਆ ਹੈ ॥੬੨॥

ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ ॥

ਹੇ ਕਬੀਰ! ਸੁੱਤੇ ਪਿਆਂ ਸੁਪਨੇ ਵਿਚ ਉੱਚੀ ਬੋਲਿਆਂ ਜੇ ਕਿਸੇ ਮਨੁੱਖ ਦੇ ਮੂੰਹੋਂ ਪਰਮਾਤਮਾ ਦਾ ਨਾਮ ਨਿਕਲੇ ਤਾਂ,

ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ ॥੬੩॥

ਉਸ ਦੇ ਪੈਰਾਂ ਦੀ ਜੁੱਤੀ ਵਾਸਤੇ ਮੇਰੇ ਸਰੀਰ ਦੀ ਖੱਲ ਹਾਜ਼ਰ ਹੈ (ਭਾਵ, ਮੈਂ ਹਰ ਤਰ੍ਹਾਂ ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ) ॥੬੩॥

ਕਬੀਰ ਮਾਟੀ ਕੇ ਹਮ ਪੂਤਰੇ ਮਾਨਸੁ ਰਾਖਿਓੁ ਨਾਉ ॥

ਹੇ ਕਬੀਰ! ਅਸੀਂ ਮਿੱਟੀ ਦੀਆਂ ਪੁਤਲੀਆਂ ਹਾਂ, ਅਸਾਂ ਆਪਣੇ ਆਪ ਦਾ ਨਾਮ ਤਾਂ ਮਨੁੱਖ ਰੱਖ ਲਿਆ ਹੈ (ਪਰ ਰਹੇ ਅਸੀਂ ਮਿੱਟੀ ਦੇ ਹੀ ਪੁਤਲੇ, ਕਿਉਂਕਿ ਜਿਸ ਪਰਮਾਤਮਾ ਨੇ ਅਸਾਡਾ ਇਹ ਪੁਤਲਾ ਸਜਾ ਕੇ ਇਸ ਵਿਚ ਆਪਣੀ ਜੋਤਿ ਪਾਈ ਹੈ ਉਸ ਨੂੰ ਵਿਸਾਰ ਕੇ ਮਿੱਟੀ ਨਾਲ ਹੀ ਪਿਆਰ ਕਰ ਰਹੇ ਹਾਂ);

ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿ ਠਾਉ ॥੬੪॥

ਅਸੀਂ ਇਥੇ ਚਾਰ ਦਿਨਾਂ ਲਈ ਪ੍ਰਾਹੁਣੇ ਹਾਂ ਪਰ ਵਧੀਕ ਵਧੀਕ ਥਾਂ ਮੱਲਦੇ ਜਾ ਰਹੇ ਹਾਂ ॥੬੪॥

ਕਬੀਰ ਮਹਿਦੀ ਕਰਿ ਘਾਲਿਆ ਆਪੁ ਪੀਸਾਇ ਪੀਸਾਇ ॥

ਹੇ ਕਬੀਰ! (ਮਹਿੰਦੀ ਪੀਹ ਪੀਹ ਕੇ ਬਾਰੀਕ ਕਰੀਦੀ ਹੈ, ਤੇ ਫਿਰ ਪੈਰੀਂ ਲਾਈਦੀ ਹੈ। ਇਸ ਤਰ੍ਹਾਂ ਮਹਿੰਦੀ ਦੇ ਸਹੇ ਹੋਏ ਕਸ਼ਟ ਮਾਨੋ, ਕਬੂਲ ਪੈ ਜਾਂਦੇ ਹਨ; ਪਰ)

ਤੈ ਸਹ ਬਾਤ ਨ ਪੂਛੀਐ ਕਬਹੁ ਨ ਲਾਈ ਪਾਇ ॥੬੫॥

ਜਿਸ ਮਨੁੱਖ ਨੇ ਆਪਣੇ ਆਪ ਨੂੰ ਤਪ ਆਦਿਕਾਂ ਦੇ ਕਸ਼ਟ ਦੇ ਕੇ ਬੜੀ ਘਾਲ ਘਾਲੀ ਜਿਵੇਂ ਮਹਿੰਦੀ ਨੂੰ ਪੀਹ ਪੀਹ ਕੇ ਬਾਰੀਕ ਕਰੀਦਾ ਹੈ, ਹੇ ਪ੍ਰਭੂ! ਤੂੰ ਉਸ ਦੀ ਘਾਲ-ਕਮਾਈ ਵਲ ਤਾਂ ਪਰਤ ਕੇ ਤੱਕਿਆ ਭੀ ਨਾ, ਤੂੰ ਉਸ ਨੂੰ ਕਦੇ ਆਪਣੇ ਚਰਨਾਂ ਵਿਚ ਨਾਹ ਜੋੜਿਆ ॥੬੫॥

ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ ॥

ਹੇ ਕਬੀਰ! ਜਿਸ ਦਰ ਤੇ ਟਿਕੇ ਰਿਹਾਂ ('ਲਾਖ ਅਹੇਰੀ', 'ਪਾਂਚਉ ਲਰਿਕਾ' ਆਦਿਕ ਵਿਚੋਂ) ਕੋਈ ਭੀ (ਜੀਵਨ ਦੇ ਸਹੀ ਰਾਹ ਵਿਚ ਰੋਕ ਨਹੀਂ ਪਾ ਸਕਦਾ,

ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ ॥੬੬॥

ਜੋ ਦਰਵਾਜ਼ਾ ਅਜੇਹਾ ਹੈ ਉਹ ਦਰ ਕਦੇ ਛੱਡਣਾ ਨਹੀਂ ਚਾਹੀਦਾ ॥੬੬॥

ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਰਿ ਝਬਕਿ ॥

ਹੇ ਕਬੀਰ! (ਸੰਸਾਰ-ਸਮੁੰਦਰ ਵਿਚ) ਮੈਂ ਡੁੱਬ ਚੱਲਿਆ ਸਾਂ, ਪਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਲਹਿਰ ਦੇ ਧੱਕੇ ਨਾਲ (ਸੰਸਾਰਕ ਮੋਹ ਦੀਆਂ ਠਿੱਲਾਂ ਵਿਚੋਂ) ਮੈਂ ਉਤਾਂਹ ਚੁਕਿਆ ਗਿਆ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430