ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਬੰਦਿਆਂ ਨੂੰ ਹਿਰਦੇ-ਤਖ਼ਤ ਉਤੇ ਬੈਠੇ ਰਹਿਣ ਦੀ (ਭਾਵ, ਮਾਇਆ ਦੇ ਪਿੱਛੇ ਭਟਕਣ ਤੋਂ ਬਚੇ ਰਹਿਣ ਦੀ) ਇੱਜ਼ਤ ਮਿਲਦੀ ਹੈ, ਉਹਨਾਂ ਨੂੰ ਪਰਮਾਤਮਾ ਜਗਤ ਵਿਚ ਉੱਘਾ ਕਰ ਦੇਂਦਾ ਹੈ।
ਹੇ ਨਾਨਕ! ਗੁਰੂ-ਪਾਰਸ ਨੂੰ ਮਿਲ ਕੇ ਉਹ ਆਪ ਭੀ ਪਾਰਸ ਹੋ ਜਾਂਦੇ ਹਨ (ਉਹਨਾਂ ਦੇ ਅੰਦਰ ਭੀ ਇਹ ਸਮਰੱਥਾ ਆ ਜਾਂਦੀ ਹੈ ਕਿ ਮਾਇਆ-ਗ੍ਰਸੇ ਮਨਾਂ ਨੂੰ ਪ੍ਰਭੂ-ਚਰਨਾਂ ਵਿਚ ਜੋੜ ਸਕਣ), ਉਹ ਬੰਦੇ ਸਦਾ ਲਈ ਪਰਮਾਤਮਾ ਤੇ ਗੁਰੂ ਦੇ ਸਾਥੀ ਬਣ ਜਾਂਦੇ ਹਨ (ਉਹਨਾਂ ਦੀ ਸੁਰਤ ਸਦਾ ਗੁਰੂ-ਪ੍ਰਭੂ ਦੇ ਚਰਨਾਂ ਵਿਚ ਟਿਕੀ ਰਹਿੰਦੀ ਹੈ ॥੪॥੪॥੧੨॥
ਰਾਗ ਬਸੰਤੁ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਦੋ-ਤੁਕੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪ੍ਰਭੂ! ਸਾਰੇ ਮਹੀਨਿਆਂ ਵਿਚ ਸਾਰੀਆਂ ਰੁੱਤਾਂ ਵਿਚ ਸਦਾ ਖਿੜੇ ਰਹਿਣ ਵਾਲਾ ਤੂੰ ਆਪ ਹੀ ਮੌਜੂਦ ਹੈਂ,
ਜਿਸ (ਤੇਰੀ) ਬਰਕਤਿ ਨਾਲ ਹਰੇਕ ਜੀਵ ਸਜਿੰਦ ਹੈ।
ਮੈਂ ਤੁੱਛ ਜਿਹਾ ਜੀਵ ਕੀਹ ਆਖ ਸਕਦਾ ਹਾਂ?
ਕਿਸੇ ਨੇ ਭੀ ਤੇਰਾ ਨਾਹ ਮੁੱਢ ਲੱਭਾ ਹੈ ਨਾਹ ਅਖ਼ੀਰ ਲੱਭਾ ਹੈ ॥੧॥
ਹੇ ਮਾਲਕ! ਜਿਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ,
ਹੇ ਪ੍ਰਭੂ ਦੇਵ! ਉਹ ਸਭ ਤੋਂ ਉੱਚਾ ਆਤਮਕ ਆਨੰਦ ਮਾਣਦੇ ਹਨ ॥੧॥ ਰਹਾਉ ॥
(ਜਦੋਂ ਕਿਸੇ ਮਨੁੱਖ ਉੱਤੇ ਪਰਮਾਤਮਾ ਦੀ) ਬਖ਼ਸ਼ਸ਼ ਹੁੰਦੀ ਹੈ, ਤਦੋਂ ਉਹ (ਪਰਮਾਤਮਾ ਦੀ) ਸੇਵਾ-ਭਗਤੀ ਕਰਦਾ ਹੈ,
ਗੁਰੂ ਦੀ ਕਿਰਪਾ ਨਾਲ (ਉਹ ਮਨੁੱਖ) ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ,
ਉਹ ਮਨੁੱਖ ਹਰ ਵੇਲੇ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਉਚਾਰਦਾ ਰਹਿੰਦਾ ਹੈ,
ਤੇ, ਇਸ ਤਰੀਕੇ ਨਾਲ ਉਹ ਮਨੁੱਖ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ ॥੨॥
ਆਤਮਕ ਮੌਤ ਲਿਆਉਣ ਵਾਲੀ ਮਾਇਆ ਅਤੇ ਆਤਮਕ ਜੀਵਨ ਦੇਣ ਵਾਲਾ ਨਾਮ-ਇਹ ਕਰਤਾਰ ਨੇ (ਹੀ) ਪੈਦਾ ਕੀਤੇ ਹਨ।
ਜਗਤ-ਰੁੱਖ ਨੂੰ ਉਸ ਨੇ ਇਹ ਦੋਵੇਂ ਫਲ ਲਾਏ ਹੋਏ ਹਨ।
(ਸਰਬ-ਵਿਆਪਕ ਹੋ ਕੇ) ਕਰਤਾਰ ਆਪ ਹੀ (ਸਭ ਕੁਝ) ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ।
ਜਿਸ ਜੀਵ ਨੂੰ ਜਿਹੜਾ ਫਲ ਖਵਾਣ ਦੀ ਉਸ ਦੀ ਮਰਜ਼ੀ ਹੁੰਦੀ ਹੈ ਉਸੇ ਨੂੰ ਉਹੀ ਖਵਾ ਦੇਂਦਾ ਹੈ ॥੩॥
ਹੇ ਨਾਨਕ! ਜਿਸ ਮਨੁੱਖ ਉੱਤੇ ਕਰਤਾਰ ਮਿਹਰ ਦੀ ਨਿਗਾਹ ਕਰਦਾ ਹੈ,
ਉਸ ਨੂੰ ਆਪ ਹੀ ਉਹ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਦੇਂਦਾ ਹੈ।
(ਉਸ ਦੇ ਅੰਦਰੋਂ) ਮਾਇਆ ਦੀ ਲਾਲਸਾ ਰੋਕ ਦੇਂਦਾ ਹੈ।
ਆਪਣੀ ਰਜ਼ਾ ਪਰਮਾਤਮਾ ਆਪ (ਹੀ) ਕਰਦਾ ਹੈ ॥੪॥੧॥
ਹੇ ਪ੍ਰਭੂ! ਜਿਹੜੇ ਮਨੁੱਖ ਤੇਰੇ ਸਦਾ-ਥਿਰ ਨਾਮ ਵਿਚ ਰੰਗੇ ਜਾਂਦੇ ਹਨ, ਉਹ ਪ੍ਰਸੰਨ-ਚਿੱਤ ਰਹਿੰਦੇ ਹਨ।
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੇ ਉੱਤੇ ਭੀ) ਮਿਹਰ ਕਰ (ਮੈਨੂੰ ਭੀ ਆਪਣਾ ਨਾਮ ਬਖ਼ਸ਼)।
ਉਸ ਪ੍ਰਭੂ ਤੋਂ ਬਿਨਾ ਮੈਨੂੰ ਹੋਰ ਕੋਈ ਬੇਲੀ ਨਹੀਂ ਦਿੱਸਦਾ।
ਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਤਿਵੇਂ ਉਹ (ਜੀਵਾਂ ਦੀ) ਰੱਖਿਆ ਕਰਦਾ ਹੈ ॥੧॥
ਗੁਰੂ ਪਰਮੇਸਰ ਮੇਰੇ ਮਨ ਵਿਚ ਪਿਆਰਾ ਲੱਗਦਾ ਹੈ,
ਮੈਂ ਉਸ ਦਾ ਦਰਸਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਦਰਸਨ ਤੋਂ ਬਿਨਾ ਮੈਨੂੰ ਧੀਰਜ ਨਹੀਂ ਆਉਂਦੀ)। (ਜਦੋਂ) ਗੁਰੂ (ਮੈਨੂੰ ਆਪਣੀ) ਸੰਗਤ ਵਿਚ ਮਿਲਾਂਦਾ ਹੈ, (ਤਦੋਂ) ਮੈਂ ਆਤਮਕ ਅਡੋਲਤਾ ਵਿਚ (ਟਿਕ ਕੇ ਉਸ ਨੂੰ) ਮਿਲਦਾ ਹਾਂ ॥੧॥ ਰਹਾਉ ॥
ਜਿਸ ਮਨੁੱਖ ਦਾ ਇਹ ਲਾਲਚੀ ਮਨ (ਸਦਾ) ਲਾਲਚ ਵਿਚ ਹੀ ਫਸਿਆ ਰਹਿੰਦਾ ਹੈ,
ਉਹ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਫਿਰ ਹੱਥ ਮਲਦਾ ਹੈ।
ਜਿਹੜੇ ਮਨੁੱਖ ਗੁਰੂ ਦੀ ਦੱਸੀ ਹਰਿ-ਭਗਤੀ ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ (ਪ੍ਰਭੂ-ਚਰਨਾਂ ਤੋਂ) ਵਿਛੁੜਿਆਂ ਨੂੰ ਗੁਰੂ (ਮੁੜ) ਮਿਲਾ ਦੇਂਦਾ ਹੈ।
ਜਿਨ੍ਹਾਂ ਦੇ ਮੱਥੇ ਉੱਤੇ ਭਾਗ ਜਾਗ ਪਏ ਉਹਨਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਬਖ਼ਸ਼ ਦਿੱਤਾ ॥੨॥
ਇਹ ਸਰੀਰ ਹਵਾ ਪਾਣੀ (ਆਦਿਕ ਤੱਤਾਂ) ਦਾ ਬਣਿਆ ਹੋਇਆ ਹੈ।
ਜਿਸ ਮਨੁੱਖ ਦੇ ਇਸ ਸਰੀਰ ਵਿਚ ਹਉਮੈ ਦਾ ਰੋਗ ਹੈ, (ਉਸ ਦੇ ਸਰੀਰ ਵਿਚ ਇਸ ਰੋਗ ਦੀ) ਕਰੜੀ ਪੀੜ ਟਿਕੀ ਰਹਿੰਦੀ ਹੈ।
ਗੁਰੂ ਦੇ ਸਨਮੁਖ ਹੋ ਕੇ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ, ਪਰਮਾਤਮਾ ਦਾ ਨਾਮ (ਉਸ ਦੇ ਵਾਸਤੇ ਹਉਮੈ-ਰੋਗ ਦੂਰ ਕਰਨ ਲਈ) ਦਵਾਈ ਬਣ ਜਾਂਦਾ ਹੈ।
ਜਿਹੜਾ ਭੀ ਮਨੁੱਖ (ਗੁਰੂ ਦੀ ਸਰਨ ਆਇਆ) ਗੁਰੂ ਨੇ ਕਿਰਪਾ ਕਰ ਕੇ ਉਸ ਦਾ ਇਹ ਰੋਗ ਦੂਰ ਕਰ ਦਿੱਤਾ ॥੩॥
(ਜਗਤ ਵਿਚ ਹੰਸ, ਹੇਤ, ਲੋਭ, ਕੋਪ) ਚਾਰ ਅੱਗ ਦੀਆਂ ਨਦੀਆਂ ਵਹਿ ਰਹੀਆਂ ਹਨ,
(ਜਿਨ੍ਹਾਂ ਮਨੁੱਖਾਂ ਦੇ) ਸਰੀਰ ਵਿਚ ਇਹ ਚਾਰੇ ਅੱਗਾਂ ਪ੍ਰਬਲ ਹਨ, ਉਹ ਮਨੁੱਖ ਤ੍ਰਿਸ਼ਨਾ ਵਿਚ ਸੜਦੇ ਹਨ।
ਜਿਨ੍ਹਾਂ ਭਾਗਾਂ ਵਾਲੇ ਸੇਵਕਾਂ ਦੀ ਗੁਰੂ ਨੇ ਰੱਖਿਆ ਕੀਤੀ, (ਗੁਰੂ ਨੇ ਉਹਨਾਂ ਨੂੰ ਇਹਨਾਂ ਨਦੀਆਂ ਤੋਂ) ਪਾਰ ਲੰਘਾ ਲਿਆ,
ਹੇ ਨਾਨਕ! ਉਹਨਾਂ ਨੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਵਸਾ ਲਿਆ ॥੪॥੨॥
ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਪਰਮਾਤਮਾ ਦਾ ਭਗਤ ਹੈ,
ਉਸ ਨੂੰ ਸਦਾ ਕਾਇਮ ਰਹਿਣ ਵਾਲੀ ਆਤਮਕ ਅਡੋਲਤਾ ਮਿਲੀ ਰਹਿੰਦੀ ਹੈ, ਉਸ ਨੂੰ ਕਦੇ ਕੋਈ ਗ਼ਮ ਪੋਹ ਨਹੀਂ ਸਕਦਾ।
ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜੀ ਰੱਖਦੇ ਹਨ (ਕਿਉਂਕਿ) ਉਹਨਾਂ ਦੇ ਮਨ ਵਿਚ ਪਰਮਾਤਮਾ ਦੀ ਯਾਦ ਨਹੀਂ ਹੈ।
ਉਹ ਮਨੁੱਖ ਆਤਮਕ ਮੌਤ ਸਹੇੜ ਸਹੇੜ ਕੇ ਜਨਮਾਂ ਦੇ ਗੇੜ ਵਿਚ ਪਏ ਰਹਿੰਦੇ ਹਨ, ਤੇ ਮੁੜ ਮੁੜ ਆਤਮਕ ਮੌਤ ਸਹੇੜਦੇ ਰਹਿੰਦੇ ਹਨ ॥੧॥
ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਨੂੰ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਮਨੁੱਖ ਆਤਮਕ ਜੀਵਨ ਵਾਲੇ ਹਨ।
ਉਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੧॥ ਰਹਾਉ ॥
ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਉਹ ਪਰਮਾਤਮਾ ਤੋਂ ਵਿਛੁੜੇ ਰਹਿੰਦੇ ਹਨ।
ਉਹ ਮਨੁੱਖ ਹੋਰ ਹੋਰ ਦੇਸ਼ਾਂ ਵਿਚ ਭੌਂਦੇ ਫਿਰਦੇ ਹਨ, ਆਪਣੇ ਸਿਰ ਵਿਚ ਮਿੱਟੀ ਪਾਂਦੇ ਹਨ (ਖ਼ੁਆਰ ਹੁੰਦੇ ਰਹਿੰਦੇ ਹਨ)।
ਆਪਣੇ ਭਗਤਾਂ ਨੂੰ ਪ੍ਰਭੂ ਆਪ ਹੀ (ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ,
ਉਹਨਾਂ ਨੂੰ ਸਦਾ ਆਤਮਕ ਆਨੰਦ ਪ੍ਰਾਪਤ ਰਹਿੰਦਾ ਹੈ, ਉਹਨਾਂ ਨੂੰ ਕਦੇ ਰਤਾ ਭਰ ਭੀ (ਮਾਇਆ ਦਾ) ਲਾਲਚ ਨਹੀਂ ਵਿਆਪਦਾ ॥੨॥