ਹੇ ਨਾਨਕ! ਧੰਨ ਹੈ ਮੇਰਾ ਗੁਰੂ, ਸ਼ਾਬਾਸ਼ ਹੈ ਮੇਰੇ ਪੂਰੇ ਗੁਰੂ ਨੂੰ, ਜੇਹੜਾ ਮੇਰੇ ਮਨ ਵਿਚ (ਪ੍ਰਭੂ-ਮਿਲਾਪ ਦੀ) ਆਸ ਪੂਰੀ ਕਰਦਾ ਹੈ ॥੪॥
(ਹੇ ਹਰੀ!) ਮੈਨੂੰ ਮੇਰਾ ਮਿੱਤਰ ਗੁਰੂ ਮਿਲਾ, ਜਿਸ (ਦੇ ਚਰਨਾਂ) ਵਿਚ ਲੀਨ ਹੋ ਕੇ ਮੈਂ ਹਰਿ-ਨਾਮ ਸਿਮਰਦਾ ਰਹਾਂ।
ਗੁਰੂ ਪਾਸੋਂ ਮੈਂ ਹਰਿ-ਮਿਲਾਪ (ਦੀਆਂ ਗੱਲਾਂ) ਪੁੱਛਦਾ ਰਹਾਂ ਤੇ ਗੁਰੂ ਦੀ ਸੰਗਤ ਕਰ ਕੇ ਮੈਂ ਹਰਿ-ਗੁਣ ਗਾਂਦਾ ਰਹਾਂ।
ਮੈਂ ਹਰ ਦਿਨ ਤੇ ਸਦਾ ਲਈ ਹਰੀ ਦੇ ਗੁਣ ਗਾਂਦਾ ਰਹਾਂ, ਕਿਉਂ ਕਿ ਹੇ ਹਰੀ, ਤੇਰਾ ਨਾਮ ਸੁਣ ਕੇ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ।
ਹੇ ਨਾਨਕ! ਜਦੋਂ ਮੈਨੂੰ ਮੇਰਾ ਮਾਲਕ-ਪ੍ਰਭੂ ਭੁੱਲ ਜਾਂਦਾ ਹੈ, ਉਸ ਵੇਲੇ ਮੇਰੀ ਜਿੰਦ ਆਤਮਕ ਮੌਤੇ ਮਰ ਜਾਂਦੀ ਹੈ ॥੫॥
ਪਰਮਾਤਮਾ ਦਾ ਦਰਸਨ ਕਰਨ ਵਾਸਤੇ ਹਰੇਕ ਜੀਵ ਤਾਂਘ ਤਾਂ ਕਰ ਲੈਂਦਾ ਹੈ, ਪਰ ਉਹੀ ਮਨੁੱਖ ਦਰਸਨ ਕਰ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਦਰਸਨ ਕਰਾਂਦਾ ਹੈ।
ਪਿਆਰਾ ਪ੍ਰਭੂ ਜਿਸ ਮਨੁੱਖ ਉੱਤੇ ਮੇਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਸਦਾ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਵਸਾਂਦਾ ਹੈ।
ਹੇ ਨਾਨਕ! ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ (ਇਸ ਤਰ੍ਹਾਂ) ਪਰਮਾਤਮਾ ਤੇ ਪਰਮਾਤਮਾ ਦੇ ਭਗਤ ਇੱਕ-ਰੂਪ ਹੋ ਜਾਂਦੇ ਹਨ ॥੬॥੧॥੩॥
ਰਾਗ ਵਡਹੰਸ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪਰਮਾਤਮਾ ਦਾ ਦਰਬਾਰ ਬਹੁਤ ਹੀ ਉੱਚਾ ਹੈ।
ਉਸ ਦੇ ਪਾਰਲੇ ਉਰਲੇ ਬੰਨੇ ਦਾ ਕੁਝ ਅੰਤ ਨਹੀਂ ਪੈ ਸਕਦਾ।
ਭਾਵੇਂ ਮਨੁੱਖ ਕ੍ਰੋੜਾਂ ਜਾਂ ਲਖਾਂ ਵਾਰੀ ਜਤਨ ਕਰੇ,
(ਪਰ ਆਪਣੇ ਜਤਨਾਂ ਨਾਲ) ਪਰਮਾਤਮਾ ਦੀ ਹਜ਼ੂਰੀ ਰਤਾ ਭਰ ਭੀ ਹਾਸਲ ਨਹੀਂ ਕਰ ਸਕਦਾ ॥੧॥
ਉਹ ਕੈਸਾ ਸੋਹਣਾ ਸਮਾ ਹੁੰਦਾ ਹੈ! ਉਹ ਕੈਸੀ ਸੋਹਣੀ ਘੜੀ ਹੁੰਦੀ ਹੈ, ਜਦੋਂ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ ॥੧॥ ਰਹਾਉ ॥
ਲੱਖਾਂ ਹੀ ਭਗਤ ਜਿਸ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ।
(ਪ੍ਰਭੂ-ਮਿਲਾਪ ਲਈ) ਲੱਖਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ।
(ਪ੍ਰਭੂ-ਮਿਲਾਪ ਲਈ) ਲੱਖਾਂ ਹੀ ਵੱਡੇ ਵੱਡੇ ਜੋਗੀ ਜੋਗ-ਸਾਧਨ ਕਰਦੇ ਰਹਿੰਦੇ ਹਨ।
(ਪ੍ਰਭੂ-ਮਿਲਾਪ ਲਈ) ਲੱਖਾਂ ਹੀ ਵੱਡੇ ਵੱਡੇ ਭੋਗੀ (ਜਿਸ ਦੇ ਦਿੱਤੇ) ਪਦਾਰਥ ਭੋਗਦੇ ਰਹਿੰਦੇ ਹਨ ॥੨॥
ਪ੍ਰਭੂ ਤਾਂ ਹਰੇਕ ਸਰੀਰ ਵਿਚ ਵੱਸਦਾ ਹੈ, ਪਰ ਬਹੁਤ ਥੋੜੇ ਮਨੁੱਖ (ਇਸ ਭੇਤ ਨੂੰ) ਜਾਣਦੇ ਹਨ।
ਕੋਈ ਵਿਰਲਾ ਹੀ ਗੁਰਮੁਖਿ ਹੁੰਦਾ ਹੈ ਜੇਹੜਾ (ਮਨੁੱਖ ਤੇ ਪ੍ਰਭੂ ਵਿੱਚ ਦੀ) ਵਿੱਥ ਨੂੰ ਦੂਰ ਕਰਦਾ ਹੈ।
ਮੈਂ ਜਤਨ ਕਰਦਾ ਹਾਂ ਕਿ ਉਹ (ਗੁਰਮੁਖ) ਮੇਰੇ ਉਤੇ ਦਇਆਵਾਨ ਹੋਵੇ।
ਮੈਂ ਉਸ (ਗੁਰਮੁਖ) ਦੇ ਅੱਗੇ ਆਪਣੀ ਜਿੰਦ ਭੇਟਾ ਕਰਨ ਨੂੰ ਤਿਆਰ ਹਾਂ ॥੩॥
ਭਾਲ ਕਰਦਾ ਕਰਦਾ ਮੈਂ ਗੁਰੂ ਦੇ ਪਾਸ ਪਹੁੰਚਿਆ,
(ਗੁਰੂ ਨੇ) ਮੇਰਾ ਸਾਰਾ ਦੁੱਖ ਤੇ ਭਰਮ ਦੂਰ ਕਰ ਦਿੱਤਾ।
ਤਾਂ ਪ੍ਰਭੂ ਨੇ ਮੈਨੂੰ ਆਪਣੀ ਹਜ਼ੂਰੀ ਵਿਚ ਸੱਦ ਲਿਆ ਤੇ ਮੈਂ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ।
ਨਾਨਕ ਆਖਦਾ ਹੈ- ਮੇਰਾ ਪ੍ਰਭੂ ਸਭ ਤੋਂ ਉੱਚਾ ਹੈ ॥੪॥੧॥
ਉਹ ਸਮਾ ਭਾਗਾਂ ਵਾਲਾ ਹੁੰਦਾ ਹੈ ਜਿਸ ਵੇਲੇ ਪ੍ਰਭੂ ਦਾ ਦਰਸਨ ਕਰੀਦਾ ਹੈ।
(ਜਿਸ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਦਰਸਨ ਹੁੰਦਾ ਹੈ) ਮੈਂ ਉਸ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ ॥੧॥
ਹੇ ਜਿੰਦ ਦੇਣ ਵਾਲੇ ਪ੍ਰਭੂ! ਹੇ ਮੇਰੇ ਪ੍ਰੀਤਮ ਪ੍ਰਭੂ!
ਤੇਰਾ ਨਾਮ ਚੇਤੇ ਕਰ ਕਰ ਕੇ ਮੇਰਾ ਮਨ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥
(ਹੇ ਪ੍ਰਭੂ!) ਤੇਰਾ ਨਾਮ-ਮੰਤ੍ਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ।
ਹੇ ਸ਼ਾਂਤੀ ਦੇ ਪੁੰਜ ਅਕਾਲ ਪੁਰਖ! ਤੇਰੀ ਨਿਗਾਹ ਚੰਗੀ ਪਰਖ ਵਾਲੀ ਹੈ ॥੨॥
(ਹੇ ਪ੍ਰਭੂ!) ਤੇਰਾ ਹੁਕਮ ਸਦਾ-ਥਿਰ ਰਹਿਣ ਵਾਲਾ ਹੈ, ਤੂੰ (ਸਦਾ) ਤਖ਼ਤ ਉਤੇ ਨਿਵਾਸ ਰੱਖਣ ਵਾਲਾ ਹੈਂ (ਭਾਵ, ਤੂੰ ਸਦਾ ਲਈ ਸਭ ਦਾ ਹਾਕਮ ਹੈਂ)।
ਮੇਰਾ ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ, ਉਹ ਕਦੇ ਜੰਮਦਾ ਜਾਂ ਮਰਦਾ ਨਹੀਂ ॥੩॥
ਅਸੀਂ ਜੀਵ ਤੇਰੇ ਨਿਮਾਣੇ ਸੇਵਕ ਹਾਂ, ਤੂੰ ਸਾਡੇ ਉਤੇ ਦਇਆ ਕਰਨ ਵਾਲਾ ਹੈਂ।
ਹੇ ਨਾਨਕ! ਸਾਡਾ ਮਾਲਕ-ਪ੍ਰਭੂ ਹਰ ਥਾਂ ਮੌਜੂਦ ਹੈ, ਸਭ ਵਿਚ ਵਿਆਪਕ ਹੈ ॥੪॥੨॥
ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਕੋਈ ਵਿਰਲਾ ਮਨੁੱਖ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ।
ਗੁਰੂ ਦੀ ਕਿਰਪਾ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਕੋਈ ਵਿਰਲਾ ਤੇਰੇ ਨਾਲ ਜਾਣ-ਪਛਾਣ ਪਾਂਦਾ ਹੈ ॥੧॥
ਹੇ ਪਿਆਰੇ ਪ੍ਰਭੂ! ਮੈਂ ਸੇਵਕ ਦੀ (ਤੇਰੇ ਦਰ ਤੇ) ਅਰਦਾਸ ਹੈ,