(ਹੇ ਪਾਰਬ੍ਰਹਮ!) ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਹੀ ਮੇਰਾ ਮਾਲਕ ਹੈਂ (ਮੈਨੂੰ ਤੇਰਾ ਹੀ ਆਸਰਾ ਹੈ)।
ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਜੋ ਕੁਝ ਜਗਤ ਵਿਚ ਹੋ ਰਿਹਾ ਹੈ ਤੇਰੀ ਪ੍ਰੇਰਨਾ ਨਾਲ ਹੀ ਹੋ ਰਿਹਾ ਹੈ ॥੧॥
ਹੇ ਸਰਬ-ਵਿਆਪਕ ਪਾਰਬ੍ਰਹਮ ਪ੍ਰਭੂ! ਤੇਰੇ ਸੇਵਕਾਂ ਨੂੰ ਤੇਰਾ ਹੀ ਆਸਰਾ ਹੁੰਦਾ ਹੈ।
ਕ੍ਰੋੜਾਂ ਹੀ ਮਨੁੱਖ ਤੇਰੀ ਸਰਨ ਪੈ ਕੇ (ਸੰਸਾਰ-ਸਮੁੰਦਰ ਤੋਂ) ਬਚ ਜਾਂਦੇ ਹਨ ॥੧॥ ਰਹਾਉ ॥
(ਹੇ ਪਾਰਬ੍ਰਹਮ! ਜਗਤ ਵਿਚ) ਜਿਤਨੇ ਭੀ ਜੀਵ ਹਨ, ਸਾਰੇ ਤੇਰੇ ਹੀ ਪੈਦਾ ਕੀਤੇ ਹੋਏ ਹਨ।
ਤੇਰੀ ਮਿਹਰ ਨਾਲ ਹੀ (ਜੀਵਾਂ ਨੂੰ) ਅਨੇਕਾਂ ਸੁਖ ਮਿਲ ਰਹੇ ਹਨ ॥੨॥
(ਹੇ ਪਾਰਬ੍ਰਹਮ! ਸੰਸਾਰ ਵਿਚ) ਜੋ ਕੁਝ ਵਾਪਰ ਰਿਹਾ ਹੈ, ਉਹੀ ਵਾਪਰਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ।
ਜੇਹੜਾ ਮਨੁੱਖ ਤੇਰੀ ਰਜ਼ਾ ਨੂੰ ਸਮਝ ਲੈਂਦਾ ਹੈ, ਉਹ ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਲੀਨ ਰਹਿੰਦਾ ਹੈ ॥੩॥
ਹੇ ਪ੍ਰਭੂ! ਮਿਹਰ ਕਰ ਕੇ ਆਪਣੇ ਨਾਮ ਦੀ ਦਾਤ ਬਖ਼ਸ਼,
ਤਾ ਕਿ ਤੇਰਾ ਦਾਸ ਨਾਨਕ ਤੇਰਾ ਨਾਮ ਸਿਮਰਦਾ ਰਹੇ (ਤੇਰਾ ਨਾਮ ਹੀ ਤੇਰੇ ਦਾਸ ਵਾਸਤੇ ਸਭ ਸੁਖਾਂ ਦਾ) ਖ਼ਜ਼ਾਨਾ ਹੈ ॥੪॥੬੬॥੧੩੫॥
(ਹੇ ਭਾਈ!) ਉਸ ਮਨੁੱਖ ਦਾ ਦਰਸਨ ਵੱਡੇ ਭਾਗਾਂ ਨਾਲ ਮਿਲਦਾ ਹੈ,
ਜਿਸ ਦੀ ਲਗਨ ਪਰਮਾਤਮਾ ਦੇ ਨਾਮ ਵਿਚ ਲੱਗੀ ਰਹਿੰਦੀ ਹੈ ॥੧॥
(ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਿਆ ਰਹਿੰਦਾ ਹੈ,
ਉਸ ਮਨੁੱਖ ਨੂੰ ਕਦੇ ਸੁਪਨੇ ਵਿਚ ਭੀ (ਕੋਈ) ਦੁੱਖ ਪੋਹ ਨਹੀਂ ਸਕਦਾ ॥੧॥ ਰਹਾਉ ॥
(ਹੇ ਭਾਈ! ਨਾਮ ਦੀ ਲਗਨ ਵਾਲੇ) ਸੇਵਕ (ਦੇ ਹਿਰਦੇ) ਵਿਚ (ਪਰਮਾਤਮਾ) ਸਾਰੇ (ਆਤਮਕ ਗੁਣਾਂ ਦੇ) ਖ਼ਜ਼ਾਨੇ ਪਾ ਰੱਖਦਾ ਹੈ।
ਅਜੇਹੇ ਸੇਵਕ ਦੀ ਸੰਗਤਿ ਵਿਚ ਰਿਹਾਂ ਪਾਪ ਤੇ ਦੁੱਖ ਦੂਰ ਹੋ ਜਾਂਦੇ ਹਨ ॥੨॥
(ਹੇ ਭਾਈ! ਇਹੋ ਜਿਹੇ) ਸੇਵਕ ਦੀ ਆਤਮਕ ਉੱਚਤਾ ਬਿਆਨ ਨਹੀਂ ਕੀਤੀ ਜਾ ਸਕਦੀ।
ਉਹ ਸੇਵਕ ਉਸ ਪਾਰਬ੍ਰਹਮ ਦਾ ਰੂਪ ਬਣ ਜਾਂਦਾ ਹੈ ਜੋ ਸਭ ਜੀਵਾਂ ਵਿਚ ਵਿਆਪਕ ਹੈ ॥੩॥
ਹੇ ਪ੍ਰਭੂ! ਮੇਰੀ ਬੇਨਤੀ ਸੁਣ, ਮਿਹਰ ਕਰ।
ਮੈਨੂੰ ਨਾਨਕ ਨੂੰ ਆਪਣੇ ਅਜੇਹੇ ਸੇਵਕ ਦੇ ਚਰਨਾਂ ਦੀ ਧੂੜ ਦੇਹ ॥੪॥੬੭॥੧੩੬॥
(ਹੇ ਭਾਈ!) ਪਰਮਾਤਮਾ ਦਾ ਸਿਰਮਨ ਕਰਦਿਆਂ ਤੇਰੀ ਵੈਰਨ (ਮਾਇਆ ਡਾਇਣ) ਤੈਥੋਂ ਪਰੇ ਹਟ ਜਾਏਗੀ।
(ਜੇ ਪਰਮਾਤਮਾ ਦਾ ਨਾਮ ਤੇਰੇ) ਮਨ ਵਿਚ ਆ ਵੱਸੇ ਤਾਂ (ਤੇਰੇ ਅੰਦਰ) ਸਾਰੇ ਸੁਖ (ਆ ਵੱਸਣਗੇ) ॥੧॥
ਹੇ ਮੇਰੇ ਮਨ! ਇਕ ਪਰਮਾਤਮਾ ਦਾ ਹੀ ਨਾਮ ਸਿਮਰਦਾ ਰਹੁ।
ਇਹ ਨਾਮ ਹੀ ਤੇਰੀ ਜਿੰਦ ਦੇ ਕੰਮ ਆਵੇਗਾ (ਜਿੰਦ ਦੇ ਨਾਲ ਸਦਾ ਨਿਭੇਗਾ) ॥੧॥ ਰਹਾਉ ॥
(ਹੇ ਭਾਈ!) ਦਿਨ ਰਾਤ ਬੇਅੰਤ ਪਰਮਾਤਮਾ ਦੇ ਗੁਣ ਗਾਇਆ ਕਰ,
ਤੇ ਪੂਰੇ ਗੁਰੂ ਦਾ ਪਵਿੱਤਰ ਉਪਦੇਸ਼ ਲੈ ॥੨॥
(ਹੇ ਭਾਈ! ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਹੋਰ ਸਾਰੇ ਹੀਲੇ ਛੱਡ, ਤੇ ਇਕ ਪਰਮਾਤਮਾ (ਦੇ ਨਾਮ) ਦਾ ਆਸਰਾ ਰੱਖ।
ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੱਖ-ਇਹੀ ਹੈ ਸਭ ਪਦਾਰਥਾਂ ਤੋਂ ਸ੍ਰੇਸ਼ਟ ਪਦਾਰਥ ॥੩॥
ਹੇ ਨਾਨਕ! ਉਹੀ ਮਨੁੱਖ ਔਖੇ (ਸੰਸਾਰ) ਸਮੁੰਦਰ ਤੋਂ (ਆਤਮਕ ਪੂੰਜੀ ਸਮੇਤ) ਪਾਰ ਲੰਘਦੇ ਹਨ,
ਜਿਨ੍ਹਾਂ ਤੇ (ਪਰਮਾਤਮਾ ਆਪ ਮਿਹਰ ਦੀ) ਨਜ਼ਰ ਕਰਦਾ ਹੈ ॥੪॥੬੮॥੧੩੭॥
(ਹੇ ਮੇਰੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੇ ਸੁੰਦਰ ਚਰਨ ਆਪਣੇ ਹਿਰਦੇ ਵਿਚ ਟਿਕਾਂਦੇ ਹਨ,
ਪੂਰੇ ਸਤਿਗੁਰੂ ਨੂੰ ਮਿਲ ਕੇ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੧॥
ਹੇ ਮੇਰੇ ਭਾਈ! ਗੋਬਿੰਦ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹੋ।
ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰੋ ॥੧॥ ਰਹਾਉ ॥
(ਹੇ ਮੇਰੇ ਭਾਈ!) ਉਹਨਾਂ ਦਾ ਮਨੁੱਖਾ ਸਰੀਰ-ਬੜੀ ਕਠਨਤਾ ਨਾਲ ਮਿਲਿਆ ਹੋਇਆ ਮਨੁੱਖਾ ਸਰੀਰ-(ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੋ ਜਾਂਦਾ ਹੈ,
ਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ-ਸਫ਼ਰ ਵਿਚ) ਸਤਿਗੁਰੂ ਪਾਸੋਂ ਪਰਮਾਤਮਾ ਦੇ ਨਾਮ ਦੀ ਰਾਹਦਾਰੀ ਹਾਸਲ ਕਰ ਲਈ ਹੈ ॥੨॥
(ਹੇ ਮੇਰੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਉਹ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਜਿਥੇ ਕਿਸੇ ਉਕਾਈ ਦੀ ਸੰਭਾਵਨਾ ਨਹੀਂ ਰਹਿ ਜਾਂਦੀ।
ਸਾਧ ਸੰਗਤਿ ਵਿਚ ਰਹਿ ਕੇ ਮਨੁੱਖ ਸਾਰੇ ਡਰ ਸਾਰੀਆਂ ਭਟਕਣਾ ਮਿਟਾ ਲੈਂਦਾ ਹੈ ॥੩॥
(ਹੇ ਮੇਰੇ ਭਾਈ! ਗੁਰੂ ਦੀ ਸਰਨ ਦੀ ਬਰਕਤਿ ਨਾਲ) ਮੈਂ ਜਿਧਰ ਭੀ ਵੇਖਦਾ ਹਾਂ, ਉਧਰ ਹੀ ਪਰਮਾਤਮਾ ਵਿਆਪਕ ਦਿੱਸਦਾ ਹੈ।
ਹੇ ਨਾਨਕ! ਸੇਵਕ ਪ੍ਰਭੂ ਦੀ ਸਰਨ ਵਿਚ ਹੀ ਟਿਕੇ ਰਹਿੰਦੇ ਹਨ ॥੪॥੬੯॥੧੩੮॥
(ਹੇ ਭਾਈ!) ਮੈਂ ਸਤਿਗੁਰੂ ਜੀ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ।
ਸਤਿਗੁਰੂ ਦਾ ਨਾਮ ਚੇਤੇ ਕਰ ਕੇ ਮੇਰੇ ਅੰਦਰ ਉੱਚਾ ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥
ਹੇ ਪੂਰਨ ਪਾਰਬ੍ਰਹਮ! ਹੇ ਗੁਰਦੇਵ!
ਕਿਰਪਾ ਕਰ, ਮੈਂ ਤੇਰੀ ਸੇਵਾ-ਭਗਤੀ ਵਿਚ ਲੱਗਾ ਰਹਾਂ ॥੧॥ ਰਹਾਉ ॥
(ਇਸ ਵਾਸਤੇ, ਹੇ ਭਾਈ! ਗੁਰੂ ਦੇ) ਸੋਹਣੇ ਚਰਨ ਮੈਂ ਆਪਣੇ ਮਨ ਵਿਚ ਹਿਰਦੇ ਵਿਚ ਟਿਕਾਂਦਾ ਹਾਂ।
ਗੁਰੂ ਦੇ ਚਰਨ ਮੇਰੇ ਮਨ ਦਾ ਮੇਰੇ ਤਨ ਦਾ ਮੇਰੇ ਧਨ ਦਾ ਮੇਰੀ ਜਿੰਦ ਦਾ ਆਸਰਾ ਹਨ ॥੨॥
(ਹੇ ਭਾਈ!) (ਇਸ ਤਰ੍ਹਾਂ ਤੇਰਾ ਮਨੁੱਖਾ) ਜਨਮ ਕਾਮਯਾਬ ਹੋ ਜਾਇਗਾ ਤੂੰ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਇਂਗਾ,
ਜੇ ਗੁਰੂ ਨੂੰ ਪਾਰਬ੍ਰਹਮ ਪ੍ਰਭੂ ਨੂੰ (ਸਦਾ ਆਪਣੇ) ਨੇੜੇ ਵੱਸਦਾ ਸਮਝੇਂ ॥੩॥
ਹੇ ਨਾਨਕ! ਗੁਰੂ-ਸੰਤ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਨਾਲ ਮਿਲਦੀ ਹੈ।
ਗੁਰੂ ਨੂੰ ਮਿਲਿਆਂ ਪਰਮਾਤਮਾ (ਦੇ ਚਰਨਾਂ) ਨਾਲ ਲਗਨ ਲੱਗ ਜਾਂਦੀ ਹੈ ॥੪॥੭੦॥੧੩੯॥