ਹੇ ਭਾਈ! ਜਿਸ ਜੀਵ-ਇਸਤ੍ਰੀ ਦਾ ਮਨ ਮਾਲਕ-ਪ੍ਰਭੂ ਨਾਲ ਗਿੱਝ ਜਾਂਦਾ ਹੈ, ਉਹ ਸਾਰੇ ਵਿਕਾਰ ਤਿਆਗ ਦੇਂਦੀ ਹੈ, (ਉਸ ਦੇ ਅੰਦਰੋਂ ਮਾਇਆ ਦੇ ਮੋਹ ਵਾਲੇ) ਹਨੇਰੇ ਦੂਰ ਹੋ ਜਾਂਦੇ ਹਨ।
(ਜੇਹੜੀ ਜੀਵ-ਇਸਤ੍ਰੀ) ਪ੍ਰਭੂ ਨੂੰ ਚੰਗੀ ਲੱਗਣ ਲੱਗ ਪੈਂਦੀ ਹੈ, ਉਹ (ਦੁਨੀਆ ਵਲੋਂ) ਬੇ-ਮੁਥਾਜ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਉਹ ਪ੍ਰਭੂ-ਦਰ ਤੇ ਕਬੂਲ ਹੋ ਜਾਂਦੀ ਹੈ।
ਉਸ ਦੀ ਜ਼ਿੰਦਗੀ ਬਹੁਤ ਹੀ ਕੀਮਤੀ ਹੋ ਜਾਂਦੀ ਹੈ, ਭਾਰੇ ਤੋਲ ਵਾਲੀ ਹੋ ਜਾਂਦੀ ਹੈ, ਉਸ ਵਾਸਤੇ ਉਹ ਦਰਵਾਜ਼ਾ ਖੁਲ੍ਹ ਜਾਂਦਾ ਹੈ ਜਿੱਥੇ ਉਸ ਨੂੰ ਵਿਕਾਰਾਂ ਵਲੋਂ ਖ਼ਲਾਸੀ ਮਿਲ ਜਾਂਦੀ ਹੈ ਅਤੇ ਸਹੀ ਜੀਵਨ ਦੀ ਜਾਚ ਆ ਜਾਂਦੀ ਹੈ।
ਹੇ ਨਾਨਕ! ਜਦੋਂ ਤੋਂ ਉਹ ਪ੍ਰਭੂ ਮੇਰਾ ਸਹਾਰਾ ਬਣ ਗਿਆ ਹੈ, ਮੈਂ (ਵਿਕਾਰਾਂ ਮਾਇਆ ਦੇ ਹੱਲਿਆਂ ਵਲੋਂ) ਨਿਡਰ ਹੋ ਗਈ ਹਾਂ ॥੪॥੧॥੪॥
ਹੇ ਭਾਈ! ਗੁਰੂ ਮਹਾ ਪੁਰਖ ਹੀ ਮੇਰਾ (ਅਸਲ) ਸੱਜਣ ਹੈ, ਉਸ (ਗੁਰੂ) ਤੋਂ ਬਿਨਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ (ਜੋ ਮੈਨੂੰ ਪਰਮਾਤਮਾ ਦੀ ਸੂਝ ਦੇ ਸਕੇ)।
ਹੇ ਭਾਈ! (ਗੁਰੂ ਮੈਨੂੰ) ਮਨ ਵਿਚ (ਇਉਂ) ਪਿਆਰਾ ਲੱਗ ਰਿਹਾ ਹੈ (ਜਿਵੇਂ) ਮਾਂ, ਪਿਉ, ਪੁੱਤਰ, ਸਨਬੰਧੀ, ਜਿੰਦ, ਪ੍ਰਾਣ (ਪਿਆਰੇ ਲੱਗਦੇ ਹਨ)।
ਹੇ ਭਾਈ! (ਗੁਰੂ ਨੇ ਹੀ ਇਹ ਸੂਝ ਬਖ਼ਸ਼ੀ ਹੈ ਕਿ) ਜਿੰਦ ਸਰੀਰ ਸਭ ਕੁਝ ਉਸ (ਪਰਮਾਤਮਾ) ਦਾ ਦਿੱਤਾ ਹੋਇਆ ਹੈ, (ਉਹ ਪਰਮਾਤਮਾ) ਸਾਰੇ ਗੁਣਾਂ ਨਾਲ ਭਰਪੂਰ ਹੈ।
(ਗੁਰੂ ਨੇ ਹੀ ਮਤਿ ਦਿੱਤੀ ਹੈ ਕਿ) ਹਰੇਕ ਦੇ ਦਿਲ ਦੀ ਜਾਣਨ ਵਾਲਾ ਮੇਰਾ ਉਹ ਪ੍ਰਭੂ ਸਭ ਥਾਈਂ ਵਿਆਪਕ ਹੈ।
ਉਸ ਦੀ ਸਰਨ ਪਿਆਂ ਸਾਰੇ ਸੁਖ ਆਨੰਦ ਮਿਲਦੇ ਹਨ।
ਹੇ ਨਾਨਕ! (ਆਖ-ਗੁਰੂ ਦੀ ਕਿਰਪਾ ਨਾਲ ਹੀ) ਮੈਂ ਪਰਮਾਤਮਾ ਤੋਂ ਸਦਾ ਹੀ ਸਦਾ ਹੀ ਸਦਾ ਹੀ ਸਦਕੇ ਕੁਰਬਾਨ ਜਾਂਦਾ ਹਾਂ ॥੧॥
ਹੇ ਭਾਈ! ਅਜਿਹਾ ਗੁਰੂ ਵੱਡੇ ਭਾਗਾਂ ਨਾਲ ਮਿਲਦਾ ਹੈ, ਜਿਸ ਦੇ ਮਿਲਿਆਂ (ਹਿਰਦੇ ਵਿਚ) ਪਰਮਾਤਮਾ ਦੀ ਸੂਝ ਪੈਣ ਲੱਗ ਪੈਂਦੀ ਹੈ,
ਅਨੇਕਾਂ ਜਨਮਾਂ ਦੇ (ਸਾਰੇ) ਪਾਪ ਦੂਰ ਹੋ ਜਾਂਦੇ ਹਨ, ਅਤੇ ਹਰੀ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਸਦਾ ਇਸ਼ਨਾਨ ਹੁੰਦਾ ਰਹਿੰਦਾ ਹੈ।
(ਜਿਸ ਗੁਰੂ ਦੇ ਮਿਲਣ ਨਾਲ) ਪ੍ਰਭੂ ਦੇ ਸੰਤ ਜਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਹੋ ਸਕਦਾ ਹੈ, ਪ੍ਰਭੂ ਦਾ ਸਿਮਰਨ ਹੋ ਸਕਦਾ ਹੈ ਅਤੇ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪਈਦਾ।
ਹੇ ਭਾਈ! ਗੁਰੂ ਦੇ ਚਰਨੀਂ ਲੱਗ ਕੇ ਭਰਮ ਡਰ ਨਾਸ ਹੋ ਜਾਂਦੇ ਹਨ, ਮਨ ਵਿਚ ਚਿਤਾਰਿਆ ਹੋਇਆ ਹਰੇਕ ਫਲ ਪ੍ਰਾਪਤ ਹੋ ਜਾਂਦਾ ਹੈ।
(ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਸਦਾ ਪਰਮਾਤਮਾ ਦੇ ਗੁਣ ਗਾਏ ਹਨ; ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੂੰ ਫਿਰ ਕੋਈ ਗ਼ਮ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ।
ਹੇ ਨਾਨਕ! (ਗੁਰੂ ਦੀ ਕਿਰਪਾ ਨਾਲ ਹੀ ਸਮਝ ਪੈਂਦੀ ਹੈ ਕਿ) ਜਿਸ ਪਰਮਾਤਮਾ ਦਾ ਪੂਰਾ ਪਰਤਾਪ ਹੈ, ਉਹੀ ਜਿੰਦ ਦੇਣ ਵਾਲਾ ਹੈ ॥੨॥
ਹੇ ਭਾਈ! ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਸੰਤ ਜਨਾਂ ਦੇ (ਪਿਆਰ ਦੇ) ਵੱਸ ਵਿਚ ਟਿਕਿਆ ਰਹਿੰਦਾ ਹੈ।
ਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀਂ ਪੈ ਕੇ ਗੁਰੂ ਦੀ ਸੇਵਾ ਵਿਚ ਲੱਗੇ, ਉਹਨਾਂ ਨੇ ਸਭ ਤੋਂ ਉੱਚੇ ਆਤਮਕ ਦਰਜੇ ਪ੍ਰਾਪਤ ਕਰ ਲਏ।
ਹੇ ਭਾਈ! ਜਿਸ ਮਨੁੱਖ ਉੱਤੇ ਪੂਰਨ ਪ੍ਰਭੂ ਨੇ ਮਿਹਰ ਕੀਤੀ, (ਉਸ ਨੇ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ, ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ।
ਉਸ ਦੀ ਜ਼ਿੰਦਗੀ ਕਾਮਯਾਬ ਹੋ ਗਈ, ਉਸ ਦਾ (ਹਰੇਕ) ਡਰ ਦੂਰ ਹੋ ਗਿਆ, ਉਸ ਨੂੰ ਉਹ ਪਰਮਾਤਮਾ ਮਿਲ ਪਿਆ ਜੋ ਇਕ ਆਪ ਹੀ ਆਪ ਹੈ।
ਜਿਸ ਪਰਮਾਤਮਾ ਦਾ ਉਹ ਪੈਦਾ ਕੀਤਾ ਹੋਇਆ ਸੀ, ਉਸ ਨੇ ਹੀ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲਿਆ, ਉਸ ਮਨੁੱਖ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਇਕ-ਮਿਕ ਹੋ ਗਈ।
ਹੇ ਨਾਨਕ! ਨਿਰਲੇਪ ਪ੍ਰਭੂ ਦਾ ਨਾਮ (ਸਦਾ) ਜਪਣਾ ਚਾਹੀਦਾ ਹੈ, (ਜਿਸ ਨੇ) ਗੁਰੂ ਨੂੰ ਮਿਲ ਕੇ (ਨਾਮ ਜਪਿਆ, ਉਸ ਨੇ) ਆਤਮਕ ਆਨੰਦ ਪ੍ਰਾਪਤ ਕਰ ਲਿਆ ॥੩॥
ਹੇ ਸੰਤ ਜਨੋ! ਸਦਾ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ, (ਸਿਫ਼ਤਿ-ਸਾਲਾਹ ਦੇ ਪਰਤਾਪ ਨਾਲ) ਹਰੇਕ ਮੁਰਾਦ ਪੂਰੀ ਹੋ ਜਾਂਦੀ ਹੈ।
ਜਿਹੜਾ ਪ੍ਰਭੂ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ) ਉਸ ਮਾਲਕ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਸ ਨੇ ਨਾਸ-ਰਹਿਤ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਨੇ ਸਾਰੀਆਂ ਮੁਰਾਦਾਂ ਹਾਸਲ ਕਰ ਲਈਆਂ।
ਹੇ ਭਾਈ! ਗੁਰੂ ਦੇ ਚਰਨਾਂ ਵਿਚ ਮਨ ਜੋੜ ਕੇ ਮਨੁੱਖ ਸ਼ਾਂਤੀ ਪ੍ਰਾਪਤ ਕਰਦਾ ਹੈ, ਆਤਮਕ ਅਡੋਲਤਾ ਦੇ ਅਨੇਕਾਂ ਆਨੰਦ ਮਾਣਦਾ ਹੈ।
(ਸਿਮਰਨ ਦੀ ਬਰਕਤਿ ਨਾਲ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਨਾਸ-ਰਹਿਤ ਪਰਮਾਤਮਾ ਹੀ ਹਰੇਕ ਥਾਂ ਵਿਚ ਹਰੇਕ ਸਰੀਰ ਵਿਚ ਵਿਆਪ ਰਿਹਾ ਹੈ।
ਨਾਨਕ ਆਖਦਾ ਹੈ- (ਹੇ ਭਾਈ!) ਗੁਰੂ ਦੇ ਚਰਨਾਂ ਵਿਚ ਮਨ ਲਾ ਕੇ ਸਾਰੇ ਕੰਮ ਸਫਲ ਜੋ ਜਾਂਦੇ ਹਨ ॥੪॥੨॥੫॥
ਹੇ ਮੇਰੇ ਪ੍ਰੀਤਮ! ਹੇ ਮੇਰੇ ਸੁਆਮੀ! ਮਿਹਰ ਕਰ, ਮੇਰੀਆਂ ਅੱਖਾਂ ਤੇਰਾ ਦਰਸਨ ਕਰਦੀਆਂ ਰਹਿਣ।
ਹੇ ਮੇਰੇ ਪਿਆਰੇ! ਮੈਨੂੰ ਲੱਖ ਜੀਭਾਂ ਦੇਹ (ਮੇਰੀਆਂ ਜੀਭਾਂ ਤੇਰਾ ਨਾਮ ਜਪਦੀਆਂ ਰਹਿਣ। ਮਿਹਰ ਕਰ!) ਮੇਰਾ ਮੂੰਹ ਤੇਰਾ ਹਰਿ-ਨਾਮ ਜਪਦਾ ਰਹੇ।
(ਮੇਰਾ ਮੂੰਹ) ਤੇਰਾ ਨਾਮ ਜਪਦਾ ਰਹੇ, (ਜਿਸ ਨਾਲ) ਜਮਰਾਜ ਵਾਲਾ ਰਸਤਾ ਜਿੱਤਿਆ ਜਾ ਸਕੇ, ਅਤੇ ਕੋਈ ਭੀ ਦੁੱਖ (ਮੇਰੇ ਉਤੇ ਆਪਣਾ) ਜ਼ੋਰ ਨਾਹ ਪਾ ਸਕੇ।
ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਵਿਆਪਕ ਹੇ ਸੁਆਮੀ! (ਮਿਹਰ ਕਰ) ਮੈਂ ਜਿੱਧਰ ਵੇਖਾਂ ਉਧਰ (ਮੈਨੂੰ) ਉਹ ਤੇਰਾ ਹੀ ਰੂਪ ਦਿੱਸੇ।
ਹੇ ਭਾਈ! (ਹਰਿ-ਨਾਮ ਜਪਣ ਦੀ ਬਰਕਤਿ ਨਾਲ) ਸਾਰੇ ਭਰਮ, ਸਾਰੇ ਮੋਹ, ਸਾਰੇ ਵਿਕਾਰ ਨਾਸ ਹੋ ਜਾਂਦੇ ਹਨ, ਪਰਮਾਤਮਾ ਨੇੜੇ ਤੋਂ ਨੇੜੇ ਦਿੱਸਣ ਲੱਗ ਪੈਂਦਾ ਹੈ।