ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੀ ਮੱਤ) ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਕਮਲੀ ਹੋ ਜਾਂਦੀ ਹੈ, ਮਨ (ਭੀ) ਕਮਲਾ ਹੋ ਜਾਂਦਾ ਹੈ।
(ਇਸ ਤਰ੍ਹਾਂ) ਝੂਠੇ ਲਾਲਚ ਵਿਚ ਫਸ ਕੇ ਮਨੁੱਖ ਆਪਣਾ ਜੀਵਨ ਜ਼ਾਇਆ ਕਰ ਲੈਂਦਾ ਹੈ।
(ਮਾਇਆ ਇਤਨੀ ਡਾਢੀ ਹੈ ਕਿ ਇਹ ਜੀਵ ਨੂੰ) ਮੁੜ ਮੁੜ ਚੰਬੜਦੀ ਹੈ, ਇਸ ਦੇ ਰਾਹ ਵਿਚ ਕੋਈ ਰੋਕ ਨਹੀਂ ਪੈ ਸਕਦੀ।
(ਹਾਂ) ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, ਉਸ ਨੂੰ ਉਸ ਨੇ (ਮਾਇਆ ਦੇ ਪੰਜੇ ਤੋਂ) ਬਚਾ ਲਿਆ ॥੧॥
ਮਾਇਆ (ਇਤਨੀ ਪ੍ਰਬਲ ਹੈ ਕਿ ਇਹ ਜੀਵਾਂ ਉਤੇ) ਆਪਣਾ ਜ਼ੋਰ ਪਾਣੋਂ ਨਹੀਂ ਹਟਦੀ, (ਮਨੁੱਖ ਦਾ) ਮਨ (ਕਮਜ਼ੋਰ ਹੈ ਇਹ) ਮਾਇਆ ਦੇ ਮੋਹ ਵਿਚ ਫਸਣੋਂ ਨਹੀਂ ਹਟਦਾ।
ਜਿਸ ਪਰਮਾਤਮਾ ਨੇ ਇਹ ਖੇਡ ਰਚੀ ਹੈ ਉਹੀ ਜਾਣਦਾ ਹੈ (ਕਿ ਮਾਇਆ ਦੇ ਪ੍ਰਭਾਵ ਤੋਂ ਜੀਵ ਕਿਵੇਂ ਬਚ ਸਕਦਾ ਹੈ)। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ਉਹ (ਮਾਇਆ ਦੇ ਮੋਹ-ਰੂਪ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥
ਮਾਇਆ ਇਕੱਠੀ ਕਰ ਕੇ ਰਾਜੇ ਮਾਣ ਕਰਨ ਲੱਗ ਪੈਂਦੇ ਹਨ,
ਪਰ ਉਹਨਾਂ ਦੀ ਉਹ ਪਿਆਰੀ ਮਾਇਆ (ਅੰਤ ਵੇਲੇ) ਉਹਨਾਂ ਦੇ ਨਾਲ ਨਹੀਂ ਜਾਂਦੀ।
ਮਾਇਆ ਨੂੰ ਆਪਣੀ ਬਣਾਣ ਦੀ ਤਾਂਘ ਕਈ ਰੰਗਾਂ ਦੀ ਹੈ (ਭਾਵ, ਕਈ ਤਰੀਕਿਆਂ ਨਾਲ ਮਾਇਆ ਜੀਵ ਉਤੇ ਮਮਤਾ ਦਾ ਜਾਲ ਵਿਛਾਂਦੀ ਹੈ),
ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਪਦਾਰਥ ਜੀਵ ਦਾ ਸੰਗੀ ਨਹੀਂ ਬਣਦਾ, ਜੀਵ ਦੇ ਨਾਲ ਨਹੀਂ ਜਾਂਦਾ ॥੨॥
(ਮਾਇਆ ਦੇ ਪ੍ਰਭਾਵ ਹੇਠ ਜੀਵਾਂ ਦੀ ਹਾਲਤ ਇਹ ਹੋ ਜਾਂਦੀ ਹੈ ਕਿ ਮਨੁੱਖ) ਜਿਵੇਂ ਆਪਣੇ ਮਨ ਨੂੰ ਵੇਖਦੇ ਹਨ, ਤਿਹੋ ਜਿਹਾ ਹੋਰਨਾਂ ਦੇ ਮਨ ਨੂੰ ਸਮਝਦੇ ਹਨ (ਭਾਵ, ਜਿਵੇਂ ਆਪਣੇ ਆਪ ਨੂੰ ਮਾਇਆ-ਵੱਸ ਜਾਣਦੇ ਹਨ ਤਿਵੇਂ ਹੋਰਨਾਂ ਨੂੰ ਭੀ ਮਾਇਆ ਦੇ ਲੋਭੀ ਸਮਝਦੇ ਹਨ। ਇਸ ਵਾਸਤੇ ਕੋਈ ਕਿਸੇ ਉਤੇ ਇਤਬਾਰ ਨਹੀਂ ਕਰਦਾ)।
(ਮਨੁੱਖ ਦੇ ਅੰਦਰ) ਜਿਹੋ ਜਿਹੀ ਕਾਮਨਾ ਉੱਠਦੀ ਹੈ ਤਿਹੋ ਜਿਹੀ ਉਸ ਦੇ ਆਤਮਕ ਜੀਵਨ ਦੀ ਹਾਲਤ ਹੋ ਜਾਂਦੀ ਹੈ,
(ਉਸ ਦਸ਼ਾ ਦੇ ਅਧੀਨ) ਮਨੁੱਖ ਜਿਹੋ ਜਿਹਾ ਕੰਮ (ਨਿੱਤ) ਕਰਦਾ ਹੈ, ਉਹੋ ਜਿਹੀ ਉਸ ਦੀ ਲਗਨ ਬਣਦੀ ਜਾਂਦੀ ਹੈ।
(ਇਸ ਗੇੜ ਵਿਚ ਫਸਿਆ ਮਨੁੱਖ ਸਾਰੀ ਉਮਰ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ)। ਸਤਿਗੁਰੂ ਪਾਸੋਂ ਸਿੱਖਿਆ ਲੈ ਕੇ ਹੀ ਮਨੁੱਖ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਸਕਦਾ ਹੈ ॥੩॥
(ਦੁਨੀਆ ਵਾਲਾ ਰਾਗ-ਰੰਗ ਭੀ ਮਾਇਆ ਦਾ ਹੀ ਸਰੂਪ ਹੈ। ਵਿਕਾਰ-ਵਾਸਨਾ ਪੈਦਾ ਕਰਨ ਵਾਲੇ) ਰਾਗ-ਰੰਗ ਵਿਚ ਫਸ ਕੇ ਮਨੁੱਖ ਦਾ ਮਨ ਪਰਮਾਤਮਾ ਤੋਂ ਬਿਨਾ ਹੋਰ ਹੋਰ ਮੋਹ ਵਿਚ ਫਸਦਾ ਹੈ।
(ਇਸ ਰਾਗ-ਰੰਗ ਦੀ ਰਾਹੀਂ ਜਿਉਂ ਜਿਉਂ ਵਿਕਾਰ-ਵਾਸਨਾ ਵਧਦੀ ਹੈ) ਮਨੁੱਖ ਦੇ ਅੰਦਰ ਖੋਟ ਪੈਦਾ ਹੁੰਦਾ ਹੈ (ਤੇ ਖੋਟ ਦੇ ਕਾਰਨ) ਮਨੁੱਖ ਬਹੁਤ ਦੁੱਖ ਪਾਂਦਾ ਹੈ।
ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ (ਸਹੀ ਜੀਵਨ ਰਾਹ ਦੀ) ਸਮਝ ਆ ਜਾਂਦੀ ਹੈ।
ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ॥੪॥
(ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਹ) ਗੁਰੂ ਦੇ ਸੱਚੇ ਸ਼ਬਦ ਵਿਚ ਜੁੜ ਕੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਾਰ ਕਮਾਂਦਾ ਹੈ,
ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਦਾ ਹੈ ਉਹ ਪਰਮਾਤਮਾ ਦੇ ਗੁਣ (ਸਦਾ) ਗਾਂਦਾ ਹੈ।
ਉਹ (ਬਾਹਰ ਮਾਇਆ ਦੇ ਪਿੱਛੇ ਭਟਕਣ ਦੇ ਥਾਂ) ਆਪਣੇ ਅੰਤਰ ਆਤਮੇ ਹੀ ਟਿਕਦਾ ਹੈ, ਉਸ ਨੂੰ ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿਥੇ ਸਦਾ ਉੱਚਾ ਆਤਮਕ ਜੀਵਨ ਬਣਿਆ ਰਹਿੰਦਾ ਹੈ।
ਤਦੋਂ ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪਾਂਦਾ ਹੈ ॥੫॥
ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ,
ਭਾਵੇਂ ਕੋਈ ਮਨੁੱਖ ਅਨੇਕਾਂ ਜਤਨ ਭੀ ਕਰ ਲਏ। (ਹਉਮੈ ਤੇ ਮਮਤਾ ਮਨੁੱਖ ਦਾ ਮਨ ਭਗਤੀ ਵਿਚ ਜੁੜਨ ਨਹੀਂ ਦੇਂਦੇ)
ਇਹ ਹਉਮੈ ਤੇ ਮਮਤਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ (ਆਪਣੇ ਅੰਦਰੋਂ) ਦੂਰ ਕਰ ਸਕਦਾ ਹੈ।
ਜਿਸ ਮਨੁੱਖ ਦੇ ਮਨ ਵਿਚ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ) ਪਵਿਤ੍ਰ ਨਾਮ ਵੱਸ ਪੈਂਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ ॥੬॥
ਸਤਿਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ) ਇਸ ਜਗਤ ਵਿਚ ਸਭ ਤੋਂ ਸ੍ਰੇਸ਼ਟ ਕਰਤੱਬ ਹੈ।
ਗੁਰ-ਸ਼ਬਦ ਤੋਂ ਬਿਨਾ ਮਨੁੱਖ ਦੀ ਜਿੰਦ ਵਾਸਤੇ (ਚਾਰ ਚੁਫੇਰੇ) ਹੋਰ ਸਭ ਕੁਝ ਮੋਹ (-ਰੂਪ) ਘੁੱਪ ਹਨੇਰਾ ਪੈਦਾ ਕਰਨ ਵਾਲਾ ਹੈ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖਦਾ ਹੈ,
ਉਹ ਸ਼ਬਦ ਵਿਚ ਜੁੜ ਕੇ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਉਸ ਦੀ ਮੱਤ ਸੁਚੱਜੀ ਹੋ ਜਾਂਦੀ ਹੈ, ਉਹ (ਮਾਇਆ ਦੇ ਮੋਹ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ ॥੭॥
(ਗੁਰੂ ਦੇ ਸ਼ਬਦ ਵਿਚ ਜੁੜਨ ਵਾਲੇ ਨੂੰ ਇਹ ਸਮਝ ਆ ਜਾਂਦੀ ਹੈ ਕਿ) ਜਗਤ ਰਚ ਕੇ ਇਸ ਦੀ ਸੰਭਾਲ ਕਰਨ ਵਾਲਾ ਇਕ ਪਰਮਾਤਮਾ ਹੀ ਹੈ, ਹੋਰ ਕੋਈ ਦੂਜਾ ਨਹੀਂ ਹੈ।
ਉਹ ਪ੍ਰਭੂ ਆਪ ਸਦਾ-ਥਿਰ ਰਹਿਣ ਵਾਲਾ ਹੈ, ਉਸ ਵਰਗਾ ਹੋਰ ਕੋਈ ਨਹੀਂ, ਤੇ ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ।
ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ।
ਪਰ, ਹੇ ਨਾਨਕ! ਕੋਈ ਵਿਰਲਾ ਮਨੁੱਖ ਹੀ (ਗੁਰੂ ਦੇ ਸ਼ਬਦ ਦੀ ਰਾਹੀਂ) ਭਾਲ ਕਰ ਕੇ ਪਰਮਾਤਮਾ ਦੀ ਪ੍ਰਾਪਤੀ ਕਰਦਾ ਹੈ ॥੮॥੧॥
(ਪ੍ਰਭੂ ਦੇ ਨਾਮ ਤੋਂ ਖੁੰਝੇ ਹੋਏ) ਸਾਰੇ ਜਗਤ ਨੂੰ ਮਾਇਆ ਦੇ ਮੋਹ ਨੇ ਪ੍ਰਭਾਵਿਤ ਕੀਤਾ ਹੋਇਆ ਹੈ।
(ਕਿਤੇ ਤਾਂ ਇਹ) ਇਸਤ੍ਰੀ ਨੂੰ ਵੇਖ ਕੇ ਕਾਮ-ਵਾਸਨਾ ਵਿਚ ਫਸਦਾ ਹੈ,
(ਕਿਤੇ ਇਹ ਜਗਤ) ਪੁੱਤਰਾਂ ਤੇ ਸੋਨੇ (ਆਦਿਕ ਧਨ) ਨਾਲ ਪਿਆਰ ਵਧਾ ਰਿਹਾ ਹੈ।
(ਜਗਤ ਨੇ ਦਿੱਸਦੀ) ਹਰੇਕ ਚੀਜ਼ ਨੂੰ ਆਪਣੀ ਬਣਾਇਆ ਹੋਇਆ ਹੈ, ਸਿਰਫ਼ ਪਰਮਾਤਮਾ ਨੂੰ ਹੀ (ਇਹ) ਓਪਰਾ ਸਮਝਦਾ ਹੈ ॥੧॥
(ਜਿਵੇਂ ਮਾਲਾ ਦੇ ਮਣਕੇ ਮੁੱਕਦੇ ਨਹੀਂ, ਮਣਕਿਆਂ ਦਾ ਗੇੜ ਜਾਰੀ ਰਹਿੰਦਾ ਹੈ) ਮੈਂ ਇਕ-ਤਾਰ (ਸਦਾ) ਅਜੇਹੇ ਤਰੀਕੇ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਜਪਦਾ ਹਾਂ,
ਕਿ ਦੁੱਖਾਂ ਦੀ ਘਬਰਾਹਟ ਤੇ ਸੁਖਾਂ ਦੀ ਲਾਲਸਾ ਛੱਡ ਕੇ ਪ੍ਰਭੂ ਦੀ ਕੇਵਲ (ਪ੍ਰੇਮ-ਭਰੀ) ਭਗਤੀ ਹੀ ਕਰਦਾ ਹਾਂ ॥੧॥ ਰਹਾਉ ॥
ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰੀ ਕੁਦਰਤਿ ਦਾ) ਕਿਸੇ ਅੰਤ ਨਹੀਂ ਲੱਭਾ।
ਜੇਹੜਾ ਮਨੁੱਖ ਤੇਰੀ ਸਦਾ-ਥਿਰ ਰਹਿਣ ਵਾਲੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਦਾ ਹੈ ਉਹੋ ਤੇਰੇ ਚਰਨਾਂ ਵਿਚ ਲੀਨ ਰਹਿੰਦਾ ਹੈ (ਉਹ ਤੈਨੂੰ "ਪਰਾਇਆ" ਨਹੀਂ ਜਾਣਦਾ)।
ਹੇ ਪ੍ਰਭੂ! ਜਨਮ ਮਰਨ ਦਾ ਗੇੜ ਤੂੰ ਆਪ ਹੀ ਬਣਾਇਆ ਹੈ,
ਜਿਨ੍ਹਾਂ ਨੇ ਤੇਰੇ ਸਦਾ-ਥਿਰ ਨਾਮ ਵਿਚ ਚਿੱਤ ਜੋੜਿਆ ਹੈ (ਉਹ ਇਸ ਗੇੜ ਵਿਚ ਨਹੀਂ ਪੈਂਦੇ, ਤੇ) ਉਹੀ (ਤੇਰੇ ਅਸਲ) ਭਗਤ ਹਨ ॥੨॥
ਉਸ ਵਾਸਨਾ-ਰਹਿਤ ਪ੍ਰਭੂ ਨਾਲ ਡੂੰਘੀ ਸਾਂਝ ਤੇ ਉਸ ਦੇ ਚਰਨਾਂ ਵਿਚ ਜੁੜਨ (ਦੁਆਰਾ ਹੀ ਇਹ ਸੂਝ ਪੈਂਦੀ ਹੈ ਕਿ ਪਰਮਾਤਮਾ ਸਾਰੇ ਵਿਆਪਕ ਹੈ)
ਸਤਿਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ ਨਹੀਂ ਸਮਝ ਸਕਦਾ,
ਕਿ ਪਰਮਾਤਮਾ ਦੀ ਜੋਤਿ ਸਾਰੇ ਹੀ ਸਰੀਰਾਂ ਵਿਚ ਵਿਆਪਕ ਹੈ।
ਮੈਂ ਉਸ ਆਨੰਦ-ਸਰੂਪ ਪਰਮਾਤਮਾ ਤੋਂ ਸਦਕੇ (ਜਾਂਦਾ) ਹਾਂ ॥੩॥
ਜੇਹੜਾ ਮਨੁੱਖ ਗੁਰੂ ਦੀ ਮੱਤ ਤੇ ਤੁਰ ਕੇ ਪਰਮਾਤਮਾ ਨਾਲ ਪਿਆਰ ਕਰਨਾ ਸਿੱਖਦਾ ਹੈ ਪਰਮਾਤਮਾ ਦੀ ਭਗਤੀ ਕਰਦਾ ਹੈ,
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਹਉਮੈ ਨੂੰ ਸਾੜ ਦੇਂਦਾ ਹੈ।