ਸੁਰਤ ਦੀ ਤਾਰ (ਉਸ ਕਿੰਗੁਰੀ ਦੀ ਵੱਜਣ ਵਾਲੀ ਤੰਤੀ) ਮਜ਼ਬੂਤ ਹੋ ਗਈ ਹੈ, ਕਦੇ ਟੁੱਟਦੇ ਨਹੀਂ ॥੩॥
(ਇਸ ਅੰਦਰਲੀ ਕਿੰਗੁਰੀ ਦੇ ਰਾਗ ਨੂੰ) ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ਧੱਕਾ ਨਹੀਂ ਵੱਜ ਸਕਦਾ।
ਕਬੀਰ ਆਖਦਾ ਹੈ- ਜੋ ਲਗਨ ਵਾਲਾ ਜੋਗੀ ਅਜਿਹੀ ਖੇਡ ਖੇਡ ਕੇ ਜਾਂਦਾ ਹੈ ਉਸ ਨੂੰ ਫਿਰ ਕਦੇ ਜਨਮ (ਮਰਨ) ਨਹੀਂ ਹੁੰਦਾ ॥੪॥੨॥੫੩॥
(ਜਦੋਂ ਜੀਵ ਜਨਮ ਲੈਂਦਾ ਹੈ ਤਾਂ, ਮਾਨੋ,) ਪੂਰੀ ਇਕ ਤਾਣੀ (੪੦ ਗਜ਼ਾਂ ਦੀ ਤਿਆਰ ਹੋ ਜਾਂਦੀ ਹੈ) ਜਿਸ ਵਿਚ ਨੌ ਗੋਲਕਾਂ, ਦਸ ਇੰਦਰੇ ਤੇ ਇੱਕੀ ਗਜ਼ ਹੋਰ ਹੁੰਦੇ ਹਨ (ਭਾਵ, ਪੰਜ ਸੂਖਮ ਤੱਤ, ਪੰਜ ਸਥੂਲ ਤੱਤ, ਦਸ ਪ੍ਰਾਣ ਤੇ ਇਕ ਮਨ-ਇਹ ੨੧ ਗਜ਼ ਤਾਣੀ ਦੇ ਹੋਰ ਹਨ)।
ਸੱਠ ਨਾੜੀਆਂ (ਇਹ ਉਸ ਤਾਣੀ ਦੇ ਲੰਮੇ ਪਾਸੇ ਦਾ) ਸੂਤਰ ਹੁੰਦਾ ਹੈ, (ਸਰੀਰ ਦੇ ਨੌ ਜੋੜ ਉਸ ਤਾਣੀ ਦੇ) ਨੌ ਟੋਟੇ ਹਨ ਅਤੇ ਬਹੱਤਰ ਛੋਟੀਆਂ ਨਾੜੀਆਂ (ਇਹ ਉਸ ਤਾਣੀ ਨੂੰ) ਵਾਧੂ ਪੇਟਾ ਲੱਗਾ ਹੋਇਆ ਸਮਝੋ ॥੧॥
ਵਾਸ਼ਨਾ (ਇਹ ਸਰੀਰ ਦੀ ਤਾਣੀ) ਉਣਾਉਣ ਤੁਰ ਪੈਂਦੀ ਹੈ,
ਜਦੋਂ ਜੀਵ-ਜੁਲਾਹਾ ਪ੍ਰਭੂ ਦੇ ਚਰਨ ਵਿਸਾਰਦਾ ਹੈ। (ਭਾਵ, ਪ੍ਰਭੂ ਨੂੰ ਵਿਸਾਰਨ ਕਰਕੇ ਜੀਵ ਵਾਸ਼ਨਾ ਵਿਚ ਬੱਝ ਜਾਂਦਾ ਹੈ ਤੇ ਇਹ ਵਾਸ਼ਨਾ ਇਸ ਨੂੰ ਸਰੀਰ ਵਿਚ ਲਿਆਉਣ ਦਾ ਕਾਰਨ ਬਣਦੀ ਹੈ) ॥੧॥ ਰਹਾਉ ॥
(ਸਰੀਰ-ਰੂਪ ਇਹ ਤਾਣੀ) ਗਜ਼ਾਂ ਨਾਲ ਨਹੀਂ ਮਿਣੀਦੀ, ਤੇ ਵੱਟੇ ਨਾਲ ਤੋਲੀਦੀ ਭੀ ਨਹੀਂ (ਉਂਞ ਇਸ ਤਾਣੀ ਨੂੰ ਭੀ ਹਰ ਰੋਜ਼) ਢਾਈ ਸੇਰ (ਖ਼ੁਰਾਕ-ਰੂਪ) ਪਾਣ ਚਾਹੀਦੀ ਹੈ।
ਜੇ ਇਸ ਨੂੰ ਇਹ ਪਾਣ ਵੇਲੇ ਸਿਰ ਨਾ ਮਿਲੇ ਤਾਂ ਘਰ ਵਿਚ ਹੀ ਰੌਲਾ ਪਾ ਦੇਂਦੀ ਹੈ (ਭਾਵ, ਜੇ ਖ਼ੁਰਾਕ ਨਾਹ ਮਿਲੇ ਤਾਂ ਸਰੀਰ ਵਿਚ ਤਰਥੱਲ ਮੱਚ ਜਾਂਦੀ ਹੈ) ॥੨॥
(ਵਾਸ਼ਨਾ-ਬੱਧਾ ਜੀਵ) ਥੋੜੇ ਦਿਨਾਂ ਦੇ ਜੀਊਣ ਖ਼ਾਤਰ ਖਸਮ-ਪ੍ਰਭੂ ਤੋਂ ਆਕੀ ਹੋ ਜਾਂਦਾ ਹੈ (ਪ੍ਰਭੂ ਦੀ ਯਾਦ ਦਾ ਸਮਾ ਗੁਆ ਲੈਂਦਾ ਹੈ ਤੇ ਫਿਰ) ਇਹ ਵੇਲਾ ਹੱਥ ਨਹੀਂ ਆਉਂਦਾ।
(ਆਖ਼ਰ) ਇਹ ਪਦਾਰਥ ਖੁੱਸ ਜਾਂਦੇ ਹਨ, ਮਨ ਦੀਆਂ ਵਾਸ਼ਨਾਂ ਇਹਨਾਂ ਪਦਾਰਥਾਂ ਵਿਚ ਫਸੀਆਂ ਹੀ ਰਹਿ ਜਾਂਦੀਆਂ ਹਨ, (ਇਸ ਵਿਛੋੜੇ ਦੇ ਕਾਰਨ) ਜੀਵ-ਜੁਲਾਹਾ ਖਿੱਝ ਕੇ ਇਥੋਂ ਤੁਰ ਪੈਂਦਾ ਹੈ ॥੩॥
(ਆਖ਼ਰ) ਨਲੀ ਖ਼ਾਲੀ ਹੋ ਜਾਂਦੀ ਹੈ, ਤੰਦ ਨਹੀਂ ਨਿਕਲਦੀ, ਤੁਰ ਉਲਝੀ ਨਹੀਂ ਰਹਿੰਦੀ (ਭਾਵ, ਜੀਵਾਤਮਾ ਸਰੀਰ ਨੂੰ ਛੱਡ ਦੇਂਦਾ ਹੈ, ਸੁਆਸ ਚੱਲਣੇ ਮੁੱਕ ਜਾਂਦੇ ਹਨ, ਸੁਆਸਾਂ ਦਾ ਨਾਭੀ ਨਾਲੋਂ ਸੰਬੰਧ ਟੁੱਟ ਜਾਂਦਾ ਹੈ)।
ਕਬੀਰ ਆਖਦਾ ਹੈ- ਹੇ ਚੰਦਰੀ ਵਾਸ਼ਨਾ! ਇਹ ਜੰਜਾਲ ਛੱਡ ਦੇ, ਤੇ ਹੁਣ ਤਾਂ ਇਸ ਜੀਵ ਦੀ ਖ਼ਲਾਸੀ ਕਰ ॥੪॥੩॥੫੪॥
(ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੀ) ਜੋਤ ਨਾਲ ਮਿਲ ਕੇ ਇੱਕ-ਰੂਪ ਹੋ ਜਾਂਦੀ ਹੈ, ਉਸ ਦੇ ਅੰਦਰ ਹਉਮੈ ਬਿਲਕੁਲ ਨਹੀਂ ਰਹਿੰਦੀ।
ਕੇਵਲ ਉਹੀ ਮਨੁੱਖ ਹਉਮੈ ਨਾਲ ਦੁਖੀ ਹੁੰਦਾ ਹੈ, ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਪੈਦਾ ਹੁੰਦਾ ॥੧॥
ਹੇ ਮੇਰੇ ਸਾਂਵਲੇ ਸੁਹਣੇ ਰਾਮ!
(ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਤਾਂ ਤੇਰੇ ਚਰਨਾਂ ਵਿਚ ਜੁੜਿਆ ਹੋਇਆ ਹੈ (ਮੈਨੂੰ ਹਉਮੈ ਕਿਉਂ ਦੁਖੀ ਕਰੇ?) ॥੧॥ ਰਹਾਉ ॥
(ਹਉਮੈ ਦੇ ਅਭਾਵ ਅਤੇ ਅੰਦਰਲੀ ਸ਼ਾਂਤੀ-ਠੰਢ ਦੀ) ਇਹ ਸਿੱਧੀ ਸਤਿਗੁਰੂ ਨੂੰ ਮਿਲਿਆਂ ਲੱਭਦੀ ਹੈ। (ਫਿਰ ਇਸ ਸਿੱਧੀ ਦੇ ਸਾਹਮਣੇ ਜੋਗੀਆਂ ਦਾ) ਜੋਗ ਤੁੱਛ ਹੈ, (ਦੁਨੀਆ ਦੇ ਪਦਾਰਥਾਂ ਦਾ) ਭੋਗਣਾ ਭੀ ਕੋਈ ਚੀਜ਼ ਨਹੀਂ ਹੈ
ਜਦੋਂ ਸਤਿਗੁਰੂ ਦਾ ਸ਼ਬਦ ਅਤੇ ਸਿੱਖ ਦੀ ਸੁਰਤ ਮਿਲਦੇ ਹਨ, ਤਾਂ ਪਰਮਾਤਮਾ ਦੇ ਨਾਮ ਦਾ ਮਿਲਾਪ-ਰੂਪ ਨਤੀਜਾ ਨਿਕਲਦਾ ਹੈ ॥੨॥
ਜਗਤ ਸਮਝਦਾ ਹੈ ਕਿ ਸਤਿਗੁਰੂ ਦਾ ਸ਼ਬਦ (ਕੋਈ ਸਧਾਰਨ ਜਿਹਾ) ਗੀਤ ਹੀ ਹੈ, ਪਰ ਇਹ ਤਾਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ,
(ਜੋ ਹਉਮੈ ਤੋਂ ਜਿਊਂਦਿਆਂ ਹੀ ਮੁਕਤੀ ਦਿਵਾਉਂਦੀ ਹੈ) ਜਿਵੇਂ ਕਾਂਸ਼ੀ ਵਿਚ ਮਨੁੱਖ ਨੂੰ ਮਰਨ ਵੇਲੇ (ਸ਼ਿਵ ਜੀ ਦਾ ਮੁਕਤੀ ਦਾਤਾ) ਉਪਦੇਸ਼ ਮਿਲਦਾ ਖ਼ਿਆਲ ਕੀਤਾ ਜਾਂਦਾ ਹੈ (ਭਾਵ, ਕਾਂਸ਼ੀ ਵਾਲਾ ਉਪਦੇਸ਼ ਤਾਂ ਮਰਨ ਪਿਛੋਂ ਅਸਰ ਕਰਦਾ ਹੋਵੇਗਾ, ਪਰ ਸਤਿਗੁਰੂ ਦਾ ਸ਼ਬਦ ਐਥੇ ਹੀ ਜੀਵਨ-ਮੁਕਤ ਕਰ ਦੇਂਦਾ ਹੈ) ॥੩॥
ਜੋ ਭੀ ਮਨੁੱਖ ਪ੍ਰੇਮ ਨਾਲ ਪ੍ਰਭੂ ਦਾ ਨਾਮ ਗਾਉਂਦਾ ਹੈ ਜਾਂ ਸੁਣਦਾ ਹੈ,
ਕਬੀਰ ਆਖਦਾ ਹੈ- ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਜ਼ਰੂਰ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੪॥੧॥੪॥੫੫॥
ਹੇ ਭਾਈ! ਜਿਹੜੇ ਜਿਹੜੇ ਭੀ ਮਨੁੱਖ ਅਜਿਹੇ ਜਤਨ ਕਰਦੇ ਹਨ, ਉਹ ਸਾਰੇ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਇਹ ਰਸਮਾਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਾਉਂਦੀਆਂ (ਸੰਸਾਰ ਦੇ ਵਿਕਾਰਾਂ ਤੋਂ ਬਚਾ ਨਹੀਂ ਸਕਦੀਆਂ।)
ਧਾਰਮਿਕ ਰਸਮਾਂ, ਵਰਨ ਆਸ਼੍ਰਮਾਂ ਦੀਆਂ ਆਪੋ ਆਪਣੀਆਂ ਰਸਮਾਂ ਕਰਨ ਦੇ ਫ਼ਰਜ਼ ਅਤੇ ਹੋਰ ਕਈ ਕਿਸਮ ਦੇ ਧਾਰਮਿਕ ਪ੍ਰਣ ਕਰਨ ਨਾਲ ਹਉਮੈ (ਮਨੁੱਖ ਦੇ) ਮਨ ਨੂੰ ਸਾੜ ਦੇਂਦੀ ਹੈ ॥੧॥
ਹੇ ਭਾਈ! ਜਿੰਦ ਤੇ ਰੋਜ਼ੀ ਦੇ ਦੇਣ ਵਾਲਾ ਇਕ ਪਰਮਾਤਮਾ ਹੀ ਹੈ। ਤੂੰ ਉਸ ਨੂੰ ਆਪਣੇ ਮਨੋਂ ਕਿਉਂ ਭੁਲਾ ਦਿੱਤਾ ਹੈ?
ਇਹ (ਮਨੁੱਖਾ-) ਜਨਮ (ਮਾਨੋ) ਹੀਰਾ ਹੈ, ਅਮੋਲਕ ਲਾਲ ਹੈ, ਪਰ ਤੂੰ ਤਾਂ ਇਸ ਨੂੰ ਕੌਡੀ ਦੀ ਖ਼ਾਤਰ ਗਵਾ ਦਿੱਤਾ ਹੈ ॥੧॥ ਰਹਾਉ ॥
ਹੇ ਭਾਈ! ਤੂੰ ਕਦੇ ਆਪਣੇ ਦਿਲ ਵਿਚ ਵਿਚਾਰ ਨਹੀਂ ਕੀਤੀ ਕਿ ਭਟਕਣਾ ਦੇ ਕਾਰਨ ਤੈਨੂੰ ਤਾਂ ਮਾਇਆ ਦੀ ਭੁੱਖ-ਤ੍ਰੇਹ ਲੱਗੀ ਹੋਈ ਹੈ।
(ਕਰਮਾਂ ਧਰਮਾਂ ਵਿਚ ਹੀ) ਤੂੰ ਮਸਤਿਆ ਤੇ ਹੰਕਾਰਿਆ ਰਹਿੰਦਾ ਹੈਂ। ਗੁਰੂ ਦਾ ਸ਼ਬਦ ਤੂੰ ਕਦੇ ਆਪਣੇ ਮਨ ਵਿਚ ਵਸਾਇਆ ਹੀ ਨਹੀਂ ॥੨॥
(ਪ੍ਰਭੂ ਨੂੰ ਵਿਸਾਰਨ ਕਰਕੇ) ਤੂੰ (ਦੁਨੀਆ ਦੇ) ਸੁਆਦਾਂ ਦਾ ਲੋਭੀ ਬਣ ਰਿਹਾ ਹੈਂ। ਇੰਦ੍ਰੀ ਦੇ ਚਸਕੇ ਦਾ ਪ੍ਰੇਰਿਆ ਹੋਇਆ ਤੂੰ ਵਿਕਾਰਾਂ ਦੇ ਨਸ਼ੇ ਦੇ ਸੁਆਦ ਲੈਂਦਾ ਰਹਿੰਦਾ ਹੈਂ।
ਜਿਨ੍ਹਾਂ ਦੇ ਮੱਥੇ ਉੱਤੇ ਚੰਗੇ ਭਾਗ (ਜਾਗਦੇ) ਹਨ, ਉਹਨਾਂ ਨੂੰ ਸਾਧ-ਸੰਗਤ ਵਿਚ (ਲਿਆ ਕੇ ਪ੍ਰਭੂ ਵਿਕਾਰਾਂ ਤੋਂ ਇਉਂ) ਬਚਾਉਂਦਾ ਹੈ ਜਿਵੇਂ ਲੱਕੜੀ ਲੋਹੇ ਨੂੰ (ਸਮੁੰਦਰ ਤੋਂ) ਪਾਰ ਲੰਘਾਉਂਦੀ ਹੈ ॥੩॥
ਜੂਨਾਂ ਵਿਚ, ਜਨਮਾਂ ਵਿਚ ਦੌੜ ਦੌੜ ਕੇ, ਭਟਕ ਭਟਕ ਕੇ ਮੈਂ ਤਾਂ ਥੱਕ ਗਿਆ ਹਾਂ। ਦੁੱਖ ਸਹਾਰ ਸਹਾਰ ਕੇ ਹੋਰ ਆਸਰੇ ਛੱਡ ਬੈਠਾ ਹਾਂ (ਅਤੇ ਗੁਰੂ ਦੀ ਸ਼ਰਨ ਲਈ ਹੈ।)
ਕਬੀਰ ਆਖਦਾ ਹੈ-ਸਤਿਗੁਰੂ ਨੂੰ ਮਿਲਦਿਆਂ ਹੀ (ਪ੍ਰਭੂ ਦਾ ਨਾਮ-ਰੂਪ) ਸਭ ਤੋਂ ਸ੍ਰ੍ਰੇਸ਼ਟ ਰਸ ਪੈਦਾ ਹੁੰਦਾ ਹੈ, ਅਤੇ ਪਿਆਰ ਨਾਲ ਕੀਤੀ ਹੋਈ ਪ੍ਰਭੂ ਦੀ ਭਗਤੀ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਬਚਾ ਲੈਂਦੀ ਹੈ ॥੪॥੧॥੫॥੫੬॥
ਹੇ ਕਮਲੇ ਮਨਾ! (ਇਹ ਜਗਤ) ਪਰਮਾਤਮਾ ਨੇ (ਜੀਵਾਂ ਨੂੰ ਰੁੱਝੇ ਰੱਖਣ ਲਈ) ਇਕ ਖੇਡ ਬਣਾਈ ਹੈ ਜਿਵੇਂ (ਲੋਕ ਹਾਥੀ ਨੂੰ ਫੜਨ ਲਈ) ਕਲਬੂਤ ਦੀ ਹਥਣੀ (ਬਣਾਉਂਦੇ ਹਨ);
(ਉਸ ਹਥਣੀ ਨੂੰ ਵੇਖ ਕੇ) ਕਾਮ ਦੀ ਵਾਸ਼ਨਾ ਦੇ ਕਾਰਨ ਹਾਥੀ ਫੜਿਆ ਜਾਂਦਾ ਹੈ ਤੇ ਆਪਣੇ ਸਿਰ ਉੱਤੇ (ਸਦਾ ਮਹਾਉਤ ਦਾ) ਅੰਕਸ ਸਹਾਰਦਾ ਹੈ, (ਤਿਵੇਂ) ਹੇ ਝੱਲੇ ਮਨ! (ਤੂੰ ਭੀ ਮਨ-ਮੋਹਨੀ ਮਾਇਆ ਵਿਚ ਫਸ ਕੇ ਦੁੱਖ ਸਹਾਰਦਾ ਹੈਂ) ॥੧॥