ਜਿਸ ਪਰਮਾਤਮਾ ਦੇ ਨੂਰ ਦੀ ਝਲਕ ਜੋਤਿ ਦਾ ਚਾਨਣ ਦਸੀਂ ਪਾਸੀਂ (ਸਾਰੇ ਹੀ ਸੰਸਾਰ ਵਿਚ) ਹੋ ਰਿਹਾ ਹੈ ਉਹੀ ਪਰਮਾਤਮਾ ਭਗਤ ਜਨਾਂ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ।
ਨਾਨਕ ਬੇਨਤੀ ਕਰਦਾ ਹੈ, ਪ੍ਰਭੂ-ਚਰਨਾਂ ਦਾ ਧਿਆਨ ਧਰਦਾ ਹੈ, (ਤੇ ਆਖਦਾ ਹੈ ਕਿ) ਪਰਮਾਤਮਾ ਆਪਣੀ ਭਗਤੀ (ਦੇ ਕਾਰਨ ਆਪਣੇ ਭਗਤਾਂ) ਨਾਲ ਪਿਆਰ ਕਰਨ ਵਾਲਾ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਸ ਨੇ ਆਪ ਹੀ ਬਣਾਇਆ ਹੋਇਆ ਹੈ ॥੪॥੩॥੬॥
(ਪਰਮਾਤਮਾ ਦੇ) ਸੰਤ ਜਨਾਂ ਦਾ ਚੰਗਾ ਭਾਗ ਸਦਾ ਕਾਇਮ ਰਹਿੰਦਾ ਹੈ (ਕਿਉਂਕਿ ਉਹਨਾਂ ਦੇ) ਸਿਰ ਦਾ ਸਾਂਈ ਨਾਹ (ਕਦੇ) ਮਰਦਾ ਹੈ ਨਾਹ (ਕਦੇ ਉਹਨਾਂ ਨੂੰ ਛੱਡ ਕੇ ਕਿਤੇ) ਜਾਂਦਾ ਹੈ।
ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਪ੍ਰਭੂ-ਪਤੀ ਆ ਵੱਸੇ, ਉਹ ਸਦਾ ਉਸ ਦੇ ਮਿਲਾਪ ਦੇ ਆਨੰਦ ਨੂੰ ਮਾਣਦੀ ਹੈ।
ਉਹ ਪਰਮਾਤਮਾ ਨਾਸ ਤੋਂ ਰਹਿਤ ਹੈ, ਅਦ੍ਰਿਸ਼ਟ ਹੈ, ਸਦਾ ਨਵੇਂ ਪਿਆਰ ਵਾਲਾ ਹੈ, ਪਵਿਤ੍ਰ-ਸਰੂਪ ਹੈ।
ਉਹ ਮਾਲਕ ਕਿਸੇ ਤੋਂ ਭੀ ਦੂਰ ਨਹੀਂ ਹੈ, ਸਦਾ ਹਰੇਕ ਦੇ ਅੰਗ-ਸੰਗ ਵੱਸਦਾ ਹੈ, ਦਸੀਂ ਹੀ ਪਾਸੀਂ ਉਹ ਸਦਾ ਹੀ ਸਦਾ ਹੀ ਵਿਆਪਕ ਰਹਿੰਦਾ ਹੈ।
ਸਭ ਜੀਵਾਂ ਦੀ ਜਿੰਦ ਦਾ ਮਾਲਕ ਉਹ ਪਰਮਾਤਮਾ ਐਸਾ ਹੈ ਜਿਸ ਪਾਸੋਂ ਜੀਵਾਂ ਨੂੰ ਉੱਚੀ ਆਤਮਕ ਅਵਸਥਾ ਮਿਲਦੀ ਹੈ, ਚੰਗੀ ਅਕਲ ਪ੍ਰਾਪਤ ਹੁੰਦੀ ਹੈ। ਜਿਉਂ ਜਿਉਂ ਉਸ ਪਿਆਰੇ ਨਾਲ ਪ੍ਰੀਤਿ ਵਧਾਈਏ, ਤਿਉਂ ਤਿਉਂ ਉਹ ਪ੍ਰੀਤਮ-ਪ੍ਰਭੂ ਪਿਆਰਾ ਲੱਗਦਾ ਹੈ।
ਨਾਨਕ ਆਖਦਾ ਹੈ-ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਪ੍ਰਭੂ-ਪ੍ਰੀਤਮ ਨਾਲ) ਡੂੰਘੀ ਸਾਂਝ ਪੈਂਦੀ ਹੈ। (ਪਰਮਾਤਮਾ ਦੇ) ਸੰਤ ਜਨਾਂ ਦਾ ਚੰਗਾ ਭਾਗ ਸਦਾ ਕਾਇਮ ਰਹਿੰਦਾ ਹੈ (ਕਿਉਂਕਿ) ਉਹਨਾਂ ਦਾ ਖਸਮ-ਪ੍ਰਭੂ ਨਾਹ (ਕਦੇ) ਮਰਦਾ ਹੈ ਨਾਹ (ਕਦੇ ਉਹਨਾਂ ਨੂੰ ਛੱਡ ਕੇ ਕਿਤੇ) ਜਾਂਦਾ ਹੈ ॥੧॥
ਜਿਸ (ਜੀਵ-ਇਸਤ੍ਰੀ) ਨੂੰ ਪ੍ਰਭੂ ਪਤੀ (ਮਿਲ ਪੈਂਦਾ ਹੈ) ਉਸ ਦੇ ਹਿਰਦੇ ਘਰ ਵਿਚ ਬਹੁਤ ਆਨੰਦ ਬਣਿਆ ਰਹਿੰਦਾ ਹੈ,
ਉਹ ਸੁਖੀ ਜੀਵਨ ਬਿਤਾਂਦੀ ਹੈ, ਹਰ ਥਾਂ ਉਸ ਦੀ ਸੋਭਾ ਵਡਿਆਈ ਬਣੀ ਰਹਿੰਦੀ ਹੈ।
ਉਸ ਜੀਵ-ਇਸਤ੍ਰੀ ਨੂੰ ਹਰ ਥਾਂ ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ਸੁਖ ਮਿਲਦਾ ਹੈ (ਕਿਉਂਕਿ ਉਸ ਨੂੰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਪ੍ਰਾਪਤ ਹੋਈ ਰਹਿੰਦੀ ਹੈ। ਦੈਵੀ ਗੁਣਾਂ ਦਾ ਮਾਲਕ-ਪ੍ਰਭੂ ਸਦਾ ਉਸ ਦੇ ਅੰਗ-ਸੰਗ ਵੱਸਦਾ ਹੈ।
ਉਸ (ਜੀਵ-ਇਸਤ੍ਰੀ ਦੇ) ਹਿਰਦੇ-ਘਰ ਵਿਚ ਸਾਰੀਆਂ ਕਰਾਮਾਤੀ ਤਾਕਤਾਂ ਸਾਰੇ ਹੀ ਨੌ ਖ਼ਜ਼ਾਨੇ ਵੱਸ ਪੈਂਦੇ ਹਨ, ਉਸ ਨੂੰ ਕੋਈ ਘਾਟ ਨਹੀਂ ਰਹਿੰਦੀ, ਉਸ ਨੂੰ ਸਭ ਕੁਝ ਪ੍ਰਾਪਤ ਰਹਿੰਦਾ ਹੈ।
ਉਸ ਜੀਵ-ਇਸਤ੍ਰੀ ਦੇ ਬੋਲ ਮਿੱਠੇ ਹੋ ਜਾਂਦੇ ਹਨ, ਪ੍ਰਭੂ-ਪਤੀ ਨੇ ਉਸ ਨੂੰ ਆਦਰ-ਮਾਣ ਦੇ ਰੱਖਿਆ ਹੁੰਦਾ ਹੈ। ਉਸ ਦਾ ਚੰਗਾ ਭਾਗ ਸਦਾ ਲਈ ਬਣਿਆ ਰਹਿੰਦਾ ਹੈ।
ਨਾਨਕ ਆਖਦਾ ਹੈ-ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। ਸਰਬ-ਵਿਆਪਕ ਪਰਮਾਤਮਾ ਜਿਸ ਜੀਵ-ਇਸਤ੍ਰੀ ਦਾ ਖਸਮ ਬਣ ਜਾਂਦਾ ਹੈ ਉਸ ਦੇ ਹਿਰਦੇ-ਘਰ ਵਿਚ ਬਹੁਤ ਆਨੰਦ ਬਣਿਆ ਰਹਿੰਦਾ ਹੈ ॥੨॥
ਹੇ ਸਹੇਲੀ! ਆ, ਗੁਰੂ ਦੇ ਪਾਸ ਚੱਲੀਏ। (ਗੁਰੂ ਦੀ ਦੱਸੀ) ਸੇਵਾ ਵਿਚ ਲੱਗਣਾ ਚਾਹੀਦਾ ਹੈ।
ਹੇ ਸਖੀ! (ਮੇਰਾ ਜੀ ਕਰਦਾ ਹੈ) ਮੈਂ (ਗੁਰੂ ਕੇ ਲੰਗਰ ਵਾਸਤੇ ਚੱਕੀ) ਪੀਹਾਂ, ਮੈਂ (ਗੁਰੂ ਦੇ) ਚਰਨ ਧੋਵਾਂ। ਹੇ ਸਖੀ! ਗੁਰੂ ਦੇ ਦਰ ਤੇ ਜਾ ਕੇ ਅਹੰਕਾਰ ਤਿਆਗ ਦੇਣਾ ਚਾਹੀਦਾ ਹੈ।
ਹੇ ਸਖੀ! ਅਹੰਕਾਰ ਤਿਆਗ ਕੇ (ਮਨ ਦਾ) ਕਲੇਸ਼ ਮਿਟ ਜਾਂਦਾ ਹੈ। ਹੇ ਸਖੀ! ਕਦੇ ਭੀ ਆਪਣਾ ਆਪ ਜਤਾਣਾ ਨਹੀਂ ਚਾਹੀਦਾ।
ਗੁਰੂ ਦਾ ਪੱਲਾ ਫੜ ਲੈਣਾ ਚਾਹੀਦਾ ਹੈ (ਜੋ ਗੁਰੂ ਹੁਕਮ ਕਰੇ ਉਹ) ਮੰਨ ਲੈਣਾ ਚਾਹੀਦਾ ਹੈ, ਜੋ ਕੁਝ ਗੁਰੂ ਕਰੇ ਉਸੇ ਨੂੰ ਸੁਖ (ਜਾਣ ਕੇ) ਲੈ ਲੈਣਾ ਚਾਹੀਦਾ ਹੈ।
ਹੇ ਸਖੀ! ਆਪਣੇ ਆਪ ਨੂੰ ਉਸ ਗੁਰੂ ਦੇ ਦਾਸਾਂ ਦੀ ਦਾਸੀ ਬਣਾ ਕੇ, (ਮਨ ਵਿਚੋਂ) ਉਪਰਾਮਤਾ ਤਿਆਗ ਕੇ ਦੋਵੇਂ ਹੱਥ ਜੋੜ ਕੇ ਦਿਨ ਰਾਤ (ਸੇਵਾ ਵਿਚ) ਸੁਚੇਤ ਰਹਿਣਾ ਚਾਹੀਦਾ ਹੈ।
ਨਾਨਕ ਆਖਦਾ ਹੈ-(ਹੇ ਸਖੀ! ਜੀਵ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪਰਮਾਤਮਾ ਨਾਲ) ਡੂੰਘੀ ਸਾਂਝ ਪਾ ਸਕਦਾ ਹੈ। (ਸੋ,) ਹੇ ਸਖੀ! ਆ, ਗੁਰੂ ਪਾਸ ਚੱਲੀਏ। (ਗੁਰੂ ਦੀ ਦੱਸੀ) ਸੇਵਾ ਵਿਚ ਲੱਗਣਾ ਚਾਹੀਦਾ ਹੈ ॥੩॥
ਜਿਨ੍ਹਾਂ ਦੇ ਮੱਥੇ ਉਤੇ ਭਾਗ ਜਾਗਦੇ ਹਨ ਉਹਨਾਂ ਨੂੰ (ਗੁਰੂ ਪਰਮਾਤਮਾ ਦੀ) ਸੇਵਾ-ਭਗਤੀ ਵਿਚ ਜੋੜਦਾ ਹੈ।
ਜਿਨ੍ਹਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ ਉਹਨਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ।
ਸਾਧ ਸੰਗਤਿ ਦੀ ਬਰਕਤਿ ਨਾਲ ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਹ ਪਰਮਾਤਮਾ ਦਾ ਸਿਮਰਨ ਕਰਨ ਲੱਗ ਪੈਂਦੇ ਹਨ।
ਮਾਇਆ ਦੀ ਖ਼ਾਤਰ ਭਟਕਣਾ, ਦੁਨੀਆ ਦਾ ਮੋਹ, ਵਿਕਾਰ, ਮੇਰ-ਤੇਰ-ਇਹ ਸਾਰੇ ਔਗੁਣ ਉਹ ਤਿਆਗ ਦੇਂਦੇ ਹਨ।
ਉਹਨਾਂ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਆ ਜਾਂਦੀ ਹੈ, ਪ੍ਰੇਮ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ, ਤੇ, ਆਤਮਕ ਆਨੰਦ ਮਾਣਦੇ ਹਨ।
ਨਾਨਕ ਆਖਦਾ ਹੈ-ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ। ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਭਾਗ ਜਾਗਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਦੀ ਸੇਵਾ-ਭਗਤੀ ਵਿਚ ਜੋੜਦਾ ਹੈ ॥੪॥੪॥੭॥
ਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਡਰ ਪੋਹ ਨਹੀਂ ਸਕਦਾ (ਆਤਮਕ ਮੌਤ ਨੇੜੇ ਨਹੀਂ ਆ ਸਕਦੀ)।
ਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) ਮਨ ਸੁਖੀ ਰਹਿੰਦਾ ਹੈ ਹਿਰਦਾ ਸੁਖੀ ਹੋ ਜਾਂਦਾ ਹੈ, ਤੇ, ਆਖ਼ਰ ਪਰਮਾਤਮਾ ਭੀ ਮਿਲ ਪੈਂਦਾ ਹੈ ॥੧॥
ਛੰਤ।
ਹੇ ਹਰੀ! ਮੈਨੂੰ (ਵਿਕਾਰਾਂ ਤੋਂ) ਬਚਾਈ ਰੱਖ (ਮੇਹਰ ਕਰ) ਮੈਂ ਤੇਰੇ ਸੰਤ ਜਨਾਂ ਦੀ ਸੰਗਤਿ ਵਿਚ ਟਿਕਿਆ ਰਹਾਂ।
ਮੈਂ ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੇ) ਅਰਦਾਸ ਕਰਦਾ ਹਾਂ, ਮੈਨੂੰ ਆਪਣੇ ਨਾਮ ਦੀ ਦਾਤਿ ਬਖ਼ਸ਼।
ਹੇ ਹਰੀ! ਮੈਂ ਤੈਥੋਂ ਤੇਰਾ ਨਾਮ ਮੰਗਦਾ ਹਾਂ। ਜੇ ਤੂੰ ਮੇਹਰ ਕਰੇਂ ਤਾਂ ਮੈਂ ਤੇਰੀ ਚਰਨੀਂ ਲੱਗਾ ਰਹਾਂ, (ਅਤੇ ਆਪਣੇ ਅੰਦਰੋਂ) ਅਹੰਕਾਰ ਤਿਆਗ ਦਿਆਂ।
ਹੇ ਤਰਸ-ਸਰੂਪ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੀ ਸਰਨ ਪਿਆ ਰਹਾਂ, ਤੇ (ਤੇਰਾ ਆਸਰਾ ਛੱਡ ਕੇ) ਕਿਸੇ ਹੋਰ ਪਾਸੇ ਨਾਹ ਦੌੜਾਂ।
ਹੇ ਸਭ ਤਾਕਤਾਂ ਦੇ ਮਾਲਕ! ਹੇ ਅਕੱਥ! ਹੇ ਬੇਅੰਤ! ਹੇ ਪਵਿਤ੍ਰ-ਸਰੂਪ ਸੁਆਮੀ! ਮੇਰੀ ਇਹ ਅਰਦਾਸ ਸੁਣ।
ਤੇਰਾ ਦਾਸ ਨਾਨਕ ਤੈਥੋਂ ਇਹ ਦਾਨ ਮੰਗਦਾ ਹੈ ਕਿ ਮੇਰਾ ਜਨਮ ਮਰਨ ਦਾ ਗੇੜ ਮੁਕਾ ਦੇ ॥੧॥