ਕਬੀਰ ਆਖਦਾ ਹੈ, ਸਤਿਗੁਰੂ ਨੂੰ ਮਿਲ ਕੇ ਉੱਚਾ ਸੁਖ ਪ੍ਰਾਪਤ ਹੁੰਦਾ ਹੈ, ਭਟਕਣਾ ਮੁੱਕ ਜਾਂਦੀ ਹੈ ਤੇ ਮਨ (ਪ੍ਰਭੂ ਵਿਚ) ਗਿੱਝ ਜਾਂਦਾ ਹੈ ॥੪॥੨੩॥੭੪॥
ਰਾਗ ਗਉੜੀ-ਪੂਰਬੀ ਵਿੱਚ ਭਗਤ ਕਬੀਰ ਜੀ ਦੀ ਬਾਣੀ 'ਬਾਵਨ ਅਖਰੀ'।
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਬਵੰਜਾ ਅੱਖਰ (ਭਾਵ, ਲਿਪੀਆਂ ਦੇ ਅੱਖਰ) ਸਾਰੇ ਜਗਤ ਵਿਚ (ਵਰਤੇ ਜਾ ਰਹੇ ਹਨ), ਜਗਤ ਦਾ ਸਾਰਾ ਵਰਤਾਰਾ ਇਹਨਾਂ (ਲਿਪੀਆਂ ਦੇ) ਅੱਖਰਾਂ ਦੀ ਰਾਹੀਂ ਚੱਲ ਰਿਹਾ ਹੈ।
ਪਰ ਇਹ ਅੱਖਰ ਨਾਸ ਹੋ ਜਾਣਗੇ (ਭਾਵ, ਜਿਵੇਂ ਜਗਤ ਨਾਸਵੰਤ ਹੈ, ਜਗਤ ਵਿਚ ਵਰਤੀ ਜਾਣ ਵਾਲੀ ਹਰੇਕ ਚੀਜ਼ ਭੀ ਨਾਸਵੰਤ ਹੈ, ਬੋਲੀਆਂ ਭੀ ਨਾਸਵੰਤ ਹਨ, ਤੇ ਬੋਲੀਆਂ ਵਿਚ ਵਰਤੇ ਜਾਣ ਵਾਲੇ ਅੱਖਰ ਭੀ ਨਾਸਵੰਤ ਹਨ)। ਅਕਾਲ ਪੁਰਖ ਨਾਲ ਮਿਲਾਪ ਜਿਸ ਸ਼ਕਲ ਵਿਚ ਅਨੁਭਵ ਹੁੰਦਾ ਹੈ, ਉਹਦੇ ਬਿਆਨ ਕਰਨ ਲਈ ਕੋਈ ਅੱਖਰ ਅਜਿਹੇ ਨਹੀਂ ਹਨ ਜੋ ਇਹਨਾਂ ਅੱਖਰਾਂ ਵਿਚ ਆ ਸਕਣ ॥੧॥
ਜੋ ਵਰਤਾਰਾ ਬਿਆਨ ਕੀਤਾ ਜਾ ਸਕਦਾ ਹੈ, ਅੱਖਰ (ਕੇਵਲ) ਉਥੇ (ਹੀ) ਵਰਤੇ ਜਾਂਦੇ ਹਨ;
ਜੋ ਅਵਸਥਾ ਬਿਆਨ ਤੋਂ ਪਰੇ ਹੈ (ਭਾਵ, ਜਦੋਂ ਅਕਾਲ ਪੁਰਖ ਵਿਚ ਲੀਨਤਾ ਹੁੰਦੀ ਹੈ) ਉਥੇ (ਬਿਆਨ ਕਰਨ ਵਾਲਾ) ਮਨ (ਆਪ ਹੀ) ਨਹੀਂ ਰਹਿ ਜਾਂਦਾ।
ਜਿਥੇ ਅੱਖਰ ਵਰਤੇ ਜਾ ਸਕਦੇ ਹਨ (ਭਾਵ, ਜੋ ਅਵਸਥਾ ਬਿਆਨ ਕੀਤੀ ਜਾ ਸਕਦੀ ਹੈ) ਤੇ ਜਿਸ ਹਾਲਤ ਦਾ ਬਿਆਨ ਨਹੀਂ ਹੋ ਸਕਦਾ (ਭਾਵ, ਪਰਮਾਤਮਾ ਵਿਚ ਲੀਨਤਾ ਦੀ ਅਵਸਥਾ)-ਇਹਨੀਂ (ਦੋਹੀਂ) ਥਾਈਂ ਪਰਮਾਤਮਾ ਆਪ ਹੀ ਹੈ,
ਅਤੇ ਜਿਹੋ ਜਿਹਾ ਉਹ (ਪਰਮਾਤਮਾ) ਹੈ ਤਿਹੋ ਜਿਹਾ (ਹੂ-ਬ-ਹੂ) ਕੋਈ ਬਿਆਨ ਨਹੀਂ ਕਰ ਸਕਦਾ ॥੨॥
ਜੇ ਉਸ ਅਲੱਭ (ਪਰਮਾਤਮਾ) ਨੂੰ ਮੈਂ ਲੱਭ (ਭੀ) ਲਵਾਂ ਤਾਂ ਮੈਂ (ਉਸ ਦਾ ਸਹੀ ਸਰੂਪ) ਬਿਆਨ ਨਹੀਂ ਕਰ ਸਕਦਾ; ਜੇ (ਕੁਝ) ਬਿਆਨ ਕਰਾਂ ਭੀ ਤਾਂ ਉਸ ਦਾ ਕਿਸੇ ਨੂੰ ਲਾਭ ਨਹੀਂ ਹੋ ਸਕਦਾ।
(ਉਂਞ) ਜਿਸ ਪਰਮਾਤਮਾ ਦਾ ਇਹ ਤਿੰਨੇ ਲੋਕ (ਭਾਵ, ਸਾਰਾ ਜਗਤ) ਪਸਾਰਾ ਹਨ, ਉਹ ਇਸ ਵਿਚ ਇਉਂ ਵਿਆਪਕ ਹੈ ਜਿਵੇਂ ਬੋਹੜ (ਦਾ ਰੁੱਖ) ਬੀਜ ਵਿਚ (ਅਤੇ ਬੀਜ, ਬੋਹੜ ਵਿਚ) ਹੈ ॥੩॥
ਪਰਮਾਤਮਾ ਨੂੰ ਮਿਲਣ ਦਾ ਜਤਨ ਕਰਦਿਆਂ ਕਰਦਿਆਂ (ਮੇਰੀ) ਦੁਬਿਧਾ ਦਾ ਨਾਸ ਹੋ ਗਿਆ ਹੈ, ਅਤੇ (ਦੁਬਿਧਾ ਦਾ ਨਾਸ ਹੋਇਆਂ ਮੈਂ ਪਰਮਾਤਮਾ ਦਾ) ਕੁਝ ਕੁਝ ਰਾਜ਼ ਸਮਝ ਲਿਆ ਹੈ।
ਦੁਬਿਧਾ ਨੂੰ ਉਲਟਿਆਂ (ਮੇਰਾ) ਮਨ (ਪਰਮਾਤਮਾ ਵਿਚ) ਵਿੱਝ ਗਿਆ ਹੈ ਅਤੇ ਮੈਂ ਉਸ ਅਬਿਨਾਸ਼ੀ ਤੇ ਅਵਿੱਝ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ ॥੪॥
ਤਾਹੀਏਂ (ਚੰਗਾ) ਮੁਸਲਮਾਨ ਉਸ ਨੂੰ ਸਮਝਿਆ ਜਾਂਦਾ ਹੈ ਜੋ ਤਰੀਕਤ ਵਿਚ ਲੱਗਾ ਹੋਵੇ, ਅਤੇ (ਚੰਗਾ) ਹਿੰਦੂ ਉਸ ਨੂੰ, ਜੋ ਵੇਦਾਂ ਪੁਰਾਨਾਂ ਦੀ ਖੋਜ ਕਰਦਾ ਹੋਵੇ।
(ਦੁਬਿਧਾ ਨੂੰ ਮਿਟਾ ਕੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਲਈ) ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਵਾਸਤੇ (ਉੱਚੀ) ਵਿਚਾਰ ਵਾਲੀ ਬਾਣੀ ਥੋੜ੍ਹੀ ਬਹੁਤ ਪੜ੍ਹਨੀ ਜ਼ਰੂਰੀ ਹੈ ॥੫॥
ਜੋ ਇੱਕ-ਰਸ ਸਭ ਥਾਂ ਵਿਆਪਕ ਪਰਮਾਤਮਾ ਸਭ ਨੂੰ ਬਣਾਉਣ ਵਾਲਾ ਹੈ, ਮੈਂ ਉਸ ਨੂੰ ਅਬਿਨਾਸੀ ਸਮਝਦਾ ਹਾਂ;
ਹੋਰ ਜਿਸ ਵਿਅੱਕਤੀ ਨੂੰ ਉਹ ਪ੍ਰਭੂ ਪੈਦਾ ਕਰਦਾ ਹੈ ਤੇ ਫਿਰ ਮਿਟਾ ਦੇਂਦਾ ਹੈ ਉਸ ਨੂੰ ਮੈਂ (ਪਰਮਾਤਮਾ ਦੇ ਤੁੱਲ) ਨਹੀਂ ਮੰਨਦਾ।
ਜੇ ਕੋਈ ਮਨੁੱਖ ਉਸ ਸਰਬ-ਵਿਆਪਕ ਪਰਮਾਤਮਾ ਨੂੰ ਸਮਝ ਲਏ (ਭਾਵ, ਆਪਣੇ ਅੰਦਰ ਅਨੁਭਵ ਕਰ ਲਏ)
ਤਾਂ ਉਸ ਨੂੰ ਸਮਝਿਆਂ (ਉਸ ਮਨੁੱਖ ਦੀ ਉਸ ਉੱਚੀ ਆਤਮਕ ਸੁਰਤ ਦਾ) ਨਾਸ ਨਹੀਂ ਹੁੰਦਾ ॥੬॥
ਜੇ ਮੈਂ (ਗਿਆਨ-ਰੂਪ ਸੂਰਜ ਦੀ) ਕਿਰਨ (ਹਿਰਦੇ-ਰੂਪ) ਕੌਲ-ਫੁੱਲ ਵਿਚ ਟਿਕਾ ਲਵਾਂ,
ਤਾਂ (ਮਾਇਆ-ਰੂਪ) ਚੰਦ੍ਰਮਾ ਦੀ ਚਾਨਣੀ ਨਾਲ, ਉਹ (ਖਿੜਿਆ ਹੋਇਆ ਹਿਰਦਾ-ਫੁੱਲ) (ਮੁੜ) ਮੀਟਿਆ ਨਹੀਂ ਜਾਂਦਾ।
ਅਤੇ ਜੇ ਕਦੇ ਮੈਂ ਉਸ ਖਿੜਾਉ ਦੀ ਹਾਲਤ ਵਿਚ (ਅੱਪੜ ਕੇ) (ਉਸ ਖਿੜੇ ਹੋਏ ਹਿਰਦੇ-ਰੂਪ ਕੌਲ) ਫੁੱਲ ਦਾ ਆਨੰਦ (ਭੀ) ਮਾਣ ਸਕਾਂ,
ਤਾਂ ਉਸ ਦਾ ਬਿਆਨ ਕਥਨ ਤੋਂ ਪਰੇ ਹੈ। ਉਹ ਮੈਂ ਆਖ ਕੇ ਕੀਹ ਸਮਝਾ ਸਕਦਾ ਹਾਂ? ॥੭॥
ਜਦੋਂ ਇਹ ਮਨ (-ਪੰਛੀ ਜਿਸ ਨੂੰ ਗਿਆਨ-ਕਿਰਨ ਮਿਲ ਚੁੱਕੀ ਹੈ) ਸ੍ਵੈ-ਸਰੂਪ ਦੀ ਖੋੜ ਵਿਚ (ਭਾਵ, ਪ੍ਰਭੂ-ਚਰਨਾਂ ਵਿਚ) ਆ ਟਿਕਦਾ ਹੈ,
ਤਾਂ ਇਸ ਆਹਲਣੇ (ਭਾਵ, ਪ੍ਰਭੂ-ਚਰਨਾਂ) ਨੂੰ ਛੱਡ ਕੇ ਦਸੀਂ ਪਾਸੀਂ ਨਹੀਂ ਦੌੜਦਾ।
ਖਸਮ-ਪ੍ਰਭੂ ਨਾਲ ਸਾਂਝ ਪਾ ਕੇ ਖਿਮਾ ਦੇ ਸੋਮੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ,
ਤੇ ਤਦੋਂ ਅਵਿਨਾਸ਼ੀ (ਪ੍ਰਭੂ ਨਾਲ ਇੱਕ-ਰੂਪ) ਹੋ ਕੇ ਉਹ ਪਦਵੀ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਨਾਸ ਨਹੀਂ ਹੁੰਦੀ ॥੮॥
ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਪਾ ਲਈ ਹੈ,
ਉਸ ਨੂੰ (ਪ੍ਰਭੂ ਦੀ ਸਿਫ਼ਤਿ-ਸਾਲਾਹ ਤੋਂ ਬਿਨਾ) ਕੋਈ ਹੋਰ ਗੱਲ ਖਿੱਚ ਨਹੀਂ ਪਾਂਦੀ।
ਉਹ ਪੰਛੀ (ਵਾਂਗ ਸਦਾ ਨਿਰਮੋਹ) ਰਹਿੰਦਾ ਹੈ; ਕਿਤੇ ਭੀ ਭਟਕਦਾ ਨਹੀਂ;
ਜਿਸ ਪ੍ਰਭੂ ਨੂੰ ਜਗਤ ਦੀ ਮਾਇਆ ਗ੍ਰਸ ਨਹੀਂ ਸਕਦੀ, ਉਸ ਨੂੰ ਉਹ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ; ਹਿਰਦੇ ਵਿਚ ਵਸਾ ਕੇ ਆਪਣੀ ਸੁਰਤ ਨੂੰ ਪ੍ਰਭੂ-ਚਰਨਾਂ ਵਿਚ ਟਿਕਾਈ ਰੱਖਦਾ ਹੈ (ਜਿਵੇਂ ਚੋਗ ਨਾਲ ਪੇਟ ਭਰ ਕੇ ਪੰਛੀ ਮੌਜ ਵਿਚ ਆ ਕੇ ਉੱਚਾ ਅਕਾਸ਼ ਵਿਚ ਤਾਰੀਆਂ ਲਾਂਦਾ ਹੈ) ॥੯॥
ਹਰੇਕ ਸਰੀਰ ਵਿਚ ਉਹ ਪ੍ਰਭੂ ਹੀ ਵੱਸਦਾ ਹੈ।
ਜੇ ਕੋਈ ਸਰੀਰ (-ਰੂਪ ਘੜਾ) ਭੱਜ ਜਾਏ ਤਾਂ ਕਦੇ ਪ੍ਰਭੂ ਦੀ ਹੋਂਦ ਵਿਚ ਕੋਈ ਘਾਟਾ ਨਹੀਂ ਪੈਂਦਾ।
ਜਦੋਂ (ਕੋਈ ਜੀਵ) ਇਸ ਸਰੀਰ ਦੇ ਅੰਦਰ ਹੀ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਪੱਤਣ ਲੱਭ ਲੈਂਦਾ ਹੈ,
ਤਾਂ ਇਸ ਪੱਤਣ ਨੂੰ ਛੱਡ ਕੇ ਉਹ ਖੱਡਾਂ ਵਿਚ ਕਿਤੇ ਨਹੀਂ ਭਟਕਦਾ ਫਿਰਦਾ ॥੧੦॥
(ਹੇ ਭਾਈ! ਆਪਣੇ ਇੰਦ੍ਰਿਆਂ ਨੂੰ) ਚੰਗੀ ਤਰ੍ਹਾਂ ਰੋਕ, (ਪ੍ਰਭੂ ਨਾਲ) ਪਿਆਰ ਬਣਾ, ਤੇ ਸਿਦਕ-ਹੀਨਤਾ ਦੂਰ ਕਰ।
(ਇਹ ਕੰਮ ਔਖਾ ਜ਼ਰੂਰ ਹੈ, ਪਰ) ਇਸ ਖ਼ਿਆਲ ਕਰਕੇ ਕਿ ਇਹ ਕੰਮ ਨਹੀਂ ਹੋ ਸਕਦਾ (ਇਸ ਕੰਮ ਵਲੋਂ) ਭੱਜ ਨਹੀਂ ਜਾਣਾ ਚਾਹੀਦਾ-(ਬੱਸ) ਸਭ ਤੋਂ ਵੱਡੀ ਅਕਲ (ਦੀ ਗੱਲ) ਇਹੀ ਹੈ ॥੧੧॥
(ਪ੍ਰਭੂ ਦਾ) ਬਣਾਇਆ ਹੋਇਆ ਇਹ ਜਗਤ (ਮਾਨੋ) ਇਕ ਬਹੁਤ ਵੱਡੀ ਤਸਵੀਰ ਹੈ।
(ਹੇ ਭਾਈ!) ਇਸ ਤਸਵੀਰ (ਦੇ ਮੋਹ) ਨੂੰ ਛੱਡ ਕੇ ਤਸਵੀਰ ਬਣਾਉਣ ਵਾਲੇ ਨੂੰ ਚੇਤੇ ਰੱਖ;
(ਕਿਉਂਕਿ ਵੱਡਾ) ਝੰਬੇਲਾ ਇਹ ਹੈ ਕਿ ਇਹ (ਸੰਸਾਰ-ਰੂਪ) ਤਸਵੀਰ ਮਨ ਨੂੰ ਮੋਹ ਲੈਣ ਵਾਲੀ ਹੈ।
(ਸੋ, ਇਸ ਮੋਹ ਤੋਂ ਬਚਣ ਲਈ) ਤਸਵੀਰ (ਦਾ ਖ਼ਿਆਲ) ਛੱਡ ਕੇ ਤਸਵੀਰ ਬਣਾਉਣ ਵਾਲੇ ਵਿਚ ਆਪਣੇ ਚਿੱਤ ਨੂੰ ਪ੍ਰੋ ਰੱਖ ॥੧੨॥
ਜੋ (ਸਭ ਦਾ) ਪਾਤਸ਼ਾਹ ਹੈ ਇਸ (ਚਿਤ੍ਰਕਾਰ ਪ੍ਰਭੂ) ਦੇ ਪਾਸ-
(ਹੇ ਮੇਰੇ ਮਨ! ਹੋਰ) ਆਸਾਂ ਛੱਡ ਕੇ ਤਕੜਾ ਹੋ ਕੇ ਕਿਉਂ ਨਹੀਂ ਰਹਿੰਦਾ?
ਹੇ ਮਨ! ਮੈਂ ਤੈਨੂੰ ਹਰ ਵੇਲੇ ਸਮਝਾਉਂਦਾ ਹਾਂ,
ਕਿ ਉਸ (ਚਿਤ੍ਰਕਾਰ) ਨੂੰ ਵਿਸਾਰ ਕੇ ਕਿਥੇ (ਉਸ ਦੇ ਬਣਾਏ ਹੋਏ ਚਿੱਤ੍ਰ ਵਿਚ) ਤੂੰ ਆਪਣੇ ਆਪ ਨੂੰ ਜਕੜ ਰਿਹਾ ਹੈਂ ॥੧੩॥
ਜਦੋਂ (ਕੋਈ ਜੀਵ) ਮਾਇਆ ਵਿਚ ਰਹਿੰਦਾ ਹੋਇਆ ਹੀ ਸਰੀਰ (ਦੀਆਂ ਵਾਸ਼ਨਾਂ) ਸਾੜ ਲੈਂਦਾ ਹੈ,
ਉਹ ਮਨੁੱਖ ਜੁਆਨੀ (ਦਾ ਮਦ) ਸਾੜ ਕੇ ਜੀਊਣ ਦੀ (ਸਹੀ) ਜਾਚ ਸਿੱਖ ਲੈਂਦਾ ਹੈ।
ਜਦੋਂ ਮਨੁੱਖ ਆਪਣੇ (ਧਨ ਦੇ ਅਹੰਕਾਰ) ਨੂੰ ਤੇ ਪਰਾਈ (ਦੌਲਤ ਦੀ ਆਸ) ਨੂੰ ਸਾੜ ਕੇ ਆਪਣੇ ਵਿਤ ਵਿਚ ਰਹਿੰਦਾ ਹੈ,
ਤਦੋਂ ਉੱਚੀ ਆਤਮਕ ਅਵਸਥਾ ਵਿਚ ਅੱਪੜ ਕੇ ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਪ੍ਰਾਪਤ ਕਰਦਾ ਹੈ ॥੧੪॥