ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1190


ਗੁਰਸਬਦੁ ਬੀਚਾਰਹਿ ਆਪੁ ਜਾਇ ॥

ਜੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾ ਰੱਖੇਂ, ਤਾਂ ਇਸ ਤਰ੍ਹਾਂ ਆਪਾ-ਭਾਵ ਦੂਰ ਹੋ ਸਕੇਗਾ।

ਸਾਚ ਜੋਗੁ ਮਨਿ ਵਸੈ ਆਇ ॥੮॥

(ਗੁਰੂ ਦਾ ਸ਼ਬਦ ਵਿਚਾਰਨ ਦੀ ਬਰਕਤਿ ਨਾਲ ਉਹ ਪ੍ਰਭੂ-ਨਾਮ) ਮਨ ਵਿਚ ਆ ਵੱਸਦਾ ਹੈ ਜੋ ਸਦਾ-ਥਿਰ ਪ੍ਰਭੂ ਨਾਲ ਸਦਾ ਦਾ ਮਿਲਾਪ ਬਣਾ ਦੇਂਦਾ ਹੈ ॥੮॥

ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ ॥

ਹੇ ਮੂਰਖ! ਜਿਸ ਪਰਮਾਤਮਾ ਨੇ ਤੈਨੂੰ ਜਿੰਦ ਦਿੱਤੀ ਹੈ ਸਰੀਰ ਦਿੱਤਾ ਹੈ ਉਸ ਨੂੰ ਤੂੰ ਚੇਤੇ ਨਹੀਂ ਕਰਦਾ,

ਮੜੀ ਮਸਾਣੀ ਮੂੜੇ ਜੋਗੁ ਨਾਹਿ ॥੯॥

(ਤੇ ਸੁਆਹ ਮਲ ਕੇ ਮੜ੍ਹੀਆਂ ਮਸਾਣਾਂ ਵਿਚ ਜਾ ਡੇਰਾ ਲਾਂਦਾ ਹੈਂ) ਮੜ੍ਹੀਆਂ ਮਸਾਣਾਂ ਵਿਚ ਬੈਠਿਆਂ ਪਰਮਾਤਮਾ ਨਾਲ ਮਿਲਾਪ ਨਹੀਂ ਬਣ ਸਕਦਾ ॥੯॥

ਗੁਣ ਨਾਨਕੁ ਬੋਲੈ ਭਲੀ ਬਾਣਿ ॥

ਨਾਨਕ ਤਾਂ ਪਰਮਾਤਮਾ ਦੀਆਂ ਸਿਫ਼ਤਾਂ ਦੀ ਬਾਣੀ ਉਚਾਰਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਹੀ ਸੁੰਦਰ ਬਾਣੀ ਹੈ।

ਤੁਮ ਹੋਹੁ ਸੁਜਾਖੇ ਲੇਹੁ ਪਛਾਣਿ ॥੧੦॥੫॥

(ਇਹੀ ਪਰਮਾਤਮਾ ਦੇ ਚਰਨਾਂ ਵਿਚ ਜੋੜ ਸਕਦੀ ਹੈ) ਇਸ ਗੱਲ ਨੂੰ ਸਮਝ (ਜੇ ਤੂੰ ਭੀ ਪ੍ਰਭੂ ਦੀ ਸਿਫ਼ਤ-ਸਾਲਾਹ ਕਰੇਂਗਾ ਤਾਂ) ਤੈਨੂੰ ਭੀ ਪਰਮਾਤਮਾ ਦਾ ਦੀਦਾਰ ਕਰਾਣ ਵਾਲੀਆਂ ਆਤਮਕ ਅੱਖਾਂ ਮਿਲ ਜਾਣਗੀਆਂ ॥੧੦॥੫॥

ਬਸੰਤੁ ਮਹਲਾ ੧ ॥

ਦੁਬਿਧਾ ਦੁਰਮਤਿ ਅਧੁਲੀ ਕਾਰ ॥

ਭੈੜੀ ਮੱਤ ਦੇ ਪਿੱਛੇ ਲੱਗ ਕੇ ਮਨੁੱਖ ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਰੱਖਦਾ ਹੈ, (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋ ਚੁਕੀ ਹੀ ਕਾਰ ਕਰਦਾ ਹੈ।

ਮਨਮੁਖਿ ਭਰਮੈ ਮਝਿ ਗੁਬਾਰ ॥੧॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੇ) ਹਨੇਰੇ ਵਿਚ ਭਟਕਦਾ ਫਿਰਦਾ ਹੈ (ਠੇਡੇ ਖਾਂਦਾ ਫਿਰਦਾ ਹੈ, ਉਸ ਨੂੰ ਸਹੀ ਜੀਵਨ-ਪੰਧ ਨਹੀਂ ਦਿੱਸਦਾ) ॥੧॥

ਮਨੁ ਅੰਧੁਲਾ ਅੰਧੁਲੀ ਮਤਿ ਲਾਗੈ ॥

ਮਾਇਆ ਵਿਚ ਅੰਨ੍ਹਾ ਹੋਇਆ ਮਨ ਉਸੇ ਮੱਤ ਦੇ ਪਿੱਛੇ ਤੁਰਦਾ ਹੈ ਜੋ (ਆਪ ਭੀ) ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਪਈ ਹੈ (ਤੇ ਉਹ ਮਨ ਮਾਇਆ ਦੀ ਭਟਕਣਾ ਵਿਚ ਹੀ ਰਹਿੰਦਾ ਹੈ)।

ਗੁਰ ਕਰਣੀ ਬਿਨੁ ਭਰਮੁ ਨ ਭਾਗੈ ॥੧॥ ਰਹਾਉ ॥

ਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ ਮਨ ਦੀ ਇਹ ਭਟਕਣਾ ਦੂਰ ਨਹੀਂ ਹੁੰਦੀ ॥੧॥ ਰਹਾਉ ॥

ਮਨਮੁਖਿ ਅੰਧੁਲੇ ਗੁਰਮਤਿ ਨ ਭਾਈ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਅੰਨ੍ਹੇ ਮਨੁੱਖਾਂ ਨੂੰ ਗੁਰੂ ਦੀ (ਦਿੱਤੀ) ਮੱਤ ਪਸੰਦ ਨਹੀਂ ਆਉਂਦੀ।

ਪਸੂ ਭਏ ਅਭਿਮਾਨੁ ਨ ਜਾਈ ॥੨॥

(ਉਹ ਵੇਖਣ ਨੂੰ ਭਾਵੇਂ ਮਨੁੱਖ ਹਨ ਪਰ ਸੁਭਾਵ ਵਲੋਂ) ਪਸ਼ੂ ਹੋ ਚੁਕੇ ਹੁੰਦੇ ਹਨ, (ਉਹਨਾਂ ਦੇ ਅੰਦਰੋਂ) ਆਕੜ ਨਹੀਂ ਜਾਂਦੀ ॥੨॥

ਲਖ ਚਉਰਾਸੀਹ ਜੰਤ ਉਪਾਏ ॥

ਸਿਰਜਣਹਾਰ ਪ੍ਰਭੂ ਚੌਰਾਸੀ ਲੱਖ ਜੂਨਾਂ ਵਿਚ ਬੇਅੰਤ ਜੀਵ ਪੈਦਾ ਕਰਦਾ ਹੈ,

ਮੇਰੇ ਠਾਕੁਰ ਭਾਣੇ ਸਿਰਜਿ ਸਮਾਏ ॥੩॥

ਜਿਵੇਂ ਉਸ ਠਾਕੁਰ ਦੀ ਮਰਜ਼ੀ ਹੁੰਦੀ ਹੈ, ਪੈਦਾ ਕਰਦਾ ਹੈ ਤੇ ਨਾਸ ਭੀ ਕਰ ਦੇਂਦਾ ਹੈ ॥੩॥

ਸਗਲੀ ਭੂਲੈ ਨਹੀ ਸਬਦੁ ਅਚਾਰੁ ॥

ਪਰ ਉਹ ਸਾਰੀ ਹੀ ਲੁਕਾਈ ਕੁਰਾਹੇ ਪਈ ਰਹਿੰਦੀ ਹੈ ਜਦ ਤਕ ਉਹ ਗੁਰੂ ਦਾ ਸ਼ਬਦ (ਹਿਰਦੇ ਵਿਚ ਨਹੀਂ ਵਸਾਂਦੀ, ਤੇ ਜਦ ਤਕ ਉਸ ਸ਼ਬਦ ਅਨੁਸਾਰ ਆਪਣਾ) ਕਰਤੱਬ ਨਹੀਂ ਬਣਾਂਦੀ।

ਸੋ ਸਮਝੈ ਜਿਸੁ ਗੁਰੁ ਕਰਤਾਰੁ ॥੪॥

ਉਹੀ ਜੀਵ (ਜੀਵਨ ਦੇ ਸਹੀ ਰਸਤੇ ਨੂੰ) ਸਮਝਦਾ ਹੈ ਜਿਸ ਦਾ ਰਾਹਬਰ ਗੁਰੂ ਬਣਦਾ ਹੈ ਕਰਤਾਰ ਬਣਦਾ ਹੈ ॥੪॥

ਗੁਰ ਕੇ ਚਾਕਰ ਠਾਕੁਰ ਭਾਣੇ ॥

ਜੇਹੜੇ ਮਨੁੱਖ ਸਤਿਗੁਰੂ ਦੇ ਸੇਵਕ ਬਣਦੇ ਹਨ ਉਹ ਪਾਲਣਹਾਰ ਪ੍ਰਭੂ ਨੂੰ ਪਸੰਦ ਆ ਜਾਂਦੇ ਹਨ।

ਬਖਸਿ ਲੀਏ ਨਾਹੀ ਜਮ ਕਾਣੇ ॥੫॥

ਉਹਨਾਂ ਨੂੰ ਜਮਾਂ ਦੀ ਮੁਥਾਜੀ ਨਹੀਂ ਰਹਿ ਜਾਂਦੀ ਕਿਉਂਕਿ ਪ੍ਰਭੂ ਨੇ ਉਹਨਾਂ ਉਤੇ ਮੇਹਰ ਕਰ ਦਿੱਤੀ ਹੁੰਦੀ ਹੈ ॥੫॥

ਜਿਨ ਕੈ ਹਿਰਦੈ ਏਕੋ ਭਾਇਆ ॥

ਜਿਨ੍ਹਾਂ ਬੰਦਿਆਂ ਨੂੰ ਆਪਣੇ ਹਿਰਦੇ ਵਿਚ ਇਕ ਪਰਮਾਤਮਾ ਹੀ ਪਿਆਰਾ ਲੱਗਦਾ ਹੈ,

ਆਪੇ ਮੇਲੇ ਭਰਮੁ ਚੁਕਾਇਆ ॥੬॥

ਉਹਨਾਂ ਨੂੰ ਪਰਮਾਤਮਾ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਹਨਾਂ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੬॥

ਬੇਮੁਹਤਾਜੁ ਬੇਅੰਤੁ ਅਪਾਰਾ ॥

ਪ੍ਰਭੂ ਬੇ-ਮੁਥਾਜ ਹੈ ਬੇਅੰਤ ਹੈ ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਸਚਿ ਪਤੀਜੈ ਕਰਣੈਹਾਰਾ ॥੭॥

ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਪ੍ਰਭੂ ਸਿਮਰਨ ਦੀ ਰਾਹੀਂ ਹੀ ਖ਼ੁਸ਼ ਕੀਤਾ ਜਾ ਸਕਦਾ ਹੈ ॥੭॥

ਨਾਨਕ ਭੂਲੇ ਗੁਰੁ ਸਮਝਾਵੈ ॥

ਹੇ ਨਾਨਕ! (ਮਾਇਆ ਦੇ ਮੋਹ ਵਿਚ ਫਸ ਕੇ) ਕੁਰਾਹੇ ਪਏ ਮਨੁੱਖ ਨੂੰ ਗੁਰੂ (ਹੀ) ਸਮਝਾ ਸਕਦਾ ਹੈ।

ਏਕੁ ਦਿਖਾਵੈ ਸਾਚਿ ਟਿਕਾਵੈ ॥੮॥੬॥

ਗੁਰੂ ਉਸ ਨੂੰ ਇੱਕ ਪਰਮਾਤਮਾ ਦਾ ਦੀਦਾਰ ਕਰਾ ਦੇਂਦਾ ਹੈ, ਉਸ ਨੂੰ ਸਦਾ-ਥਿਰ ਪਰਮਾਤਮਾ (ਦੀ ਯਾਦ) ਵਿਚ ਜੋੜ ਦੇਂਦਾ ਹੈ ॥੮॥੬॥

ਬਸੰਤੁ ਮਹਲਾ ੧ ॥

ਆਪੇ ਭਵਰਾ ਫੂਲ ਬੇਲਿ ॥

(ਗੁਰਮੁਖਿ ਨੂੰ ਦਿੱਸਦਾ ਹੈ ਕਿ) ਪਰਮਾਤਮਾ ਆਪ ਹੀ (ਸੁਗੰਧੀ ਲੈਣ ਵਾਲਾ) ਭੌਰਾ ਹੈ, ਆਪ ਹੀ ਵੇਲ ਹੈ ਤੇ ਆਪ ਹੀ ਵੇਲਾਂ ਉਤੇ ਉੱਗੇ ਹੋਏ ਫੁੱਲ ਹੈ।

ਆਪੇ ਸੰਗਤਿ ਮੀਤ ਮੇਲਿ ॥੧॥

ਆਪ ਹੀ ਸੰਗਤ ਹੈ ਆਪ ਹੀ ਸੰਗਤ ਵਿਚ ਸਤ ਸੰਗੀ ਮਿਤ੍ਰਾਂ ਨੂੰ ਇਕੱਠਾ ਕਰਦਾ ਹੈ ॥੧॥

ਐਸੀ ਭਵਰਾ ਬਾਸੁ ਲੇ ॥

(ਗੁਰਮੁਖਿ) ਭੌਰਾ ਇਸ ਤਰ੍ਹਾਂ (ਪ੍ਰਭੂ ਦੇ ਨਾਮ ਦੀ) ਸੁਗੰਧੀ ਲੈਂਦਾ ਹੈ,

ਤਰਵਰ ਫੂਲੇ ਬਨ ਹਰੇ ॥੧॥ ਰਹਾਉ ॥

ਕਿ ਉਸ ਨੂੰ ਜੰਗਲ ਦੇ ਸਾਰੇ ਰੁੱਖ ਹਰੇ ਤੇ ਫੁੱਲਾਂ ਨਾਲ ਲੱਦੇ ਹੋਏ ਦਿੱਸਦੇ ਹਨ (ਗੁਰਮੁਖਿ ਨੂੰ ਸਾਰੀ ਸ੍ਰਿਸ਼ਟੀ ਵਿਚ ਹਰ ਥਾਂ ਪ੍ਰਭੂ ਦੀ ਹੀ ਜੋਤਿ ਰੁਮਕਦੀ ਦਿੱਸਦੀ ਹੈ) ॥੧॥ ਰਹਾਉ ॥

ਆਪੇ ਕਵਲਾ ਕੰਤੁ ਆਪਿ ॥

(ਗੁਰਮੁਖਿ ਨੂੰ ਦਿੱਸਦਾ ਹੈ ਕਿ) ਪ੍ਰਭੂ ਆਪ ਹੀ ਲੱਛਮੀ (ਮਾਇਆ) ਹੈ ਤੇ ਆਪ ਹੀ ਲੱਛਮੀ ਦਾ ਪਤੀ ਹੈ,

ਆਪੇ ਰਾਵੇ ਸਬਦਿ ਥਾਪਿ ॥੨॥

ਪ੍ਰਭੂ ਆਪ ਆਪਣੇ ਹੁਕਮ ਨਾਲ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਕੇ ਆਪ ਹੀ (ਦੁਨੀਆ ਦੇ ਪਦਾਰਥਾਂ ਨੂੰ) ਮਾਣ ਰਿਹਾ ਹੈ ॥੨॥

ਆਪੇ ਬਛਰੂ ਗਊ ਖੀਰੁ ॥

ਪ੍ਰਭੂ ਆਪ ਹੀ ਵੱਛਾ ਹੈ ਆਪ ਹੀ (ਗਾਂ ਦਾ) ਦੁੱਧ ਹੈ,

ਆਪੇ ਮੰਦਰੁ ਥੰਮੑੁ ਸਰੀਰੁ ॥੩॥

ਪ੍ਰਭੂ ਆਪ ਹੀ ਮੰਦਰ ਹੈ ਆਪ ਹੀ (ਮੰਦਰ ਦਾ) ਥੰਮ੍ਹ ਹੈ, (ਆਪ ਹੀ ਜਿੰਦ ਹੈ ਤੇ) ਆਪ ਹੀ ਸਰੀਰ ॥੩॥

ਆਪੇ ਕਰਣੀ ਕਰਣਹਾਰੁ ॥

ਪ੍ਰਭੂ ਆਪ ਹੀ ਕਰਨ-ਜੋਗ ਕੰਮ ਹੈ, ਪ੍ਰਭੂ ਆਪ ਹੀ ਸਭ ਕੁਝ ਕਰਨ ਦੇ ਸਮਰੱਥ (ਗੁਰੂ ਹੈ),

ਆਪੇ ਗੁਰਮੁਖਿ ਕਰਿ ਬੀਚਾਰੁ ॥੪॥

ਤੇ ਆਪ ਹੀ ਗੁਰੂ ਦੇ ਸਨਮੁਖ ਹੋ ਕੇ ਆਪਣੇ ਗੁਣਾਂ ਦੀ ਵਿਚਾਰ ਕਰਦਾ ਹੈ ॥੪॥

ਤੂ ਕਰਿ ਕਰਿ ਦੇਖਹਿ ਕਰਣਹਾਰੁ ॥

(ਗੁਰਮੁਖਿ ਪ੍ਰਭੂ-ਦਰ ਤੇ ਇਉਂ ਅਰਦਾਸ ਕਰਦਾ ਹੈ-) ਹੇ ਪ੍ਰਭੂ! ਤੂੰ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ, ਤੂੰ ਜੀਵ ਪੈਦਾ ਕਰ ਕੇ ਆਪ ਹੀ ਸਭ ਦੀ ਸੰਭਾਲ ਕਰਦਾ ਹੈਂ

ਜੋਤਿ ਜੀਅ ਅਸੰਖ ਦੇਇ ਅਧਾਰੁ ॥੫॥

ਬੇਅੰਤ ਜੀਵਾਂ ਨੂੰ ਆਪਣੀ ਜੋਤਿ ਦਾ ਸਹਾਰਾ ਦੇ ਕੇ (ਉਨ੍ਹਾਂ ਦਾ ਆਸਰਾ ਬਣਦਾ ਹੈਂ) ॥੫॥

ਤੂ ਸਰੁ ਸਾਗਰੁ ਗੁਣ ਗਹੀਰੁ ॥

ਹੇ ਪ੍ਰਭੂ! ਤੂੰ ਗੁਣਾਂ ਦਾ ਸਰੋਵਰ ਹੈਂ, ਤੂੰ ਗੁਣਾਂ ਦਾ ਅਥਾਹ ਸਮੁੰਦਰ ਹੈਂ।

ਤੂ ਅਕੁਲ ਨਿਰੰਜਨੁ ਪਰਮ ਹੀਰੁ ॥੬॥

ਤੇਰੀ ਕੋਈ ਖ਼ਾਸ ਕੁਲ ਨਹੀਂ, ਤੇਰੇ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ, ਤੂੰ ਸਭ ਤੋਂ ਸ੍ਰੇਸ਼ਟ ਹੀਰਾ ਹੈਂ ॥੬॥

ਤੂ ਆਪੇ ਕਰਤਾ ਕਰਣ ਜੋਗੁ ॥

(ਗੁਰਮੁਖਿ ਸਦਾ ਇਉਂ ਅਰਦਾਸ ਕਰਦਾ ਹੈ-) ਹੇ ਰਾਜਨ! ਤੂੰ ਆਪ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਤੇ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈਂ।

ਨਿਹਕੇਵਲੁ ਰਾਜਨ ਸੁਖੀ ਲੋਗੁ ॥੭॥

ਹੇ ਰਾਜਨ! ਤੂੰ ਪਵਿਤ੍ਰ-ਸਰੂਪ ਹੈਂ, ਜਿਸ ਉਤੇ ਤੇਰੀ ਮਿਹਰ ਹੁੰਦੀ ਹੈ ਉਹ ਆਤਮਕ ਆਨੰਦ ਮਾਣਦਾ ਹੈ ॥੭॥

ਨਾਨਕ ਧ੍ਰਾਪੇ ਹਰਿ ਨਾਮ ਸੁਆਦਿ ॥

ਹੇ ਨਾਨਕ! ਜੇਹੜਾ ਭੀ ਮਨੁੱਖ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਹੁੰਦਾ ਹੈ ਉਹ ਮਾਇਆ ਵਲੋਂ ਰੱਜ ਜਾਂਦਾ ਹੈ,

ਬਿਨੁ ਹਰਿ ਗੁਰ ਪ੍ਰੀਤਮ ਜਨਮੁ ਬਾਦਿ ॥੮॥੭॥

(ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਤੋਂ ਬਿਨਾ ਪ੍ਰੀਤਮ ਗੁਰੂ ਦੀ ਸਰਨ ਤੋਂ ਬਿਨਾ ਮਨੁੱਖਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੮॥੭॥

ਬਸੰਤੁ ਹਿੰਡੋਲੁ ਮਹਲਾ ੧ ਘਰੁ ੨ ॥

ਰਾਗ ਬਸੰਤੁ/ਹਿੰਡੋਲੁ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ ॥

(ਜਦੋਂ ਇਥੇ ਹਿੰਦੂ-ਰਾਜ ਸੀ ਤਾਂ ਲੋਕ ਹੇਂਦਕੇ ਲਫ਼ਜ਼ ਹੀ ਵਰਤਦੇ ਸਨ ਤੇ ਆਖਿਆ ਕਰਦੇ ਸਨ ਕਿ) ਹੇ ਪ੍ਰਭੂ! ਨੌ ਖੰਡ, ਸੱਤ ਦੀਪ, ਚੌਦਾਂ ਭਵਨ, ਤਿੰਨ ਲੋਕ ਤੇ ਚਾਰ ਜੁਗ ਬਣਾ ਕੇ ਤੂੰ ਚਾਰ ਖਾਣੀਆਂ ਦੀ ਰਾਹੀਂ ਇਸ (ਸ਼੍ਰਿਸ਼ਟੀ-) ਹਵੇਲੀ ਨੂੰ ਵਸਾ ਦਿੱਤਾ,

ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ ॥੧॥

ਤੂੰ (ਚਾਰ ਵੇਦ-ਰੂਪ) ਚਾਰ ਦੀਵੇ ਚੌਹਾਂ ਜੁਗਾਂ ਦੇ ਹੱਥ ਵਿਚ ਆਪੋ ਆਪਣੀ ਵਾਰੀ ਫੜਾ ਦਿੱਤੇ ॥੧॥

ਮਿਹਰਵਾਨ ਮਧੁਸੂਦਨ ਮਾਧੌ ਐਸੀ ਸਕਤਿ ਤੁਮੑਾਰੀ ॥੧॥ ਰਹਾਉ ॥

ਹੇ ਸਭ ਜੀਵਾਂ ਤੇ ਮੇਹਰ ਕਰਨ ਵਾਲੇ! ਹੇ ਦੁਸ਼ਟਾਂ ਦੇ ਨਾਸ ਕਰਨ ਵਾਲੇ! ਹੇ ਮਾਇਆ ਦੇ ਖਸਮ ਪ੍ਰਭੂ! ਤੇਰੀ ਇਹੋ ਜਿਹੀ ਤਾਕਤ ਹੈ (ਕਿ ਜਿਥੇ ਪਹਿਲਾਂ ਹਿੰਦੂ-ਧਰਮ ਦਾ ਰਾਜ ਸੀ ਤੇ ਸਭ ਲੋਕ ਆਪਣੀ ਘਰੋਗੀ ਬੋਲੀ ਵਿਚ ਹੇਂਦਕੇ ਲਫ਼ਜ਼ ਵਰਤਦੇ ਸਨ, ਉਥੇ ਹੁਣ ਤੂੰ ਮੁਸਲਮਾਨੀ ਰਾਜ ਕਰ ਦਿੱਤਾ ਹੈ, ਨਾਲ ਹੀ ਲੋਕਾਂ ਦੀ ਬੋਲੀ ਭੀ ਬਦਲ ਗਈ ਹੈ) ॥੧॥ ਰਹਾਉ ॥

ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ ॥

ਹਰੇਕ ਸਰੀਰ ਵਿਚ ਤੇਰੀ ਹੀ ਜੋਤਿ ਵਿਆਪਕ ਹੈ, ਇਹ ਸਾਰੇ ਜੀਵ ਤੇਰਾ ਲਸ਼ਕਰ ਹਨ, ਤੇ ਇਹਨਾਂ ਜੀਵਾਂ ਉਤੇ (ਤੇਰਾ ਪੈਦਾ ਕੀਤਾ) ਧਰਮਰਾਜ ਸਰਦਾਰੀ ਕਰਦਾ ਹੈ,

ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ ॥੨॥

(ਤੂੰ ਇਸ ਲਸ਼ਕਰ ਦੀ ਪਾਲਣਾ ਵਾਸਤੇ) ਧਰਤੀ (-ਰੂਪ) ਦੇਗ ਬਣਾ ਦਿੱਤੀ ਜਿਸ ਵਿਚੋਂ ਇਕੋ ਵਾਰੀ (ਭਾਵ, ਅਖੁੱਟ ਭੰਡਾਰਾ) ਮਿਲਦਾ ਹੈ, ਹਰੇਕ ਜੀਵ ਦਾ ਪ੍ਰਾਰਬਧ ਤੇਰਾ ਭੰਡਾਰਾ ਵਰਤਾ ਰਹੀ ਹੈ ॥੨॥

ਨਾ ਸਾਬੂਰੁ ਹੋਵੈ ਫਿਰਿ ਮੰਗੈ ਨਾਰਦੁ ਕਰੇ ਖੁਆਰੀ ॥

(ਹੇ ਪ੍ਰਭੂ! ਤੇਰਾ ਇਤਨਾ ਬੇਅੰਤ ਭੰਡਾਰਾ ਹੁੰਦਿਆਂ ਭੀ ਜੀਵ ਦਾ ਮਨ) ਨਾਰਦ (ਜੀਵ ਵਾਸਤੇ) ਖ਼ੁਆਰੀ ਪੈਦਾ ਕਰਦਾ ਹੈ, ਸਿਦਕ-ਹੀਣਾ ਮਨ ਮੁੜ ਮੁੜ (ਪਦਾਰਥ) ਮੰਗਦਾ ਰਹਿੰਦਾ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430
Flag Counter