(ਜਿਸ ਮਨੁੱਖ ਨੂੰ ਨਾਮ ਦੀ ਦਾਤ ਮਿਲਦੀ ਹੈ ਉਹ ਮਨੁੱਖ ਪਰਮਾਤਮਾ ਦੀ ਰਚੀ ਇਸ) ਜਗਤ-ਖੇਡ ਨੂੰ ਵੇਖ ਕੇ 'ਵਾਹ ਵਾਹ' ਕਰ ਉੱਠਦਾ ਹੈ।
(ਪਰ) ਪਰਮਾਤਮਾ ਦੇ ਨਾਮ ਦੀ ਦਾਤ ਗੁਰੂ ਦੇ ਸਨਮੁਖ ਰਿਹਾਂ ਮਿਲਦੀ ਹੈ ॥੩॥
(ਪਰਮਾਤਮਾ ਸਭ ਥਾਈਂ ਵਿਆਪਕ ਹੋ ਕੇ) ਆਪ ਹੀ ਸਾਰੇ ਰਸ ਭੋਗ ਰਿਹਾ ਹੈ।
ਜੋ ਕੁਝ ਉਹ ਪ੍ਰਭੂ ਕਰਨਾ ਚਾਹੁੰਦਾ ਹੈ ਜ਼ਰੂਰ ਉਹੀ ਹੁੰਦਾ ਹੈ।
ਉਹ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ, ਉਸ ਨੂੰ ਆਪ ਨੂੰ ਰਤਾ ਭਰ ਭੀ ਕੋਈ ਲਾਲਚ ਨਹੀਂ ਹੈ।
ਹੇ ਨਾਨਕ! ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿਚ ਢਾਲ ਕੇ (ਹੀ ਉਸ ਨੂੰ) ਮਿਲਿਆ ਜਾ ਸਕਦਾ ਹੈ ॥੪॥੬॥
ਜਿਹੜਾ ਮਨੁੱਖ ਵੱਡੀ ਕਿਸਮਤ ਨਾਲ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ,
ਜਿਹੜਾ ਮਨੁੱਖ ਸਿਰਫ਼ ਇਕ ਪਰਮਾਤਮਾ ਨੂੰ ਹੀ ਚਿੱਤ ਵਿਚ ਟਿਕਾਂਦਾ ਹੈ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਪੈਂਦਾ।
ਇਸ ਜਗਤ ਵਿਚ ਆਇਆ ਹੋਇਆ ਉਹ ਮਨੁੱਖ ਕਾਮਯਾਬ ਜ਼ਿੰਦਗੀ ਵਾਲਾ ਹੈ,
ਜੋ ਸਦਾ-ਥਿਰ ਹਰਿ-ਨਾਮ ਵਿਚ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧॥
ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ।
ਗੁਰੂ ਦੀ ਸਰਨ ਪੈ ਕੇ ਸੁਰਤ ਜੋੜ ਕੇ ਕਾਰ ਕਰਦੇ ਰਿਹਾ ਕਰੋ ॥੧॥ ਰਹਾਉ ॥
ਉਸ ਮਨੁੱਖ ਦੀ ਟੇਕ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਉਹ ਬਾਣੀ ਬਣ ਜਾਂਦੀ ਹੈ,
ਜਿਹੜੀ ਸਾਰੇ ਜਗਤ ਵਿਚ (ਜੀਵਨ-ਰੌ ਹੋ ਕੇ) ਸਮਾਈ ਹੋਈ ਹੈ। ਉਹ ਮਨੁੱਖ ਸਦਾ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦਾ ਹੈ।
ਉਸ ਮਨੁੱਖ ਦੀ ਅਟੱਲ ਸੋਭਾ ਚੌਹਾਂ ਜੁਗਾਂ ਵਿਚ ਖਿਲਰੀ ਰਹਿੰਦੀ ਹੈ
ਪਰਮਾਤਮਾ ਦੇ ਨਾਮ ਵਿਚ ਰੰਗਿਆ ਹੋਇਆ ਮਨੁੱਖ (ਜਗਤ ਵਿਚ) ਪ੍ਰਸਿੱਧ ਹੋ ਜਾਂਦਾ ਹੈ ॥੨॥
ਕਈ ਅਜਿਹੇ ਮਨੁੱਖ ਹਨ ਜੋ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜੀ ਰੱਖਦੇ ਹਨ।
ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ।
ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖ ਕੇ ਉਸ ਦਾ ਨਾਮ ਸਿਮਰਦੇ ਰਹਿੰਦੇ ਹਨ,
ਅਤੇ ਸੰਤ ਜਨਾਂ ਦੇ ਸੋਹਣੇ ਚਰਨਾਂ ਦੀ ਧੂੜ (ਆਪਣੇ ਮੱਥੇ ਤੇ ਲਾਂਦੇ ਹਨ) ॥੩॥
ਉਸ ਨੂੰ (ਹਰ ਥਾਂ) ਇਕ ਕਰਤਾਰ ਹੀ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਜ਼ਰੀਂ ਨਹੀਂ ਆਉਂਦਾ।
ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਉਸ ਦਾ ਮਿਲਾਪ ਹੋ ਜਾਂਦਾ ਹੈ।
ਜਿਸ ਮਨੁੱਖ ਨੇ ਸਦਾ-ਥਿਰ ਹਰਿ-ਨਾਮ ਸਿਮਰਿਆ ਹੈ, ਉਸ ਨੇ ਆਤਮਕ ਆਨੰਦ ਮਾਣਿਆ ਹੈ।
ਹੇ ਨਾਨਕ! ਉਹ ਸਦਾ ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੪॥੭॥
ਭਗਤ-ਜਨ ਪਰਮਾਤਮਾ ਨੂੰ ਅੰਗ-ਸੰਗ ਵੱਸਦਾ ਵੇਖ ਕੇ ਉਸ ਦੀ ਭਗਤੀ ਕਰਦੇ ਹਨ,
ਸੰਤ ਜਨਾਂ ਦੇ ਸੋਹਣੇ ਚਰਨਾਂ ਦੀ ਧੂੜ (ਆਪਣੇ ਮੱਥੇ ਤੇ ਲਾਂਦੇ ਹਨ)।
ਉਹ ਸਦਾ ਪਰਮਾਤਮਾ ਨਾਲ ਆਪਣੀ ਸੁਰਤ ਜੋੜੀ ਰੱਖਦੇ ਹਨ।
ਪੂਰੇ ਗੁਰੂ ਨੇ ਉਹਨਾਂ ਨੂੰ ਇਹ ਸਮਝ ਬਖ਼ਸ਼ੀ ਹੁੰਦੀ ਹੈ ॥੧॥
ਕੋਈ ਵਿਰਲਾ ਮਨੁੱਖ (ਪਰਮਾਤਮਾ ਦੇ) ਸੇਵਕਾਂ ਦਾ ਸੇਵਕ ਬਣਦਾ ਹੈ।
(ਜਿਹੜਾ ਮਨੁੱਖ ਬਣਦਾ ਹੈ) ਉਹ ਸ੍ਰੇਸ਼ਟ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥
ਉਸ ਇਕ ਪਰਮਾਤਮਾ ਦੀ ਭਗਤੀ ਕਰਿਆ ਕਰੋ, ਜਿਸ ਵਰਗਾ ਹੋਰ ਕੋਈ ਨਹੀਂ ਹੈ,
ਤੇ ਜਿਸ ਦੀ ਭਗਤੀ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।
ਉਹ ਪਰਮਾਤਮਾ ਨਾਹ ਕਦੇ ਮਰਦਾ ਹੈ, ਨਾਹ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ।
ਹੇ (ਮੇਰੀ) ਮਾਂ! ਮੈਂ ਉਸ ਤੋਂ ਬਿਨਾ ਕਿਸੇ ਹੋਰ ਦੀ ਭਗਤੀ ਕਿਉਂ ਕਰਾਂ? ॥੨॥
ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ, ਉਹ ਅਟੱਲ ਜੀਵਨ ਵਾਲੇ ਹੋ ਗਏ।
ਉਹ ਮਨੁੱਖ ਆਪਾ-ਭਾਵ ਗਵਾ ਕੇ ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਰਹਿੰਦੇ ਹਨ।
ਪਰਮਾਤਮਾ ਦਾ ਨਾਮ ਗੁਰੂ ਦੀ ਸਰਨ ਪਿਆਂ ਮਿਲਦਾ ਹੈ,
(ਜਿਸ ਨੂੰ ਮਿਲਦਾ ਹੈ ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, (ਉਸ ਨੂੰ) ਸਦਾ-ਥਿਰ ਤੇ ਪਵਿੱਤਰ ਪਰਮਾਤਮਾ (ਹੀ ਹਰ ਥਾਂ ਦਿੱਸਦਾ ਹੈ) ॥੩॥
ਜਿਸ (ਪਰਮਾਤਮਾ) ਨੇ (ਤੇਰੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਕੀਤੀ ਹੈ, ਉਸ ਨਾਲ ਸਦਾ ਡੂੰਘੀ ਸਾਂਝ ਪਾਈ ਰੱਖ।
ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਉਸ ਇਕ ਪਰਮਾਤਮਾ ਨਾਲ ਜਾਣ-ਪਛਾਣ ਬਣਾਈ ਰੱਖ।
ਜਦੋਂ ਮਨੁੱਖ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਹੈ ਤਦੋਂ (ਉਸ ਨੂੰ ਉੱਚੇ ਆਤਮਕ ਜੀਵਨ ਦੀ) ਸਮਝ ਪ੍ਰਾਪਤ ਹੋ ਜਾਂਦੀ ਹੈ।
ਹੇ ਨਾਨਕ! ਨਾਮ ਵਿਚ ਰੰਗੀਜ ਕੇ ਉਹ ਸਦਾ-ਥਿਰ ਪ੍ਰਭੂ (ਉਸ ਨੂੰ ਹਰ ਥਾਂ ਵੱਸਦਾ ਦਿੱਸਦਾ ਹੈ) ॥੪॥੮॥
ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਮਨੁੱਖ (ਆਪਣੀਆਂ ਸਾਰੀਆਂ) ਕੁਲਾਂ ਦਾ (ਭੀ) ਪਾਰ-ਉਤਾਰਾ ਕਰ ਲੈਂਦੇ ਹਨ।
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ (ਉਹਨਾਂ ਦੇ ਹਿਰਦੇ ਵਿਚ ਟਿਕੀ ਰਹਿੰਦੀ ਹੈ), ਹਰਿ-ਨਾਮ ਦਾ ਪਿਆਰ (ਉਹਨਾਂ ਦੇ ਮਨ ਵਿਚ ਵੱਸਿਆ ਰਹਿੰਦਾ ਹੈ)।
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ,
ਨਾਮ ਤੋਂ ਖੁੰਝ ਕੇ ਜੀਵਨ ਅਜਾਈਂ ਗਵਾ ਕੇ ਉਹ ਜਗਤ ਵਿਚ ਜਿਹੇ ਆਏ ਜਿਹੇ ਨਾਹ ਆਏ ॥੧॥
ਉਹ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ, ਵਿਕਾਰਾਂ ਵਲੋਂ ਮਰ ਕੇ ਉਹ ਮਨੁੱਖ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ,
ਜਿਹੜਾ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ ॥੧॥ ਰਹਾਉ ॥
ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਨੂੰ (ਆਪਣੇ ਆਤਮਕ ਜੀਵਨ ਦੀ) ਖ਼ੁਰਾਕ ਬਣਾਂਦਾ ਹੈ, ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ,
ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਗੁਣਾਂ ਦਾ ਮਾਲਕ ਡੂੰਘੇ ਜਿਗਰੇ ਵਾਲਾ ਹਰੀ ਸਦਾ (ਉਸ ਦੇ ਅੰਦਰ ਵੱਸਦਾ ਹੈ)।
ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ,
ਗੁਰੂ ਦੀ ਕਿਰਪਾ ਨਾਲ ਉਹ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੨॥
ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਭਗਤੀ ਕਰਿਆ ਕਰੋ।
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਂਦਾ ਹੈ, ਪਰਮਾਤਮਾ ਦੇ ਦਰ ਤੇ ਉਸ ਨੂੰ ਆਦਰ ਮਿਲਦਾ ਹੈ।